BalrajSidhu7ਜਿੰਨਾ ਚਿਰ ਭਾਰਤੀਆਂ ਵਿੱਚ ਜਾਗਰਤੀ ਨਹੀਂ ਆਉਂਦੀਜਨਤਾ ਜ਼ਾਤ ਦੀ ਬਜਾਏ ਕਾਬਲੀਅਤ ਨਹੀਂ ਵੇਖਦੀ ...
(5 ਜਨਵਰੀ 2021)

 

ਕੁਝ ਦਿਨ ਪਹਿਲਾਂ ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਵਿੱਚ ਜ਼ਾਤ ਪਾਤ ਸਬੰਧੀ ਭੇਦ ਭਾਵ ਦਾ ਇੱਕ ਮਾਮਲਾ ਬਹੁਤ ਚਰਚਿਤ ਹੋਇਆ ਹੈ। ਉੱਥੋਂ ਦੇ ਇੱਕ ਸਰਕਾਰੀ ਸਕੂਲ ਦੇ ਕਥਿਤ ਉੱਚ ਜ਼ਾਤੀ ਨਾਲ ਸਬੰਧਿਤ ਵਿਦਿਆਰਥੀਆਂ ਨੇ ਇਹ ਕਹਿ ਕੇ ਮਿੱਡ ਡੇਅ ਮੀਲ ਖਾਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਇੱਕ ਸ਼ਡਿਊਲਡ ਕਾਸਟ ਔਰਤ ਵੱਲੋਂ ਪਕਾਇਆ ਗਿਆ ਹੈ। ਸਕੂਲ ਦੇ ਪ੍ਰਬੰਧਕਾਂ ਨੇ ਉਨ੍ਹਾਂ ਵਿਦਿਆਰਥੀਆਂ ਦੇ ਖਿਲਾਫ ਕੋਈ ਅਨੁਸ਼ਾsਨਿਕ ਕਾਰਵਾਈ ਕਰਨ ਦੀ ਬਜਾਏ ਉਸ ਸ਼ਡਿਊਲਡ ਕਾਸਟ ਔਰਤ ਨੂੰ ਹੀ ਨੌਕਰੀ ਤੋਂ ਹਟਾ ਦਿੱਤਾ।

ਜ਼ਾਤ ਪਾਤ ਦੀ ਬੁਰਾਈ ਕਾਰਨ ਭਾਰਤ ਸੈਂਕੜੇ ਸਾਲਾਂ ਤਕ ਵਿਦੇਸ਼ੀ ਹਮਲਾਵਰਾਂ ਦੁਆਰਾ ਰੌਂਦਿਆ ਜਾਂਦਾ ਰਿਹਾ ਹੈ। ਪਾਣੀਪੱਤ ਦੀ ਪਹਿਲੀ ਜੰਗ (21 ਅਪਰੈਲ 1526 ਈਸਵੀ) ਵੇਲੇ ਬਾਬਰ ਦੀ ਫੌਜ ਸਿਰਫ 30 ਹਜ਼ਾਰ ਅਤੇ ਇਬਰਾਹੀਮ ਲੋਧੀ ਦੀ ਇੱਕ ਲੱਖ ਦੇ ਕਰੀਬ ਸੀ। ਇੱਕ ਰਾਤ ਬਾਬਰ ਭੇਸ ਬਦਲ ਕੇ ਇਬਰਾਹੀਮ ਲੋਧੀ ਦੇ ਕੈਂਪ ਵਿੱਚ ਘੁੰਮ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਲੋਧੀ ਦੀ ਫੌਜ ਦੇ ਹਰ ਟੈਂਟ ਅੱਗੇ ਚੁੱਲ੍ਹਾ ਬਲ ਰਿਹਾ ਹੈ। ਉਸ ਨੇ ਆਪਣੇ ਜਸੂਸਾਂ ਨੂੰ ਇਸ ਬਾਰੇ ਪੁੱਛਿਆ ਤਾਂ ਜਵਾਬ ਮਿਲਿਆ ਕਿ ਇਹ ਲੋਕ ਵੱਖ ਵੱਖ ਜ਼ਾਤਾਂ, ਧਰਮਾਂ ਅਤੇ ਫਿਰਕਿਆਂ ਨਾਲ ਸਬੰਧ ਰੱਖਦੇ ਹਨ ਤੇ ਛੂਤ ਛਾਤ ਮੰਨਣ ਕਾਰਨ ਇੱਕ ਦੂਸਰੇ ਨਾਲ ਬੈਠ ਕੇ ਖਾਣਾ ਨਹੀਂ ਖਾਂਦੇ। ਇਹ ਸੁਣ ਕੇ ਬਾਬਰ ਬੋਲਿਆ ਕਿ ਜੇ ਇਹ ਫੌਜੀ ਇਕੱਠੇ ਬੈਠ ਕੇ ਖਾਣਾ ਨਹੀਂ ਖਾ ਸਕਦੇ ਤਾਂ ਇੱਕ ਮੁੱਠ ਹੋ ਕੇ ਲੜ ਵੀ ਨਹੀਂ ਸਕਣਗੇ। ਉਹ ਹੀ ਗੱਲ ਹੋਈ, ਅਗਲੇ ਦਿਨ ਚੰਦ ਘੰਟਿਆਂ ਵਿੱਚ ਲੋਧੀ ਦੀ ਸਾਰੀ ਫੌਜ ਨਸ਼ਟ ਕਰ ਦਿੱਤੀ ਗਈ ਤੇ ਉਹ ਜੰਗ ਵਿੱਚ ਮਾਰਿਆ ਗਿਆ। ਮੌਜੂਦਾ ਸਮੇਂ ਵੀ ਇਹੋ ਕੁਝ ਹੋ ਰਿਹਾ ਹੈ। ਦੇਸ਼ ਦੀ ਤਰੱਕੀ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਜ਼ਾਤੀ ਪ੍ਰਥਾ ਹੀ ਹੈ। ਲੋਕ ਵੋਟ ਪਾਉਣ ਲੱਗਿਆਂ ਉਮੀਦਵਾਰ ਦੀ ਕਾਬਲੀਅਤ ਦੀ ਬਜਾਏ ਜ਼ਾਤ ਵੇਖਦੇ ਹਨ। ਇਹ ਗੱਲ ਅਲੱਗ ਹੈ ਅੱਜ ਤਕ ਕਿਸੇ ਨੇਤਾ ਨੇ ਸੱਤਾ ਮਿਲਣ ਤੋਂ ਬਾਅਦ ਆਪਣੀ ਜ਼ਾਤ ਦਾ ਭਲਾ ਨਹੀਂ ਕੀਤਾ।

ਸੰਸਾਰ ਵਿੱਚ ਸ਼ਾਇਦ ਭਾਰਤ ਹੀ ਇੱਕੋ ਇੱਕ ਅਜਿਹਾ ਦੇਸ਼ ਹੈ ਜਿੱਥੇ ਅੱਜ ਵੀ ਜ਼ਾਤੀ ਪ੍ਰਥਾ ਵਰਗੇ ਕਲੰਕ ਦੀ ਪੂਰੀ ਕਰੜਾਈ ਨਾਲ ਪਾਲਣਾ ਕੀਤੀ ਜਾ ਰਹੀ ਹੈ। ਭਾਰਤ ਵਿੱਚ ਜ਼ਾਤੀਵਾਦੀ ਸਿਸਟਮ ਦਾ ਘੋਰ ਅਣਮਨੁੱਖੀ ਰੂਪ ਯੂ.ਪੀ., ਬਿਹਾਰ, ਰਾਜਸਥਾਨ ਅਤੇ ਦੱਖਣੀ ਭਾਰਤ ਆਦਿ ਵਿੱਚ ਵੇਖਣ ਨੂੰ ਮਿਲਦਾ ਹੈ। ਇਨ੍ਹਾਂ ਸੂਬਿਆਂ ਦੇ ਪਿੰਡਾਂ ਵਿੱਚ ਕਥਿਤ ਛੋਟੀਆਂ ਜਾਤਾਂ ਲਈ ਪਾਣੀ ਦੇ ਖੂਹ, ਨਲਕੇ ਵੱਖਰੇ ਹਨ ਤੇ ਉਹ ਪਿੰਡ ਦੇ ਚੌਧਰੀ ਦੇ ਬਰਾਬਰ ਕੁਰਸੀ ਜਾਂ ਮੰਜੇ ’ਤੇ ਨਹੀਂ ਬੈਠ ਸਕਦੇ। ਯੂ.ਪੀ. ਅਤੇ ਬਿਹਾਰ ਦੀ ਤਾਂ ਸਾਰੀ ਸਿਆਸਤ ਅਤੇ ਸਮਾਜਿਕ ਤਾਣਾ-ਬਾਣਾ ਜ਼ਾਤੀਵਾਦ ਦੇ ਇਰਦ ਗਿਰਦ ਹੀ ਘੁੰਮਦਾ ਹੈ। ਰਾਜਨੀਤਕ ਪਾਰਟੀਆਂ ਤਾਂ ਇੱਕ ਪਾਸੇ, ਗੁੰਡਿਆਂ ਅਤੇ ਡਾਕੂਆਂ ਦੇ ਗਿਰੋਹ ਵੀ ਜ਼ਾਤ ਅਧਾਰਿਤ ਹਨ।

1992-93 ਵਿੱਚ ਮੈਂ ਇੱਕ ਭਗੌੜੇ ਮੁਲਜ਼ਮ ਨੂੰ ਪਕੜਨ ਲਈ ਯੂ.ਪੀ. ਦੇ ਕਿਸੇ ਸ਼ਹਿਰ ਗਿਆ ਸੀ। ਸਾਨੂੰ ਪੁਲਿਸ ਮਦਦ ਲੈਣ ਲਈ ਸਥਾਨਿਕ ਥਾਣੇ ਜਾਣਾ ਪਿਆ ਤਾਂ ਵੇਖਿਆ ਕਿ ਥਾਣੇ ਵਿੱਚ ਦੋ ਮੈੱਸਾਂ ਸਨ। ਉਨ੍ਹਾਂ ਦੇ ਦਰਵਾਜ਼ਿਆਂ ’ਤੇ ਸਰੇਆਮ ਲਿਖਿਆ ਹੋਇਆ ਸੀ, ਉੱਚ ਜ਼ਾਤੀ ਕੀ ਮੈੱਸ ਅਤੇ ਨਿਮਨ ਜ਼ਾਤੀ ਕੀ ਮੈੱਸ। ਜਦੋਂ ਮੈਂ ਹੈਰਾਨ ਹੋ ਕੇ ਐੱਸ.ਐੱਚ.ਓ. ਨੂੰ ਇਸ ਸਬੰਧੀ ਪੁੱਛਿਆ ਤਾਂ ਉਹ ਬਹੁਤ ਅਰਾਮ ਨਾਲ ਬੋਲਿਆ ਕਿ ਇਸ ਵਿੱਚ ਕੀ ਖਾਸ ਗੱਲ ਹੈ? ਇਹ ਤਾਂ ਹੁੰਦਾ ਹੀ ਹੈ।

ਰਾਜਸਥਾਨ ਵਿੱਚ ਕੁਝ ਸਾਲ ਪਹਿਲਾਂ ਤਕ ਕੋਈ ਗੈਰ ਰਾਜਪੂਤ ਆਪਣੇ ਨਾਮ ਨਾਲ ਸਿੰਘ ਨਹੀਂ ਸੀ ਲਿਖ ਸਕਦਾ, ਘੋੜੀ ’ਤੇ ਨਹੀਂ ਸੀ ਚੜ੍ਹ ਸਕਦਾ ਤੇ ਚੰਗਾ ਊਠ ਨਹੀਂ ਸੀ ਰੱਖ ਸਕਦਾ। ਅੱਜ ਵੀ ਰਾਜਸਥਾਨ ਵਿੱਚ ਰਾਜਪੂਤਾਂ ਨੂੰ ਛੱਡ ਕੇ ਬਹੁਤੇ ਲੋਕਾਂ ਦੇ ਨਾਮ ਸ਼ਾਮ ਲਾਲ, ਨਿਉਲਾ ਰਾਮ, ਦੂੜੇ ਰਾਮ, ਰਤਨ ਲਾਲ ਜਾਂ ਗੋਦਾ ਰਾਮ ਆਦਿ ਹਨ। ਧਰਮਿੰਦਰ ਦੀ ਫਿਲਮ ਗੁਲਾਮੀ (1985) ਵਿੱਚ ਇਹ ਭੇਦ ਭਾਵ ਬਹੁਤ ਸਟੀਕਤਾ ਨਾਲ ਵਿਖਾਇਆ ਗਿਆ ਸੀ। ਦੱਖਣ ਵਿੱਚ ਤਾਂ ਹਾਲਾਤ ਹੋਰ ਵੀ ਬੁਰੇ ਹਨ। ਉੱਥੇ ਇੱਕ ਯੇਲੱਮਾ ਦੇਵੀ ਦਾ ਮੰਦਰ ਹੈ ਜਿੱਥੇ ਸਿਰਫ ਕਥਿਤ ਛੋਟੀਆਂ ਜ਼ਾਤਾਂ ਦੀਆਂ ਬੱਚੀਆਂ ਨੂੰ ਦੇਵ ਦਾਸੀਆਂ ਬਣਾਇਆ ਜਾਂਦਾ ਹੈ ਤੇ ਬਾਅਦ ਵਿੱਚ ਵੇਸਵਾ ਬਜ਼ਾਰ ਵਿੱਚ ਵੇਚ ਦਿੱਤਾ ਜਾਂਦਾ ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਵੀ ਸਿਆਸੀ ਲੋਕਾਂ ਦਾ ਮਨਪਸੰਦ ਇੱਕ ਅਜਿਹਾ ਡੇਰਾ ਹੈ ਜਿੱਥੇ ਅੱਜ ਵੀ ਵੱਖ ਵੱਖ ਜ਼ਾਤਾਂ ਦੇ ਭਾਂਡੇ ਅਲੱਗ ਅਲੱਗ ਰੱਖ ਕੇ ਸਿੱਖ ਧਰਮ ਦੇ ਸਭ ਤੋਂ ਬੁਨਿਆਦੀ ਅਸੂਲ ਦੀਆਂ ਸਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਪੰਜਾਬ ਵਿੱਚ ਗੁਰੂਆਂ ਅਤੇ ਭਗਤਾਂ ਨੇ ਜ਼ਾਤ ਪਾਤ ਮਿਟਾਉਣ ਲਈ ਬਹੁਤ ਉਪਰਾਲੇ ਕੀਤੇ ਪਰ ਇਹ ਬਿਮਾਰੀ ਲਗਾਤਾਰ ਵਧਦੀ ਜਾ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰਨ ਵੇਲੇ ਇਸ ਬੁਰਾਈ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਵੱਖ ਵੱਖ ਜ਼ਾਤਾਂ ਦੇ ਪੰਜ ਸੂਰਮਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਤੇ ਫਿਰ ਆਪ ਉਨ੍ਹਾਂ ਹੱਥੋਂ ਅੰਮ੍ਰਿਤ ਛਕਿਆ। ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਅਸੀਂ ਗੁਰੂ ਸਾਹਿਬਾਨ ਨੂੰ ਤਾਂ ਮੰਨਦੇ ਹਾਂ, ਪਰ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਲਈ ਤਿਆਰ ਨਹੀਂ। ਪੰਜਾਬ ਦੇ ਹਰ ਪਿੰਡ, ਸ਼ਹਿਰ ਵਿੱਚ ਵੱਖ ਵੱਖ ਜ਼ਾਤਾਂ ਦੇ ਗੁਰਦਵਾਰੇ, ਮੰਦਰ ਅਤੇ ਸ਼ਮਸ਼ਾਨ ਘਾਟ ਬਣੇ ਹੋਏ ਹਨ। ਪੱਛਮੀ ਦੇਸ਼ਾਂ ਵਿੱਚ ਵੀ ਭਾਰਤੀ ਆਪਣੀ ਇਹ ਨੀਚ ਪ੍ਰਥਾ ਨਾਲ ਹੀ ਲੈ ਗਏ ਹਨ। ਉੱਥੇ ਵੀ ਅਲੱਗ ਅਲੱਗ ਜ਼ਾਤਾਂ ਦੇ ਧਰਮ ਅਸਥਾਨ ਉਸਾਰ ਲਏ ਗਏ ਹਨ।

ਜ਼ਾਤ ਪਾਤ ਪ੍ਰਥਾ ਵੈਦਿਕ ਕਾਲ ਵਿੱਚ ਕੰਮ ਦੇ ਅਧਾਰ ’ਤੇ ਸ਼ੁਰੂ ਹੋਈ ਹੋਈ ਸੀ, ਪਰ ਸਮਾਂ ਪਾ ਕੇ ਰਾਜਿਆਂ ਅਤੇ ਪੁਜਾਰੀਆਂ ਦੀਆਂ ਸਾਜ਼ਿਸ਼ਾਂ ਕਾਰਨ ਇਹ ਪੱਕੀ ਹੋ ਗਈ। ਫਿਲਹਾਲ ਇਸਦੇ ਖਤਮ ਹੋਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਕਿਉਂਕਿ ਇਸ ਨੂੰ ਦੇਸ਼ ਦੇ ਰਾਜਨੀਤਕ ਅਤੇ ਧਾਰਮਿਕ ਰਹਿਨੁਮਾਵਾਂ ਵੱਲੋਂ ਭਰਪੂਰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਇਲੈਕਸ਼ਨਾਂ, ਸਰਕਾਰੀ ਨੌਕਰੀਆਂ, ਇੱਥੋਂ ਤਕ ਕੇ ਪੰਚਾਇਤਾਂ ਵੀ ਜ਼ਾਤ ਅਧਾਰਿਤ ਬਣਦੀਆਂ ਹਨ। ਅਫਸਰਾਂ ਦੇ ਸਰੇਆਮ ਜ਼ਾਤ ਅਧਾਰਿਤ ਗਰੁੱਪ ਬਣੇ ਹੋਏ ਹਨ ਜਿਨ੍ਹਾਂ ਵਿੱਚ ਦੂਸਰੀ ਜ਼ਾਤ ਵਾਲਿਆਂ ਦੀ ਰੱਜ ਕੇ ਬਦਖੋਈ ਕੀਤੀ ਜਾਂਦੀ ਹੈ। ਵੈਸੇ ਜ਼ਾਤ ਪਾਤ ਵੀ ਵਿਅਕਤੀ ਦੀ ਆਰਥਿਕ ਸਥਿਤੀ ਅਨੁਸਾਰ ਬਦਲ ਜਾਂਦੀ ਹੈ। ਜੇ ਵਿਅਕਤੀ ਗਰੀਬ ਹੋਵੇ ਤਾਂ ਉਸ ਨਾਲ ਜ਼ਾਤ ਦੇ ਅਧਾਰ ’ਤੇ ਰੱਜ ਕੇ ਵਿਤਕਰਾ ਕੀਤਾ ਜਾਂਦਾ ਹੈ। ਪਰ ਜੇ ਉਹ ਹੀ ਵਿਅਕਤੀ ਪੜ੍ਹ ਲਿਖ ਕੇ ਅਫਸਰ ਜਾਂ ਮੰਤਰੀ ਬਣ ਜਾਵੇ ਤਾਂ ਇਲਾਕੇ ਦੇ ਵੱਡੇ ਤੋਂ ਵੱਡੇ ਚੌਧਰੀ ਵੀ ਉਸ ਨੂੰ ਸਲਾਮ ਮਾਰਨ ਪਹੁੰਚ ਜਾਂਦੇ ਹਨ। ਕਹਿੰਦੇ ਹਨ ਕਿ ਪਹਿਲੀ ਪੀੜ੍ਹੀ ਦਾ ਪਾਖੰਡ ਦੂਸਰੀ ਪੀੜ੍ਹੀ ਦੀ ਪਰੰਪਰਾ ਅਤੇ ਤੀਸਰੀ ਪੀੜ੍ਹੀ ਦਾ ਧਰਮ ਬਣ ਜਾਂਦਾ ਹੈ। ਜ਼ਾਤ ਪਾਤ ਵੀ ਸਾਡਾ ਧਰਮ ਹੀ ਬਣ ਗਿਆ ਹੈ। ਇਸ ਭੇਦ ਭਾਵ ਤੋਂ ਅੱਕ ਕੇ ਭਾਰਤ ਵਿੱਚ ਕਰੋੜਾਂ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਸੀ ਤੇ ਅੱਜ ਵੀ ਕਰ ਰਹੇ ਹਨ।

ਪੰਜਾਬ ਦੇ ਪਿੰਡਾਂ ਵਿੱਚ ਜ਼ਾਤ ਅਧਾਰਿਤ ਕਲੋਨੀਆਂ ਅਤੇ ਮਹੱਲੇ ਬਣੇ ਹੋਏ ਹਨ। ਸਾਡੇ ਨੇਤਾ ਭਾਵੇਂ ਜ਼ਾਤ ਪਾਤ ਖਤਮ ਕਰਨ ਦੀਆਂ ਗੱਲਾਂ ਕਰਦੇ ਹਨ, ਪਰ ਵੱਖ ਵੱਖ ਜ਼ਾਤਾਂ ਦੇ ਧਰਮ ਸਥਾਨਾਂ ਅਤੇ ਧਰਮਸ਼ਾਲਾਵਾਂ ਲਈ ਖੁੱਲ੍ਹ ਕੇ ਗਰਾਂਟਾਂ ਦਿੰਦੇ ਹਨ। ਵੋਟਾਂ ਖੁੱਸਣ ਦੇ ਡਰੋਂ ਇਸ ਗੱਲ ’ਤੇ ਕਦੇ ਵੀ ਜ਼ੋਰ ਨਹੀਂ ਦਿੰਦੇ ਕਿ ਸਾਰੀਆਂ ਜ਼ਾਤਾਂ ਲਈ ਇੱਕ ਹੀ ਸਾਂਝਾ ਧਰਮ ਸਥਾਨ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਲਵ ਮੈਰਿਜ ਭਾਵੇਂ ਅੰਤਰਜ਼ਾਤੀ ਹੋ ਜਾਵੇ, ਪਰ ਅਰੇਂਜਡ ਮੈਰਿਜ 100% ਇੱਕ ਹੀ ਜ਼ਾਤ ਵਿੱਚ ਹੁੰਦੀ ਹੈ। ਲੋਕ ਅੰਤਰਜ਼ਾਤੀ ਵਿਆਹਾਂ ਨੂੰ ਬਰਦਾਸ਼ਤ ਨਹੀਂ ਕਰਦੇ, ਲੜਕੇ ਲੜਕੀ ਨੂੰ ਕਤਲ ਤਕ ਕਰ ਦਿੱਤਾ ਜਾਂਦਾ ਹੈ।

ਜ਼ਾਤ ਪਾਤ ਵਰਗੇ ਕਲੰਕ ਨੂੰ ਮਿਟਾਉਣ ਦਾ ਜਿਹੜਾ ਕੰਮ ਸਾਡੇ ਧਾਰਮਿਕ ਰਹਿਨੁਮਾ ਨਹੀਂ ਕਰ ਸਕੇ, ਉਹ ਆਈਲੈਟਸ ਨੇ ਕਰ ਵਿਖਾਇਆ ਹੈ। ਹੁਣ ਵਿਆਹ ਵੇਲੇ ਸਿਰਫ ਲੜਕੀ ਦੇ ਬੈਂਡ ਵੇਖੇ ਜਾਂਦੇ ਹਨ, ਜ਼ਾਤ ਪਾਤ ਕੋਈ ਨਹੀਂ ਪੁੱਛਦਾ। ਪਰ ਜਿੰਨਾ ਚਿਰ ਭਾਰਤੀਆਂ ਵਿੱਚ ਜਾਗਰਤੀ ਨਹੀਂ ਆਉਂਦੀ, ਜਨਤਾ ਜ਼ਾਤ ਦੀ ਬਜਾਏ ਕਾਬਲੀਅਤ ਨਹੀਂ ਵੇਖਦੀ, ਰਾਜਨੀਤਕ ਲੋਕ ਆਪਣੀਆਂ ਰੋਟੀਆਂ ਸੇਕਣੀਆਂ ਬੰਦ ਨਹੀਂ ਕਰਦੇ, ਅੰਤਰ ਜ਼ਾਤੀ ਵਿਆਹ ਨਹੀਂ ਹੁੰਦੇ ਤੇ ਧਾਰਮਿਕ ਛੂਤ ਛਾਤ ਖਤਮ ਨਹੀਂ ਹੁੰਦੀ, ਸਾਡੇ ਸਮਾਜ ਦਾ ਇਹ ਮਹਾਂ ਕਲੰਕ ਕਦੇ ਵੀ ਖਤਮ ਨਹੀਂ ਹੋ ਸਕਦਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3256)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author