BalrajSidhu7“ਇਸ ਲੇਖ ਵਿਚ ਲੇਖਕ ਨੇ 1984 ਤੋਂ ਪਹਿਲਾਂ ਪੰਜਾਬ ਦੇ ਪਾਕਿਸਤਾਨ ਨਾਲ ਲਗਦੇ ਖੇਤਰ ਵਿਚ ਹੁੰਦੀ ਸਮਗਲਿੰਗ ਦੀ ਤਸਵੀਰ ਬੜੇ ਰੌਚਕ ਢੰਗ ਨਾਲ ਪੇਸ਼ ਕੀਤੀ ਹੈ, ਉਮੀਦ ਹੈ ਪਾਠਕ ਪਸੰਦ ਕਰਨਗੇ --- ਸੰਪਾਦਕ”
(ਅਪਰੈਲ 28, 2016)


ਪੰਜਾਬ ਵਿੱਚ ਪਹਿਲਾਂ ਤਿੰਨ ਜ਼ਿਲ੍ਹਿਆਂ ਗੁਰਦਾਸਪੁਰ
, ਅਮ੍ਰਿਤਸਰ ਤੇ ਫਿਰੋਜਪੁਰ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ ਸੀ। ਹੁਣ ਨਵੇਂ ਜ਼ਿਲ੍ਹੇ ਬਣਨ ਕਰਕੇ ਪਠਾਨਕੋਟ, ਤਰਨਤਾਰਨ ਅਤੇ ਫਾਜਿਲਕਾ ਵੀ ਸਰਹੱਦੀ ਜ਼ਿਲ੍ਹੇ ਬਣ ਗਏ ਹਨ। 1984 ਵਿੱਚ ਉਪਰੇਸ਼ਨ ਬਲਿਊ ਸਟਾਰ ਤੋਂ ਪਹਿਲਾਂ ਬਾਰਡਰ ਤੇ ਕੰਢਿਆਲੀ ਤਾਰ ਨਹੀਂ ਸੀ ਹੁੰਦੀ, ਬਾਰਡਰ ਇੱਕ ਤਰ੍ਹਾਂ ਨਾਲ ਖੁੱਲ੍ਹਾ ਹੀ ਹੁੰਦਾ ਸੀ। ਬਾਰਡਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਮਗਲਿੰਗ ਆਮ ਚੱਲਦੀ ਸੀ। ਮਾਝੇ ਵਿੱਚ ਸਮਗਲਰਾਂ ਨੂੰ ਆਮ ਬੋਲਚਾਲ ਦੀ ਭਾਸ਼ਾ ਵਿੱਚ ਬਲੈਕੀਏ ਅਤੇ ਸਮਗਲਿੰਗ ਨੂੰ ਬਲੈਕ ਕਰਨਾ ਕਿਹਾ ਜਾਂਦਾ ਸੀ। ਬਲੈਕੀਆਂ ਦਾ ਇਲਾਕੇ ਵਿੱਚ ਬੜਾ ਰੋਹਬ ਦਾਅਬ ਹੁੰਦਾ ਸੀ। ਕਈ ਪਿੰਡ ਤਾਂ ਇਸ ਕੰਮ ਵਿੱਚ ਖਾਸ ਹੀ ਮਸ਼ਹੂਰ ਸਨ, ਜਿਵੇਂ ਨੌਸ਼ਹਿਰਾ ਢਾਲਾ, ਝਬਾਲ, ਸੁਰਸਿੰਘ, ਭਿੱਖੀਵਿੰਡ, ਭਗਤੂਪੁਰਾ, ਚੀਮਾ, ਤੂਤਭੰਗਾਲਾ, ਲੋਪੋਕੇ, ਕਾਵਾਂ, ਹਵੇਲੀਆਂ, ਬੁਰਜ, ਮੋਦੇ ਧਨੋਏਂ, ਸ਼ਕਰੀ, ਸੇਰੋਂ, ਜਠੌਲ, ਮਾਨਾਂਵਾਲਾ ਤੇ ਅਟਾਰੀ ਆਦਿ। ਬਲੈਕੀਆਂ ਕੋਲ ਖੁੱਲ੍ਹੀ ਮਾਇਆ ਅਤੇ ਟੌਹਰ ਟਪੱਕਾ ਵੇਖਕੇ ਅਨੇਕਾਂ ਨੌਜਵਾਨ ਬਲੈਕੀਆ ਬਣਨਾ ਲੋਚਦੇ ਸਨ। ਬਲੈਕੀਆਂ ਦੇ ਕੱਪੜੇ ਵੀ ਖਾਸ ਹੀ ਹੁੰਦੇ ਸਨ। ਕੜਕ ਸਫੈਦ ਕੁੜਤਾ ਪਜਾਮਾ ਜਾਂ ਧੂਹਵਾਂ ਚਾਦਰਾ। ਉਦੋਂ ਪਾਕਿਸਤਾਨ ਤੋਂ ਇੱਕ ਕੱਪੜਾ ਆਉਂਦਾ ਹੁੰਦਾ ਸੀ, ਜਿਸ ਨੂੰ ਫਲੈਟ ਕਹਿੰਦੇ ਸਨ। ਇਹ ਸਫੈਦ ਰੰਗ ਦਾ ਬਹੁਤ ਹੀ ਖੂਬਸੂਰਤ ਪੌਲੀਏਸਟਰ ਮਿਕਸ ਕੱਪੜਾ ਹੁੰਦਾ ਸੀ। ਇਸ ਕੱਪੜੇ ਦਾ ਕੁੜਤਾ ਪਜਾਮਾ ਸਿਲਵਾਉਣ ਵਿੱਚ ਬੜੀ ਸ਼ਾਨ ਵਾਲੀ ਗੱਲ ਸਮਝੀ ਜਾਂਦੀ ਸੀ। ਇਹ ਕੱਪੜਾ ਥੋੜ੍ਹਾ ਜਿਹਾ ਪਾਰਦਰਸ਼ੀ ਹੁੰਦਾ ਸੀ। ਕੁੜਤੇ ਦੀ ਉੱਪਰਲੀ ਜੇਬ ਵਿੱਚ ਸੌ ਦਾ ਨੋਟ ਪਾ ਕੇ ਪ੍ਰਦਰਸ਼ਨ ਕਰਨਾ ਬਲੈਕੀਆ ਹੋਣ ਦੀ ਮੁਢਲੀ ਨਿਸ਼ਾਨੀ ਸੀ। ਇਸ ਤੋਂ ਇਲਾਵਾ ਉਦੋਂ ਦੋ ਹੀ ਮਾਡਲ ਦੀਆਂ ਕਾਰਾਂ ਹੁੰਦੀਆਂ ਸਨ, ਅੰਬੈਸਡਰ ਅਤੇ ਫੀਏਟ। ਫੀਏਟ ਜ਼ਿਆਦਾ ਹਾਈ ਫਾਈ ਸਮਝੀ ਜਾਂਦੀ ਸੀ। ਬਲੈਕੀਆਂ ਨੂੰ ਫੀਏਟ ਰੱਖਣ ਦਾ ਬੜਾ ਸ਼ੌਕ ਸੀ, ਭਾਵੇਂ ਬਾਅਦ ਵਿੱਚ ਇਸਦਾ ਸਥਾਨ ਮਾਰੂਤੀ ਅਤੇ ਵੈਨ ਨੇ ਲੈ ਲਿਆ।

1984 ਵਿੱਚ ਉਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਬਾਰਡਰ ਉੱਤੇ ਕੰਢਿਆਲੀ ਤਾਰ ਲੱਗਣ ਨਾਲ ਸਮਗਲਿੰਗ ਇੱਕ ਵਾਰ ਤਾਂ ਤਕਰੀਬਨ ਬੰਦ ਹੀ ਹੋ ਗਈ ਸੀ। ਪਰ ਜਿੱਥੇ ਚਾਹ ਉੱਥੇ ਰਾਹ। ਹੁਣ ਬਲੈਕੀਏ ਵੀ ਨਵੇਂ ਤੇ ਉਹਨਾਂ ਦੇ ਰਾਹ ਵੀ ਨਵੇਂ। 1984 ਤੋਂ ਪਹਿਲਾਂ ਬਾਰਡਰ ਤੇ ਕੋਈ ਰੋਕ-ਟੋਕ ਨਹੀਂ ਸੀ ਹੁੰਦੀ। ਬੀ.ਐੱਸ.ਐੱਫ. ਅਤੇ ਪਾਕਿਸਤਾਨੀ ਰੇਂਜਰ ਖੁੱਲ੍ਹੇਆਮ ਬਲੈਕ ਕਰਾਉਂਦੇ ਸਨ। ਜ਼ਿਆਦਾਤਰ ਪਾਕਿਸਤਾਨ ਤੋਂ ਸੋਨਾ, ਜਪਾਨੀ ਕੱਪੜਾ, ਦੋ ਘੋੜਾ ਮਾਰਕਾ ਬੋਸਕੀ ਦਾ ਕੱਪੜਾ, ਸੁੱਚਾ ਤਿੱਲਾ, ਇਲੈੱਕਟਰੌਨਿਕਸ ਦਾ ਸਮਾਨ, ਜੁੱਤੀਆਂ, ਅਫੀਮ ਆਦਿ ਆਉਂਦੀ ਸੀ ਤੇ ਭਾਰਤ ਤੋਂ ਚਾਂਦੀ, ਪਾਨ ਦੇ ਪੱਤੇ, ਵਿਸਕੀ, ਮਲਮਲ ਆਦਿ ਜਾਂਦੀ ਸੀ। ਉਸ ਸਮੇਂ ਦੇ ਮਸ਼ਹੂਰ ਬਲੈਕੀਆਂ ਵਿੱਚ ਠਾਕਰ ਸਿੰਘ ਸ਼ਕਰੀ, ਗੁਰਬਖਸ਼ ਸਿੰਘ ਸ਼ਕਰੀ, ਭੋਲਾ ਸ਼ਕਰੀ, ਬਾਬਾ ਸੁੱਖਾ, ਸੇਵਾ ਕੱਟਾ, ਮੱਖਣ ਦੌਰਾ, ਆਤੂ ਤਾਹਰਪੁਰੀਆ, ਜੀਤਾ ਦਰਿਆ, ਜੀਤਾ ਬੁਰਜ, ਜੀਤਾ ਜੌਹਲ, ਪੰਮਾ ਮਾਦੋਕੇ, ਨਿੰਮਾ ਰਸੂਲਪੁਰੀਆ, ਸਵਰਨਾ ਸ਼ਾਹ, ਬਖਸ਼ੀਸ਼ ਹਵੇਲੀਆਂ, ਦਾਰੀ ਕਾਵਾਂ ਆਦਿ ਦੀ ਤੂਤੀ ਬੋਲਦੀ ਸੀ।

ਇਹਨਾਂ ਬਲੈਕੀਆਂ ਦੇ ਵੀ ਕਈ ਧੜੇ ਸਨ। ਧੜੇਬਾਜੀ ਵਿੱਚ ਲੜਾਈਆਂ ਹੋਣੀਆਂ ਅਤੇ ਕਤਲ ਹੋਣੇ ਬੜੀ ਆਮ ਜਿਹੀ ਗੱਲ ਸੀ। ਕਈ ਵਾਰ ਭਾਰਤੀ ਬਲੈਕੀਆਂ ਨੂੰ ਪਾਕਿਸਤਾਨੀ ਬਲੈਕੀਏ, ਅਤੇ ਪਾਕਿਸਤਾਨੀ ਬਲੈਕੀਆਂ ਨੂੰ ਭਾਰਤੀ ਬਲੈਕੀਏ ਲਾਲਚ ਵਿੱਚ ਆ ਕੇ ਮਾਲ ਖੋਹ ਕੇ ਕਤਲ ਕਰ ਦੇਂਦੇ ਸਨ। ਪਰ ਬਹੁਤ ਘਟੀਆ ਆਦਮੀ ਹੀ ਅਜਿਹੇ ਕੰਮ ਕਰਦੇ ਸਨ, ਨਹੀਂ ਤਾਂ ਲੱਖਾਂ ਦਾ ਮਾਲ ਜ਼ੁਬਾਨ ’ਤੇ ਹੀ ਚੁਕਾ ਦਿੱਤਾ ਜਾਂਦਾ ਸੀ। ਮਾਲ ਫੜੇ ਜਾਣ ਨੂੰ ਮਾਲ ਢਹਿ ਜਾਣਾ ਕਿਹਾ ਜਾਂਦਾ ਸੀ। ਮਾਲ ਢਹਿ ਜਾਣ ’ਤੇ ਐਫ.ਆਈ.ਆਰ.ਦੀ ਕਾਪੀ ਪਾਕਿਸਤਾਨ ਭੇਜਣ ’ਤੇ ਸਾਰਾ ਪੈਸਾ ਮੁਆਫ ਹੋ ਜਾਂਦਾ ਸੀ। ਇਸੇ ਤਰ੍ਹਾਂ ਪਾਕਿਸਤਾਨੀ ਬਲੈਕੀਏ ਕਰਦੇ ਸਨ। ਸੋਨੇ ਦੇ ਬਿਸਕੁਟ ਜਿਨ੍ਹਾਂ ਨੂੰ ਰੈਣੀਆਂ ਕਿਹਾ ਜਾਂਦਾ ਸੀ, ਸੌ-ਸੌ ਗਰਾਮ ਦਾ ਹੁੰਦਾ ਸੀ। ਇਹ ਹਲਕੇ ਜਿਹੇ ਕੱਪੜੇ ਦੀਆਂ ਜੈਕਟਾਂ ਵਿੱਚ ਸਿਲਾਈ ਕਰਕੇ ਸਪਲਾਈ ਕੀਤੇ ਜਾਂਦੇ ਸਨ। ਜੈਕਟ ਪਹਿਨਣ ਵਿੱਚ ਬੜੀ ਸੌਖੀ ਸੀ ਤੇ ਕੱਪੜਿਆਂ ਥੱਲੇ ਦਿਖਾਈ ਵੀ ਨਹੀਂ ਸੀ ਦੇਂਦੀ। ਖੁੱਲ੍ਹ ਇੰਨੀ ਸੀ ਕਿ ਜੇ ਕਿਸੇ ਨੂੰ ਹੋਰ ਕੋਈ ਮਾਲ ਨਹੀਂ ਸੀ ਲੱਭਦਾ ਤਾਂ ਦੋ ਝੋਟੇ ਹੀ ਪਾਕਿਸਤਾਨ ਲਿਜਾ ਕੇ ਕਿਲੋ ਅਫੀਮ ਮਿਲ ਜਾਂਦੀ ਸੀ।

ਇਸ ਕੰਮ ਵਿੱਚ ਅਥਾਹ ਪੈਸਾ ਸੀ। ਬਲੈਕੀਏ ਸਿਆਸਤਦਾਨਾਂ ਅਤੇ ਅਫਸਰਾਂ ਦੀਆਂ ਅੱਖਾਂ ਦੇ ਤਾਰੇ ਹੁੰਦੇ ਸਨ। ਅੰਮ੍ਰਿਤਸਰ ਦੇ ਇੱਕ ਥਾਣੇ ਘਰਿੰਡੇ ਬਾਰੇ ਤਾਂ ਅੱਜ ਵੀ ਕਹਾਵਤ ਮਸ਼ਹੂਰ ਹੈ ਕਿ ਤੂੰ ਕਿਹੜਾ ਘਰਿੰਡੇ ਲੱਗਾ ਏਂ। ਘਰਿੰਡਾ, ਲੋਪੋਕੇ, ਅਜਨਾਲਾ, ਝਬਾਲ, ਭਿਖੀਵਿੰਡ, ਖੇਮਕਰਨ, ਹਰੀਕੇ, ਡੇਹਰਾ ਬਾਬਾ ਨਾਨਕ, ਰਮਦਾਸ ਤੇ ਸਰਹਾਲੀ ਆਦਿ ਥਾਣਿਆਂ ਵਿੱਚ ਐੱਸ.ਐੱਚ.ਓ. ਲੱਗਣ ਲਈ ਬੜਾ ਫਸਵਾਂ ਮੁਕਾਬਲਾ ਚੱਲਦਾ ਸੀ। ਬਲੈਕੀਏ ਪੈਸਾ ਕਮਾਉਂਦੇ ਵੀ ਬੜਾ ਸਨ ਤੇ ਉਡਾਉਂਦੇ ਵੀ ਬੜਾ ਸਨ। ਅੱਜ ਉਹਨਾਂ ਪੁਰਾਣੇ ਬਲੈਕੀਆਂ ਵਿੱਚੋਂ ਦੋ ਚਾਰ ਹੀ ਜਾਇਦਾਦਾਂ ਬਣਾ ਕੇ ਬੈਠੇ ਹਨ, ਨਹੀਂ ਤਾਂ ਬਾਕੀਆਂ ਦੀ ਹਾਲਤ ਇਹ ਹੈ ਕਿ ਜਿੱਧਰ ਗਈਆਂ ਬੇੜੀਆਂ ਉੱਧਰ ਗਏ ਮਲਾਹ। ਕਈ ਕਤਲ ਹੋ ਗਏ, ਕਈ ਜੇਹਲਾਂ ਵਿੱਚ ਚਲੇ ਗਏ, ਕਈਆਂ ਦੀ ਔਲਾਦ ਨਸ਼ਈ ਨਿੱਕਲ ਆਈ, ਕਈ ਸ਼ੋਸ਼ੇਬਾਜ਼ੀ ਵਿੱਚ ਆਮਦਨ ਤੋਂ ਵੱਧ ਖਰਚੇ ਕਰ ਕਰ ਕੇ ਨੰਗ ਹੋ ਗਏ। ਇਹਨਾਂ ਵਿੱਚ ਐਨੀ ਖਹਿਬਾਜ਼ੀ ਚੱਲਦੀ ਸੀ ਕਿ ਕਈ ਵਾਰ ਵਿਆਹਾਂ ਵਿੱਚ ਗਵਈਆਂ ਨੂੰ ਵੱਧ ਪੈਸੇ ਦੇਣ ਤੋਂ ਮੁਕਾਬਲਾ ਹੋ ਜਾਂਦਾ ਸੀ। ਜਿਦ ਜਿਦ ਕੇ ਇੱਕ ਦੂਜੇ ਵੱਧ ਚੜ੍ਹਕੇ ਵੇਲਾਂ ਕਰਵਾਈਆਂ ਜਾਂਦੀਆਂ ਸਨ। ਇਹ ਸਿਲਸਲਾ ਉਦੋਂ ਖਤਮ ਹੁੰਦਾ, ਜਦੋਂ ਇੱਕ ਦੀਆਂ ਜੇਬਾਂ ਖਾਲੀ ਹੋ ਜਾਂਦੀਆਂ।

ਉਹਨਾਂ ਦਿਨਾਂ ਵਿੱਚ ਤਿੱਲੇ ਦੀ ਕਢਾਈ ਵਾਲੀਆਂ ਜੁੱਤੀ ਲੈਣ ਲਈ ਲੋਕ ਆਮ ਹੀ ਲਾਹੌਰ ਅਤੇ ਕਸੂਰ ਜਾ ਵੜਦੇ ਸਨ। ਪਾਕਿਸਤਾਨ ਵਿੱਚ ਹਰ ਤਰ੍ਹਾਂ ਦਾ ਸਾਮਾਨ ਵਿਦੇਸ਼ਾਂ ਤੋਂ ਆਉਂਦਾ ਸੀ। ਉਹੀ ਸਮਾਨ ਅੱਗੇ ਬਾਰਡਰ ਟੱਪਕੇ ਪੰਜਾਬ ਆ ਵੜਦਾ ਸੀ। ਅੰਮ੍ਰਿਤਸਰ ਸਟੇਸ਼ਨ ਦੇ ਲਾਗੇ ਪਾਕਿਸਤਾਨ ਤੋਂ ਆਏ ਵਿਦੇਸ਼ੀ ਸਮਾਨ ਦਾ ਪੂਰਾ ਬਜਾਰ ਸੀ, ਜਿਸ ਨੂੰ ਲੰਡਾ ਬਜਾਰ ਕਿਹਾ ਜਾਂਦਾ ਸੀ। ਹਰੇਕ ਪ੍ਰਕਾਰ ਦਾ ਘਰੇਲੂ ਅਤੇ ਇਲੈਕਟਰੌਨਿਕਸ ਦਾ ਸਮਾਨ ਉੱਥੋਂ ਮਿਲ ਜਾਂਦਾ ਸੀ। ਉਹਨਾਂ ਦਿਨਾਂ ਵਿੱਚ ਜੌਹਨ ਡੀਅਰ ਕੰਬਾਈਨ ਦੇ ਪੁਰਜ਼ੇ ਜਾਂ ਲਾਹੌਰ ਮਿਲਦੇ ਸੀ ਜਾਂ ਦਿੱਲੀ। ਦਿੱਲੀ ਆਉਣ ਜਾਣ ’ਤੇ ਦੋ ਦਿਨ ਲੱਗ ਜਾਂਦੇ ਸਨ। ਇਸ ਲਈ ਲੋੜ ਪੈਣ ਤੇ ਲੋਕ ਸਪੇਅਰ ਪਾਰਟ ਲਾਹੌਰ ਤੋਂ ਲਿਆਉਣਾ ਸੌਖਾ ਸਮਝਦੇ ਸਨ। ਉਦੋਂ ਸਵਰਗੀ ਅਮਰ ਸਿੰਘ ਚਮਕੀਲੇ ਦੀ ਬੜੀ ਚੜ੍ਹਾਈ ਸੀ। ਬਾਰਡਰ ਏਰੀਏ ਵਿੱਚ ਜਦੋਂ ਵੀ ਉਸਦਾ ਅਖਾੜਾ ਲੱਗਦਾ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਪਾਕਿਸਤਾਨ ਤੋਂ ਚੌਧਰੀ ਘੋੜੀਆਂ ਤੇ ਉਸ ਨੂੰ ਸੁਣਨ ਲਈ ਬਾਰਡਰ ਟੱਪ ਕੇ ਆਉਂਦੇ ਸਨ। ਉਹ ਚਮਕੀਲੇ ’ਤੇ ਨੋਟਾਂ ਦਾ ਮੀਂਹ ਵਰ੍ਹਾ ਦੇਂਦੇ ਸਨ। ਚਮਕੀਲੇ ਨੂੰ ਸਟੇਜ ਤੋਂ ਬੇਨਤੀ ਕਰਨੀ ਪੈਂਦੀ ਸੀ ਕਿ ਉਸ ਨੂੰ ਵੇਲਾਂ ਭਾਰਤੀ ਕਰੰਸੀ ਵਿੱਚ ਦਿੱਤੀਆਂ ਜਾਣ, ਕਿਉਂਕਿ ਪਾਕਿਸਤਾਨੀ ਕਰੰਸੀ ਉਸਦੇ ਕਿਸੇ ਕੰਮ ਨਹੀਂ ਸੀ ਆਉਂਦੀ।

ਸਮਗਲਰਾਂ ਦਾ ਆਪਸ ਵਿੱਚ ਬੜਾ ਸੌਂਕਣ ਸਾੜਾ ਚੱਲਦਾ ਸੀ। ਕਿਉਂਕਿ ਜਿਆਦਾਤਰ ਬਲੈਕੀਏ ਜੱਟ ਬਰਾਦਰੀ ਨਾਲ ਸੰਬੰਧ ਰੱਖਦੇ ਸਨ, ਇਸ ਲਈ ਦੂਸਰੇ ਦੀ ਤਰੱਕੀ ਉਹ ਬਰਦਾਸ਼ਤ ਨਹੀਂ ਕਰ ਪਾਉਂਦੇ ਸਨ। ਇਸ ਤਰ੍ਹਾਂ ਦਾ ਇੱਕ ਵਾਕਿਆ ਪਿੰਡ ਨੌਸ਼ਹਿਰਾ ਢਾਲਾ ਵਿੱਚ ਹੋਇਆ ਸੀ। ਉਸ ਪਿੰਡ ਦਾ ਜੱਦੀ ਪੁਸ਼ਤੀ ਸਰਦਾਰ ਹਰੀ ਸਿੰਘ ਸੰਧੂ ਸੀ (ਨਾਂ ਬਦਲਿਆ ਹੋਇਆ)। ਉਸ ਬਾਰੇ ਮਸ਼ਹੂਰ ਸੀ ਕਿ ਪਿੰਡ ਦੀ ਅੱਧੀ ਜਮੀਨ ਉਸਦੀ ਮਾਲਕੀ ਹੇਠ ਹੈ। ਪਰ ਉਸਦਾ ਮੁੱਖ ਧੰਦਾ ਬਲੈਕ ਕਰਨ ਦਾ ਸੀ। ਬਲੈਕੀਆਂ ਦਾ ਬਾਰਡਰ ’ਤੇ ਮਾਲ ਢੋਣ ਵਾਲੇ ਨੌਕਰਾਂ ਨੂੰ ਪਾਂਡੀ ਕਿਹਾ ਜਾਂਦਾ ਹੈ। ਪਾਂਡੀਆਂ ਦਾ ਕੰਮ ਬਾਰਡਰ ਤੋਂ ਮਾਲ ਚੁੱਕ ਕੇ ਲਿਆਉਣਾ ਤੇ ਬਾਰਡਰ ਤੇ ਮਾਲ ਛੱਡ ਕੇ ਆਉਣਾ ਹੁੰਦਾ ਸੀ। ਕਈ ਵਾਰ ਪਾਂਡੀ ਫੜੇ ਜਾਂਦੇ ਅਤੇ ਕਈ ਵਾਰ ਬੀ.ਐੱਸ.ਐੱਫ. ਦੀ ਗੋਲੀ ਦਾ ਸ਼ਿਕਾਰ ਵੀ ਹੋ ਜਾਂਦੇ ਸਨ। ਬੀ.ਐੱਸ.ਐੱਫ. ਅਤੇ ਪੁਲਿਸ ਨੂੰ ਕੇਸ ਦੇਣ ਵਾਸਤੇ ਵੱਡੇ ਬਲੈਕੀਏ ਕਈ ਵਾਰ ਆਪਣੇ ਪਾਂਡੀ ਨੂੰ ਥੋੜ੍ਹੇ ਬਹੁਤੇ ਮਾਲ ਸਮੇਤ ਆਪ ਹੀ ਫੜਾ ਦੇਂਦੇ ਸਨ। ਇਸ ਤਰ੍ਹਾਂ ਸਰਕਾਰ ਦੀਆਂ ਨਜ਼ਰਾਂ ਵਿੱਚ ਬੀ.ਐੱਸ.ਐੱਫ. ਅਤੇ ਪੁਲਿਸ ਦੀ ਕਾਰਕਰਦਗੀ ਵੀ ਪੈਂਦੀ ਰਹਿੰਦੀ ਸੀ। ਫੜੇ ਜਾਣ ’ਤੇ ਪਾਂਡੀ ਨੂੰ ਅਲੱਗ ਪੈਸੇ ਮਿਲਦੇ ਸਨ ਤੇ ਉਸਦਾ ਘਰ ਦਾ ਖਰਚ ਵੀ ਉਸਦਾ ਮਾਲਕ ਹੀ ਦੇਂਦਾ ਸੀ।

ਹਰੀ ਸਿੰਘ ਦੇ ਘਰ ਝਿਊਰਾਂ ਦਾ ਮੁੰਡਾ ਸਰਦੂਲ ਸਿੰਘ ਬਚਪਨ ਤੋਂ ਹੀ ਭਾਂਡੇ ਆਦਿ ਮਾਂਜਣ ਅਤੇ ਹੋਰ ਛੋਟੇ ਮੋਟੇ ਕੰਮ ਕਰਦਾ ਸੀ। ਉਸਦਾ ਛੋਟਾ ਨਾਂ ਸ਼ੂਲਾ ਸੀ। ਮਾਝੇ ਵਿੱਚ ਝਿਊਰਾਂ ਨੂੰ ਮਹਿਰੇ ਸਿੱਖ ਕਿਹਾ ਜਾਂਦਾ ਹੈ। ਸ਼ੂਲੇ ਦੀ ਮਾਂ ਹਰੀ ਸਿੰਘ ਦੇ ਘਰ ਰੋਟੀ ਟੁੱਕ ਦਾ ਕੰਮ ਕਰਦੀ ਸੀ। ਜਦੋਂ ਸ਼ੂਲਾ ਥੋੜ੍ਹਾ ਵੱਡਾ ਹੋਇਆ ਤਾਂ ਹਰੀ ਸਿੰਘ ਉਸ ਨੂੰ ਬਾਰਡਰ ’ਤੇ ਪਾਂਡੀ ਦੇ ਤੌਰ ’ਤੇ ਵਰਤਣ ਲੱਗ ਪਿਆ। ਸ਼ੂਲੇ ਵਿੱਚ ਦੋ ਬੜੇ ਭਾਰੀ ਗੁਣ ਸਨ, ਇੱਕ ਤਾਂ ਉਹ ਅੰਤਾਂ ਦਾ ਦਲੇਰ ਸੀ ਤੇ ਦੂਸਰਾ ਜ਼ੁਬਾਨ ਦਾ ਬੜਾ ਪੱਕਾ ਸੀ। ਦਸਾਂ ਬੰਦਿਆਂ ਨਾਲ ਵੀ ਉਹ ਇਕੱਲਾ ਹੀ ਭਿੜ ਜਾਂਦਾ ਸੀ। ਮਾੜੇ ਵਿਹਾਰ ਕਰਕੇ ਹਰੀ ਸਿੰਘ ਦੀ ਸ਼ੋਹਰਤ ਪਾਕਿਸਤਾਨੀ ਬਲੈਕੀਆਂ ਵਿੱਚ ਖਰਾਬ ਹੋ ਗਈ ਸੀ। ਦੋ ਤਿੰਨ ਵਾਰ ਪਾਕਿਸਤਾਨੀ ਚੌਧਰੀਆਂ ਨੂੰ ਬਲੈਕੀਆਂ ਦੀ ਪੰਚਾਇਤ ਇਕੱਠੀ ਕਰਕੇ ਉਸ ਕੋਲੋਂ ਮਾਲ ਦੇ ਪੈਸੇ ਕਢਾਉਣੇ ਪਏ ਸਨ। ਬਲੈਕ ਦਾ ਸਾਰਾ ਧੰਦਾ ਜ਼ੁਬਾਨ ’ਤੇ ਚੱਲਦਾ ਹੈ। ਜ਼ੁਬਾਨ ਦਾ ਪੱਕਾ ਬੰਦਾ ਲੱਖਾਂ ਦਾ ਮਾਲ ਵੀ ਚੁੱਕ ਲਵੇ ਤਾਂ ਉਸ ਨੂੰ ਕੋਈ ਨਾਂਹ ਨਹੀਂ ਕਰਦਾ। ਪਰ ਜੇ ਕਿਸੇ ਦਾ ਵਿਹਾਰ ਇੱਕ ਵਾਰ ਖਰਾਬ ਹੋ ਜਾਵੇ ਤਾਂ ਉਸ ਨੂੰ ਕੋਈ ਦੁੱਕੀ ਦਾ ਸਮਾਨ ਨਹੀਂ ਦੇਂਦਾ। ਵਿਹਾਰ ਦਾ ਵਧੀਆ ਹੋਣ ਕਰਕੇ ਚੌਧਰੀਆਂ ਦੇ ਲਿੰਕ ਹੌਲੀ ਹੌਲੀ ਸ਼ੂਲੇ ਨਾਲ ਵਧਦੇ ਗਏ ਤੇ ਉਹ ਹਰੀ ਸਿੰਘ ਤੋਂ ਉਹਲੇ ਛੱਪੇ ਸ਼ੂਲੇ ਨੂੰ ਵੀ ਮਾਲ ਦੇਣ ਲੱਗ ਪਏ। ਹੌਲੀ ਹੋਲ਼ੀ ਸ਼ੂਲਾ ਆਪਣਾ ਧੰਦਾ ਆਜਾਦ ਤੌਰ ’ਤੇ ਕਰਨ ਲੱਗ ਪਿਆ। ਇਸ ਨਾਲ ਹਰੀ ਸਿੰਘ ਅਤੇ ਸ਼ੂਲੇ ਵਿੱਚ ਫਿੱਕ ਪੈਣ ਲੱਗਾ, ਜੋ ਦੁਸ਼ਮਣੀ ਦਾ ਰੂਪ ਧਾਰਨ ਕਰ ਗਿਆ। ਹਰੀ ਸਿੰਘ ਵਾਸਤੇ ਇਹ ਗੱਲ ਹਜ਼ਮ ਕਰਨੀ ਬੜੀ ਔਖੀ ਸੀ ਕਿ ਕੱਲ੍ਹ ਤੱਕ ਉਸਦੇ ਘਰ ਭਾਂਡੇ ਮਾਂਜਣ ਵਾਲਾ ਅਤੇ ਉਸਦੀਆਂ ਲੱਤਾਂ ਘੁੱਟਣ ਵਾਲਾ ਝਿਊਰਾਂ ਦਾ ਮੁੰਡਾ ਚਿੱਟੇ ਕੱਪੜੇ ਪਹਿਨ ਕੇ ਉਸਦੇ ਬਰਾਬਰ ਬੈਠਣ ਲੱਗ ਜਾਵੇ।

ਆਪਣੀ ਜੁਬਾਨ ਦੇ ਸਿਰ ’ਤੇ ਸ਼ੂਲੇ ਨੇ ਆਪਣਾ ਧੰਧਾ ਬਹੁਤ ਤੇਜ਼ੀ ਨਾਲ ਵਧਾਇਆ। ਸ਼ੂਲਾ ਸਮਗਲਿੰਗ ਦੇ ਖੇਤਰ ਵਿੱਚ ਤੂਫਾਨ ਵਾਂਗ ਉੱਠਿਆ। ਥੋੜ੍ਹੇ ਚਿਰ ਵਿੱਚ ਹੀ ਉਸਦੀ ਗਿਣਤੀ ਚੋਟੀ ਦੇ ਬਲੈਕੀਆਂ ਵਿੱਚ ਹੋਣ ਲੱਗ ਪਈ। ਉਹ ਸ਼ੂਲਾ ਮਹਿਰਾ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਸਾਰੇ ਪਾਸੇ ਸ਼ੂਲਾ ਸ਼ੂਲਾ ਹੋਣ ਲੱਗ ਪਈ। ਉਸਨੇ 25-30 ਕਿੱਲੇ ਜਮੀਨ ਵੀ ਬੈਅ ਲੈ ਲਈ। ਉਸ ਵਿੱਚ ਇੱਕ ਹੋਰ ਗੁਣ ਸੀ ਕਿ ਉਹ ਪੈਸਾ ਖਰਚਣ ਲੱਗਾ ਅੱਗਾ ਪਿੱਛਾ ਨਹੀਂ ਸੀ ਵੇਖਦਾ। ਪੁਲਿਸ ਅਤੇ ਬੀ.ਐੱਸ.ਐੱਫ.ਵਾਲੇ ਉਸਦੀ ਬੜੀ ਇੱਜ਼ਤ ਕਰਦੇ ਸਨ, ਕਿਉਂਕਿ ਉਹ ਉਹਨਾਂ ਨੂੰ ਬਾਕੀ ਬਲੈਕੀਆਂ ਤੋਂ ਵੱਧ ਅਤੇ ਐਨ ਟਾਈਮ ਤੇ ਮਹੀਨਾ ਦਿੰਦਾ ਸੀ। ਸਿਪਾਹੀ ਤੋਂ ਲੈ ਕੇ ਅਫਸਰ ਤੱਕ ਉਸਨੇ ਕਦੇ ਕਿਸੇ ਨੂੰ ਪੈਸੇ ਤੋਂ ਨਾਂਹ ਨਹੀਂ ਸੀ ਕੀਤੀ। ਉਹਨਾਂ ਹੀ ਦਿਨਾਂ ਵਿੱਚ ਲਾਹੌਰ ਕਿਸੇ ਬਲੈਕੀਏ ਦੇ ਮੁੰਡੇ ਦਾ ਵਿਆਹ ਸੀ। ਉੱਥੇ ਬਾਕੀ ਬਲੈਕੀਆਂ ਦੇ ਨਾਲ ਨਾਲ ਹਰੀ ਸਿੰਘ ਅਤੇ ਸ਼ੂਲਾ ਵੀ ਬਰਾਤ ਵਿੱਚ ਸੱਦੇ ਗਏ ਸਨ। ਜਦੋਂ ਮੁਜਰਾ ਸ਼ੁਰੂ ਹੋਇਆ ਤਾਂ ਸ਼ੂਲਾ ਜਾਣ ਬੁੱਝ ਕੇ ਹਰੀ ਸਿੰਘ ਦੇ ਸਾਹਮਣੇ ਬੈਠ ਗਿਆ। ਬਲੈਕੀਏ ਨੱਚਣ ਵਾਲੀ ਤੋਂ ਨੋਟ ਵਾਰਨ ਲੱਗੇ। ਸ਼ੂਲਾ ਦਿਖਾ ਦਿਖਾ ਕੇ ਹਰੀ ਸਿੰਘ ਤੋਂ ਵੱਧ ਨੋਟ ਨੱਚਣ ਵਾਲੀ ਤੋਂ ਵਾਰਨ ਲੱਗਾ। ਜੇ ਹਰੀ ਸਿੰਘ 50 ਦੇਵੇ ਤਾਂ ਉਹ 100 ਦੇਵੇ। ਫਰਸ਼ ਉੱਤੇ ਨੋਟਾਂ ਦਾ ਢੇਰ ਲੱਗ ਗਿਆ। ਪੈਸੇ ਵਾਰ ਵਾਰ ਕੇ ਸ਼ੂਲੇ ਨੇ ਹਰੀ ਸਿੰਘ ਦੀਆਂ ਜੇਬਾਂ ਖਾਲੀ ਕਰਵਾ ਦਿੱਤੀਆਂ। ਨੱਚਣ ਵਾਲੀ ਵੀ ਨੋਟਾਂ ਦਾ ਮੀਂਹ ਵਰ੍ਹਦਾ ਵੇਖ ਕੇ ਸ਼ੂਲੇ ਦੇ ਆਲੇ ਦੁਆਲੇ ਹੀ ਠੁਮਕੇ ਲਾਈ ਜਾਂਦੀ ਸੀ। ਜਦੋਂ ਹਰੀ ਸਿੰਘ ਸ਼ੂਲੇ ਦਾ ਪੈਸੇ ਵਾਰਨ ਵਿੱਚ ਮੁਕਾਬਲਾ ਨਾ ਕਰ ਸਕਿਆ ਤਾਂ ਖਿਝ ਕੇ ਸ਼ੂਲੇ ਦੇ ਗਲ਼ ਪੈ ਗਿਆ। ਸਿਆਣੇ ਬੰਦਿਆਂ ਨੇ ਵਿੱਚ ਪੈ ਕੇ ਲੜਾਈ ਤਾਂ ਨਾ ਹੋਣ ਦਿੱਤੀ ਪਰ ਦੋਵੇਂ ਗਾਲ੍ਹੋ ਗਾਲ੍ਹੀ ਬਹੁਤ ਹੋਏ।

ਹਰੀ ਸਿੰਘ ਵਾਸਤੇ ਇਹ ਬੇਇੱਜ਼ਤੀ ਬਰਦਾਸ਼ਤ ਕਰਨੀ ਬੜੀ ਔਖੀ ਸੀ। ਪਿੰਡ ਵਾਪਸ ਆ ਕੇ ਦੋਹਵਾਂ ਧਿਰਾਂ ਨੇ ਲੜਾਈ ਦਾ ਦਿਨ ਮਿਥ ਲਿਆ। ਦੋਹਵਾਂ ਨੇ ਭਾਰੀ ਮਾਤਰਾ ਵਿੱਚ ਅਸਲ੍ਹਾ ਅਤੇ ਹਮਾਇਤੀ ਇਕੱਠੇ ਕਰ ਲਏ। ਮਿਥੇ ਦਿਨ ਬੜੀ ਜੰਮ ਕੇ ਲੜਾਈ ਹੋਈ। । ਬਾਅਦ ਵਿੱਚ ਲੋਕ ਦੱਸਦੇ ਸਨ ਕਿ ਗੋਲੀਆਂ ਚੱਲਣ ਦੀ ਆਵਾਜ਼ ਇਸ ਤਰ੍ਹਾਂ ਆਉਂਦੀ ਸੀ, ਜਿਵੇਂ 1971 ਦੀ ਜੰਗ ਲੱਗੀ ਹੋਵੇ। ਕਾਫੀ ਦੇਰ ਗੋਲੀ ਚਲਦੀ ਰਹੀ। ਮਰਿਆ ਤਾਂ ਕੋਈ ਨਹੀਂ, ਪਰ ਜ਼ਖਮੀ ਬੜੇ ਹੋਏ। ਸ਼ੂਲੇ ਦੀ ਅੱਖ ਵਿੱਚ 12 ਬੋਰ ਦੇ ਸ਼ਰ੍ਹੇ ਲੱਗ ਗਏ। ਇਸ ਕਰਕੇ ਹਮੇਸ਼ਾ ਲਈ ਉਸਦੀ ਅੱਖ ਜਾਂਦੀ ਰਹੀ। ਆਖਿਰ ਜ਼ਿਆਦਾ ਨੁਕਸਾਨ ਹੋਣ ਦੇ ਡਰੋਂ ਪਿੰਡ ਵਾਲਿਆਂ ਨੇ ਬੜੀ ਮੁਸ਼ਕਿਲ ਨਾਲ ਦੋਵਾਂ ਧਿਰਾਂ ਨੂੰ ਵਰਜ ਕੇ ਗੋਲੀਬਾਰੀ ਬੰਦ ਕਰਾਈ। ਦੋਹਾਂ ਧਿਰਾਂ ਨੇ ਆਪੋ ਆਪਣੇ ਬੰਦੇ ਸਾਂਭ ਲਏ। ਕੋਈ ਵੀ ਥਾਣੇ ਰਿਪੋਰਟ ਲਿਖਾਉਣ ਨਾ ਗਿਆ। ਜਦੋਂ ਸਬੰਧਿਤ ਥਾਣੇ ਵਿੱਚ ਮੁਖਬਰਾਂ ਨੇ ਬਲੈਕੀਆਂ ਦੀ ਜੰਗ ਬਾਰੇ ਖਬਰ ਪਹੁੰਚਾਈ ਤਾਂ ਪੁਲੀਸ ਦੀਆਂ ਵਰਾਛਾਂ ਖਿੜ ਗਈਆਂ। ਚੌਕੀਦਾਰ ਰਾਹੀਂ ਪਿੰਡ ਸੁਨੇਹਾ ਭੇਜਿਆ ਗਿਆ ਕਿ ਕੱਲ੍ਹ ਨੂੰ ਐੱਸ.ਐੱਚ.ਓ. ਸਾਹਿਬ ਮੌਕਾ ਵੇਖਣ ਆਉਣਗੇ।

ਅਗਲੇ ਦਿਨ ਸਵੇਰੇ ਹੀ ਥਾਣਾ ਮੁਖੀ ਠਾਠਾ ਬੰਨ੍ਹਕੇ ਨੌਸ਼ਹਿਰੇ ਢਾਲੇ ਪਹੁੰਚ ਗਿਆ। ਪਹਿਲਾਂ ਉਹ ਹਰੀ ਸਿੰਘ ਖਾਨਦਾਨੀ ਸਰਦਾਰ ਦੇ ਘਰ ਗਿਆ। ਹਰੀ ਸਿੰਘ ਨੇ ਸਰਦਾਰੀ ਆਕੜ ਵਿੱਚ ਪੁਲਿਸ ਨੂੰ ਕੋਈ ਬਹੁਤਾ ਮਹੱਤਵ ਨਾ ਦਿੱਤਾ। ਉਸਨੇ ਆਪਣੇ ਚੌਬਾਰਿਆਂ ਵਿੱਚ ਜਲ੍ਹਿਆਂਵਾਲੇ ਬਾਗ ਵਾਂਗ ਵੱਜੀਆਂ ਗੋਲੀਆਂ ਦੇ ਨਿਸ਼ਾਨ ਵਿਖਾ ਕੇ ਫੋਕਾ ਪਾਣੀ ਪਿਆ ਕੇ ਪੁਲਿਸ ਨੂੰ ਤੋਰ ਦਿੱਤਾ। ਉਸਨੇ ਪੁਲਿਸ ਪਾਰਟੀ ਨੂੰ ਚੰਗੀ ਤਰ੍ਹਾਂ ਬੈਠਣ ਵਾਸਤੇ ਵੀ ਨਾ ਕਿਹਾ। ਫਿਰ ਪੁਲਿਸ ਸ਼ੂਲੇ ਦੇ ਘਰ ਪਹੁੰਚ ਗਈ। ਸ਼ੂਲੇ ਨੇ ਜ਼ਖਮੀ ਹੋਣ ਦੇ ਬਾਵਜੂਦ ਪੁਲਿਸ ਦੀ ਰੱਜ ਕੇ ਸੇਵਾ ਕੀਤੀ। ਚਾਹ ਪਾਣੀ ਪਿਆ ਕੇ ਸਾਰੀ ਪੁਲਿਸ ਪਾਰਟੀ ਦੀਆਂ ਜੇਬਾਂ ਰੈਂਕ ਮੁਤਾਬਿਕ ਗਰਮ ਕਰ ਦਿੱਤੀਆਂ।

ਲੜਾਈ ਦਾ ਮੌਕਾ ਵੇਖਕੇ ਪੁਲਿਸ ਪਾਰਟੀ ਸੱਥ ਵਿੱਚ ਆ ਬੈਠੀ। ਰਿਪੋਰਟ ਤਾਂ ਕਿਸੇ ਨੇ ਲਿਖਾਈ ਨਹੀਂ ਸੀ, ਪਰਚਾ ਕੀ ਦਰਜ਼ ਹੋਣਾ ਸੀ। ਵੈਸੇ ਵੀ ਪੁਲਿਸ ਜਿਹੜੇ ਕੰਮ ਆਈ ਸੀ, ਉਹ ਸ਼ੂਲੇ ਨੇ ਕਰ ਹੀ ਦਿੱਤਾ ਸੀ। ਪਰ ਐੱਸ.ਐੱਚ.ਓ. ਹਰੀ ਸਿੰਘ ਵੱਲੋਂ ਦਿਖਾਈ ਖੁਸ਼ਕੀ ਕਾਰਨ ਖਿਝਿਆ ਬੈਠਾ ਸੀ। ਸੱਥ ਵਿੱਚ ਪੰਚਾਇਤ ਅਤੇ ਸਾਰਾ ਪਿੰਡ ਜੁੜਿਆ ਖੜ੍ਹਾ ਸੀ॥ ਹਰੀ ਸਿੰਘ ਤੇ ਸ਼ੂਲਾ ਵੀ ਆਣ ਪਹੁੰਚੇ॥ ਹਾਲਾਂਕਿ ਥਾਣਾ ਮੁਖੀ ਦੋਵਾਂ ਨੂੰ ਹੀ ਚੰਗੀ ਤਰ੍ਹਾਂ ਜਾਣਦਾ ਸੀ, ਪਰ ਫਿਰ ਵੀ ਫਾਰਮੈਲਟੀ ਖਾਤਰ ਸਰਪੰਚ ਦੋਵਾਂ ਦੀ ਇੰਟਰੋਡਕਸ਼ਨ ਐੱਸ.ਐੱਚ.ਓ. ਨੂੰ ਦੇਣ ਲੱਗਾ, “ਠਾਣੇਦਾਰ ਸਾਹਿਬ, ਇਹ ਨੇ ਸਾਡੇ ਪਿੰਡ ਦੇ ਜੱਦੀ ਪੁਸ਼ਤੀ ਸਰਦਾਰ ਹਰੀ ਸਿੰਘ ਜੀ, ਤੇ ਆਹ ਹੈ ਸਾਡੇ ਪਿੰਡ ਦੇ ਮਹਿਰਿਆਂ ਦਾ ਮੁੰਡਾ ਸ਼ੂਲਾ।

ਐੱਸ.ਐੱਚ.ਓ. ਨੂੰ ਬਦਲਾ ਲੈਣ ਦਾ ਮੌਕਾ ਮਿਲ ਗਿਆ। ਉਹ ਇੱਕਦਮ ਕੁਰਸੀ ’ਤੇ ਸਿੱਧਾ ਹੋ ਕੇ ਬੈਠਦਾ ਹੋਇਆ ਬੋਲਿਆ, “ਬੱਸ ਸਰਪੰਚਾ, ਬੱਸ, ਹਰੀ ਸਿੰਘ ਕਾਹਦਾ ਸਰਦਾਰ ਐ, ਜਿਸਨੇ ਘਰ ਗਿਆਂ ਨੂੰ ਸਾਨੂੰ ਚਾਹ ਵੀ ਨਹੀਂ ਪੁੱਛੀ? ਸਾਡੇ ਭਾਅ ਦਾ ਤਾਂ ਅਸਲੀ ਸਰਦਾਰ ਆ ਸ਼ੂਲਾ, ਜਿਸਨੇ ਘਰ ਗਿਆਂ ਦੀ ਸਾਡੀ ਰੱਬ ਜਿੰਨੀ ਸੇਵਾ ਕੀਤੀ ਐ। ਨਾਲੇ ਇਸਦਾ ਨਾਂ ਇੱਜ਼ਤ ਨਾਲ ਸਰਦੂਲ ਸਿੰਘ ਲਿਆ ਕਰ।

ਇਹ ਸੁਣਕੇ ਹਰੀ ਸਿੰਘ ਦੇ ਸਿਰ ਸੌ ਘੜਾ ਪਾਣੀ ਪੈ ਗਿਆ। ਉਸਦਾ ਜੀ ਕਰੇ ਕਿ ਕਿਤੇ ਧਰਤੀ ਪਾਟ ਜਾਵੇ ਤੇ ਉਹ ਉਸ ਵਿੱਚ ਸਮਾ ਜਾਵੇ।

*****

(270) ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author