BalrajSidhu7ਸਾਡੇ ਨਜ਼ਦੀਕੀ ਪਿੰਡ ਵਿੱਚ ਇੱਕ ਪਰਿਵਾਰ ਦਾ ਵੱਡਾ ਵਡੇਰਾ ਡਾਕੂ ਸੀ। ਹੁਣ ਉਸ ...
(26 ਜੂਨ 2019)

 

ਪੰਜਾਬੀਆਂ ਵਿੱਚ ਇੱਕ ਬਹੁਤ ਵੱਡੀ ‘ਵਿਸ਼ੇਸ਼ਤਾ’ ਹੈ ਇਹ ਕਿਸੇ ਦਾ ਪੁੱਠਾ ਨਾਮ ਜਾਂ ਅੱਲ ਪਾਉਣ ਲੱਗਿਆਂ ਮਿੰਟ ਲਗਾਉਂਦੇ ਹਨਪਿੰਡਾਂ ਵਿੱਚ ਤਾਂ ਕੋਈ ਪਰਿਵਾਰ ਜਾਂ ਆਦਮੀ ਹੀ ਬਚਿਆ ਹੋਵੇਗਾ ਜਿਸ ਦੀ ਅੱਲ ਜਾਂ ਪੁੱਠਾ ਨਾਮ ਨਾ ਪਿਆ ਹੋਵੇਕਿਸੇ ਨੂੰ ਮੱਕੀ ਚੱਬਾਂ ਦਾ ਟੱਬਰ, ਕਿਸੇ ਨੂੰ ਡਾਕੂਆਂ ਦਾ, ਕਿਸੇ ਨੂੰ ਅਮਲੀਆਂ ਦਾ, ਕਿਸੇ ਨੂੰ ਛੜਿਆਂ ਦਾ, ਕਿਸੇ ਨੂੰ ਨੰਗ ਪੈਰਿਆਂ ਦਾ ਤੇ ਕਿਸੇ ਨੂੰ ਖੋਤੀ ਵਾਲੇ ਪੁਕਾਰਿਆ ਜਾਂਦਾ ਹੈਕਈ ਕਿਸਾਨ ਪਰਿਵਾਰ ਤਾਂ ਸਿਰਫ ਇਸੇ ਕਾਰਨ ਭੇਡਾਂ, ਬੱਕਰੀਆਂ ਅਤੇ ਸੂਰ ਪਾਲਣ ਦਾ ਲਾਹੇਵੰਦਾ ਧੰਦਾ ਨਹੀਂ ਕਰਦੇ ਕਿ ਕਿਤੇ ਸਾਡੀ ਅੱਲ ਭੇਡਾਂ, ਬੱਕਰੀਆਂ ਜਾਂ ਸੂਰਾਂ ਵਾਲੇ ਨਾ ਪੈ ਜਾਵੇਇਸੇ ਤਰ੍ਹਾਂ ਜੇ ਕਿਸੇ ਨੇ ਛੋਟੇ ਹੁੰਦੇ ਗਾਲੜ੍ਹ ਮਾਰ ਦਿੱਤਾ ਤਾਂ ਉਸ ਦਾ ਨਾਮ ਗਾਲੜ੍ਹ ਪੱਕ ਗਿਆ। ਕੋਈ ਬਹੁਤਾ ਤੇਜ਼ ਤਰਾਰ ਹੈ ਤਾਂ ਛਟੱਲੀ ਪੈ ਗਿਆ, ਕੋਈ ਨਿਕੰਮਾ ਹੈ ਤਾਂ ਨੇਸਤੀ ਪੈ ਗਿਆ, ਕੋਈ ਜ਼ਿਆਦਾ ਹੀ ਭਲਾਮਾਣਸ ਹੈ ਤਾਂ ਬੱਕਰੀ ਪੈ ਗਿਆ। ਜੇ ਕੋਈ ਬੇਇਜ਼ਤੀ ਕਰਵਾ ਕੇ ਵੀ ਅਸਰ ਨਾ ਕਬੂਲੇ ਤਾਂ ਉਸ ਨੂੰ ਮਚਲਾ ਕਹਿਣ ਲੱਗ ਪੈਂਦੇ ਹਨ। ਮਹਾਂ ਕੰਜੂਸ ਹੋਵੇ ਤਾਂ ਮਜ਼ਾਕ ਉਡਾਉਣ ਲਈ ਸ਼ਾਹ ਕਹਿਣ ਲੱਗ ਪੈਂਦੇ ਹਨ। ਕੋਈ ਹਰ ਵੇਲੇ ਸੋਚਦਾ ਹੀ ਰਹੇ ਤਾਂ ਨਾਮ ਸਕੀਮੀ ਪੈ ਜਾਂਦਾ ਹੈ ਤੇ ਜੇ ਬਹੁਤਾ ਹੀ ਸਿੱਧ ਪੱਧਰਾ ਹੋਵੇ ਤਾਂ ਉਸ ਨੂੰ ਗਾਂਧੀ ਜਾਂ ਭੁੱਟੋ ਕਹਿਣ ਲੱਗ ਜਾਂਦੇ ਹਨਸਾਡੇ ਨਜ਼ਦੀਕੀ ਪਿੰਡ ਵਿੱਚ ਇੱਕ ਪਰਿਵਾਰ ਦਾ ਵੱਡਾ ਵਡੇਰਾ ਡਾਕੂ ਸੀਹੁਣ ਉਸ ਖਾਨਦਾਨ ਦੇ ਕਈ ਵਿਅਕਤੀ ਵੱਡੇ ਅਫਸਰ ਲੱਗੇ ਹੋਏ ਹਨ, ਪਰ ਇਲਾਕੇ ਵਾਲੇ ਅੱਜ ਵੀ ਉਹਨਾਂ ਨੂੰ ਡਾਕੂਆਂ ਦਾ ਟੱਬਰ ਹੀ ਦੱਸਦੇ ਹਨ

ਇਸੇ ਤਰ੍ਹਾਂ ਪੁਲਿਸ ਮਹਿਕਮੇ ਵਿੱਚ ਵੀ ਸ਼ਾਇਦ ਹੀ ਕੋਈ ਅਫਸਰ ਜਾਂ ਮੁਲਾਜ਼ਮ ਹੋਵੇਗਾ, ਜਿਸਦਾ ਪੁੱਠਾ ਨਾਮ ਨਾ ਪਿਆ ਹੋਵੇਕਈ ਨਾਮ ਤਾਂ ਇੰਨੇ ਅਜੀਬ ਹਨ ਕਿ ਬਦੋਬਦੀ ਹਾਸਾ ਨਿਕਲ ਜਾਂਦਾ ਹੈਹਰੇਕ ਪੁੱਠੇ ਨਾਮ ਪਿੱਛੇ ਕੋਈ ਨਾ ਕੋਈ ਕਹਾਣੀ ਹੁੰਦੀ ਹੈਇਸ ਕੰਮ ਦੀ ਸ਼ੁਰੂਆਤ ਟਰੇਨਿੰਗ ਸੈਂਟਰਾਂ ਤੋਂ ਹੀ ਹੋ ਜਾਂਦੀ ਹੈਉਸਤਾਦਾਂ ਹੱਥੋਂ ਤੰਗ ਆਏ ਟਰੇਨੀ ਆਪਣਾ ਗੁੱਸਾ ਉਹਨਾਂ ਦੇ ਸਿੱਧੇ ਪੁੱਠੇ ਨਾਮ ਰੱਖ ਕੇ ਕੱਢਦੇ ਹਨਉੱਥੇ ਇੱਕ ਸੁੱਕੜ ਜਿਹਾ ਉਸਤਾਦ ਹੁੰਦਾ ਸੀ ਰਾਮਾ ਪੱਟਾਂ ਵਾਲਾ (ਕਾਲਪਨਿਕ ਨਾਮ)ਇੱਕ ਰਾਤ ਉਹ ਸੁੱਤਾ ਪਿਆ ਸੀ ਕਿ ਉਸ ਦੀ ਪਤਨੀ ਕਹਿੰਦੀ ਆਪਣੀ ਬਾਂਹ ਪਰਾਂ ਕਰੋ, ਐਵੇਂ ਹੱਡ ਜਿਹੇ ਚੁਭੋਈ ਜਾਂਦੇ ਉਉਹ ਅੱਗੋਂ ਗੁੱਸੇ ਨਾਲ ਕਹਿ ਬੈਠਾ ਕਿ ਇਹ ਮੇਰੀ ਬਾਂਹ ਨਹੀਂ, ਪੱਟ ਆ ਪੱਟਮਾੜੀ ਕਿਸਮਤ ਨੂੰ ਉਹ ਇਹ ਗੱਲ ਕਿਸੇ ਨੂੰ ਦੱਸ ਬੈਠਾ। ਬੱਸ ਉਸ ਦਾ ਨਾਮ ਹੀ ਪੱਟਾਂ ਵਾਲਾ ਪੈ ਗਿਆਵੱਡੀਆਂ ਮੁੱਛਾਂ ਵਾਲੇ ਨੂੰ ਹਰਦੇਵ ਮੁੱਛ, ਕਾਲੇ ਰੰਗ ਵਾਲੇ ਨੂੰ ਜਰਨੈਲ ਕਾਲਾ, ਸਾਰਾ ਦਿਨ ਰੰਗਰੂਟਾਂ ਦਾ ਸਿਰ ਖਾਣ ਵਾਲੇ ਨੂੰ ਹਰੀ ਭੌਂਕਾ ਆਦਿ ਕਿਹਾ ਜਾਂਦਾ ਹੈ

ਟਰੇਨਿੰਗ ਦੌਰਾਨ ਕਈ ਰੰਗਰੂਟ ਵੀ ਆਪਣਾ ਨਾਮ ਪਵਾ ਬੈਠਦੇ ਹਨਇੱਕ ਰੰਗਰੂਟ ਨੇ ਸਟੇਜ਼ ’ਤੇ ਭੰਡਾਂ ਬਾਰੇ ਸਕਿੱਟ ਪੇਸ਼ ਕਰ ਦਿੱਤੀ, ਉਸ ਦੀ ਪਹਿਚਾਣ ਹੀ ਫਲਾਣਾ ਸਿੰਘ ਭੰਡ ਪੱਕ ਗਈਇੱਕ ਰੰਗਰੂਟ ਦੋ ਤਿੰਨ ਵਾਰ ਮੰਗਤੀ ਬਾਰੇ ਦਰਦ ਭਰੀ ਕਵਿਤਾ ਸੁਣਾ ਬੈਠਾ, ਉਸ ਦਾ ਨਾਮ ਹੀ ਫਲਾਣਾ ਸਿੰਘ ਮੰਗਤੀ ਪੈ ਗਿਆਇੱਕ ਰੰਗਰੂਟ ਦੇ ਡੱਡੂ ਵਰਗੇ ਮੋਟੇ ਮੋਟੇ ਡੇਲੇ ਤੇ ਸਰੀਰ ਉੱਤੇ ਰਿੱਛਾਂ ਵਰਗੇ ਵਾਲ ਸਨ, ਉਸ ਨੂੰ ਅੱਜ ਵੀ ਫਲਾਣਾ ਡੇਲੂ ਜਾਂ ਭੇਡੂ ਕਹਿ ਕੇ ਪੁਕਾਰਿਆ ਜਾਂਦਾ ਹੈਇੱਕ ਪੁਲਿਸ ਮੁਲਾਜ਼ਮ ਦੀ ਦਾੜ੍ਹੀ ਵਿਰਲੀ ਤੇ ਮੁੱਛਾਂ ਪਤਲੀਆਂ ਸਨ, ਉਸ ਦਾ ਨਾਮ ਗੁਰਨਾਮ ਚੂਹਾ ਪੈ ਗਿਆਬੈਲਟ ਨੰਬਰ ਦੋ ਵਾਲੇ ਦਾ ਨਾਮ ਦਰਸ਼ਨ ਦੁੱਕੀ ਪੈ ਗਿਆ ਤੇ ਬੈਲਟ ਨੰਬਰ 25 ਵਾਲੇ ਦਾ ਕਰਮਾ ਚਵਾਨੀਕਰਨੈਲ ਸਿੰਘ ਜਿੱਥੇ ਵੀ ਜਾਂਦਾ ਪੰਗਾ ਸਹੇੜ ਲੈਂਦਾ, ਉਸ ਦਾ ਨਾਮ ਕਰਨੈਲ ਕਲੇਸ਼ੀ ਪੈ ਗਿਆਭਾਗ ਸਿੰਘ ਅੜਬ ਤੋਂ ਅੜਬ ਅਫਸਰ ਨੂੰ ਵਗਾਰਾਂ ਅਤੇ ਗੱਲਾਂਬਾਤਾਂ ਨਾਲ ਵੱਸ ਵਿੱਚ ਕਰ ਲੈਂਦਾ ਸੀ, ਉਸ ਦਾ ਨਾਮ ਭਾਗ ਧਲਿਆਰਾ ਪੈ ਗਿਆਥਾਣੇਦਾਰ ਹਰੀ ਪ੍ਰਸ਼ਾਦ ਨੇ ਕਿਸੇ ਪਿੰਡ ਜਾ ਕੇ ਸਰਪੰਚ ਨੂੰ ਰੋਟੀ ਬਣਾਉਣ ਲਈ ਤਾਕੀਦ ਕੀਤੀ ਕਿ ਗੋਭੀ ਅਤੇ ਪ੍ਰਸ਼ਾਦ ਜਰੂਰ ਬਣਾਇਉਉਸ ਦਾ ਅਸਲੀ ਨਾਮ ਲੋਕ ਭੁੱਲ ਹੀ ਗਏ ਤੇ ਪੱਕਾ ਨਾਮ ਗੋਭੀ ਪ੍ਰਸ਼ਾਦ ਪੱਕ ਗਿਆਬਰਨਾਲੇ ਇੱਕ ਮੁਲਾਜ਼ਮ ਢਾਬੇ ਵਾਲਿਆਂ ਤੋਂ ਵਗਾਰ ਦੀ ਦਾਲ-ਸਬਜ਼ੀ ਡੋਲੂ ਵਿੱਚ ਪਵਾ ਕੇ ਲਿਆਉਂਦਾ ਸੀ, ਉਸ ਦਾ ਨਾਮ ਗਾਮਾ ਡੋਲੂ ਪੈ ਗਿਆ

ਕਰਮਜੀਤ ਥਾਣੇ ਆਏ ਹਰ ਬੰਦੇ ਤੋਂ ਪੈਸੇ ਖਿੱਚਣ ਵਿੱਚ ਮਾਹਰ ਸੀ, ਉਸ ਦਾ ਨਾਮ ਕਰਮਜੀਤ ਕੁੰਡੀ ਪੈ ਗਿਆਮਨਜੀਤ ਕੋਲੋਂ ਜਦੋਂ ਕੋਈ ਗਲਤੀ ਹੁੰਦੀ ਤਾਂ ਅਫਸਰ ਦੇ ਪੈਰ ਪਕੜ ਕੇ ਕਹਿੰਦਾ ਮੁਆਫ ਕਰ ਦਿਉ ਜਨਾਬ ਮੇਰੇ ਛੋਟੇ ਛੋਟੇ ਬੱਚੇ ਹਨ, ਉਸ ਦਾ ਨਾਮ ਮਨਜੀਤ ਬੱਚਿਆਂ ਵਾਲਾ ਪੈ ਗਿਆਅੱਤਵਾਦ ਵਿੱਚ ਇੱਕ ਅਫਸਰ ਨੂੰ ਇਹ ਕਹਿਣ ਦੀ ਆਦਤ ਸੀ ਕਿ ਲਗਾਉ ਇਸ ਨੂੰ ਘੋਟਾਉਸ ਦਾ ਨਾਮ ਹੀ ਸਰਵਣ ਸਿੰਘ ਘੋਟਣਾ ਪੈ ਗਿਆਇੱਕ ਥਾਣੇਦਾਰ ਤਿੰਨ ਚਾਰ ਕੜੇ ਪਾ ਕੇ ਰੱਖਦਾ ਸੀ, ਉਸ ਦਾ ਨਾਮ ਰਾਮ ਸਿੰਘ ਕੜਿਆਂ ਵਾਲਾ ਪੈ ਗਿਆਇੱਕ ਥਾਣੇਦਾਰ ਬਦਮਾਸ਼ਾਂ ਨੂੰ ਘੱਗਰੀ ਪਾ ਕੇ ਨਚਾਉਂਦਾ ਹੁੰਦਾ ਸੀ, ਉਸ ਦਾ ਨਾਮ ਗੁਰਨਾਮ ਸਿੰਘ ਘੱਗਰੀ ਵਾਲਾ ਪੈ ਗਿਆਮੁਲਜ਼ਮਾਂ ਨੂੰ ਬੇਤਹਾਸ਼ਾ ਕੁੱਟਣ ਕਾਰਨ ਥਾਣੇਦਾਰ ਬਲਦੇਵ ਸਿੰਘ, ਝੋਟੇਕੁੱਟ ਦੇ ਨਾਮ ਨਾਲ ਜਾਣਿਆ ਜਾਂਦਾ ਸੀਇੱਕ ਥਾਣੇਦਾਰ ਕਿਤੇ ਬੈਠਾ ਬੈਠਾ ਫੜ੍ਹ ਮਾਰ ਬੈਠਾ ਕਿ ਮੈਂ ਮੁਕਾਬਲੇ ਦੌਰਾਨ ਰਿਵਾਲਵਰ ਦਾ ਬਰਸਟ ਮਾਰਿਆ, ਜਦ ਕਿ ਰਿਵਾਲਵਰ ਇਕੱਲੀ ਇਕੱਲੀ ਗੋਲੀ ਚਲਾਉਂਦਾ ਹੈਉਸ ਦਾ ਨਾਮ ਰਮੇਸ਼ ਬਰਸਟ ਪੈ ਗਿਆ

ਸੁਖਦੇਵ ਸਿੰਘ ਥਾਣੇਦਾਰ ਬੇਤਹਾਸ਼ਾ ਰਿਸ਼ਵਤਖੋਰ ਸੀਉਸ ਦਾ ਨਾਮ ਗੰਦ ਖਾਣਾ ਪੈ ਗਿਆਇੱਕ ਵਾਰ ਉਸ ਦੀ ਘਰ ਵਾਲੀ ਉਸ ਨੂੰ ਮਿਲਣ ਲਈ ਥਾਣੇ ਆਈਉਸ ਨੇ ਸੰਤਰੀ ਨੂੰ ਉਸ ਬਾਰੇ ਪੁੱਛਿਆ ਤਾਂ ਸੰਤਰੀ ਬੋਲਿਆ, “ਕਿਹੜਾ ਸੁਖਦੇਵ, ਗੰਦ?” ਪਤਨੀ ਸੁਖਦੇਵ ਦੇ ਗੱਲ ਪੈ ਗਈ ਕਿ ਸੰਤਰੀ ਤੈਨੂੰ ਗੰਦ ਕਹਿੰਦਾ ਹੈਸੁਖਦੇਵ ਹੱਸ ਕੇ ਬੋਲਿਆ ਕਿ ਸ਼ੁਕਰ ਕਰ ਉਸ ਨੇ ਮੇਰਾ ਪੂਰਾ ਨਾਮ ਨਹੀਂ ਲਿਆ, ਮੈਂਨੂੰ ਤਾਂ ਲੋਕ ਗੰਦ ਖਾਣਾ ਕਹਿੰਦੇ ਹਨਇਸੇ ਤਰ੍ਹਾਂ ਅੱਤਵਾਦ ਦੌਰਾਨ ਕਈ ਜ਼ਿਲ੍ਹੇ ਕੱਟਣ ਵਾਲੇ ਇੱਕ ਐੱਸ.ਐੱਸ.ਪੀ. ਨੂੰ ਖੱਬੇ ਹੱਥਾ ਹੋਣ ਕਾਰਨ ਅਜੇ ਤੱਕ ਖੱਬੂ ਕਿਹਾ ਜਾਂਦਾ ਹੈਮਾਝੇ ਦੇ ਦੋ ਥਾਣੇਦਾਰ ਝੂਠ ਬੋਲਣ ਵਿੱਚ ਬਹੁਤ ਮਸ਼ਹੂਰ ਹਨਇੱਕੋ ਨਾਮ ਹੋਣ ਕਾਰਨ ਉਹਨਾਂ ਨੂੰ ਵੱਡਾ ਤੇ ਛੋਟਾ ਝੂਠ ਕਹਿੰਦੇ ਹਨਮਾਝੇ ਵਿੱਚ ਤਾਇਨਾਤ ਮਲਵਈ ਥਾਣੇਦਾਰਾਂ ਨੂੰ ਬਾਈ ਤੇ ਮਝੈਲ ਥਾਣੇਦਾਰਾਂ ਨੂੰ ਮਾਲਵੇ ਵਿੱਚ ਭਾਊ ਕਿਹਾ ਜਾਂਦਾ ਹੈਮਾਲਵੇ ਦੇ ਇੱਕ ਸਾਬਕਾ ਐੱਸ.ਐੱਸ.ਪੀ. ਨੂੰ ਮੁਲਾਜ਼ਮਾਂ ਦੇ ਬਹੁਤ ਜ਼ਿਆਦਾ ਗਲ ਪੈਣ ਕਾਰਨ ਵੱਢ ਖਾਣਾ ਕਹਿੰਦੇ ਸਨਇੱਕ ਇੰਸਪੈਕਟਰ ਬਾਰੇ ਮਸ਼ਹੂਰ ਸੀ ਕਿ ਉਹ ਰਿਸ਼ਵਤ ਦੇ ਪੈਸੇ ਘੜੇ ਵਿੱਚ ਲੁਕਾ ਕੇ ਰੱਖਦਾ ਸੀ, ਉਸ ਦਾ ਨਾਮ ਮਹਿੰਦਰ ਘੜਾ ਪੈ ਗਿਆਡਿਊਟੀ ਵੇਲੇ ਨੰਬਰ ਬਣਾਉਣ ਲਈ ਅਫਸਰਾਂ ਦੇ ਅੱਗੇ ਅੱਗੇ ਭੁੜਕਣ ਕਾਰਨ ਸੁਖਦੇਵ ਨੂੰ ਸੁਖਦੇਵ ਚਿੜਾ ਕਹਿਣ ਲੱਗ ਪਏਹਰਿੰਦਰਜੀਤ ਸਿੰਘ ਸਾਰੀ ਉਮਰ ਨਾ ਕਿਸੇ ਨਾਲ ਚੰਗੀ ਤਰ੍ਹਾਂ ਬੋਲਿਆ ਤੇ ਨਾ ਕਿਸੇ ਦਾ ਕੰਮ ਕੀਤਾ, ਉਸ ਨੂੰ ਸਾਰੇ ਖੁਸ਼ਕੀ ਦੇ ਨਾਮ ਨਾਲ ਜਾਣਦੇ ਹਨ

ਇਸ ਤੋਂ ਇਲਾਵਾ ਜੱਸੀ ਭਲਵਾਨ, ਸਰਬਜੀਤ ਟੋਕਾ, ਗੁਰਦੇਵ ਚਿੱਕੜ, ਤਰਲੋਕ ਟਾਂਗਾ, ਗੁਰਪ੍ਰੀਤ ਅਮਲੀ, ਕਰਤਾਰ ਕੁੱਬਾ, ਦਰਸ਼ਨ ਘੋੜੀ, ਬਲਕਾਰ ਗਾਡਰ, ਹਰਨਾਮ ਬੁੱਚੜ, ਜੈਬਾ ਯੱਬ, ਕੇਵਲ ਕੁੜਿੱਕੀ, ਸਵਰਨ ਪਰੌਂਠਾ, ਦਰਸ਼ਨ ਹਨੇਰੀ, ਰਛਪਾਲ 49-51, ਸੰਤਾ ਟਾਂਗਾ, ਗੁਰਨਾਮ ਜਹਾਜ਼, ਜੋਗਿੰਦਰ ਖੇਸੀ, ਚਰਨਾ ਜੁਗਾੜੀ, ਬਲਵਿੰਦਰ ਕੱਤੀ-ਬੱਤੀ, ਹਰਨਾਮ ਗੱਡਾ ਅਤੇ ਗੁਰਚਰਨ ਟਿਪ ਟਾਪ ਆਦਿ ਕਈ ਨਾਮ ਮਸ਼ਹੂਰ ਹਨਜਿਹੜੀ ਅੱਲ ਨਾਮ ਨਾਲ ਇੱਕ ਵਾਰ ਚੰਬੜ ਜਾਵੇ, ਜੋ ਮਰਜ਼ੀ ਕਰ ਲਵੋ ਉਹ ਦੁਬਾਰਾ ਨਹੀਂ ਲੱਥਦੀਤੁਸੀਂ ਜਿੰਨਾ ਵਧੇਰੇ ਗੁੱਸਾ ਕਰੋਗੇ, ਲੋਕ ਚਿੜਾਉਣ ਲਈ ਉੰਨਾ ਹੀ ਜ਼ਿਆਦਾ ਤੁਹਾਡਾ ਪੁੱਠਾ ਨਾਮ ਲੈਣਗੇਕਈ ਬੰਦੇ ਤਾਂ ਅਜਿਹੇ ਹਨ ਜਿਹਨਾਂ ਦਾ ਅਸਲੀ ਨਾਮ ਹੀ ਲੋਕ ਭੁੱਲ ਗਏ ਹਨ, ਸਿਰਫ ਅੱਲ ਤੋਂ ਉਹਨਾਂ ਦੀ ਪਹਿਚਾਣ ਹੁੰਦੀ ਹੈਪਰ ਵੇਖਣ ਵਿੱਚ ਆਇਆ ਹੈ ਕਿ ਸਿਰਫ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਅਫਸਰਾਂ ਦੇ ਹੀ ਪੁੱਠੇ ਨਾਮ ਧਰੇ ਜਾਂਦੇ ਹਨਮੈਂ ਇੱਕ ਅਜਿਹੇ ਨੌਜਵਾਨ ਅਫਸਰ ਨਾਲ ਕੰਮ ਕੀਤਾ ਹੈ ਜੋ ਸਿਪਾਹੀ ਨੂੰ ਵੀ ਸਾਹਿਬ ਕਹਿ ਕੇ ਪੁਕਾਰਦਾ ਹੈਅਜਿਹੇ ਵਧੀਆ ਅਫਸਰ ਦਾ ਪੁੱਠਾ ਨਾਮ ਰੱਖਣ ਬਾਰੇ ਕੋਈ ਸੋਚ ਵੀ ਨਹੀਂ ਸਕਦਾ। (ਸਾਰੇ ਨਾਮ ਕਾਲਪਨਿਕ ਹਨ)

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1644)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author