BalrajSidhu7ਪੈਸੇ ਕਿਹੜਾ ਨਹੀਂ ਲੈਂਦਾ ਇਸ ਜ਼ਮਾਨੇ ’ਚਤੁਸੀਂ ਦਸ ਸਾਲ ਪਹਿਲਾਂ ਸੈਕਲ ’ਤੇ ਦੁੱਧ ਢੋਂਦੇ ਹੁੰਦੇ ਸੀ, ਅੱਜ 100 ਬੱਸਾਂ ...)
(7 ਜੁਲਾਈ 2022)
ਮਹਿਮਾਨ: 568.


ਪੰਜਾਬ ਦੀ ਮੌਜੂਦਾ ਸਰਕਾਰ ਜ਼ੋਰ ਸ਼ੋਰ ਨਾਲ ਘਪਲੇਬਾਜ਼ਾਂ ਦੇ ਪਿੱਛੇ ਪਈ ਹੋਈ ਹੈ
ਕਈ ਸਾਬਕਾ ਮੰਤਰੀਆਂ ਅਤੇ ਐੱਮ.ਐੱਲ.ਏਜ਼ ਸਮੇਤ ਅਨੇਕਾਂ ਵੱਡੇ ਅਫਸਰ ਜੇਲ੍ਹ ਯਾਤਰਾ ’ਤੇ ਚਲੇ ਗਏ ਹਨ ਤੇ ਕਈ ਹੋਰਾਂ ’ਤੇ ਸ਼ਨੀ ਦੀ ਦਸ਼ਾ ਭਾਰੀ ਚੱਲ ਰਹੀ ਹੈਅਜਿਹੇ ਮਾਹੌਲ ਵਿੱਚ ਪੁਰਾਣੀਆਂ ਸਰਕਾਰਾਂ ਵਿੱਚ ਮੰਤਰੀ ਰਹੇ ਦੋ ਮਹਾਂਪੁਰਖਾਂ ਦੀਆਂ ਟੋਟਕੇ ਨੁਮਾ ਕਹਾਣੀਆਂ ਦਾ ਲੋਕ ਸਵਾਦ ਲੈ ਰਹੇ ਹਨ ਜੋ ਕਈ ਦਿਨਾਂ ਤਕ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਸਨਉਹ ਦੋਵੇਂ ਆਪਣੇ ਸਮੇਂ ਦੀਆਂ ਸਰਕਾਰਾਂ ਵਿੱਚ ਬੇਹੱਦ ਮਲਾਈਦਾਰ ਮਹਿਕਮਿਆਂ ਦੇ ਮਾਲਕ ਰਹੇ ਸਨ ਪਰ ਹੁਣ ਸਵੇਰੇ ਸਵੇਰ ਹੀ ਅਖਬਾਰਾਂ ਚੈੱਕ ਕਰਨ ਲੱਗ ਜਾਂਦੇ ਹਨ ਕਿ ਹੇ ਰੱਬਾ ਸੁੱਖ ਹੋਵੇ ਸਹੀਉਨ੍ਹਾਂ ਵਿੱਚੋਂ ਇੱਕ ਮੰਤਰੀ ਜੋ ਕਿਸੇ ਸਕੈਂਡਲ ਵਿੱਚ ਫਸ ਜਾਣ ਕਾਰਨ ਪਿਛਲੇ ਕਈ ਸਾਲ ਤੋਂ ਸਿਆਸੀ ਬਣਵਾਸ ਕੱਟ ਰਿਹਾ ਹੈ, ਵਜ਼ਾਰਤ ਸਮੇਂ ਆਪਣੇ ਹਲਕੇ ਦੇ ਇੱਕ ਥਾਣੇਦਾਰ ਦੇ ਪਿੱਛੇ ਪੈ ਗਿਆਅੱਗੋਂ ਥਾਣੇਦਾਰ ਵੀ ਪੂਰਾ ਘੁਰਲੀ ਘੈਂਟ ਸੀਉਹ ਆਪਣੇ ਇੱਕ ਰਿਸ਼ਤੇਦਾਰ ਹੀਰਾ ਸਿੰਘ (ਕਾਲਪਨਿਕ ਨਾਮ) ਨੂੰ ਲੈ ਕੇ ਤੜਕੇ ਹੀ ਮੰਤਰੀ ਦੀ ਕੋਠੀ ਜਾ ਵੱਜਿਆਹੀਰਾ ਸਿੰਘ ਮੰਤਰੀ ਦਾ ਹਲਕੇ ਵਿੱਚ ਸਭ ਤੋਂ ਨਜ਼ਦੀਕੀ ਬੰਦਾ ਸੀ ਤੇ ਉਸ ਦੀ ਇਲੈਕਸ਼ਨ ਵਿੱਚ ਪੈਸੇ ਵੀ ਠੋਕ ਕੇ ਖਰਚਦਾ ਸੀ

ਥਾਣੇਦਾਰ ਨੂੰ ਵੇਖਦੇ ਸਾਰ ਮੰਤਰੀ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਚੜ੍ਹ ਗਿਆ ਤੇ ਉਹ ਹੀਰਾ ਸਿੰਘ ਦੀ ਪ੍ਰਵਾਹ ਕੀਤੇ ਬਗੈਰ ਅਬਾ ਤਬਾ ਬੋਲਣ ਲੱਗ ਪਿਆਮੰਤਰੀ ਕੋਲ ਇਲਾਕੇ ਦੇ ਹੋਰ ਵੀ ਬੰਦੇ ਬੈਠੇ ਹੋਣ ਕਾਰਨ ਹੀਰਾ ਸਿੰਘ ਆਪਣੀ ਬੇਇੱਜ਼ਤੀ ਮੰਨ ਗਿਆ ਕਿਉਂਕਿ ਉਹ ਆਪਣੇ ਆਪ ਨੂੰ ਮੰਤਰੀ ਦਾ ਸਭ ਤੋਂ ਖਾਸ ਫੀਲ੍ਹਾ ਸਮਝਦਾ ਸੀਉਹ ਮੰਤਰੀ ਨੂੰ ਸਿੱਧਾ ਹੋ ਗਿਆ, “ਮੰਤਰੀ ਸਾਹਿਬ, ਅਸੀਂ ਇੱਥੇ ਆਪਣੀ ਬੇਇੱਜ਼ਤੀ ਕਰਾਉਣ ਲਈ ਨਹੀਂ ਆਏਪਹਿਲਾਂ ਸਾਡੀ ਗੱਲ ਤਾਂ ਸੁਣ ਲਉ।” ਹੀਰਾ ਸਿੰਘ ਨੂੰ ਤੱਤਾ ਹੁੰਦਾ ਵੇਖ ਕੇ ਮੰਤਰੀ ਕੁਝ ਢਿੱਲਾ ਪੈ ਗਿਆਇਲੈੱਕਸ਼ਨ ਸਿਰ ’ਤੇ ਸੀ ਤੇ ਅਜਿਹੇ ਮੌਕੇ ਹੀਰਾ ਸਿੰਘ ਵਰਗੇ ਮੋਹਤਬਰਾਂ ਨਾਲ ਲਿਆ ਪੰਗਾ ਮਹਿੰਗਾ ਪੈ ਸਕਦਾ ਸੀਉਹ ਖਸਿਆਣੀ ਜਿਹੀ ਹਾਸੀ ਹੱਸ ਕੇ ਬੋਲਿਆ, “ਹੀਰਾ ਸਿਆਂ ਪੰਜਾਹ ਸ਼ਕੈਤਾਂ ਨੇ ਇਸ ਬੰਦੇ ਦੀਆਂ ਮੇਰੇ ਕੋਲਇਹ ਤਾਂ ਕੰਮ ਈ ਨਹੀਂ ਕਰਦਾ ਕਿਸੇ ਦਾ ਪੈਸੇ ਲਏ ਬਗੈਰਪਰਸੋਂ ਮੇਰੇ ਪੀਏ ਨੇ ਧਾਰੀਪੁਰ ਦੇ ਸਰਪੰਚ ਦੇ ਕਿਸੇ ਕੰਮ ਬਾਰੇ ਇਹਨੂੰ ਫੋਨ ਕੀਤਾ ਸੀ, ਉਹਤੋਂ ਵੀ 20000 ਰੁਪਇਆ ਲੈ ਲਿਆ ਇਨ੍ਹੇਮਾਸਾ ਸ਼ਰਮ ਨਹੀਂ ਕੀਤੀ ਮੇਰੀ।”

ਹੀਰਾ ਸਿੰਘ ਮੰਤਰੀ ਦਾ ਮਾੜੇ ਸਮਿਆਂ ਦਾ ਯਾਰ ਸੀ ਤੇ ਉਸ ਦੀ ਰਗ ਰਗ ਤੋਂ ਵਾਕਿਫ ਸੀਉਹ ਹਰਖ ਕੇ ਬੋਲਿਆ, “ਮੰਤਰੀ ਸਾਹਿਬ ਪੈਸੇ ਕਿਹੜਾ ਨਹੀਂ ਲੈਂਦਾ ਇਸ ਜ਼ਮਾਨੇ ’ਚ? ਤੁਸੀਂ ਦਸ ਸਾਲ ਪਹਿਲਾਂ ਸੈਕਲ ’ਤੇ ਦੁੱਧ ਢੋਂਦੇ ਹੁੰਦੇ ਸੀ, ਅੱਜ 100 ਬੱਸਾਂ, 250 ਕਿੱਲੇ ਜ਼ਮੀਨ, ਚੰਡੀਗੜ੍ਹ ਵਿੱਚ ਮਹਿਲ ਵਰਗੀ ਕੋਠੀ ਤੇ ਪਤਾ ਨਹੀਂ ਹੋਰ ਕੀ ਕੀ ਲੱਲੜ ਭੱਲੜ ਬਣਾਈ ਬੈਠੇ ਓਂਦਰਿਆ ਦੀ ਸਾਰੀ ਮੰਡ ਵਾਹ ਲਈ ਆ ਤੁਸੀਂਮੈਂ ਆਪ ਵੀਹ ਵੀਹ ਟਰੈਕਟਰ ਭੇਜਦਾ ਰਿਆਂ ਉੱਥੇ ਪੱਲਿਉਂ ਤੇਲ ਪਾ ਕੇ।” ਮੰਤਰੀ ਇੱਕ ਦਮ ਠੰਢਾ ਪੈ ਗਿਆ ਪਰ ਸੀ ਸਿਰੇ ਦਾ ਢੀਠਉਹ ਬੁੱਲ੍ਹਾਂ ’ਤੇ ਸ਼ੈਤਾਨੀ ਭਰੀ ਮੁਸਕਾਨ ਲਿਆ ਕੇ ਬੋਲਿਆ, “ਛੱਡ ਪਰ੍ਹਾਂ ਹੀਰਾ ਸਿਆਂ ਪੁਰਾਣੀਆਂ ਗੱਲਾਂ, ਬਹੁਤਾ ਗੁੱਸਾ ਨਹੀਂ ਕਰੀਦਾ ਹੁੰਦਾਹੁਣ ਮੰਤਰੀ ਨੇ ਬੱਸਾਂ ਈ ਪਾਉਣੀਆਂ ਹੁੰਦੀਆਂ ਨੇ, ਹੋਰ ਦੱਸ ਮੈਂ ਕੀ ਖੱਚਰ ਰੇਹੜੀਆਂ ਪਾਵਾਂ? ਜਾ ਉਏ ਠਾਣੇਦਾਰਾ, ’ਗਾਂਹ ਤੋਂ ਧਿਆਨ ਰੱਖੀਂਬੰਦਾ ਕੁਬੰਦਾ ਵੇਖ ਲਿਆ ਕਰ।” ਉਸ ਨੇ ਮਸਾਂ ਹੀਰਾ ਸਿੰਘ ਨੂੰ ਗਲੋਂ ਲਾਹਿਆ

ਦੂਸਰੇ ਸਾਬਕਾ ਮੰਤਰੀ ਸਾਹਿਬ ਦੀ ਕਹਾਣੀ ਤਾਂ ਹੋਰ ਵੀ ਦਿਲਚਸਪ ਹੈਉਸ ਨੇ ਆਪਣੇ ਇਲਾਕੇ ਵਿੱਚ ਪੰਚਾਇਤ ਮਹਿਕਮੇ ਨਾਲ ਸਬੰਧਿਤ ਇੱਕ ਮਹਾਂ ਭ੍ਰਿਸ਼ਟ ਅਫਸਰ ਨੂੰ ਤਕੜੀ ਮਲਾਈਦਾਰ ਪੋਸਟ ’ਤੇ ਲਗਾਇਆ ਹੋਇਆ ਸੀਉੱਪਰੋਂ ਸਿਤਮ ਦੀ ਗੱਲ ਇਹ ਸੀ ਕਿ ਉਸ ਅਫਸਰ ’ਤੇ ਮੋਗੇ ਜ਼ਿਲ੍ਹੇ ਦੇ ਕਿਸੇ ਥਾਣੇ ਵਿੱਚ ਪੰਚਾਇਤ ਵਿਭਾਗ ਦੇ ਕਰੋੜਾਂ ਰੁਪਏ ਖੁਰਦ ਬੁਰਦ ਕਰਨ ਦਾ ਮੁਕੱਦਮਾ ਦਰਜ਼ ਸੀ ਜਿਸ ਵਿੱਚ ਉਸ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀਹੁਣ ਜਿਸਦੇ ਸਿਰ ’ਤੇ ਐਨੇ ਸੀਨੀਅਰ ਮੰਤਰੀ ਦੀ ਛਤਰ ਛਾਇਆ ਹੋਵੇ ਉਸ ਵੱਲ ਤਾਂ ਰੱਬ ਵੀ ਨਹੀਂ ਤਕ ਸਕਦਾ, ਫਿਰ ਵਿਚਾਰੀ ਪੁਲਿਸ ਦੀ ਕੀ ਔਕਾਤ ਹੈਉਸ ਤਜ਼ਰਬੇਕਾਰ ਤੇ ਹੰਢੇ ਵਰਤੇ ਘਾਗ ਅਫਸਰ ਨੇ ਆਉਂਦੇ ਸਾਰ ਸਰਕਾਰੀ ਫੰਡਾਂ ਨੂੰ ਪਿੰਡਾਂ ਦੇ ਵਿਕਾਸ ਲਈ ਖਰਚਣ ਦੀ ਬਜਾਏ ਇੱਧਰ ਉੱਧਰ ਐਡਜਸਟ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਨੂੰ ਲਿਆਂਦਾ ਹੀ ਇਸ ਕੰਮ ਲਈ ਗਿਆ ਸੀਜਦੋਂ ਸਰਪੰਚਾਂ ਨੇ ਹਾਲ ਪਾਹਰਿਆ ਮਚਾਈ ਤਾਂ ਇਹ ਖਬਰ ਪੱਤਰਕਾਰਾਂ ਤਕ ਵੀ ਪਹੁੰਚ ਗਈਇੱਕ ਦਿਨ ਮੰਤਰੀ ਇਲਾਕੇ ਦੇ ਦੌਰੇ ’ਤੇ ਸੀ ਤੇ ਉਹ ਅਫਸਰ ਉਸ ਦਾ ਸਕਾ ਬਣ ਕੇ ਗੱਡੀ ਵਿੱਚ ਨਾਲ ਬੈਠਾ ਹੋਇਆ ਸੀਐਨਾ ਘੋਰ ਕਲਯੁੱਗ ਵੇਖ ਕੇ ਪੱਤਰਕਾਰਾਂ ਨੇ ਮੰਤਰੀ ਨੂੰ ਘੇਰ ਲਿਆ, “ਮੰਤਰੀ ਸਾਹਿਬ ਇਹ ਧਾਡੀ ਕੀ ਲੀਲਾ ਆ? ਹੱਦ ਹੋ ਗਈ, ਮੋਗੇ ਦਾ ਭਗੌੜਾ ਮੁਲਜ਼ਿਮ ਤੁਸੀਂ ਸਾਰੇ ’ਲਾਕੇ ਦਾ ਮਾਲਕ ਬਣਾਇਆ ਹੋਇਆ ਆਬਜਾਏ ਇਹਨੂੰ ਪੁਲਿਸ ਦੇ ਹਵਾਲੇ ਕਰਨ ਦੇ ਆਪਣੀ ਗੱਡੀ ਵਿੱਚ ਬਿਠਾਈ ਫਿਰਦੇ ਓਸਾਰੇ ’ਲਾਕੇ ਵਿੱਚ ਲਾ ਲਾ ਹੋਈ ਪਈ ਆ ਕਿ ਧਾਡੀ ਇਹਦੇ ਨਾਲ ਹਿੱਸਾ ਪੱਤੀ ਆ।”

ਹੁਣ ਉਹ ਲੀਡਰ ਹੀ ਕੀ ਹੋਇਆ ਜਿਸ ਕੋਲ ਹਰ ਸਵਾਲ ਦਾ ਜਵਾਬ ਨਾ ਹੋਵੇ? ਪੱਤਰਕਾਰਾਂ ਵੱਲੋਂ ਲਗਾਏ ਗਏ ਐਨੇ ਵੱਡੇ ਇਲਜ਼ਾਮ ਦੇ ਬਾਵਜੂਦ ਮੰਤਰੀ ਦੇ ਚਿਹਰੇ ’ਤੇ ਸ਼ਿਕਨ ਨਾ ਆਈ, “ਉਏ ਗੱਲ ਸੁਣੋ ਮੇਰੀ, ਐਵੇਂ ਅਫਵਾਹਾਂ ਨਹੀਂ ਫੈਲਾਈ ਦੀਆਂ ਹੁੰਦੀਆਂਸਰਕਾਰ ਦੇ ਕੰਮ ਕਾਜ ਵਿੱਚ ਨੱਕ ਘਸੋੜਨ ਦੀ ਬਜਾਏ ਆਪਣੀ ਪੱਤਰਕਾਰੀ ਕਰਿਆ ਕਰੋ ’ਰਾਮ ਨਾਲਸਭ ਪਤਾ ਮੈਨੂੰ ਇਹਦੀਆਂ ਕਰਤੂਤਾਂ ਬਾਰੇਇਹਨੂੰ ਇੱਥੇ ਇਸ ਲਈ ਲਾਇਆ ਹੋਇਆ ਆ ਤਾਂ ਜੋ ਇਹ ਮੇਰੀ ਨਿਗ੍ਹਾ ਹੇਠ ਰਹੇ ਤੇ ਠੱਗੀਆਂ ਨਾ ਮਾਰ ਸਕੇ।” ਮੰਤਰੀ ਦੇ ਦਿਲ ਵਿੱਚ ਗਰੀਬ ਜਨਤਾ ਪ੍ਰਤੀ ਹਿਲੋਰੇ ਮਾਰ ਰਹੇ ਦਰਦ ਨੂੰ ਮਹਿਸੂਸ ਕਰ ਕੇ ਕਈਆਂ ਦੇ ਨੈਣ ਕਟੋਰੇ ਭਰ ਆਏ, ਕਈ ਮੂਰਖ ਹੱਸ ਪਏ ਪਰ ਸਿਆਣੇ ਰੋਣ ਲੱਗ ਪਏਅੱਜ ਕੱਲ੍ਹ ਪਤਾ ਨਹੀਂ ਉਹ ਭਗੌੜਾ ਅਫਸਰ ਕਿੱਥੇ ਤਾਇਨਾਤ ਹੈ? ਪਕੜਿਆ ਗਿਆ ਹੈ ਜਾਂ ਅਜੇ ਕਿਤੇ ਤਨ, ਮਨ ਅਤੇ ਧੰਨ ਨਾਲ ਪੰਜਾਬ ਦੀ ਸੇਵਾ ਨਿਭਾ ਰਿਹਾ ਹੈ

ਰੱਬ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ, ਪਰ ਲੁਧਿਆਣੇ ਜ਼ਿਲ੍ਹੇ ਦੇ ਇੱਕ ਮੂੰਹ ਫੱਟ ਸਾਬਕਾ ਮੰਤਰੀ ਨੂੰ ਉਹ ਜ਼ਰੂਰ ਨੇੜੇ ਹੋ ਕੇ ਮਿਲਿਆ ਹੈਕੁਝ ਸਾਲ ਪਹਿਲਾਂ ਉਸ ਦੀ ਇੱਕ ਡੀ.ਐੱਸ.ਪੀ. ਨਾਲ ਹੋਈ ਤੂੰ ਤੂੰ ਮੈਂ ਮੈਂ ਦੀ ਆਡੀਉ ਅਤਿਅੰਤ ਵਾਇਰਲ ਹੋਈ ਸੀਪਤਾ ਨਹੀਂ ਉਹ ਆਡੀਉ ਸਹੀ ਸੀ ਜਾਂ ਜਾਅਲੀ, ਪਰ ਉਸ ਵਿੱਚ ਉਹ ਕਿਸੇ ਬਦਮਾਸ਼ ਵਰਗੀ ਭਾਸ਼ਾ ਵਰਤਦੇ ਹੋਏ ਉਸ ਡੀ.ਐੱਸ.ਪੀ. ਨੂੰ ਪਾਨ ਸੁਪਾਰੀ ਵਾਂਗ ਚਿੱਥ ਦੇਣ ਦੀਆਂ ਧਮਕੀਆਂ ਦੇ ਰਿਹਾ ਸੀਜਦੋਂ ਡੀ.ਐੱਸ.ਪੀ. ਨਿਮਰਤਾ ਨਾਲ ਬੇਨਤੀ ਕਰਦਾ ਹੈ ਕਿ ਉਹ ਇਹ ਕੰਮ ਮਾਣਯੋਗ ਹਾਈਕੋਰਟ ਦੇ ਹੁਕਮਾਂ ਨਾਲ ਕਰ ਰਿਹਾ ਹੈ ਤਾਂ ਅੱਗੋਂ ਤਾਕਤ ਦੇ ਨਸ਼ੇ ਵਿੱਚ ਅੰਨ੍ਹਾ ਹੋਇਆ ਮੰਤਰੀ ਭੜਕਦਾ ਹੈ ਕਿ ਮੈਂ ਨਹੀਂ ਮੰਨਦਾ ਕਿਸੇ ਕੋਰਟ ਕੂਰਟ ਨੂੰਜਾ, ਜਾ ਕੇ ਹਾਈ ਕੋਰਟ ਨੂੰ ਕਹਿ ਦੇ ਮੰਤਰੀ ਨੇ ਕੰਮ ਬੰਦ ਕਰਨ ਲਈ ਕਿਹਾ ਹੈਮੰਤਰੀ ਦੇ ਖਿਲਾਫ ਕੋਈ ਕਾਰਵਾਈ ਹੋਣ ਦੀ ਬਜਾਏ ਇਸ ਆਡੀਉ ਦਾ ਸਗੋਂ ਉਲਟਾ ਅਸਰ ਹੋਇਆ ਸੀਮਾਣਯੋਗ ਹਾਈ ਕੋਰਟ ਨੂੰ ਚੈਲੇਂਜ ਕਰਨ ਵਾਲਾ ਮੰਤਰੀ ਤਾਂ ਮੰਤਰੀ ਹੀ ਰਿਹਾ, ਪਰ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨ ਵਾਲੇ ਡੀ.ਐੱਸ.ਪੀ. ਨੂੰ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਡਿੱਸਮਿੱਸ ਕਰ ਦਿੱਤਾ ਗਿਆ ਸੀਹੁਣ ਜਦੋਂ ਉਸ ਸਾਬਕਾ ਮੰਤਰੀ ਨੂੰ ਵਿਜੀਲੈਂਸ ਦਾ ਡਰ ਸਤਾ ਰਿਹਾ ਹੈ ਤਾਂ ਉਹ ਉਸ ਹੀ ਮਾਣਯੋਗ ਹਾਈ ਕੋਰਟ ਦੇ ਚਰਨਾਂ ਵਿੱਚ ਜਾ ਢੇਰੀ ਹੋਇਆ ਹੈ, ਜਿਸ ਨੂੰ ਕੁਝ ਵੀ ਨਾ ਸਮਝਣ ਦੀਆਂ ਉਹ ਗਿੱਦੜ ਭਬਕੀਆਂ ਮਾਰਦਾ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3671)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author