BalrajSidhu7ਜੇ ਕੱਲ੍ਹ ਨੂੰ ਤੁਸੀਂ ਕਿਸੇ ਨੂੰ ਗਲਤ ਮਲਤ ਮੈਸੇਜ਼ ਭੇਜ ਦਿੱਤਾ ਤਾਂ ਪੁਲਿਸ ਨੇ ਮੈਨੂੰ ...
(ਜੂਨ 19, 2016)

 

ਪਾਰਕ ਵਿੱਚ ਲੈਪਟਾਪ ਤੇ ਕੰਮ ਕਰ ਰਹੇ ਨੌਜਵਾਨ ਨੂੰ ਇੱਕ ਬਜ਼ੁਰਗ ਦੰਪਤੀ ਕਾਫੀ ਦੇਰ ਤੋਂ ਬਹੁਤ ਧਿਆਨ ਨਾਲ ਵੇਖ ਰਹੀ ਸੀ। ਅਖੀਰ ਬਜ਼ੁਰਗ ਆਦਮੀ ਹਿੰਮਤ ਕਰਕੇ ਬੋਲਿਆ, “ਬੇਟਾ ਤੁਹਾਨੂੰ ਫੇਸਬੁੱਕ ਅਕਾਊਂਟ ਬਣਾਉਣਾ ਆਉਂਦਾ ਹੈ?”

ਲੜਕੇ ਨੇ ਹੱਸ ਕੇ ਜਵਾਬ ਦਿੱਤਾ, “ਅੰਕਲ ਜੀ, ਅੱਜਕਲ੍ਹ ਛੋਟੇ ਛੋਟੇ ਬੱਚੇ ਬਣਾ ਲੈਂਦੇ ਆ। ਇਹ ਤਾਂ ਕੰਮ ਈ ਕੁਝ ਨਹੀਂ।”

ਬਜ਼ੁਰਗ ਨੇ ਬਹੁਤ ਅਧੀਨਗੀ ਨਾਲ ਕਿਹਾ, “ਤੁਸੀਂ ਮੇਰਾ ਅਕਾਊਂਟ ਬਣਾ ਸਕਦੇ ਹੋ?”

ਲੜਕੇ ਨੇ ਸ਼ਰਾਰਤ ਨਾਲ ਮੁਸਕਰਾ ਕੇ ਬਜ਼ੁਰਗ ਦੀ ਉਮਰ ਵੱਲ ਵੇਖਿਆ, “ਹੁਣੇ ਬਣਾ ਦੇਂਦਾ ਹਾਂ। ਦੱਸੋ ਕਿਸ ਨਾਮ ਤੇ ਬਣਾਉਣਾ ਹੈ?”

ਬਜ਼ੁਰਗ ਨੇ ਥੋੜ੍ਹਾ ਸ਼ਰਮਿੰਦਾ ਜਿਹਾ ਹੋ ਕੇ ਕਿਹਾ, “ਕੋਈ ਲੜਕੀਆਂ ਵਾਲਾ ਵਧੀਆ ਜਿਹਾ ਨਾਮ ਰੱਖ ਦਿਉ।”

ਲੜਕੇ ਦੇ ਹੱਥ ਕੰਮ ਕਰਦੇ ਕਰਦੇ ਰੁਕ ਗਏ। ਉਸ ਨੇ ਹੈਰਾਨੀ ਨਾਲ ਪੁੱਛਿਆ, “ਫੇਕ ਅਕਾਊਂਟ ਕਿਉਂ? ਤੁਸੀਂ ਮੈਨੂੰ ਮਰਵਾਉਣਾ? ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ। ਜੇ ਕੱਲ੍ਹ ਨੂੰ ਤੁਸੀਂ ਕਿਸੇ ਨੂੰ ਗਲਤ ਮਲਤ ਮੈਸੇਜ਼ ਭੇਜ ਦਿੱਤਾ ਤਾਂ ਪੁਲਿਸ ਨੇ ਮੈਨੂੰ ਅਮਰੂਦਾਂ ਦੀ ਰੇਹੜੀ ਵਾਂਗ ਖਿੱਚੀ ਫਿਰਨਾ।”

ਲੜਕੇ ਨੇ ਬਜ਼ੁਰਗ ਵੱਲ ਪਰਖ ਕੇ ਵੇਖਿਆ। ਬਜ਼ੁਰਗ ਸ਼ਕਲ ਸੂਰਤ ਤੋਂ ਬਹੁਤ ਹੀ ਸ਼ਰੀਫ ਅਤੇ ਦੁਖੀ ਲੱਗ ਰਿਹਾ ਸੀ। ਬਜ਼ੁਰਗ ਨੇ ਲੜਕੇ ਨੂੰ ਆਪਣਾ ਰਿਟਾਇਰਡ ਗਜ਼ਟਿਡ ਅਫਸਰ ਦਾ ਸ਼ਨਾਖਤੀ ਕਾਰਡ ਵਿਖਾਇਆ ਤੇ ਬੋਲਿਆ, “ਪਹਿਲਾਂ ਬਣਾ ਤਾਂ ਦੇ ਬੇਟਾ, ਫਿਰ ਦੱਸਦਾ ਹਾਂ ਕਿਉਂ? ਜੇ ਤੈਨੂੰ ਮੇਰੀ ਗੱਲ ਪਸੰਦ ਨਾ ਆਈ ਤਾਂ ਬੇਸ਼ੱਕ ਡਿਲੀਟ ਕਰ ਦੇਵੀਂ।”

ਲੜਕਾ ਕਿਸੇ ਚੰਗੇ ਖਾਨਦਾਨ ਦਾ ਸੀ। ਉਸ ਨੂੰ ਬਜ਼ੁਰਗਾਂ ਦਾ ਮਾਣ ਕਰਨਾ ਸਿਖਾਇਆ ਗਿਆ ਸੀ। ਉਸ ਨੇ ਝਕਦੇ ਝਕਦੇ ਨੇ ਅਕਾਊਂਟ ਬਣਾ ਦਿੱਤਾ ਤੇ ਪੁੱਛਿਆ, “ਅੰਕਲ ਜੀ, ਪ੍ਰੋਫਾਇਲ ਤੇ ਫੋਟੋ ਕਿਹੜੀ ਲਾਉਣੀ ਹੈ?”

ਬਜ਼ੁਰਗ ਨੇ ਰੁਆਂਸੀ ਜਿਹੀ ਅਵਾਜ਼ ਵਿੱਚ ਕਿਹਾ, “ਕਿਸੇ ਵੀ ਹੀਰੋਇਨ ਦੀ ਲਗਾ ਦੇ, ਜੋ ਅੱਜ ਕਲ੍ਹ ਦੇ ਬੱਚਿਆਂ ਨੂੰ ਚੰਗੀ ਲੱਗਦੀ ਹੋਵੇ।”

ਲੜਕੇ ਨੇ ਦੀਪਿਕਾ ਪਾਦੂਕੋਨੇ ਦੀ ਫੋਟੋ ਲਗਾ ਦਿੱਤੀ। ਉਸ ਨੇ ਬਜ਼ੁਰਗ ਨੂੰ ਪਾਸਵਰਡ ਵੀ ਸਮਝਾ ਦਿੱਤਾ। ਅਕਾਊਂਟ ਚਾਲੂ ਹੋ ਗਿਆ।

ਫਿਰ ਬਜ਼ੁਰਗ ਨੇ ਕਿਹਾ, “ਬੇਟਾ, ਕੁਝ ਚੰਗੇ ਲੋਕਾਂ ਨੂੰ ਐਡ ਵੀ ਕਰ ਦਿਉ।”

ਲੜਕੇ ਨੇ ਆਪਣੇ ਕੁਝ ਵਧੀਆ ਫੇਸਬੁੱਕ ਫਰੈਂਡਜ਼ ਨੂੰ ਰਿਕਵੈਸਟ ਸੈਂਡ ਕਰ ਦਿੱਤੀ।

ਬਜ਼ੁਰਗ ਨੇ ਆਪਣੇ ਬੇਟੇ ਦਾ ਨਾਮ ਸਰਚ ਕਰਵਾ ਕੇ ਉਸ ਨੂੰ ਵੀ ਰਿਕਵੈਸਟ ਸੈਂਡ ਕਰਵਾ ਦਿੱਤੀ।

ਲੜਕਾ, ਜੋ ਕੁਝ ਉਹ ਕਹਿੰਦੇ ਗਏ, ਕਰਦਾ ਗਿਆ। ਪਰ ਉਸ ਨੂੰ ਇਹ ਗੇਮ ਸਮਝ ਨਹੀਂ ਸੀ ਆ ਰਹੀ। ਕਿਸੇ ਅਣਜਾਣ ਦਾ ਅਕਾਊਂਟ ਬਣਾਉਣ ਕਰਕੇ ਦਿਲ ਡਰ ਵੀ ਰਿਹਾ ਸੀ। ਅੱਜ ਕੱਲ੍ਹ ਕਿਸੇ ਦਾ ਕੀ ਭਰੋਸਾ? ਸਾਰਾ ਕੰਮ ਕਰਨ ਤੋਂ ਬਾਅਦ ਉਸ ਕੋਲੋਂ ਰਿਹਾ ਨਾ ਗਿਆ, ਉਸ ਨੇ ਪੁੱਛਿਆ, “ਅੰਕਲ ਜੀ, ਹੁਣ ਤਾਂ ਦੱਸ ਦਿਉ ਕਿ ਤੁਸੀਂ ਫੇਕ ਅਕਾਊਂਟ ਕਿਉਂ ਬਣਵਾਇਆ ਹੈ?”

ਬਜ਼ੁਰਗ ਦੀਆਂ ਅੱਖਾਂ ਨਮ ਹੋ ਗਈਆਂ ਪਰ ਘਰਵਾਲੀ ਦੀਆਂ ਅੱਖਾਂ ਵਿੱਚੋਂ ਘਰਾਲਾਂ ਵਹਿ ਤੁਰੀਆਂ।

ਬਜ਼ੁਰਗ ਨੇ ਬਹੁਤ ਮੁਸ਼ਕਿਲ ਨਾਲ ਹਉਕੇ ਲੈ ਲੈ ਕੇ ਆਪਣੀ ਦਰਦ ਕਹਾਣੀ ਸੁਣਾਈ, “ਸਾਡਾ ਇੱਕ ਹੀ ਬੇਟਾ ਹੈ। ਉਹ ਸ਼ਾਦੀ ਤੋਂ ਬਾਅਦ ਸਾਡੇ ਤੋਂ ਅਲੱਗ ਰਹਿਣ ਲੱਗ ਪਿਆ। ਮਹੀਨਿਆਂ ਬੱਧੀ ਸਾਨੂੰ ਮਿਲਣ ਨਹੀਂ ਆਉਂਦਾ। ਸ਼ੁਰੂ ਸ਼ੁਰੂ ਵਿੱਚ ਅਸੀਂ ਜਦੋਂ ਉਸ ਨੂੰ ਮਿਲਣ ਜਾਂਦੇ ਤਾਂ ਬੇਇੱਜ਼ਤੀ ਕਰਕੇ ਘਰੋਂ ਕੱਢ ਦੇਂਦਾ ਸੀ ਕਿ ਮੇਰੀ ਪਤਨੀ ਤੁਹਾਨੂੰ ਪਸੰਦ ਨਹੀਂ ਕਰਦੀ। ਆਪਣੇ ਘਰ ਰਿਹਾ ਕਰੋ ਤੇ ਸਾਨੂੰ ਵੀ ਚੈਨ ਨਾਲ ਰਹਿਣ ਦਿਉ। ਅਸੀਂ ਵੀ ਕਿੰਨਾ ਅਪਮਾਨ ਸਹਿ ਸਕਦੇ ਸੀ? ਇਸ ਲਈ ਜਾਣਾ ਛੱਡ ਦਿੱਤਾ। ਪਰ ਇਸ ਮੋਹ ਦਾ ਕੀ ਕਰੀਏ? ਸਾਡਾ ਇਕ ਪੋਤਾ ਤੇ ਬਹੁਤ ਹੀ ਪਿਆਰੀ ਜਿਹੀ ਗੋਲ ਮਟੋਲ ਪੋਤੀ ਹੈ। ਉਹਨਾਂ ਨੂੰ ਵੇਖਣ ਲਈ ਬਹੁਤ ਮਨ ਕਰਦਾ ਹੈ। ਸਾਨੂੰ ਪਤਾ ਲੱਗਾ ਹੈ ਕਿ ਫੇਸਬੁੱਕ ਤੇ ਲੋਕ ਆਪਣੇ ਪਰਿਵਾਰ ਅਤੇ ਫੰਕਸ਼ਨਾਂ ਦੀਆਂ ਫੋਟੋਆਂ ਅੱਪਲੋਡ ਕਰਦੇ ਰਹਿੰਦੇ ਹਨ। ਚਲੋ ਅਸੀਂ ਆਪਣੇ ਬੇਟੇ ਨਾਲ ਫੇਸਬੁੱਕ ਤੇ ਜੁੜ ਕੇ ਉਸਦੇ ਪਰਿਵਾਰ ਬਾਰੇ ਜਾਣਦੇ ਰਹਾਂਗੇ ਤੇ ਪੋਤੇ ਪੋਤੀ ਨੂੰ ਵੀ ਵੇਖ ਲਿਆ ਕਰਾਂਗੇ। ਮਨ ਨੂੰ ਸ਼ਾਂਤੀ ਮਿਲ ਜਾਵੇਗੀ। ਅਸੀਂ ਆਪਣੇ ਨਾਮ ਤੇ ਅਕਾਊਂਟ ਤਾਂ ਬਣਾ ਨਹੀਂ ਸਕਦੇ। ਉਹ ਸਾਨੂੰ ਐਡ ਨਹੀਂ ਕਰੇਗਾ। ਇਸ ਲਈ ਇਹ ਫੇਕ ਅਕਾਊਂਟ ਬਣਾਇਆ ਹੈ। ਸ਼ਾਇਦ ਐਡ ਕਰ ਲਵੇ।”

ਬਜ਼ੁਰਗ ਦੰਪਤੀ ਦੀਆਂ ਅੱਖਾਂ ਵਿੱਚੋਂ ਵਗ ਰਹੇ ਅੱਥਰੂਆਂ ਕਾਰਨ ਲੜਕੇ ਦਾ ਦਿਲ ਭਰ ਆਇਆ। ਉਹ ਸੋਚਣ ਲੱਗਾ ਕਿ ਮਾਂ ਬਾਪ ਦਾ ਦਿਲ ਕਿੰਨਾ ਵੱਡਾ ਹੁੰਦਾ ਹੈ, ਜੋ ਔਲਾਦ ਦੇ ਅਕ੍ਰਿਤਘਣ ਹੋਣ ਦੇ ਬਾਵਜੂਦ ਉਸ ਨਾਲ ਪਿਆਰ ਕਰਦੇ ਰਹਿੰਦੇ ਹਨ। ਪਰ ਔਲਾਦ ਕਿੰਨੀ ਜਲਦੀ ਮਾਪਿਆਂ ਦੇ ਪਿਆਰ ਅਤੇ ਤਿਆਗ ਨੂੰ ਭੁੱਲ ਜਾਂਦੀ ਹੈ।

*****

(324)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author