“ਪ੍ਰਧਾਨ ਦਾ ਸਾਰਾ ਨਸ਼ਾ ਹਿਰਨ ਹੋ ਗਿਆ ਤੇ ਉਸ ਨੂੰ ਆਪਣੀ ਪ੍ਰਧਾਨਗੀ ਜਾਂਦੀ ਦਿਸਣ ਲੱਗੀ। ਦਸ ਪੰਦਰਾਂ ਮਿੰਟਾਂ ਵਿੱਚ ਹੀ ...”
(18 ਜਨਵਰੀ 2024)
ਇਸ ਸਮੇਂ ਪਾਠਕ: 355.
ਨੌਕਰੀ ਦੇ ਦੌਰਾਨ ਕਈ ਅਜੀਬੋ ਗਰੀਬ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਸਦਾ ਲਈ ਯਾਦ ਰਹਿ ਜਾਂਦੀਆਂ ਹਨ। 26 ਜਨਵਰੀ ਨੂੰ ਗਣਤੰਤਰ ਦਿਵਸ ਆ ਰਿਹਾ ਹੈ ਤੇ ਕਈ ਸਾਲ ਪਹਿਲਾਂ 26 ਜਨਵਰੀ ਵਾਲੇ ਦਿਨ ਵਾਪਰੀ ਇੱਕ ਦਿਲਚਸਪ ਘਟਨਾ ਮੈਨੂੰ ਅੱਜ ਵੀ ਯਾਦ ਹੈ। ਮੈਂ ਉਸ ਸਮੇਂ ਜ਼ਿਲ੍ਹਾ ਬਰਨਾਲਾ ਵਿੱਚ ਬਤੌਰ ਐੱਸ.ਪੀ. ਹੈੱਡਕਵਾਟਰ ਤਾਇਨਾਤ ਸੀ। 26 ਜਨਵਰੀ ਨੂੰ ਵੈਸੇ ਵੀ ਬਹੁਤ ਠੰਢ ਹੁੰਦੀ ਹੈ ਤੇ ਪਰੇਡ ਕਰਨ ਵਾਲੇ ਪੁਲਿਸ, ਹੋਮਗਾਰਡ ਅਤੇ ਐੱਨ.ਸੀ.ਸੀ. ਆਦਿ ਦੇ ਜਵਾਨਾਂ ਦੇ ਹੱਥ ਪੈਰ ਸੁੰਨ ਹੋ ਜਾਂਦੇ ਹਨ। ਹਰੇਕ ਜ਼ਿਲ੍ਹੇ ਵਿੱਚ ਪਰੇਡ ਤੋਂ ਸਲਾਮੀ ਲੈਣ ਲਈ ਇੱਕ ਮੰਤਰੀ ਦੀ ਡਿਊਟੀ ਲਗਦੀ ਹੈ ਜੋ 25 ਜਨਵਰੀ ਨੂੰ ਹੀ ਉਸ ਜ਼ਿਲ੍ਹੇ ਵਿੱਚ ਪਹੁੰਚ ਜਾਂਦਾ ਹੈ। ਉਸ ਸਾਲ ਵੀ ਅੱਜ ਵਾਂਗ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਪੈ ਰਹੀ ਸੀ ਜਿਸ ਕਾਰਨ ਮੰਤਰੀ ਸ਼ਾਮ 6 ਕੁ ਵਜੇ ਪੀ.ਡਬਲਿਊ.ਡੀ. ਰੈਸਟ ਹਾਊਸ ਪਹੁੰਚ ਗਿਆ, ਜਿੱਥੇ ਡੀ.ਸੀ., ਐੱਸ.ਐੱਸ.ਪੀ. ਅਤੇ ਉਸ ਦੀ ਪਾਰਟੀ ਦੇ ਅਹੁਦੇਦਾਰਾਂ ਨੇ ਉਸ ਦਾ ਸਵਾਗਤ ਕੀਤਾ। ਰੈਸਟ ਹਾਊਸ ਦੀ ਸੁਰੱਖਿਆ ਦੀ ਨਿਗਰਾਨੀ ਮੇਰੇ ਕੋਲ ਸੀ ਪਰ ਅਸਲ ਵਿੱਚ ਡਿਊਟੀ ਡੀ.ਐੱਸ.ਪੀ. ਬਰਨਾਲਾ ਅਤੇ ਐੱਸ.ਐੱਚ.ਓ. ਕੋਤਵਾਲੀ ਨਿਭਾ ਰਹੇ ਸਨ।
ਮੰਤਰੀ ਦੇ ਸਵਾਗਤ ਸਤਿਕਾਰ ਅਤੇ ਚਾਹ ਪਾਣੀ ਪੀਣ ਤੋਂ ਬਾਅਦ ਸਾਰੇ ਅਫਸਰ ਚਲੇ ਗਏ ਤੇ ਮੰਤਰੀ ਨੇ ਆਪਣੀ ਪਾਰਟੀ ਦੇ ਕੁਝ ਚੋਣਵੇਂ ਅਹੁਦੇਦਾਰਾਂ ਨਾਲ ਸ਼ਰਾਬ ਅਤੇ ਕਬਾਬ ਦਾ ਦੌਰ ਸ਼ੁਰੂ ਕਰ ਦਿੱਤਾ। ਲਗਦਾ ਸੀ ਕਿ ਸ਼ਰਾਬ ਖਿੱਚਣ ਦੇ ਮਾਮਲੇ ਵਿੱਚ ਮੰਤਰੀ ਕੋਈ ਤਕੜਾ ਡਰੰਮ ਸੀ ਤੇ ਮਾਲੇ-ਮੁਫਤ, ਦਿਲੇ ਬੇਰਹਿਮ ਦੇ ਅਸੂਲਾਂ ’ਤੇ ਚੱਲਣ ਵਾਲਾ ਸੀ। ਉਸ ਨੇ ਵਿਸਕੀ ਅਤੇ ਮੁਰਗੇ ਮੱਛੀ ਦੀਆਂ ਧੱਜੀਆਂ ਉਡਾ ਦਿੱਤੀਆਂ। ਦਸ ਕੁ ਵਜੇ ਮੈਂ ਵੀ ਘਰ ਜਾ ਕੇ ਸੌਂ ਗਿਆ, ਕਿਉਂਕਿ ਸਵੇਰੇ ਸਵਖਤੇ ਡਿਊਟੀ ਵਾਸਤੇ ਪਰੇਡ ਗਰਾਊਂਡ ਪਹੁੰਚਣਾ ਸੀ। 26 ਜਨਵਰੀ ਅਤੇ 15 ਅਗਸਤ ਸਮੇਂ ਝੰਡਾ ਝੁਲਾਉਣ ਦਾ ਸਾਰੇ ਭਾਰਤ ਵਿੱਚ ਇੱਕ ਨਿਸ਼ਚਿਤ ਟਾਈਮ ਹੁੰਦਾ ਹੈ, 26 ਜਨਵਰੀ ਨੂੰ ਸਾਢੇ ਨੌ ਵਜੇ ਤੇ 15 ਅਗਸਤ ਨੂੰ ਨੌ ਵਜੇ। ਪਰ ਮੰਤਰੀ ਸਾਹਿਬ ਨਸ਼ੇ ਦੀ ਲੋਰ ਵਿੱਚ ਸ਼ਾਇਦ ਭੁੱਲ ਹੀ ਗਏ ਕਿ ਉਹ ਬਰਨਾਲੇ ਕਿਸ ਕੰਮ ਆਏ ਹਨ। ਰਾਤ ਡੇਢ ਕੁ ਵਜੇ ਮੈਨੂੰ ਐੱਸ.ਐੱਚ.ਓ. ਦਾ ਫੋਨ ਆਇਆ ਕਿ ਜਨਾਬ ਇਹ ਤਾਂ ਸੌਂ ਹੀ ਨਹੀਂ ਰਿਹਾ, ਪੈੱਗ ’ਤੇ ਪੈੱਗ ਠੋਕੀ ਜਾ ਰਿਹਾ ਹੈ। ਜੇ ਇਹੋ ਹਾਲ ਰਿਹਾ ਤਾਂ ਸਵੇਰੇ ਪਰੇਡ ਤੋਂ ਸਲਾਮੀ ਤੁਹਾਨੂੰ ਲੈਣੀ ਪਵੇਗੀ। ਐੱਸ.ਐੱਚ.ਓ. ਨੇ ਸਲਾਮੀ ਵਾਲੀ ਗੱਲ ਭਾਵੇਂ ਮਜ਼ਾਕ ਵਿੱਚ ਕਹੀ ਸੀ ਪਰ ਮੈਨੂੰ ਖੁੜਕ ਗਈ। ਮੈਂ ਉਸ ਨੂੰ ਕਿਹਾ ਕਿ ਮੇਰੀ ਜ਼ਿਲ੍ਹਾ ਪ੍ਰਧਾਨ ਨਾਲ ਗੱਲ ਕਰਵਾ। ਜਦੋਂ ਉਸ ਨੇ ਗੱਲ ਕਰਵਾਈ ਤਾਂ ਅੱਗੋਂ ਪ੍ਰਧਾਨ ਵੀ ਰੰਗ ਬਿਰੰਗਾ ਹੋਇਆ ਪਿਆ ਸੀ। ਮੈਂ ਉਸ ਨੂੰ ਥੋੜ੍ਹੀ ਸਖਤੀ ਜਿਹੀ ਨਾਲ ਸਮਝਾਇਆ ਕਿ ਮੰਤਰੀ ਨੂੰ ਰੋਟੀ ਖਵਾ ਕੇ ਸਵਾ ਦਿਉ, ਜੇ ਇਹ ਸਵੇਰੇ ਟਾਈਮ ਸਿਰ ਨਾ ਉੱਠਿਆ ਤਾਂ ਪਰਸੋਂ ਸਾਰੀਆਂ ਅਖਬਾਰਾਂ ਦੇ ਫਰੰਟ ਪੇਜ ’ਤੇ ਇਹ ਖਬਰ ਲੱਗ ਜਾਣੀ ਹੈ ਕਿ ਮੰਤਰੀ ਸ਼ਰਾਬ ਨਾਲ ਲੇਹੜ ਕੇ ਸੁੱਤਾ ਰਿਹਾ। ਮੇਰੀ ਗੱਲ ਸੁਣਦੇ ਸਾਰ ਪ੍ਰਧਾਨ ਦਾ ਸਾਰਾ ਨਸ਼ਾ ਹਿਰਨ ਹੋ ਗਿਆ ਤੇ ਉਸ ਨੂੰ ਆਪਣੀ ਪ੍ਰਧਾਨਗੀ ਜਾਂਦੀ ਦਿਸਣ ਲੱਗੀ। ਦਸ ਪੰਦਰਾਂ ਮਿੰਟਾਂ ਵਿੱਚ ਹੀ ਮੰਤਰੀ ਨੂੰ ਦੋ ਚਾਰ ਬੁਰਕੀਆਂ ਖਵਾ ਕੇ ਤੇ ਬਿਸਤਰੇ ’ਤੇ ਸੁੱਟ ਕੇ ਸਾਰੇ ਚਿਮਚੇ ਚਪਾਟੇ ਪੱਤਰਾ ਵਾਚ ਗਏ।
ਅਸਲ ਪਵਾੜਾ ਤਾਂ ਅਗਲੇ ਦਿਨ ਸ਼ੁਰੂ ਹੋਇਆ। ਸਵੇਰੇ ਸੱਤ ਵਜੇ ਤਕ ਮੰਤਰੀ ਦੇ ਕਮਰੇ ਵਿੱਚੋਂ ਕੁੰਭਕਰਨ ਵਰਗੇ ਘੁਰਾੜਿਆਂ ਦੀ ਅਵਾਜ਼ ਆਈ ਜਾਵੇ, ਨਾ ਉਹ ਮੋਬਾਇਲ ਫੋਨ ਚੁੱਕੇ ਤੇ ਨਾ ਇੰਟਰਕਾਮ। ਜਿਵੇਂ ਮੌਤ ਨਾਲ ਸ਼ਰਤ ਲਗਾ ਕੇ ਪਿਆ ਹੋਇਆ ਹੋਵੇ। ਜਦੋਂ ਡੀ.ਐੱਸ.ਪੀ. ਤੇ ਐੱਸ.ਐੱਚ.ਓ. ਦੇ ਹੱਥ ਖੜ੍ਹੇ ਹੋ ਗਏ ਤਾਂ ਆਖਰ ਮੈਨੂੰ ਹੀ ਰੈਸਟ ਹਾਊਸ ਪਹੁੰਚਣਾ ਪਿਆ। ਮੁੱਕੀਆਂ, ਠੁੱਡ ਮਾਰ ਮਾਰ ਕੇ ਜਦੋਂ ਦਰਵਾਜ਼ਾ ਟੁੱਟਣ ਦੀ ਨੌਬਤ ਆ ਗਈ ਤਾਂ ਕਿਤੇ ਜਾ ਕੇ ਮੰਤਰੀ ਨੇ ਆਪਣੇ ਚਸ਼ਮੇ ਚਿਰਾਗ ਖੋਲ੍ਹੇ। ਜਦੋਂ ਉਸ ਨੂੰ ਦੱਸਿਆ ਗਿਆ ਕਿ ਕੌਮੀ ਝੰਡਾ ਲਹਿਰਾਉਣ ਦਾ ਟਾਈਮ ਐਨੇ ਵਜੇ ਹੈ ਤਾਂ ਉਸ ਨੂੰ ਚੇਤਾ ਆਇਆ ਕਿ ਅੱਜ ਤਾਂ 26 ਜਨਵਰੀ ਹੈ। ਲੂਣ ਵਾਲੇ ਪਾਣੀ ਵਿੱਚ ਪੰਜ ਸੱਤ ਨਿੰਬੂ ਨਿਚੋੜ ਕੇ ਉਸ ਦੇ ਅੰਦਰ ਸੁੱਟੇ ਤਾਂ ਉਹ ਬਾਥਰੂਮ ਜਾਣ ਜੋਗਾ ਹੋਇਆ। ਮੁੱਕਦੀ ਗੱਲ ਕਿ ਉਹ ਰੋ ਪਿੱਟ ਕੇ ਬਹੁਤ ਮੁਸ਼ਕਿਲ ਸਹੀ ਟਾਈਮ ’ਤੇ ਸਟੇਡੀਅਮ ਪਹੁੰਚ ਹੀ ਗਿਆ ਤੇ ਸਾਰਿਆਂ ਨੇ ਸੁਖ ਦਾ ਸਾਹ ਲਿਆ। ਮੰਤਰੀ ਨੇ ਕੰਬਦੇ ਹੱਥਾਂ ਨਾਲ ਕੌਮੀ ਝੰਡਾ ਲਹਿਰਾਇਆ, ਪਰੇਡ ਦਾ ਮੁਆਇਨਾ ਕੀਤਾ ਤੇ ਸਲਾਮੀ ਲੈਣ ਲਈ ਮੰਚ ’ਤੇ ਖੜ੍ਹਾ ਹੋ ਗਿਆ। ਉਸ ਦੀ ਹਾਲਤ ਵੇਖਣਯੋਗ ਸੀ। ਸ਼ਰਾਬ ਤੇ ਮੀਟ-ਮੱਛੀ ਦੁਆਰਾ ਪੈਦਾ ਹੋ ਰਹੀ ਅੰਦਰੂਨੀ ਗਰਮੀ ਕਾਰਨ ਜਨਵਰੀ ਦੀ ਠੰਢ ਵਿੱਚ ਵੀ ਮੰਤਰੀ ਨੂੰ ਤਰੇਲੀਆਂ ਆ ਰਹੀਆਂ ਸਨ। ਸਭ ਦੀਆਂ ਨਜ਼ਰਾਂ ਉਸ ਵੱਲ ਲੱਗੀਆਂ ਹੋਈਆਂ ਸਨ ਕਿ ਇਹ ਹੁਣ ਡਿੱਗਾ, ਹੁਣ ਡਿੱਗਾ। ਪਰ ਉਸ ਨੇ ਕਿਸੇ ਤਰ੍ਹਾਂ ਸਲਾਮੀ ਲੈ ਲਈ ਤੇ ਨਾਲ ਹੀ ਸੋਫੇ ’ਤੇ ਢਹਿ ਢੇਰੀ ਹੋ ਗਿਆ। ਦਸਾਂ ਪੰਦਰਾਂ ਮਿੰਟਾਂ ਵਿੱਚ ਹੀ ਉਹ ਪੰਜ ਛੇ ਗਲਾਸ ਨਿੰਬੂ ਪਾਣੀ ਦੇ ਸੁੜਾਕ ਗਿਆ।
ਉਸ ਦੇ ਸੱਜੇ ਤੇ ਖੱਬੇ ਪਾਸੇ ਡੀ.ਸੀ. ਅਤੇ ਐੱਸ.ਐੱਸ.ਪੀ. ਬੈਠੇ ਹੋਏ ਸਨ ਜੋ ਉਸ ਦੇ ਸਾਹ ਦੀ ਬਦਬੂ ਕਾਰਨ ਮਰਨ ਵਾਲੇ ਹੋਏ ਪਏ ਸਨ। ਪਰ ਕੌਣ ਆਖੇ ਰਾਣੀ ਅੱਗਾ ਢਕ? ਸਾਨੂੰ ਨਹੀਂ ਪਤਾ ਕਿ ਉਸ ਨੇ ਪਰੇਡ ਤੋਂ ਬਾਅਦ ਹੋਣ ਵਾਲਾ ਇਨਾਮ ਵੰਡ ਅਤੇ ਸੱਭਿਆਚਾਰਕ ਪ੍ਰੋਗਰਾਮ ਕਿਵੇਂ ਅਟੈਂਡ ਕੀਤਾ। ਪ੍ਰੋਗਰਾਮ ਖਤਮ ਹੁੰਦੇ ਸਾਰ ਉਹ ਆਪਣੀ ਕਾਰ ਦੀ ਪਿਛਲੀ ਸੀਟ ’ਤੇ ਆਲੂਆਂ ਦੀ ਬੋਰੀ ਵਾਂਗ ਢਹਿ ਢੇਰੀ ਹੋ ਗਿਆ। ਮੰਤਰੀ ਦੀਆਂ ਨਿੱਤ ਦੀਆਂ ਅਜਿਹੀਆਂ ਕਰਤੂਤਾਂ ਕਾਰਨ ਤਜਰਬੇਕਾਰ ਹੋ ਚੁੱਕਾ ਉਸ ਦਾ ਨਿੱਜੀ ਸਟਾਫ ਉਸ ਨੂੰ ਲੈ ਕੇ ਫੁਰਰ ਹੋ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4641)
(ਸਰੋਕਾਰ ਨਾਲ ਸੰਪਰਕ ਲਈ: (