BalrajSidhu7ਇਸ ਮੌਕੇ ਲੋਕਾਂ ਨੂੰ ਪਿੱਠ ਵਿਖਾਉਣ ਵਾਲੇ ਇਹ ਸਾਧਜਦੋਂ ਫਸਲਾਂ ਪੱਕੀਆਂ ਤਾਂ ...
(8 ਸਤੰਬਰ 2019)

 

ਇਸ ਵੇਲੇ ਅੱਧਾ ਪੰਜਾਬ ਹੜ੍ਹਾਂ ਕਾਰਨ ਬਰਬਾਦ ਹੋਇਆ ਪਿਆ ਹੈ ਪਰ ਜੱਗ ਤਾਰਨ ਵਾਲੇ ਜਾਣੀ ਜਾਣ ਬਾਬੇ ਮੌਕੇ ਗਾਇਬ ਹਨਸਿਰਫ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਖਾਲਸਾ ਏਡ ਨੂੰ ਛੱਡ ਕੇ ਹੋਰ ਕੋਈ ਸਾਧ, ਸੰਤ, ਸ਼੍ਰੀਮਾਨ, ਬ੍ਰਹਮ ਗਿਆਨੀ, ਕਾਰ ਸੇਵਾ ਵਾਲਾ ਅਤੇ ਮਹਾਂਮੰਡਲੇਸ਼ਵਰ ਇਸ ਕਰੋਪੀ ਦੌਰਾਨ ਲੋਕਾਂ ਦੀ ਮਦਦ ਕਰਨ ਲਈ ਨਹੀਂ ਬਹੁੜਿਆਇਸ ਭਿਆਨਕ ਗਰਮੀ ਵਿੱਚ ਆਪਣੇ ਏ.ਸੀ. ਭੋਰੇ ਅਤੇ ਦੋ-ਦੋ ਕਰੋੜ ਦੀਆਂ ਕਾਰਾਂ ਦੀ ਠੰਢਕ ਛੱਡ ਕੇ ਆਮ ਲੋਕਾਂ ਦੀ ਸੇਵਾ ਕਰਨਾ ਬਾਬਿਆਂ ਦੇ ਵੱਸ ਦੀ ਗੱਲ ਨਹੀਂਬੀਬੀਆਂ ਤੋਂ ਲੱਤਾਂ ਘੁਟਵਾਉਣ, ਪੁੱਤ ਬਖਸ਼ਣ, ਚਿੱਟੇ ਦੁੱਧ ਕੱਪੜੇ ਪਾਉਣ ਅਤੇ ਤਿੰਨ ਤਿੰਨ ਗੱਦਿਆਂ ਦੇ ਪੋਲੇ ਆਸਣ ਉੱਤੇ ਬੈਠ ਕੇ ਨਰਮ ਨਰਮ ਹੱਥਾਂ ਨਾਲ ਹਰਮੋਨੀਅਮ ਵਜਾਉਣ ਵਾਲੇ ਬਾਬੇ, ਜਿਹਨਾਂ ਨੂੰ ਸੰਗਤ ਤੋਂ ਸੇਵਾ ਕਰਵਾਉਣ ਦੀ ਆਦਤ ਪਈ ਹੋਈ ਹੈ, ਇੰਨੀ ਗਰਮੀ ਵਿੱਚ ਜਾਨਵਰਾਂ ਦੀਆਂ ਲਾਸ਼ਾਂ ਅਤੇ ਸੜ ਰਹੀਆਂ ਫਸਲਾਂ ਦੀ ਬਦਬੋ ਕਿਵੇਂ ਸਹਿ ਸਕਦੇ ਹਨ? ਉਹ ਤਾਂ ਚੌਵੀ ਘੰਟੇ ਅਗਰਬੱਤੀਆਂ ਅਤੇ ਮਹਿੰਗੇ ਵਿਦੇਸ਼ੀ ਪ੍ਰਫਿਊਮਾਂ ਦੀ ਸੁਗੰਧ ਵਿੱਚ ਰਹਿਣ ਦੇ ਆਦੀ ਹਨ

ਕਈ ਪਿੰਡਾਂ ਦੇ ਲੋਕਾਂ ਨੇ ਇਸ ਮੌਕੇ ਮਦਦ ਲਈ ਨਾ ਬਹੁੜਨ ਕਾਰਨ ਆਪਣੇ ਇਲਾਕੇ ਦੀਆਂ ਧਾਰਮਿਕ ਸੰਸਥਾਵਾਂ ਨੂੰ ਉਗਰਾਹੀ ਦੇਣ ਉੱਤੇ ਪਾਬੰਦੀ ਲਗਾ ਦਿੱਤੀ ਹੈਇਸ ਵੇਲੇ ਧਾਰਮਿਕ ਸਥਾਨਾਂ ਅਤੇ ਡੇਰਿਆਂ ਕੋਲ ਕਰੋੜਾਂ ਟਨ ਅਨਾਜ ਅਤੇ ਅਰਬਾਂ ਰੁਪਇਆ ਜਮ੍ਹਾਂ ਹੈਪੰਜਾਬ ਵਿੱਚ ਛੋਟੇ ਵੱਡੇ ਹਜ਼ਾਰਾਂ ਡੇਰੇ ਹਨ, ਜੇ ਇੱਕ ਡੇਰਾ ਇੱਕ ਪਿੰਡ ਨੂੰ ਵੀ ਅਪਣਾ ਲਵੇ ਤਾਂ ਸਾਰੇ ਹੜ੍ਹ ਪੀੜਤ ਪਿੰਡ ਸੰਭਾਲੇ ਜਾਣਪਰ ਜ਼ਿਆਦਾਤਰ ਬਾਬੇ ਇਸ ਵੇਲੇ ਹੋਰ ਹੀ ਮਾਲ ਕਮਾਊ ਕੰਮਾਂ ਵਿੱਚ ਰੁੱਝੇ ਹੋਏ ਹਨਕੋਈ ਆਪਣੇ ਵੱਡੇ ਬਾਬੇ ਦੀ ਬਰਸੀ ਮਨਾ ਰਿਹਾ ਹੈ, ਕੋਈ ਤਰਿਆਂ ਨੂੰ ਤਾਰਨ ਲਈ ਕੈਨੇਡਾ-ਅਮਰੀਕਾ ਦੇ ਦੌਰੇ ਉੱਤੇ ਚੜ੍ਹਿਆ ਹੋਇਆ ਹੈ ਤੇ ਕੋਈ ਆਪਣੇ ਧਾਰਮਿਕ ਸਥਾਨ ਨੂੰ ਸਜਾਉਣ ਲਈ ਕਰੋੜਾਂ ਦੇ ਫੁੱਲ ਬਰਬਾਦ ਕਰ ਰਿਹਾ ਹੈਜਦੋਂ ਕਿ ਇਹੀ ਪੈਸਾ ਕਿਸੇ ਗਰੀਬ ਦੀ ਮਦਦ ਲਈ ਵਰਤਿਆ ਜਾ ਸਕਦਾ ਹੈਬਾਬੇ ਪਿੰਡਾਂ ਵਿੱਚ ਸਪੀਕਰਾਂ ਉੱਤੇ ਬੋਲ ਬੋਲ ਕੇ ਲੋਕਾਂ ਨੂੰ ਹੜ੍ਹ ਪੀੜਤਾਂ ਵਾਸਤੇ ਦਾਨ ਦੇਣ ਲਈ ਲਲਕਾਰ ਰਹੇ ਹਨਜਦੋਂ ਤੱਕ ਰਸਦ ਇਕੱਠੀ ਹੋਣੀ ਹੈ, ਹਾਲਾਤ ਆਮ ਵਰਗੇ ਹੋ ਚੁੱਕੇ ਹੋਣੇ ਹਨ ਤੇ ਅੱਧਾ ਸਮਾਨ ਬਾਬਿਆਂ ਨੇ ਖੁਦ ਦੱਬ ਜਾਣਾ ਹੈਅਮਰੀਕਾ-ਕੈਨੇਡਾ ਤੋਂ ਕਾਰੋਬਾਰੀ ਲੋਕ ਆਪਣੇ ਕੰਮ ਧੰਦੇ ਛੱਡ ਕੇ ਮਦਦ ਵਾਸਤੇ ਪਹੁੰਚ ਚੁੱਕੇ ਹਨ, ਪਰ ਸਾਡੇ ਵਿਹਲੜ ਬਾਬੇ ਨਹੀਂ ਪਧਾਰੇਬਾਬਿਆਂ ਨੇ ਆਪਣੇ ਪੱਲਿਉਂ ਧੇਲੀ ਨਹੀਂ ਦੇਣੀ, ਸਗੋਂ ਹੜ੍ਹਾਂ ਦੀ ਆੜ ਹੇਠ ਅੰਧ ਭਗਤਾਂ ਤੋਂ ਕਰੋੜਾਂ ਹੋਰ ਮੁੰਨ ਲੈਣਾ ਹੈ

ਬਾਬੇ ਲੋਕਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਦੂਰ ਰਹਿਣ ਦੀਆਂ ਨਸੀਹਤਾਂ ਦਿੰਦੇ ਹਨ ਪਰ ਖੁਦ ਕਦੇ ਅਮਲ ਨਹੀਂ ਕਰਦੇਧਰਮ ਦਾ ਅਖੌਤੀ ਪ੍ਰਚਾਰ ਕਰਨ ਲਈ ਸਮਾਗਮਾਂ ਉੱਤੇ ਜਾਣ ਲਈ ਸਿੰਗਰਾਂ ਵਾਂਗ ਲੱਖਾਂ ਰੁਪਇਆ ਵਸੂਲਦੇ ਹਨਲੋਕਾਂ ਨੂੰ ਮੌਤ ਤੋਂ ਨਾ ਡਰਨ ਦਾ ਗਿਆਨ ਦੇਣ ਵਾਲੇ ਬਾਬਿਆਂ ਦੇ ਦੁਆਲੇ ਰਾਈਫਲਾਂ ਵਾਲੇ ਗੰਨਮੈਨ ਦਨਦਨਾਉਂਦੇ ਫਿਰਦੇ ਹਨਹੰਕਾਰ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣ ਵਾਲੇ ਬਾਬੇ ਦੇ ਨੇੜੇ ਕੋਈ ਗਰੀਬ ਵਿਅਕਤੀ ਫੜਕ ਤੱਕ ਨਹੀਂ ਸਕਦਾਬਾਬੇ ਸਿਰਫ ਮਾਇਆਧਾਰੀ ਤੇ ਮੋਟਾ ਚੜ੍ਹਾਵਾ ਚੜ੍ਹਾਉਣ ਵਾਲੇ ਭਗਤਾਂ ਨੂੰ ਹੀ ਮਿਲਣਾ ਪਸੰਦ ਕਰਦੇ ਹਨਜੇ ਬਾਬੇ ਆਪਣੀ ਜਮ੍ਹਾਂ ਕੀਤੀ ਮਾਇਆ ਮੋਹਣੀ ਦਾ ਸਿਰਫ ਅੱਧ ਹੀ ਹੜ੍ਹ ਪੀੜਤਾਂ ਵਾਸਤੇ ਦਾਨ ਕਰ ਦੇਣ ਤਾਂ ਅਰਬਾਂ ਰੁਪਇਆ ’ਕੱਠਾ ਹੋ ਜਾਵੇਗਾਪਰ ਮੁਫਤ ਦਾ ਦੇਸੀ ਘਿਉ ਖਾ ਕੇ ਝੋਟਿਆਂ ਵਾਂਗ ਫਿੱਟੇ ਸਾਧਾਂ ਨੂੰ ਲੋਕਾਂ ਦਾ ਦਰਦ ਦਿਖਾਈ ਨਹੀਂ ਦੇ ਰਿਹਾ, ਸ਼ਾਇਦ ਇਹਨਾਂ ਦੀਆਂ ਅੱਖਾਂ ਨੂੰ ਵੀ ਚਰਬੀ ਚੜ੍ਹ ਗਈ ਹੈਜਿਹੜੇ ਮਹਾਂਪੁਰਖਾਂ ਦੀਆਂ ਉਦਾਹਰਣਾਂ ਦੇ ਕੇ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਹਨ, ਉਹਨਾਂ ਨੇ ਆਪਣਾ ਸਭ ਕੁਝ ਦੁਨੀਆਂ ਵਾਸਤੇ ਕੁਰਬਾਨ ਕਰ ਦਿੱਤਾ ਸੀ ਤੇ ਇਹ ਆਪਣੇ ਡੇਰੇ ਦੀ ਨੀਂਹ ਹੀ ਸਰਕਾਰੀ ਜ਼ਮੀਨ ਦੱਬ ਕੇ ਰੱਖਦੇ ਹਨਜੇ ਸਾਡੀਆਂ ਬੀਬੀਆਂ ਸਾਧਾਂ ਕੋਲ ਜਾਣਾ ਬੰਦ ਕਰ ਦੇਣ ਤਾਂ ਬਹੁਤੇ ਬਾਬੇ ਰਾਜ ਮਿਸਤਰੀਆਂ ਮਗਰ ਇੱਟਾਂ ਫੜਾਉਂਦੇ ਦਿਖਾਈ ਦੇਣਗੇ

ਭਾਰਤ ਵਿੱਚ ਅਜਿਹੇ ਮੁਸ਼ਟੰਡੇ ਸਾਧਾਂ ਨੂੰ ਨੱਥ ਪਾਉਣ ਲਈ ਐਕਟ ਆਫ ਗਾਡ (ਰੱਬ ਵੱਲੋਂ ਕੀਤੀ ਬਰਬਾਦੀ) ਨਾਮਕ ਕਾਨੂੰਨ ਬਣਨਾ ਚਾਹੀਦਾ ਹੈਇਸ ਕਾਨੂੰਨ ਅਧੀਨ ਕੁਦਰਤੀ ਆਫਤਾਂ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਧਰਮ ਸਥਾਨਾਂ ਦੀ ਜਮ੍ਹਾਂ ਪੂੰਜੀ ਨਾਲ ਕੀਤੀ ਜਾਵੇ ਕਿਉਂਕਿ ਇਹ ਸੰਪਤੀ ਰੱਬ ਦੀ ਹੈ ਤੇ ਕੁਦਰਤੀ ਆਫਤ ਰੱਬ ਦਾ ਹੀ ਕੰਮ ਹੈਜੇ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਹੜ੍ਹ, ਭੁਚਾਲ, ਸੋਕਾ ਜਾਂ ਸੁਨਾਮੀ ਆਵੇ ਤਾਂ ਸਾਰੇ ਧਰਮ ਸਥਾਨਾਂ ਦਾ ਪੈਸਾ ਸਰਕਾਰ ਰਾਹਤ ਦੇ ਤੌਰ ਉੱਤੇ ਪੀੜਤਾਂ ਨੂੰ ਵੰਡ ਦੇਵੇਜੇ ਸਰਕਾਰ ਇਹ ਐਕਟ ਬਣਾ ਦੇਵੇ ਤਾਂ ਰੱਬ ਤਾਂ ਭਾਵੇਂ ਪ੍ਰਸੰਨ ਹੋਵੇ, ਧਰਮ ਦੇ ਠੇਕੇਦਾਰ ਜਰੂਰ ਦੁਖੀ ਹੋਣਗੇ ਤੇ ਕੁਦਰਤੀ ਆਫਤ ਆਉਂਦੇ ਸਾਰ ਗੋਲਕ ਦਾ ਪੈਸਾ ਲੈ ਕੇ ਚੰਪਤ ਹੋ ਜਾਇਆ ਕਰਨਗੇ

ਅੱਜ ਦੇ ਬਾਬਿਆਂ ਨੂੰ ਦੇਣ ਦੀ ਬਜਾਏ ਲੈਣ ਦੀ ਆਦਤ ਪਈ ਹੋਈ ਹੈਧਾਰਮਿਕ ਸਥਾਨਾਂ ਤੋਂ ਅਜਿਹੀਆਂ ਅਨਾਊਸਮੈਂਟਾਂ ਤਾਂ ਸਭ ਨੇ ਸੁਣੀਆਂ ਹੋਣਗੀਆਂ ਕਿ ਅੱਜ ਸਾਰੇ ਮਾਈ ਭਾਈ ਡੇਰੇ ਆਉ, ਪੰਜਵੀਂ ਮੰਜ਼ਲ ਦਾ ਲੈਂਟਰ ਪੈਣਾ ਹੈ ਅੱਜ ਮਾਈਆਂ ਬੀਬੀਆਂ ਸਵੇਰੇ ਪੰਜ ਵਜੇ ਪਹੁੰਚਣ, ਸੰਗਤਾਂ ਲਈ ਲੰਗਰ ਤਿਆਰ ਕਰਨਾ ਹੈ। ਅੱਜ ਡੇਰੇ ਦੀ ਜ਼ਮੀਨ ਵਿੱਚੋਂ ਕਣਕ ਝੋਨਾ ਵੱਢਣਾ ਹੈ, ਅੱਜ ਵੱਡੇ ਹਾਲ ਵਿੱਚ ਮਿੱਟੀ ਪਾਉਣੀ ਹੈ, ਆਦਿ ਆਦਿਪਰ ਕਦੇ ਕਿਸੇ ਨੇ ਅਜਿਹੀ ਅਨਾਊਂਸਮੈਂਟ ਨਹੀਂ ਸੁਣੀ ਹੋਣੀ ਕਿ ਅੱਜ ਸਾਰਾ ਨਗਰ ਖੇੜਾ ਡੇਰੇ ਆਉ, ਗੋਲਕ ਦੀ ਮਾਇਆ ਗਿਣਨੀ ਹੈਲੋਕ ਥੋੜ੍ਹਾ ਥੋੜ੍ਹਾ ਦਾਨ ਦੇ ਕੇ ਵੀ ਸਾਧਾਂ ਨੂੰ ਕਰੋੜਪਤੀ ਬਣਾ ਦੇਂਦੇ ਹਨਜਾਤ ਪਾਤ ਦੀਆਂ ਫੌਲਾਦੀ ਬੇੜੀਆਂ ਵਿੱਚ ਜਕੜੇ ਇਸ ਦੇਸ਼ ਦੇ ਕਿਸੇ ਧਰਮ ਸਥਾਨ ਨੇ ਕਦੇ ਕਿਸੇ ਛੋਟੀ ਜਾਤ ਵਾਲੇ ਦਾ ਦਾਨ ਲੈਣ ਤੋਂ ਇਨਕਾਰ ਕੀਤਾ ਹੈ? ਅਸਲ ਵਿੱਚ ਸਾਰਾ ਮਸਲਾ ਆਣ ਕੇ ਪੈਸੇ ਉੱਤੇ ਹੀ ਮੁੱਕਦਾ ਹੈਧਰਮ ਸਥਾਨ ਦੀ ਉਸਾਰੀ ਲਈ ਦਿਲ ਖੋਲ੍ਹ ਕੇ (ਚਾਹੇ ਉਧਾਰ ਚੁੱਕ ਕੇ) ਗੱਫੇ ਦੇਣ ਵਾਲੇ ਸਿਆਣੇ, ਪਿੰਡ ਦੇ ਸਕੂਲ ਦੇ ਕਮਰੇ ਦੀ ਛੱਤ ਬਦਲਣ ਵਾਸਤੇ ਦੁਆਨੀ ਨਹੀਂ ਦਿੰਦੇਕੋਈ ਕਾਰ ਸੇਵਾ ਵਾਲਾ ਬਾਬਾ ਕਿਸੇ ਧਰਮ ਸਥਾਨ ਦੀ ਉਸਾਰੀ ਵਾਸਤੇ ਪਿੰਡਾਂ ਵਿੱਚ ਹੋਕਾ ਦੇ ਦੇਵੇ (ਸ਼ਹਿਰੀਏ ਕਾਰ ਸੇਵਾ ਲਈ ਨਹੀਂ ਜਾਂਦੇ) ਤਾਂ ਸੈਂਕੜੇ ਲੋਕ ਟਰੱਕਾਂ ਨੂੰ ਚੰਬੜ ਜਾਂਦੇ ਹਨਪਰ ਦਰਿਆਵਾਂ ਵਿੱਚ ਪਏ ਪਾੜ ਪੂਰਨ ਲਈ ਕਿਸੇ ਸਾਧ ਨੇ ਸੰਗਤ ਨਹੀਂ ਲਿਜਾਣੀ ਕਿਉਂਕਿ ਉੱਥੇ ਕੋਈ ਪੈਸਾ ਨਹੀਂ ਬਣਨਾ

ਇਤਿਹਾਸਕ ਮਹੱਤਤਾ ਵਾਲੇ ਸਥਾਨ ਭਾਵੇਂ ਜਿੰਨੇ ਮਰਜ਼ੀ ਢੁਹਾ ਲਉ ਇਹਨਾਂ ਕੋਲੋਂਵੈਸੇ ਬਾਬਿਆਂ ਦੀ ਛੁਰਲੀਆਂ ਉੱਤੇ ਬਹੁਤਾ ਗੌਰ ਨਹੀਂ ਕਰਨਾ ਚਾਹੀਦਾਇਹ ਕਰਦੇ ਕੁਝ ਹਨ ਤੇ ਕਹਿੰਦੇ ਕੁਝ ਹਨਹਰਿਆਣੇ ਦਾ ਇੱਕ ਕਰੋੜਪਤੀ ਯੋਗਾ ਗੁਰੂ ਲੋਕਾਂ ਨੂੰ ਗਾਂ ਦਾ ਪਿਸ਼ਾਬ ਵੇਚ ਕੇ ਹੀ ਅਰਬਾਂ ਰੁਪਈਆ ਬਣਾਈ ਬੈਠਾ ਹੈਉਸ ਦਾ ਖਾਸ ਚੇਲਾ ਕੁਝ ਦਿਨਾਂ ਤੋਂ ਦਿਲ ਦੇ ਰੋਗ ਕਾਰਨ ਏਮਜ਼ ਹਸਪਤਾਲ (ਦਿੱਲੀ) ਵਿੱਚ ਦਾਖਲ ਹੈਡਾਕਟਰਾਂ ਅਤੇ ਐਲੋਪੈਥੀ ਇਲਾਜ ਨੂੰ ਲੱਖ ਲੱਖ ਗਾਲ੍ਹਾਂ ਕੱਢਣ ਅਤੇ ਦੇਸੀ ਦਵਾਈਆਂ ਨਾਲ ਕੈਂਸਰ ਤੱਕ ਠੀਕ ਕਰਨ ਦਾ ਦਾਅਵਾ ਕਰਨ ਵਾਲੇ ਯੋਗਾ ਗੁਰੂ ਨੇ ਉਸ ਨੂੰ ਗਊ ਮੂਤਰ, ਗੋਬਰ ਅਤੇ ਹੋਰ ਖੇਹ ਸਵਾਹ ਖਵਾੳੇਣ ਦੀ ਬਜਾਏ ਹਸਪਤਾਲ ਭੇਜਣਾ ਪਸੰਦ ਕੀਤਾ ਕਿਉਂਕਿ ਉਸ ਨੂੰ ਪਤਾ ਸੀ ਕਿ ਮੂਤਰ ਚਾਹੇ ਕਿਸੇ ਜਾਨਵਰ ਦਾ ਹੋਵੇ, ਮੂਤਰ ਹੀ ਹੁੰਦਾ ਹੈ

ਵੇਖਣ ਵਾਲੀ ਗੱਲ ਇਹ ਹੈ ਕਿ ਇਸ ਮੌਕੇ ਲੋਕਾਂ ਨੂੰ ਪਿੱਠ ਵਿਖਾਉਣ ਵਾਲੇ ਇਹ ਸਾਧ, ਜਦੋਂ ਫਸਲਾਂ ਪੱਕੀਆਂ ਤਾਂ ਪੂਰੀ ਬੇਸ਼ਰਮੀ ਨਾਲ ਜੀਪਾਂ ਟੈਂਪੂ ਲੈ ਕੇ ਇਹਨਾਂ ਹੜ੍ਹ ਨਾਲ ਬਰਬਾਦ ਹੋਏ ਪਿੰਡਾਂ ਵਿੱਚ ਹੀ ਉਗਰਾਹੀ ਕਰਨ ਜਾਣਗੇ ਤੇ ਲੋਕ ਵੀ ਪੂਰੀ ਸ਼ਰਧਾ ਨਾਲ ਸਿਰ ਢਕ ਕੇ, ਜੁੱਤੀਆਂ ਲਾਹ ਕੇ ਬਾਬਿਆਂ ਨੂੰ ਬੋਰੀਆਂ ਦੀਆਂ ਬੋਰੀਆਂ ਅਨਾਜ ਭੇਂਟ ਕਰਨਗੇਚਾਹੀਦਾ ਤਾਂ ਇਹ ਹੈ ਕਿ ਲੋਕ ਇਹਨਾਂ ਜੋਕਾਂ ਨੂੰ ਪੁੱਛਣ ਕਿ ਹੁਣ ਤੁਸੀਂ ਕਿੱਥੋਂ ਆਣ ਸਿਰੀ ਕੱਢੀ ਹੈ? ਇਸ ਵੇਲੇ ਹੜ੍ਹ ਪੀੜਤਾਂ ਦੀ ਮਦਦ ਦੇ ਨਾਮ ਉੱਤੇ ਲੋਕਾਂ ਨੂੰ ਠੱਗਣ ਲਈ ਕਈ ਗਰੁੱਪ ਸਰਗਰਮ ਹਨਜੇ ਕੋਈ ਦਿਲੋਂ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਖੁਦ ਰਸਦ ਉੱਥੇ ਪਹੁੰਚਾਵੇ ਜਾਂ ਬਾਬਾ ਸੀਚੇਵਾਲ ਅਤੇ ਖਾਲਸਾ ਏਡ ਵਰਗੇ ਕਿਸੇ ਸੱਚੇ ਸੁੱਚੇ ਸਮਾਜ ਸੇਵੀ ਤੱਕ ਪੁੱਜਦਾ ਕਰੇ

 *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1728)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author