BalrajSidhu7ਮੈਂ ਠੇਕਾ ਲਿਆ ਹੋਇਆ ਐ ਦੇਸ਼ ਦੀਆਂ ਸਮੱਸਿਆਵਾਂ ਦਾ? ਅਸੀਂ ਇਲੈਕਸ਼ਨ ਜਿੱਤੀਏ ਕਿ ਲੋਕਾਂ ਦੇ ਸਿਆਪੇ ...
(20 ਮਾਰਚ 2019)

 

ਚੋਣਾਂ ਦਾ ਐਲਾਨ ਹੁੰਦੇ ਸਾਰ ਲੀਡਰਾਂ ਵਿੱਚ ਅਦਭੁਤ ਤਾਕਤ ਤੇ ਚੁਸਤੀ ਫੁਰਤੀ ਆ ਜਾਂਦੀ ਹੈਬਿਮਾਰ, ਬੁੱਢੇ ਤੇ ਮਰਨ ਕਿਨਾਰੇ ਪਏ ਨੇਤਾ ਵੀ ਜੰਗਲੀ ਘੋੜੇ ਵਾਂਗ ਦੁਲੱਤੇ ਮਾਰਨ ਲੱਗ ਜਾਂਦੇ ਹਨਕਿਰਲੇ ਵਾਂਗ ਆਕੜੀਆਂ ਧੌਣਾਂ ਕਮਾਨ ਵਾਂਗ ਦੋਹਰੀਆਂ ਹੋ ਕੇ ਵੋਟਰ ਬਾਦਸ਼ਾਹ ਅੱਗੇ ਝੁਕ ਜਾਂਦੀਆਂ ਹਨ, ਜ਼ੁਬਾਨ ਵਿੱਚ ਮਿਸ਼ਰੀ ਘੁਲ ਜਾਂਦੀ ਹੈਚੋਣ ਕਮਿਸ਼ਨ ਜੋ ਮਰਜ਼ੀ ਕਹੇ, ਚੋਣਾਂ ਹਮੇਸ਼ਾ ਦੋ ਚਰਣਾਂ ਵਿੱਚ ਹੁੰਦੀਆਂ ਹਨਵੋਟਾਂ ਤੋਂ ਪਹਿਲਾਂ ਲੀਡਰ ਵੋਟਰ ਦੇ ਚਰਣਾਂ ਵਿੱਚ ਤੇ ਵੋਟਾਂ ਤੋਂ ਬਾਅਦ ਵੋਟਰ ਲੀਡਰ ਦੇ ਚਰਣਾਂ ਵਿੱਚਹਰੇਕ ਪਾਰਟੀ ਚੁਣਾਵੀ ਜੰਗ ਜਿੱਤਣ ਦੀਆਂ ਤਿਆਰੀਆਂ ਕੱਸ ਲੈਂਦੀ ਹੈਅਣਗੌਲੇ, ਤੋੜ ਮਰੋੜ ਕੇ ਨੁੱਕਰਾਂ ਵਿੱਚ ਸੁੱਟੇ ਜੰਗਾਲ ਲੱਗੇ ਵਰਕਰਾਂ ਦਾ ਦੁਬਾਰਾ ਮੁੱਲ ਪੈਣਾ ਸ਼ੁਰੂ ਹੋ ਜਾਂਦਾ ਹੈਰੁੱਸਿਆਂ ਨੂੰ ਦਸ ਰੁਪਏ ਦਾ ਪਲਾਸਟਿਕ ਦੇ ਫੁੱਲਾਂ ਵਾਲਾ ਹਾਰ ਪਹਿਨਾ ਕੇ ਪਾਰਟੀ ਦੀ ਇੱਜ਼ਤ ਦਾ ਵਾਸਤਾ ਦੇ ਕੇ ਗੱਲ ਨਾਲ ਲਗਾਇਆ ਜਾਂਦਾ ਹੈਪੈਂਫਲਿਟ, ਬੈਨਰ, ਪੋਸਟਰ ਆਦਿ ਛਪਣ ਲੱਗ ਪੈਂਦੇ ਹਨ ਤੇ ਘਰਾਂ-ਦੁਕਾਨਾਂ ਉੱਪਰ ਝੰਡੇ ਝੂਲਣ ਲੱਗ ਜਾਂਦੇ ਹਨਵੋਟਾਂ ਭੋਟਣ ਲਈ ਸਿਆਸੀ ਪਾਰਟੀਆਂ ਦਾ ਇੱਕ ਅਹਿਮ ਕੰਮ ਹੁੰਦਾ ਹੈ ਚੋਣ ਮੈਨੀਫੈਸਟੋ ਜਾਰੀ ਕਰਨਾਚੋਣ ਮੈਨੀਫੈਸਟੋ ਤਿਆਰ ਕਰਨ ਲਈ ਬਹੁਤ ਹੀ ਹੰਢੇ ਵਰਤੇ ਤੇ ਘਾਗ ਕਿਸਮ ਦੇ ਅਹੁਦੇਦਾਰਾਂ ਦੀ ਡਿਊਟੀ ਲਾਈ ਜਾਂਦੀ ਹੈ, ਤਾਂ ਜੋ ਲੋਕਾਂ ਨੂੰ ਕੁਝ ਸਮੇਂ ਲਈ (ਇਲੈਕਸ਼ਨ ਖਤਮ ਹੋਣ ਤੱਕ) ਮਿੱਠੇ ਮਿੱਠੇ ਸੁਪਨੇ ਵਿਖਾਏ ਜਾ ਸਕਣਕਈ ਤਰ੍ਹਾਂ ਦੇ ਅਸੰਭਵ ਅਤੇ ਅਜੀਬ ਵਾਅਦੇ ਕੀਤੇ ਜਾਂਦੇ ਜੋ ਅਮਰੀਕਾ ਵਰਗੇ ਵਿਕਸਤ ਦੇਸ਼ ਲਈ ਵੀ ਪੂਰੇ ਕਰਨੇ ਮੁਸ਼ਕਲ ਹਨ, ਇੰਡੀਆ ਨੇ ਤਾਂ ਕਰਨੇ ਹੀ ਕੀ ਨੇਵੈਸੇ ਅੱਜ ਕੱਲ੍ਹ ਦੇਸ਼ ਭਗਤੀ ਦਾ ਫੈਸ਼ਨ ਚੱਲ ਰਿਹਾ ਹੈਹਰ ਕੋਈ ਆਪਣੇ ਆਪ ਨੂੰ ਦੂਸਰੇ ਨਾਲੋਂ ਵੱਡਾ ਦੇਸ਼ ਭਗਤ ਸਾਬਤ ਕਰਨ ਦੀ ਹੋੜ ਵਿੱਚ ਰੁੱਝਾ ਹੋਇਆ ਹੈਕਾਲਾ ਧੰਨ, ਬੇਰੋਜ਼ਗਾਰੀ ਅਤੇ ਵਿਕਾਸ ਆਦਿ ਦੇ ਜ਼ਰੂਰੀ ਮੁੱਦੇ ਬਹੁਤ ਪਿੱਛੇ ਸੁੱਟ ਦਿੱਤੇ ਗਏ ਹਨਬੱਸ ਪਾਕਿਸਤਾਨ ਮੁਰਦਾਬਾਦ!

ਅਜਿਹੀ ਹੀ ਇੱਕ ਸਿਆਸੀ ਪਾਰਟੀ ਦਾ ਪ੍ਰਧਾਨ ਪਾਰਟੀ ਦਫਤਰ ਵਿੱਚ ਬੈਠਾ ਆ ਰਹੀਆਂ ਚੋਣਾਂ ਦੀ ਰਣਨੀਤੀ ਬਣਾਉਣ ਬਾਰੇ ਪਾਰਟੀ ਦੇ ਖਾਸ ਅਹੁਦੇਦਾਰਾਂ ਨਾਲ ਸਲਾਹ ਮਸ਼ਵਰਾ ਕਰ ਰਿਹਾ ਸੀਉਸੇ ਵੇਲੇ ਮੈਨੀਫੈਸਟੋ ਤਿਆਰ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਨੇ ਚੋਣ ਮੈਨੀਫੈਸਟੋ ਦਾ ਖਰੜਾ ਉਸ ਅੱਗੇ ਲਿਆ ਰੱਖਿਆ ਤਾਂ ਜੋ ਪ੍ਰਧਾਨ ਚੈੱਕ ਕਰ ਲਵੇ ਤੇ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਦੂਰ ਕੀਤੀ ਜਾ ਸਕੇਪ੍ਰਧਾਨ ਨੇ ਧਿਆਨ ਨਾਲ ਖਰੜਾ ਪੜ੍ਹਨਾ ਸ਼ੁਰੂ ਕਰ ਦਿੱਤਾਦਸ ਕੁ ਲਾਈਨਾਂ ਪੜ੍ਹਨ ਤੋਂ ਬਾਅਦ ਪ੍ਰਧਾਨ ਦੇ ਮੱਥੇ ਵੱਟ ਪੈ ਗਏਉਹ ਸੜ ਬਲ ਕੇ ਚੇਅਰਮੈਨ ਨੂੰ ਪੈ ਨਿਕਲਿਆ, “ਆਹ ਕੀ ਬਕਵਾਸ ਲਿਖੀ ਆ? ਅਖੇ ਜੇ ਸਾਡੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਅਸੀਂ ਪਰਿਵਾਰ ਨਿਯੋਜਨ ਨੂੰ ਸਖਤੀ ਨਾਲ ਲਾਗੂ ਕਰਾਂਗੇਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆਂ ਦੀਆਂ ਸਾਰੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਿਆਂਗੇਉਹਨਾਂ ਦੀ ਹਰ ਪ੍ਰਕਾਰ ਦੀ ਸਰਕਾਰੀ ਸਬਸਿਡੀ ਤੇ ਰਿਜ਼ਰਵੇਸ਼ਨ ਬੰਦ ਕਰ ਦਿੱਤੀ ਜਾਵੇਗੀਹੱਦ ਹੋ ਗਈ, ਤੂੰ ਯਾਰ ਚੀਨ ਵਿੱਚ ਬੈਠਾ ਏਂ?”

ਚੇਅਰਮੈਨ ਬੜੇ ਅਦਬ ਨਾਲ ਬੋਲਿਆ, “ਪ੍ਰਧਾਨ ਜੀ ਦੇਸ਼ ਦੀਆਂ ਕੁੱਲ ਸਮੱਸਿਆਵਾਂ ਦੀ ਜੜ੍ਹ ਇਹ ਸ਼ੈਤਾਨ ਦੀ ਆਂਤ ਵਾਂਗ ਵਧਦੀ ਜਾ ਰਹੀ ਅਬਾਦੀ ਹੀ ਹੈਇਹ ਸਾਰੀਆਂ ਸਰਕਾਰੀ ਯੋਜਨਾਵਾਂ ਨੂੰ ਖਾ ਜਾਂਦੀ ਹੈਵੇਖੋ ਸੜਕਾਂ, ਹਸਪਤਾਲਾਂ, ਸਰਕਾਰੀ ਦਫਤਰਾਂ, ਅਦਾਲਤਾਂ, ਬੱਸਾਂ, ਟਰੇਨਾਂ, ਬਜ਼ਾਰਾਂ ਵਿੱਚ ਲੋਕ ਕਿਵੇਂ ਕੁਰਬਲ ਕੁਰਬਲ ਕਰਦੇ ਫਿਰਦੇ ਨੇਵਧਦੀ ਅਬਾਦੀ ਕਾਰਨ ਜੁਰਮ ਵੀ ਵਧਦੇ ਜਾ ਰਹੇ ਨੇਦੇਸ਼ ਦੀ ਆਰਥਿਕਤਾ ਇੰਨੀ ਤੇਜ਼ੀ ਨਾਲ ਵਧਦੀ ਅਬਾਦੀ ਦਾ ਭਾਰ ਨਹੀਂ ਝੱਲ ਸਕਦੀਹਰ ਸਾਲ ਬੇਰੋਜ਼ਗਾਰਾਂ ਦੀ ਇੱਕ ਨਵੀਂ ਫੌਜ ਤਿਆਰ ਹੋ ਜਾਂਦੀ ਹੈਦੇਸ਼ ਦੇ ਕੁਦਰਤੀ ਸੋਮੇ ਖਤਮ ਹੋ ਰਹੇ ਹਨਬਾਕੀ ਗੱਲਾਂ ਛੱਡੋ, ਕੁਝ ਸਾਲਾਂ ਬਾਅਦ ਤਾਂ ਇੰਨੀ ਅਬਾਦੀ ਨੂੰ ਪੀਣ ਵਾਲਾ ਪਾਣੀ ਦੇਣਾ ਵੀ ਮੁਸ਼ਕਲ ਹੋ ਜਾਵੇਗਾਇਕੱਲੀ ਅਬਾਦੀ ਕੰਟਰੋਲ ਕਰਨ ਨਾਲ ਹੀ ਦੇਸ਼ ਦੀਆਂ ਨੱਬੇ ਫੀਸਦੀ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ।”

ਪ੍ਰਧਾਨ ਸੁਣ ਕੇ ਅੱਗ ਬਬੂਲਾ ਹੋ ਗਿਆਖਰੜਾ ਚੇਅਰਮੈਨ ਦੇ ਮੂੰਹ’ਤੇ ਮਾਰਿਆ, “ਮੈਂ ਠੇਕਾ ਲਿਆ ਹੋਇਆ ਐ ਦੇਸ਼ ਦੀਆਂ ਸਮੱਸਿਆਵਾਂ ਦਾ? ਅਸੀਂ ਇਲੈਕਸ਼ਨ ਜਿੱਤੀਏ ਕਿ ਲੋਕਾਂ ਦੇ ਸਿਆਪੇ ਹੱਲ ਕਰੀਏ? ਇਹ ਤੇਰਾ ਅਬਾਦੀ ਘੱਟ ਕਰਨ ਵਾਲਾ ਫਾਰਮੂਲਾ ਜੇ ਕਿਤੇ ਪਬਲਿਕ ਨੇ ਸੁਣ ਲਿਆ ਨਾ, ਸਾਡੀ ਪਾਰਟੀ ਨੂੰ ਇੱਕ ਵੋਟ ਨਹੀਂ ਮਿਲਣੀਕਈ ਸਾਲ ਪਹਿਲਾਂ ਤੇਰੇ ਵਰਗੇ ਇੱਕ ਨੈਸ਼ਨਲ ਲੈਵਲ ਦੇ ਲੀਡਰ ਨੇ ਅਬਾਦੀ ਘਟਾਉਣ ਦੀ ਕੋਸ਼ਿਸ਼ ਕੀਤੀ ਸੀ, ਅਗਲੀ ਇਲੈਕਸ਼ਨ ਵਿੱਚ ਉਸਦੀ ਪਾਰਟੀ ਗਧੇ ਦੇ ਸਿਰ ਤੋਂ ਸਿੰਗਾਂ ਵਾਂਗ ਗਾਇਬ ਹੋ ਗਈ ਸੀਛੱਡ ਅਬਾਦੀ ਦਾ ਫਿਕਰ, ਤੂੰ ਮੈਨੀਫੈਸਟੋ ਵਿੱਚ ਲਿਖ ਕਿ ਬੇਰੋਜ਼ਗਾਰੀ ਖਤਮ ਕਰ ਦਿੱਤੀ ਜਾਵੇਗੀਸਾਰੇ ਪੜ੍ਹੇ ਲਿਖਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀਬੱਚਿਆਂ ਦੀ ਸਾਰੀ ਪੜ੍ਹਾਈ ਤੇ ਵਿਆਹ ਦਾ ਖਰਚਾ ਸਰਕਾਰ ਕਰੇਗੀਗਰੀਬਾਂ ਨੂੰ ਮਕਾਨ, ਮੋਟਰ ਸਾਈਕਲ, ਕਣਕ, ਚਾਵਲ, ਦਾਲ, ਦੇਸੀ ਘਿਉ, ਮਸਾਲੇ, ਗੈਸ, ਕੱਪੜੇ, ਜੁੱਤੀਆਂ, ਟੀ.ਵੀ., ਫਰਿੱਜ, ਬਿਜਲੀ, ਪਾਣੀ, ਸਫਰ ਅਤੇ ਇਲਾਜ, ਸਭ ਸਹੂਲਤਾਂ ਫਰੀ ਦਿੱਤੀਆਂ ਜਾਣਗੀਆਂਵਪਾਰੀਆਂ ਦੇ ਟੈਕਸ ਅਤੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇਫਿਰ ਵੇਖੀਂ ਕਿਵੇਂ ਪੈਂਦੀਆਂ ਆਪਣੀ ਪਾਰਟੀ ਨੂੰ ਵੋਟਾਂਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਨਾ ਜ਼ਬਤ ਹੋ ਗਈਆਂ ਤਾਂ ਮੇਰਾ ਨਾਮ ਬਦਲ ਦੇਈਂ।”

ਚੋਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਵਿਚਾਰਾ ਮਨ ਮਸੋਸ ਕੇ ਰਹਿ ਗਿਆ ਤੇ ਨਵਾਂ ਘੋਸ਼ਣਾ ਪੱਤਰ ਤਿਆਰ ਕਰਨ ਲਈ ਤੁਰ ਪਿਆ

*****

(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1515)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author