BalrajSidhu7“ਜਨਾਨੀਆਂ ਨੇ ਚੀਕਾਂ ਮਾਰ ਮਾਰ ਕੇ ਮਸਾਂ ਜਵਾਈ ਛੁਡਵਾਇਆ ...”
(3 ਅਗਸਤ 2017)

 

ਨਵੰਬਰ ਮਹੀਨੇ ਦੀ ਮਿੱਠੀ ਰੁੱਤੇ ਧਰਮਗੜ੍ਹ ਆਲੇ ਸੰਧੂਆਂ ਨੇ ਸਾਰੇ ਗਲੀ ਗੁਆਂਢ ਨੂੰ ਸੁਨੇਹਾ ਭੇਜ ਦਿੱਤਾ ਕਿ ਅੱਜ ਸਾਡੇ ਵੀ.ਸੀ.ਆਰ. ਆਊਗਾ। ਸਾਰਿਆਂ ਨੂੰ ਰਾਜੀ (ਸੰਧੂਆਂ ਦੀ ਛੋਟੀ ਕੁੜੀ) ਦੇ ਵਿਆਹ ਦੀ ਮੂਵੀ ਵਿਖਾਵਾਂਗੇ ਤੇ ਨਾਲੇ ਗੁੱਗੂ ਗਿੱਲ ਅਤੇ ਯੋਗਰਾਜ ਦੀਆਂ ਫਿਲਮਾਂ ਵੀ ਲਿਆਂਦੀਆਂ ਹੋਈਆਂ ਹਨ। ਸਾਰੇ ਗੁਆਂਢੀ ਟਾਇਮ ਨਾਲ ਹੀ ਇਕੱਠੇ ਹੋ ਕੇ ਰੰਗੀਨ ਟੈਲੀਵਿਜ਼ਨ ਅੱਗੇ ਬੈਠ ਗਏ। ਸੰਧੂਆਂ ਨੂੰ ਨਵੇਂ ਜਵਾਈ ਦਾ ਚਾਅ ਚੜ੍ਹਿਆ ਹੋਇਆ ਸੀ। ਉਹਨਾਂ ਨੇ ਸ਼ਰੀਕੇ ਬਰਾਦਰੀ ਦੀ ਸੇਵਾ ਲਈ ਚਾਹ ਦੀ ਦੇਗ ਚਾੜ੍ਹ ਦਿੱਤੀ ਅਤੇ ਬੈਠਣ ਲਈ ਪਰਾਲੀ ਸੁੱਟ ਕੇ ਪੱਲੀਆਂ ਵਿਛਾ ਦਿੱਤੀਆਂ। ਸਿਆਣੀ ਉਮਰ ਦਿਆਂ ਵਾਸਤੇ ਪਿੰਡ ਵਿੱਚੋਂ ਇਕੱਠੇ ਕਰ ਕੇ ਮੰਜੇ ਡਾਹੇ ਹੋਏ ਸਨ। ਗੁਰਾ ਨਾਈ ਥਾਂਉਂ ਥਾਂਈਂ ਸਭ ਨੂੰ ਸਟੀਲ ਦੇ ਗਲਾਸਾਂ ਵਿੱਚ ਚਾਹ ਵਰਤਾ ਰਿਹਾ ਸੀ। ਲੋਕ ਸੁੜ੍ਹਾਂਕੇ ਮਾਰਦੇ ਹੋਏ ਫਿਲਮ ਦਾ ਇੰਤਜ਼ਾਰ ਕਰ ਰਹੇ ਸਨ।

ਛੇ ਕੁ ਵਜੇ ਚੱਕਵਾਂ ਜਿਹਾ ਪਿੰਟੂ (ਸੰਧੂਆਂ ਦਾ ਜਵਾਈ) ਵੀ ਆਣ ਕੇ ਡਟ ਗਿਆ। ਉਸ ਨੇ ਕਿਸੇ ਫਲਾਪ ਪੰਜਾਬੀ ਗਾਇਕ ਵਾਂਗ ਛਾਪਾਂ ਛੱਲੇ ਪਾ ਕੇ ਵਾਲ ਗੁਰਦਾਸ ਮਾਨ ਵਰਗੇ ਬਣਾਏ ਹੋਏ ਸਨ। ਵਿਆਹ ਦੀ ਵੀਡੀਉ ਉਸੇ ਨੇ ਤਿਆਰ ਕਰਵਾਈ ਸੀ। ਸੰਧੂਆਂ ਨੇ ਜਵਾਈ ਨੂੰ ਲੱਕੜ ਦੀ ਬੈਠਵੀਂ ਜਿਹੀ ਅਰਾਮ ਕੁਰਸੀ ਡਾਹ ਦਿੱਤੀ ਤੇ ਉੱਪਰ ਠੰਢ ਤੋਂ ਬਚਣ ਲਈ ਨਵਾਂ ਨਕੋਰ ਚਿੱਟਾ ਖੇਸ ਦੇ ਦਿੱਤਾ। ਚਿੱਟਾ ਖੇਸ ਲੈ ਕੇ ਉਹ ਐਂ ਲੱਗੇ ਜਿਵੇਂ ਟਾਹਲੀ ਹੇਠ ਔਤ ਦੀ ਮਟੀ ਬਣਾਈ ਹੁੰਦੀ ਹੈ। ਉਹ ਉੱਲੂ ਵਾਂਗ ਆਸੇ ਪਾਸੇ ਧੌਣ ਘੁਮਾ ਕੇ ਸਾਰੇ ਮਾਹੌਲ ਦਾ ਜਾਇਜ਼ਾ ਲੈ ਰਿਹਾ ਸੀ ਕਿ ਟੌਹਰ ਪੂਰੀ ਆ ਕਿ ਨਹੀਂ? ਵੇਲੇ ਕੁਵੇਲੇ ਜਾਣ ਵਾਲੀ ਬਿਜਲੀ ਤੋਂ ਬਚਣ ਲਈ ਕਿਰਾਏ ਦਾ ਜਨਰਟੇਰ ਵੀ ਤਿਆਰ ਸੀ। ਵੀ.ਸੀ.ਆਰ ਵਾਲੇ ਨੇ ਪੈਟਰੌਲ ਨਾਲ ਹੈੱਡ ਸਾਫ ਕਰ ਕੇ ਵਿਆਹ ਦੀ ਮੂਵੀ ਚਾਲੂ ਕਰ ਦਿੱਤੀ। ਅੱਧੀ ਜਨਤਾ ਤਾਂ ਨਾਲ ਹੀ ਸਿਰ ਸੁੱਟ ਗਈ ਕਿ ਇਹਦਾ ਕੀ ਵੇਖਣਾ? ਬਹੁਤੇ ਪੱਲੀਆਂ ’ਤੇ ਹੀ ਟੇਢੇ ਹੋ ਗਏ ਕਿ ਚਲੋ ਦੋ ਘੜੀਆਂ ਸੌਂ ਲੈਂਦੇ ਹਾਂ, ਬਾਅਦ ਵਿੱਚ ਪੁੱਤ ਜੱਟਾਂ ਦੇ ਤੇ ਬਦਲਾ ਜੱਟੀ ਦਾ ਵੇਖਣ ਵੇਲੇ ਫਰੈੱਸ਼ ਰਹਾਂਗੇ।

ਪਿੰਟੂ ਚਮਕੀਲਾ ਟਾਈਪ ਚੱਕਵੇਂ ਗਾਣਿਆਂ ਦਾ ਕੁਝ ਜ਼ਿਆਦਾ ਹੀ ਸ਼ੌਕੀਨ ਲੱਗਦਾ ਸੀ। ਨਾ ਉਸ ਨੇ ਵੀਡੀਉ ਵਿੱਚ ਗਾਣੇ ਸੈੱਟ ਕਰਾਉਣ ਲੱਗੇ ਨੇ ਮੌਕਾ ਵੇਖਿਆ ਤੇ ਨਾ ਹੀ ਮੂਰਖ ਫੋਟੋਗਰਾਫਰ ਨੇ। ਚਲੋ ਜੀ, ਚੱਲ ਪਈ ਮੂਵੀ। ਨੰਬਰਿੰਗ ਤੋਂ ਬਾਅਦ ਦੋ ਚਾਰ ਧਾਰਮਿਕ ਗਾਣੇ ਲਗਾ ਕੇ ਹੋ ਗਿਆ ਕੰਮ ਸ਼ੁਰੂ। ਜਦੋਂ ਘੋੜੀ ਚੜ੍ਹੇ ਪਿੰਟੂ ਨੂੰ ਭਾਬੀਆਂ ਸੁਰਮਾ ਪਾਉਣ ਲੱਗੀਆਂ ਤਾਂ ਚਮਕੀਲੇ ਦਾ ਗਾਣਾ ਚੱਲ ਪਿਆ, ਸੋਹਣਿਆਂ ਵਿਆਹ ਕਰਵਾ ਕੇ ਵੇ, ਸਾਨੂੰ ਮਿਲਦਾ ਗਿਲਦਾ ਰਹੀਂ।” ਘਰ ਵਾਲੇ ਸਾਰੇ ਕੱਚੇ ਜਿਹੇ ਹੋ ਗਏ ਕਿ ਆਹ ਕਿਹੋ ਜਿਹਾ ਗਾਣਾ ਭਰਵਾ ਦਿੱਤਾ। ਸਭ ਨੇ ਸੋਚਿਆ ਸ਼ਾਇਦ ਗਲਤੀ ਨਾਲ ਭਰਿਆ ਗਿਆ ਹੋਣਾ। ਜਦੋਂ ਪਿੰਟੂ ਰਿਬਨਾਂ ਵਾਲੀ ਕਾਰ ਵਿੱਚ ਬੈਠਣ ਲੱਗਾ ਤਾਂ ਸਾਰੇ ਸੋਚਣ ਲੱਗੇ ਕਿ ਹੁਣ ਪਰਮਿੰਦਰ ਸੰਧੂ ਦਾ ਗਾਣਾ ਚੱਲੇਗਾ, “ਉੱਡ ਕੇ ਸੋਹਣਿਆਂ ਆ ਜਾ ਵੇ।” ਪਰ ਉਸ ਦੀ ਜਗ੍ਹਾ ਜਸਵਿੰਦਰ ਬਰਾੜ ਦਾ ਗਾਣਾ ਖੜਕ ਪਿਆ, “ਮੇਰੀ ਐਨੀ ਗੱਲ ਤੂੰ ਯਾਦ ਰੱਖੀਂ, ਵੇ ਤੇਰੀ ਜਾਂਦੀ ਹੋਈ ਜੰਝ ਘੇਰੂੰਗੀ।” ਪੱਲੀਆਂ ’ਤੇ ਜਾਗੋ ਮੀਟੀ ਪਏ ਸਰੋਤੇ ਕੰਨ ਕੱਸ ਕੇ ਫੌਜੀਆਂ ਵਾਂਗ ਅਟੈਨਸ਼ੈੱਨ ਹੋ ਗਏ।

ਫਿਰ ਤਾਂ ਘੁਸਰ ਮੁਸਰ ਜਿਹੀ ਸ਼ੂਰੂ ਹੋ ਗਈ। ਸੜਨ ਵਾਲੇ ਮੁਸਕੜੀਆਂ ਵਿੱਚ ਹੱਸਣ ਲੱਗ ਪਏ। ਸੰਧੂਆਂ ਦੇ ਸਬਰ ਦਾ ਪਿਆਲਾ ਛਲਕਣ ਵਾਲਾ ਹੋ ਗਿਆ, ਪਰ ਜਵਾਈ ਭਾਈ ਦੀ ਸ਼ਰਮ ਕਾਰਨ ਬੇਇੱਜ਼ਤੀ ਪਾਣੀ ਵਾਂਗ ਪੀ ਗਏ। ਪਿੰਟੂ ਦਾ ਸਹੁਰਾ ਤਾਂ ਮੱਝਾਂ ਚੋਣ ਦੇ ਬਹਾਨੇ ਉੱਠ ਕੇ ਬਾਹਰ ਨੂੰ ਚਲਾ ਗਿਆ, ਪਰ ਚੜ੍ਹਦੀ ਉਮਰ ਦੇ ਸਾਲੇ ਡਾਂਗਾਂ ਸੋਟੇ ਟੋਲਣ ਲੱਗ ਪਏ। ਘਰ ਦੀਆਂ ਸਿਆਣੀਆਂ ਜਨਾਨੀਆਂ ਨੇ ਕੁੜੀ ਦਾ ਘਰ ਉਜੜਨ ਦਾ ਵਾਸਤਾ ਪਾ ਕੇ ਉਹਨਾਂ ਨੂੰ ਬਹੁਤ ਮੁਸ਼ਕਿਲ ਨਾਲ ਵਰਜਿਆ। ਪਰ ਅਖੀਰ ਜਦੋਂ ਡੋਲੀ ਤੁਰਨ ਲੱਗੀ ਤਾਂ ਪਿੰਟੂ ਨੇ ਅੱਤ ਹੀ ਕਰ ਦਿੱਤੀ। ਅਮਰ ਸਿੰਘ ਚਮਕੀਲੇ ਦੀ ਟੱਲੀ ਵਰਗੀ ਟੁਣਕਵੀਂ ਅਵਾਜ਼ ਵਿੱਚ ਗਾਣਾ ਗੂੰਜ ਉੱਠਿਆ, “ਰੋਂਦੀ ਕੁਰਲਾਉਂਦੀ ਨੂੰ, ਅੱਜ ਕੋਈ ਲੈ ਤੁਰਿਆ ਮੁਕਲਾਵੇ।” ਤੇ ਨਾਲ ਹੀ ਨਿਰਮਲ ਸਿੱਧੂ ਦਾ ਚੱਲ ਪਿਆ, “ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾ, ਕਦੇ ਕਦੇ ਖੇਡ ਲਿਆ ਕਰੀਂ।”

ਬੱਸ ਫਿਰ ਨਹੀਂ ਕਿਸੇ ਨੇ ਕਿਸੇ ਦੀ ਸੁਣੀ। ਸਾਲਿਆਂ ਨੇ ਭਣੋਈਏ ਨੂੰ ਪੱਲੀ ’ਤੇ ਹੀ ਸੁੱਟ ਲਿਆ, “ਕੁੱਤੇ ਬੰਦੇ ਨੇ ਕੀ ਗੰਦ ਭਰਾ ਲਿਆ। ਨੱਕ ਵਢਾ ’ਤਾ ਸਾਡਾ ਪਿੰਡ ’ਚ।” ਪਿੰਟੂ ਦੇ ਥੱਪੜ ਐਂ ਪੈਣ ਲੱਗ ਪਏ ਜਿਵੇਂ ਕਿਸੇ ਮੰਤਰੀ ਦੀ ਕੁੜੀ ਨੂੰ ਸ਼ਗਨ ਪੈਂਦੇ ਹੁੰਦੇ ਹਨ। ਇਵੇਂ ਲੱਗੇ ਜਿਵੇਂ ਗੁੱਗੂ ਗਿੱਲ ਤੇ ਯੋਗਰਾਜ ਸੱਚੀਂ ਗੰਡਾਸਿਉ ਗੰਡਾਸੀ ਹੋ ਪਏ ਹੋਣ। ਲੋਕ ਮਿੰਟੋ ਮਿੰਟੀ ਪਿੜ ਖਾਲੀ ਕਰ ਗਏ। ਸੰਧੂਆਂ ਦੇ ਬੁੜ੍ਹੇ ਨੇ ਖੂੰਡਾ ਮਾਰ ਕੇ ਵੀ.ਸੀ.ਆਰ. 500 ਦੇ ਨੋਟ ਵਾਂਗ ਬੰਦ ਕਰ ਦਿੱਤਾ। ਉਸ ਦੇ ਇੰਜਰ ਪਿੰਜਰ ਜਿਹੇ ਖਿੱਲਰੇ ਫਿਰਨ। ਜਨਾਨੀਆਂ ਨੇ ਚੀਕਾਂ ਮਾਰ ਮਾਰ ਕੇ ਮਸਾਂ ਜਵਾਈ ਛੁਡਵਾਇਆ। ਦੋ ਕੁ ਮਿੰਟਾਂ ਵਿੱਚ ਹੀ ਪੱਲੀਆਂ ਐਂ ਹੋ ਗਈਆਂ ਜਿਵੇਂ ਝੋਨੇ ਦਾ ਕੱਦੂ ਕੀਤਾ ਹੋਵੇ। ਸਾਲੇ ਕਹਿਣ - ਖੜ੍ਹ ਤੇਰੀ ਵੱਡੇ ਆਸ਼ਕ ਦੀ। - ਉਨ੍ਹਾਂ ਮਾਰ ਮਾਰ ਪ੍ਰਾਹੁਣਾ ਖਿੱਦੋ ਵਾਂਗ ਖਿਲਾਰ ਦਿੱਤਾ। ਉਸੇ ਵੇਲੇ ਹੀ ਇਹ ਕਹਿ ਕੇ ਘਰੋਂ ਕੱਢ ਦਿੱਤਾ ਕਿ ਆਪਣੇ ਮਾਂ ਬਾਪ ਨੂੰ ਲੈ ਕੇ ਆਈਂ, ਤਾਂ ਕੁੜੀ ਤੋਰਾਂਗੇ।

ਜਦੋਂ ਪਿੰਟੂ ਦਾਜ ਦੇ ਸਕੂਟਰ ’ਤੇ ਪਿੰਡ ਪਹੁੰਚਿਆ ਤਾਂ ਮਾਂ ਬਾਪ ਵੀ ਉਸ ਦੀ ਕਰਤੂਤ ਸੁਣ ਕੇ ਹੈਰਾਨ ਰਹਿ ਗਏ। ਪਿਉ ਕਹਿੰਦਾ, “ਸਾਲਿਆ ਮੂਰਖਾ, ਪਹਿਲਾਂ ਸਾਨੂੰ ਈ ਵਿਖਾ ਦੇਂਦਾ ਵੀਡੀਉ। ਅਸੀਂ ਹੁਣ ਕਿਹੜੇ ਮੂੰਹ ਨਾਲ ਜਾਵਾਂਗੇ ਤੇਰੇ ਸਹੁਰੇ? ਨਾਲੇ ਚਵਲਿਆ ਜੁੱਤੀਆਂ ਖਾ ਕੇ ਹੁਣ ਦੰਦੀਆਂ ਕਿਉਂ ਕੱਢੀ ਜਾਨਾ? ਕੁਝ ਸ਼ਰਮ ਈ ਕਰ ਲੈ।”

ਪਿੰਟੂ ਸ਼ੀਸ਼ੇ ਵਿੱਚ ਮੂੰਹ ’ਤੇ ਪਏ ਚਿੱਬ ਵੇਖਦਾ ਹੋਇਆ ਬੋਲਿਆ, “ਬਾਪੂ ਕਿਸਮਤ ਚੰਗੀ ਸੀ ਜੋ ਪਹਿਲਾਂ ਈ ਰੌਲਾ ਪੈ ਗਿਆ। ਜੇ ਕਿਤੇ ਉਹ ਆਖਰੀ ਗਾਣਾ ਸੁਣ ਲੈਂਦੇ ਤਾਂ ਮੇਰਾ ਸਿਰ ਧੜ ਤੋਂ ਪੱਕਾ ਵੱਖ ਕਰ ਦੇਂਦੇ।”

“ਉਹ ਕਿਹੜਾ?” ਸੜੇ ਬਲੇ ਪਿਉ ਨੇ ਪੁੱਛਿਆ।

ਪਿੰਟੂ ਬਾਂਦਰ ਵਾਂਗ ਖੀ ਖੀ ਕਰਦਾ ਹੋਇਆ ਬੋਲਿਆ, “ਉਹੀ ਚਮਕੀਲੇ ਦਾ, ਆਟੇ ਵਾਂਗੂ ... ਬੇਗਾਨੇ ਪੁੱਤ ਨੇ।”

ਇਹ ਸੁਣ ਕੇ ਪਿਉ ਨੂੰ ਚੱਕਰ ਆਉਣ ਲੱਗ ਪਏ।

*****

(785)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author