“ਉਸਤਾਦ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਸੀ, ਉਹ ਤਾਂ ਪਹਿਲਾਂ ਹੀ ...”
(3 ਮਈ 2019)
1990 ਬੈਚ ਦਾ ਸਭ ਤੋਂ ਹਰਮਨ ਪਿਆਰਾ, ਮਿੱਠ ਬੋਲੜਾ, ਨਿਰਵਿਵਾਦ ਅਤੇ ਬਹਾਦਰ ਇਨਸਾਨ ਅਨਿਲ ਕੋਹਲੀ, 19 ਅਪਰੈਲ ਵਾਲੇ ਦਿਨ ਜਨਤਾ ਨੂੰ ਕਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਾਉਂਦਾ ਹੋਇਆ ਖੁਦ ਜ਼ਿੰਦਗੀ ਦੀ ਜੰਗ ਹਾਰ ਗਿਆ। ਅਜਿਹੇ ਪੁਲਿਸ ਅਫਸਰ ਘੱਟ ਹੀ ਹੁੰਦੇ ਹਨ ਜਿਨ੍ਹਾਂ ਦੀ ਲੋਕ ਮੂੰਹ ’ਤੇ ਵੀ ਤਾਰੀਫ ਕਰਦੇ ਹਨ ਤੇ ਪਿੱਠ ਪਿੱਛੇ ਵੀ। ਕੋਹਲੀ ਇੱਕ ਅਜਿਹਾ ਹੀ ਇਨਸਾਨ ਸੀ। ਉਹ ਜਿਊਂਦੇ ਜੀਅ ਵੀ ਲੋਕਾਂ ਦੇ ਦਿਲਾਂ ’ਤੇ ਰਾਜ ਕਰਦਾ ਸੀ ਤੇ ਹੁਣ ਮੌਤ ਤੋਂ ਬਾਅਦ ਵੀ ਉਸ ਨੂੰ ਉਸੇ ਸ਼ਿੱਦਤ ਨਾਲ ਯਾਦ ਕੀਤਾ ਜਾ ਰਿਹਾ ਹੈ। ਸਾਰੀ ਜ਼ਿੰਦਗੀ ਚੰਗੇ ਤੋਂ ਚੰਗੇ ਅਹੁਦਿਆਂ ’ਤੇ ਰਹਿਣ ਦੇ ਬਾਵਜੂਦ ਉਸ ਵਿੱਚ ਭੋਰਾ ਵੀ ਹੰਕਾਰ ਨਹੀਂ ਸੀ ਆਇਆ। ਜਿਹੋ ਜਿਹਾ ਉਸ ਦਾ ਸੁਭਾਅ ਭਰਤੀ ਹੋਣ ਵੇਲੇ ਸੀ, ਉਹ ਜਿਹਾ ਹੀ ਆਖਰੀ ਸਮੇਂ ਸੀ।
ਕੋਹਲੀ ਨੱਬੇ ਬੈਚ ਦਾ ਸਭ ਤੋਂ ਸ਼ਰੀਫ ਅਤੇ ਸਿੱਧਾ ਸਾਦਾ ਥਾਣੇਦਾਰ ਸੀ। ਅਸੀਂ ਇਕੱਠਿਆਂ ਪਲਟੂਨ ਡੀ-ਟੂ ਵਿੱਚ ਟਰੇਨਿੰਗ ਕੀਤੀ ਸੀ। ਟਰੇਨਿੰਗ ਵੇਲੇ ਅਸੀਂ ਮਖੌਲ ਕਰਦੇ ਹੁੰਦੇ ਸੀ ਕਿ ਇਹ ਤਾਂ ਕਿਸੇ ਨੂੰ ਗਾਲ੍ਹ ਨਹੀਂ ਕੱਢ ਸਕਦਾ, ਐੱਸ.ਐੱਚ.ਓ. ਕਿਵੇਂ ਲੱਗੇਗਾ? ਇਹ ਤਾਂ ਸਾਰੀ ਉਮਰ ਐੱਲ.ਓ. ਜਾਂ ਆਰ.ਆਈ. ਵਜੋਂ ਪੁਲਿਸ ਲਾਈਨ ਵਿੱਚ ਹੀ ਨੌਕਰੀ ਕਰੇਗਾ। ਪਰ ਟਰੇਨਿੰਗ ਤੋਂ ਬਾਅਦ ਉਸ ਨੇ ਅਜਿਹੀ ਕਾਬਲੀਅਤ ਵਿਖਾਈ ਕਿ ਸਾਰੀ ਪਲਟੂਨ ਤੋਂ ਪਹਿਲਾਂ ਐੱਸ.ਐੱਚ.ਓ. (ਥਾਣਾ ਫਤਿਹਗੜ੍ਹ ਸਾਹਿਬ) ਲੱਗਾ ਤੇ ਲਗਾਤਾਰ ਫੀਲਡ ਪੋਸਟਿੰਗ ’ਤੇ ਰਿਹਾ। ਥਾਣਾ ਫਹਿਤਗੜ੍ਹ ਸਾਹਿਬ ਦੇ ਪੋਸਟਿੰਗ ਵਾਲੇ ਬੋਰਡ ’ਤੇ ਉਸ ਦਾ ਨਾਮ ਸ਼ਾਇਦ ਸੱਤ-ਅੱਠ ਵਾਰ ਲਿਖਿਆ ਹੋਇਆ ਹੈ। ਸਾਰੀ ਨੌਕਰੀ ਦੌਰਾਨ ਉਹ ਨਿਰਵਿਵਾਦ ਰਿਹਾ। ਇੱਕ ਅੱਧੇ ਐੱਸ.ਐੱਸ.ਪੀ. ਨੂੰ ਛੱਡ ਕੇ ਉਸ ਦੀ ਕਿਸੇ ਨਾਲ ਨਹੀਂ ਵਿਗੜੀ ਤੇ ਨਾ ਹੀ ਉਸ ਦੇ ਖਿਲਾਫ ਕੋਈ ਵੱਡੀ ਜਾਂਚ ਜਾਂ ਰਿਕਾਰਡ ਵਿੱਚ ਮਾੜੀ ਐਂਟਰੀ ਹੋਈ। ਕੋਹਲੀ ਜਿੰਨਾ ਕਾਬਲ ਅਫਸਰ ਸੀ, ਮੈਂਨੂੰ ਲੱਗਦਾ ਹੈ ਕਿ ਜਿਹੜੇ ਅਫਸਰਾਂ ਨਾਲ ਉਸ ਦੀ ਨਹੀਂ ਬਣੀ, ਜ਼ਰੂਰ ਉਨ੍ਹਾਂ ਵਿੱਚ ਹੀ ਕੋਈ ਨੁਕਸ ਹੋਵੇਗਾ।
ਉਸ ਨਾਲ ਗੁਜ਼ਾਰੇ ਸਮੇਂ ਦੌਰਾਨ ਵਾਪਰੀਆਂ ਦੋ ਘਟਨਾਵਾਂ ਮੈਂਨੂੰ ਅੱਜ ਵੀ ਯਾਦ ਹਨ। ਟਰੇਨਿੰਗ ਦੌਰਾਨ ਇੱਕ ਵਾਰ ਭਰ ਸਰਦੀਆਂ ਵਿੱਚ ਪਰੇਡ ਚੱਲ ਰਹੀ ਸੀ। ਜਦੋਂ ਪਰੇਡ ਖਤਮ ਹੋਣ ਦਾ ਵਕਤ ਹੋਇਆ ਤਾਂ ਸਾਡੇ ਇੱਕ ਚਟਕ ਜਿਹੇ ਤੇ ਉਸਤਾਦ ਦੇ ਚਹੇਤੇ ਬੈਚਮੇਟ ਨੇ ਉਸਤਾਦ ਨੂੰ ਚਾਲਾਂ (ਮਵੇਸ਼ੀ ਚਾਲ, ਬਿੱਲੀ ਦੀ ਚਾਲ, ਬਿੱਲੀ ਦੇ ਬੱਚੇ ਦੀ ਚਾਲ ਆਦਿ ਜੰਗੀ ਚਾਲਾਂ) ਸਿਖਾਉਣ ਦੀ ਮੰਗ ਰੱਖ ਦਿੱਤੀ। ਚਾਲਾਂ ਰਾਹੀਂ ਧਰਤੀ ’ਤੇ ਲੇਟ ਕੇ ਅਤੇ ਗੋਡਿਆਂ ਕੂਹਣੀਆਂ ਭਾਰ ਰਿੜ੍ਹ ਕੇ ਬਿਨਾਂ ਪਤਾ ਲੱਗਿਆਂ ਦੁਸ਼ਮਣ ਦੇ ਨਜ਼ਦੀਕ ਜਾਣ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਪਰ ਇਸ ਦੌਰਾਨ ਵਰਦੀ ਬੁਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ ਤੇ ਗੋਡੇ ਕੂਹਣੀਆਂ ਛਿੱਲੀਆਂ ਜਾਂਦੀਆਂ ਹਨ। ਸਾਡਾ ਉਸਤਾਦ, ਜੋ ਸਾਰੇ ਫਿਲੌਰ ਟਰੇਨਿੰਗ ਸੈਂਟਰ ਵਿੱਚ ਸਖਤ ਅਤੇ ਕੁਰਖਤ ਮੰਨਿਆ ਜਾਂਦਾ ਸੀ ਤੇ ਕਿਸੇ ਨਾ ਦੱਸੇ ਜਾ ਸਕਣ ਵਾਲੇ ਕਾਰਨ ਕਰ ਕੇ ਪਲਟੂਨ ਨਾਲ ਨਰਾਜ਼ ਸੀ, ਇਸ ਮੰਗ ਨੂੰ ਰੱਬੀ ਵਰਦਾਨ ਸਮਝ ਕੇ ਸਾਨੂੰ ਝੱਲ ਗਰਾਊਂਡ ਵਿੱਚ ਲੈ ਵੜਿਆ। ਉਸ ਨੇ ਝਾੜੀਆਂ ਅਤੇ ਤਰੇਲ ਭਿੱਜੇ ਘਾਹ ਵਿੱਚ ਅੱਧਾ ਘੰਟਾ ਰੋਲ ਕੇ ਸਾਡੀ ਹਾਲਤ ਭੂਤਾਂ ਵਰਗੀ ਬਣਾ ਦਿੱਤੀ।
ਟਰੇਨਿੰਗ ਸੈਂਟਰਾਂ ਵਿੱਚ ਪਰੇਡ ਤੋਂ ਬਾਅਦ ਨਹਾ ਧੋ ਕੇ ਤੇ ਰੋਟੀ ਖਾ ਕੇ ਲਾਅ ਸਕੂਲ ਜਾਣ ਲਈ ਸਿਰਫ ਇੱਕ ਘੰਟਾ ਮਿਲਦਾ ਹੈ। ਸਭ ਨੂੰ ਪਤਾ ਲੱਗ ਚੱਲ ਗਿਆ ਸੀ ਕਿ ਅੱਜ ਰੋਟੀ ਨਸੀਬ ਨਹੀਂ ਹੋਵੇਗੀ। ਕਿਉਂਕਿ ਮੈੱਸ ਟਾਇਮ ਸਿਰ ਬੰਦ ਹੋ ਜਾਂਦੀ ਸੀ ਤੇ ਲਾਅ ਸਕੂਲ ਲੇਟ ਪਹੁੰਚਣ ’ਤੇ ਸਜ਼ਾ ਮਿਲਦੀ ਸੀ। ਪਰ ਉਸਤਾਦ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਸੀ, ਉਹ ਤਾਂ ਪਹਿਲਾਂ ਹੀ ਪਲਟੂਨ ਨੂੰ ਤੰਗ ਪਰੇਸ਼ਾਨ ਕਰਨ ਦਾ ਮੌਕਾ ਲੱਭ ਰਿਹਾ ਸੀ। ਜਦੋਂ ਅਸੀਂ ਹੋਸਟਲ ਨੂੰ ਵਾਪਸ ਆ ਰਹੇ ਸੀ ਤਾਂ ਕਦੇ ਵੀ ਆਪਾ ਨਾ ਗਵਾਉਣ ਵਾਲੇ ਕੋਹਲੀ ਨੂੰ ਪਤਾ ਨਹੀਂ ਕਿਵੇਂ ਗੁੱਸਾ ਚੜ੍ਹ ਗਿਆ, ਉਸ ਨੇ ਪੁੱਠੀ ਸਲਾਹ ਦੇਣ ਵਾਲੇ ਰੰਗਰੂਟ ਦਾ ਨਾਂ ਲਏ ਬਗੈਰ ਕਰਾਰੀ ਜਿਹੀ ਗਾਲ੍ਹ ਕੱਢ ਦਿੱਤੀ ਕਿ ਫਲਾਣੇ ਫਲਾਣ ਨੇ ਲੇਟ ਕਰਵਾ ਦਿੱਤਾ ਹੈ। ਉਹ ਗਾਲ੍ਹ ਨਾਲ ਚੱਲ ਰਹੇ ਉਸਤਾਦ ਨੇ ਸੁਣ ਲਈ ਤੇ ਝੂਠਾ ਹੀ ਰੌਲਾ ਪਾ ਦਿੱਤਾ ਕਿ ਇਸ ਨੇ ਇਹ ਗਾਲ੍ਹ ਮੈਂਨੂੰ ਕੱਢੀ ਹੈ। ਟਰੇਨਿੰਗ ਸੈਂਟਰਾਂ ਵਿੱਚ ਜੇ ਉਸਤਾਦ ਅਜਿਹੀ ਸ਼ਿਕਾਇਤ ਪ੍ਰਿੰਸੀਪਲ ਨੂੰ ਲਗਾ ਦੇਵੇ ਤਾਂ ਰੰਗਰੂਟ ਨੂੰ ਜ਼ਿਲ੍ਹਾ ਵਾਪਸ ਕਰ ਦਿੱਤਾ ਜਾਂਦਾ ਹੈ ਤੇ ਸਖਤ ਸਰੀਰਕ ਸਜ਼ਾ ਵੀ ਮਿਲਦੀ ਹੈ। ਸਭ ਦੇ ਰੰਗ ਉੱਡ ਗਏ। ਅਸੀਂ ਦੌੜ ਕੇ ਪ੍ਰਿੰਸੀਪਲ ਦੇ ਦਫਤਰ ਵੱਲ ਤੁਰੇ ਜਾ ਰਹੇ ਉਸਤਾਦ ਨੂੰ ਘੇਰ ਲਿਆ ਤੇ ਕੁਝ ਹੋਰ ਚੰਗੇ ਸੁਭਾਅ ਵਾਲੇ ਉਸਤਾਦਾਂ ਦੀ ਮਦਦ ਨਾਲ ਤਰਲੇ ਮਿੰਨਤਾਂ ਕਰ ਕੇ ਮਸਾਂ ਕੋਹਲੀ ਦੀ ਜਾਨ ਛੁਡਾਈ।
ਕੋਹਲੀ ਸਭ ਦੀ ਮਦਦ ਕਰਨ ਵਾਲਾ ਇਨਸਾਨ ਸੀ ਭਾਵੇਂ ਆਪ ਮੁਸੀਬਤ ਝੱਲਣੀ ਪਏ। ਟਰੇਨਿੰਗ ਤੋਂ ਕੁਝ ਸਾਲ ਬਾਅਦ, ਸ਼ਾਇਦ 1993-94 ਦੀ ਗੱਲ ਹੈ ਕਿ ਮੇਰੀ ਸੰਗਰੂਰ ਵੱਲੋਂ ਫਤਿਹਗੜ੍ਹ ਸਾਹਿਬ ਮੇਲੇ ਵਿੱਚ ਡਿਊਟੀ ਲੱਗ ਗਈ। ਅਜਿਹੇ ਮੇਲਿਆਂ ਵਿੱਚ ਡਿਊਟੀ ਵਾਸਤੇ ਬਹੁਤ ਸਾਰੀ ਪੁਲਿਸ ਫੋਰਸ ਆਉਣ ਕਾਰਨ ਰਹਿਣ ਲਈ ਜਗ੍ਹਾ ਨਹੀਂ ਮਿਲਦੀ। ਪਰ ਮੈਂਨੂੰ ਪਤਾ ਸੀ ਕਿ ਕੋਹਲੀ ਫਤਿਹਗੜ੍ਹ ਥਾਣੇ ਵਿੱਚ ਹੀ ਐੱਸ.ਐੱਚ.ਓ. ਲੱਗਾ ਹੋਇਆ ਹੈ, ਸ਼ਾਮ ਨੂੰ ਮੈਂ ਕੋਹਲੀ ਦੇ ਕਵਾਟਰ ਵਿੱਚ ਜਾ ਪਹੁੰਚਿਆ। ਉਹ ਉੱਡ ਕੇ ਮੈਂਨੂੰ ਮਿਲਿਆ ਤੇ ਆਪਣੇ ਕਵਾਟਰ ਦਾ ਇੱਕ ਕਮਰਾ ਮੇਰੇ ਹਵਾਲੇ ਕਰ ਦਿੱਤਾ। ਪਰ ਸਾਡੇ ਕਈ ਹੋਰ ਬੈਚਮੈਟ ਵੀ ਵੱਖ ਵੱਖ ਜ਼ਿਲ੍ਹਿਆਂ ਵੱਲੋਂ ਡਿਊਟੀ ਆਏ ਹੋਏ ਸਨ। ਰਾਤ ਤਕ 10-12 ਜਣੇ ਹੋਰ ਆ ਗਏ ਤੇ ਸਾਰਾ ਕਵਾਟਰ ਥਾਣੇਦਾਰਾਂ ਨਾਲ ਭਰ ਗਿਆ। ਜਦੋਂ 10-11 ਵਜੇ ਕੋਹਲੀ ਡਿਊਟੀ ਤੋਂ ਵਾਪਸ ਆਇਆ ਤਾਂ ਉਸ ਦੇ ਸੌਣ ਲਈ ਕੋਈ ਜਗ੍ਹਾ ਹੀ ਨਹੀਂ ਸੀ ਬਚੀ। ਉਸ ਨੇ ਬਗੈਰ ਮੱਥੇ ਵੱਟ ਪਾਇਆਂ ਕੱਪੜੇ ਬਦਲੇ ਤੇ ਚੁੱਪ ਚਾਪ ਚਲਾ ਗਿਆ, ਪਤਾ ਨਹੀਂ ਉਸ ਨੇ ਰਾਤ ਕਿੱਥੇ ਗੁਜ਼ਾਰੀ। ਜਿੰਨੇ ਦਿਨ ਡਿਊਟੀ ਚੱਲਦੀ ਰਹੀ, ਉਹ ਬਾਹਰ ਹੀ ਸੌਂਦਾ ਰਿਹਾ ਪਰ ਉਸ ਨੇ ਸਾਨੂੰ ਨਾ ਤਾਂ ਖਾਣੇ ਦੀ ਮੁਸ਼ਕਲ ਆਉਣ ਦਿੱਤੀ ਤੇ ਨਾ ਹੀ ਨਹਾਉਣ ਵਾਸਤੇ ਗਰਮ ਪਾਣੀ ਦੀ। ਖਾਣਾ ਪਕਾਉਣ ਵਾਸਤੇ ਦੋ ਲਾਂਗਰੀ ਲਗਾ ਦਿੱਤੇ ਤੇ ਨਹਾਉਣ ਵਾਲਾ ਪਾਣੀ ਗਰਮ ਕਰਨ ਲਈ ਕਵਾਟਰ ਦੇ ਵਿਹੜੇ ਵਿੱਚ ਭੱਠੀ ਲਗਾ ਕੇ ਵੱਡੀ ਦੇਗ ਫਿੱਟ ਕਰਵਾ ਦਿੱਤੀ ਕਿਉਂਕਿ ਉਸ ਸਮੇਂ ਗੀਜ਼ਰ ਆਦਿ ਦਾ ਕੋਈ ਬਹੁਤਾ ਰਿਵਾਜ਼ ਨਹੀਂ ਸੀ ਹੁੰਦਾ।
ਕਈ ਪੁਲਿਸ ਅਫਸਰ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸੀਨੀਅਰ ਅਫਸਰ ਵਧੀਆ ਸਮਝਦੇ ਹਨ ਤੇ ਕਈਆਂ ਨੂੰ ਮਤੈਤ ਚੰਗਾ ਕਹਿੰਦੇ ਹਨ। ਪਰ ਕੋਹਲੀ ਅਜਿਹਾ ਹੀਰਾ ਅਫਸਰ ਸੀ ਜਿਸ ਨੂੰ ਸੀਨੀਅਰ ਵੀ ਵਧੀਆ ਮੰਨਦੇ ਸਨ ਤੇ ਮਤੈਤ ਵੀ। ਪੰਜਾਬ ਸਰਕਾਰ ਵੱਲੋਂ ਕੋਹਲੀ ਦੇ ਪਰਿਵਾਰ ਦੀ ਹੋਰ ਆਰਥਿਕ ਮਦਦ ਕਰਨ ਤੋਂ ਇਲਾਵਾ ਉਸ ਦੇ ਛੋਟੇ ਬੇਟੇ ਨੂੰ ਪੁਲਿਸ ਵਿੱਚ ਸਬ ਇੰਸਪੈਕਟਰ ਭਰਤੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਮੇਰੀ ਅਰਦਾਸ ਹੈ ਕਿ ਪ੍ਰਮਾਤਮਾ ਕੋਹਲੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਉਸ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਸਦਾ ਮਿਹਰ ਭਰਿਆ ਹੱਥ ਰੱਖੇ। ਉਸ ਦਾ ਬੇਟਾ ਵੀ ਆਪਣੇ ਬਾਪ ਵਾਂਗ ਮਹਿਕਮੇ ਵਿੱਚ ਨਾਮਣਾ ਖੱਟੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2100)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)