BalrajSidhu7“ਉਹ ਗੰਗਾ ਸਿੰਘ ਤੇ ਤੇਜ ਕੌਰ ਨੂੰ ਸਹੁਰੀਂ ਛੱਡ ਕੇ ਅੰਮ੍ਰਿਤਸਰੋਂ ਹਰਦੁਆਰ ਵਾਲੀ ਗੱਡੀ ਚੜ੍ਹ ਗਿਆ ...”
(26 ਮਾਰਚ 2017)

 

ਇਹ ਅਸਲ ਵਾਕਿਆ 1948-49 ਦੌਰਾਨ ਅਜੋਕੇ ਤਰਨ ਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਜੱਸਪੁਰੇ (ਨਾਮ ਬਦਲਿਆ ਹੋਇਆ) ਵਿੱਚ ਵਾਪਰਿਆ ਸੀ। ਹਰਨਾਮ ਸਿੰਘ ਢਿੱਲੋਂ 50 ਕਿੱਲੇ ਜ਼ਮੀਨ ਦਾ ਮਾਲਕ ਸਿਰ ਕੱਢਵਾਂ ਜ਼ਿਮੀਦਾਰ ਸੀ। 13-14 ਸਾਲ ਦਾ ਗੰਗਾ ਸਿੰਘ ਉਸ ਦਾ ਇਕਲੌਤਾ ਪੁੱਤਰ ਸੀ। ਹਰਨਾਮ ਸਿੰਘ ਦੀ ਪਤਨੀ ਤੇਜ ਕੌਰ ਨੇ ਜਗ੍ਹਾ ਜਗ੍ਹਾ ਧਰਮ ਸਥਾਨਾਂ, ਮੜ੍ਹੀ ਮਸਾਣਾਂ ਅਤੇ ਬਾਬਿਆਂ ਅੱਗੇ ਮੱਥੇ ਰਗੜੇ ਸਨ ਤਾਂ ਜਾ ਕੇ ਕਿਤੇ ਰੱਬ ਨੇ ਪਿਛਲੀ ਉਮਰੇ ਉਸ ਦੀ ਕੁੱਖ ਨੂੰ ਭਾਗ ਲਾਏ। ਹਰਨਾਮ ਸਿੰਘ ਦਾ ਕੋਈ ਹੋਰ ਸਕਾ ਭੈਣ ਭਰਾ ਨਹੀਂ ਸੀ। ਸ਼ਰੀਕੇ ਬਰਾਦਰੀ ਵਾਲਿਆਂ ਦੀ ਕਾਂ ਅੱਖ ਉਸ ਦੀ ਝੋਟੇ ਦੇ ਸਿਰ ਵਰਗੀ ਜ਼ਮੀਨ ਉੱਪਰ ਟਿਕੀ ਹੋਈ ਸੀ। ਉਹਨਾਂ ਨੂੰ ਪਤਾ ਸੀ ਕਿ ਜੇ ਗੰਗਾ ਸਿੰਘ ਮਾਰਿਆ ਗਿਆ ਤਾਂ ਹਰਨਾਮ ਸਿੰਘ ਤੇ ਤੇਜ਼ ਕੌਰ ਨੇ ਹਉਕੇ ਨਾਲ ਹੀ ਮਰ ਜਾਣਾ ਹੈ। ਫਿਰ ਜ਼ਮੀਨ ਵੀ ਆਪਣੀ ਤੇ ਹਵੇਲੀ ਵਰਗਾ ਮਕਾਨ ਵੀ ਆਪਣਾ। ਉਹ ਬਾਲਕ ਗੰਗਾ ਸਿੰਘ ਨੂੰ ਮਾਰਨ ਦੀ ਤਿੰਨ ਚਾਰ ਵਾਰ ਕੋਸ਼ਿਸ਼ ਕਰ ਚੁੱਕੇ ਸਨ। ਇੱਕ ਵਾਰ ਚਾਚੀ ਬਚਨੀ ਨੇ ਗੰਗਾ ਸਿੰਘ ਨੂੰ ਦੁੱਧ ਵਿੱਚ ਜ਼ਹਿਰ ਮਿਲਾ ਕੇ ਪਿਆ ਦਿੱਤਾ ਸੀ, ਪਰ ਤਰਨ ਤਾਰਨ ਵਾਲੇ ਡਾਕਟਰ ਸੰਧੂ ਨੇ ਬਚਾ ਲਿਆ। ਦੂਸਰੀ ਵਾਰ ਸ਼ਰੀਕੇ ਵਾਲੇ ਧੋਖੇ ਨਾਲ ਗੰਗਾ ਸਿੰਘ ਨੂੰ ਵੰਡ ਵੇਲੇ ਪਾਕਿਸਤਾਨ ਜਾ ਰਹੇ ਸ਼ਰਣਾਰਥੀਆਂ ਦਾ ਕਾਫਲਾ ਲੁੱਟਣ ਨਾਲ ਲੈ ਗਏ ਕਿ ਰੌਲੇ ਗੌਲੇ ਵਿੱਚ ਪਾਰ ਬੁਲਾ ਦਿਆਂਗੇ। ਪਰ ਭਾਣਾ ਰੱਬ ਦਾ! ਅਚਾਨਕ ਮਿਲਟਰੀ ਆ ਗਈ ਤੇ ਉਸ ਨੇ ਲੁਟੇਰਿਆਂ ਉੱਪਰ ਫਾਇਰ ਖੋਲ੍ਹ ਦਿੱਤਾ। ਗੋਲੀ ਨਾਲ ਸਭ ਤੋਂ ਵੱਡਾ ਵੈਰੀ ਤਾਇਆ ਕੰਸ ਸਿੰਘ ਹੀ ਮਾਰਿਆ ਗਿਆ। ਵਰ੍ਹਦੀ ਗੋਲੀ ਵਿੱਚੋਂ ਭੱਜ ਕੇ ਘਰ ਆਏ ਗੰਗਾ ਸਿੰਘ ਨੂੰ ਹਰਨਾਮ ਸਿੰਘ ਨੇ ਚੰਗਾ ਝੰਬਿਆ। ਉਸ ਘਟਨਾ ਤੋਂ ਬਾਅਦ ਗੰਗਾ ਸਿੰਘ ਸ਼ਰੀਕਾਂ ਦਾ ਬਿਲਕੁਲ ਵਿਸਾਹ ਨਹੀਂ ਸੀ ਖਾਂਦਾ।

ਕੁਝ ਦਿਨ ਬਾਅਦ ਸ਼ਰੀਕੇ ਵਿੱਚੋਂ ਚਾਚਾ ਲੱਗਦਾ ਮਾਹਣਾ ਦੋਧੀ, ਗੰਗਾ ਸਿੰਘ ਦੇ ਮਗਰ ਕਿਰਪਾਨ ਲੈ ਕੇ ਭੱਜਾ। ਪਰ ਚੌਕੰਨਾ ਗੰਗਾ ਸਿੰਘ ਭੱਜ ਕੇ ਘਰ ਆ ਵੜਿਆ। ਇਸ ਕਲੇਸ਼ ਕਾਰਨ ਹਰਨਾਮ ਸਿੰਘ ਪਹਿਲਾਂ ਵੀ ਕਈ ਵਾਰ ਪਰ੍ਹੇ ਪੰਚਾਇਤ ਇਕੱਠੀ ਕਰ ਚੁੱਕਾ ਸੀ। ਪਰ ਦੁਸ਼ਮਣ ਪੰਚਾਇਤ ਵਿੱਚ ਮੰਨੇ ਹੀ ਨਾ ਕਿ ਅਸੀਂ ਜ਼ਹਿਰ ਦਿੱਤਾ ਜਾਂ ਸਾਡਾ ਹਰਨਾਮ ਸਿੰਘ ਨਾਲ ਕੋਈ ਵੈਰ ਹੈ। ਹਰਨਾਮ ਸਿੰਘ ਨੇ ਦੁਨੀਆਂ ਵੇਖੀ ਹੋਈ ਸੀ। ਉਹ ਸਮਝ ਗਿਆ ਕਿ ਹੁਣ ਪੰਚਾਇਤ ਵਿੱਚ ਜਾਣ ਦਾ ਕੋਈ ਲਾਭ ਨਹੀਂ। ਜੋ ਕੁਝ ਕਰਨਾ, ਉਹ ਆਪ ਹੀ ਕਰਨਾ ਪੈਣਾ। ਬੰਦੇ ਘੱਟ ਹੋਣ ਕਾਰਨ ਸਿੱਧੀ ਟੱਕਰ ਵਿੱਚ ਉਹ ਸ਼ਰੀਕਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ। ਵੈਸੇ ਵੀ ਜੇ ਉਹ ਕਤਲ ਕਰਦਾ ਤਾਂ ਪੁਲਿਸ ਨੇ ਫੜ ਕੇ ਜੇਲ੍ਹ ਵਿੱਚ ਤੁੰਨ ਦੇਣਾ ਸੀ ਤੇ ਪਿੱਛੋਂ ਗੰਗਾ ਸਿੰਘ ਨੇ ਫਿਰ ਵੀ ਨਹੀਂ ਸੀ ਬਚਣਾ। ਕਈ ਦਿਨ ਸੋਚਣ ਤੋਂ ਬਾਅਦ ਉਹ ਗੰਗਾ ਸਿੰਘ ਤੇ ਤੇਜ ਕੌਰ ਨੂੰ ਸਹੁਰੀਂ ਛੱਡ ਕੇ ਅੰਮ੍ਰਿਤਸਰੋਂ ਹਰਦੁਆਰ ਵਾਲੀ ਗੱਡੀ ਚੜ੍ਹ ਗਿਆ। ਉੱਥੇ ਉਸ ਦਾ ਪੁਰਾਣਾ ਜੁੰਡੀ ਦਾ ਯਾਰ ਗੋਪਾਲ ਸਿੰਘ, ਬਾਵਾ ਗੋਪਾਲ ਦਾਸ ਬਣ ਕੇ ਸਤਨਾਮੀ ਅਖਾੜਾ ਨਾਮਕ ਆਸ਼ਰਮ ਖੋਲ੍ਹੀ ਬੈਠਾ ਸੀ। ਗੋਪਾਲ ਦਾਸ ਨੇ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਸੀ ਕੀਤਾ, ਪਰ ਪਿਛਲੀ ਉਮਰੇ ਸਭ ਕੁਝ ਛੱਡ ਛਡਾ ਕੇ ਸਾਧ ਬਣ ਗਿਆ ਸੀ। ਹਰਨਾਮ ਸਿੰਘ ਨੇ ਉਸ ਨੂੰ ਸਾਰੀ ਵਿਥਿਆ ਖੋਲ੍ਹ ਕੇ ਦੱਸੀ ਤੇ ਯਾਰ ਦੇ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਪਿਆ। ਇਕੱਲੇ ਪੁੱਤਰ ਦੇ ਸਿਰ ’ਤੇ ਮੌਤ ਨੱਚਦੀ ਵੇਖ ਕੇ ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾਇਆ ਹੋਇਆ ਸੀ। ਨਾ ਕੁਝ ਖਾਣ ਨੂੰ ਦਿਲ ਕਰਦਾ ਨਾ ਪੀਣ ਨੂੰ। ਦੋ ਦਿਨ ਡੇਰੇ ਰਹਿ ਕੇ ਦੋਵਾਂ ਨੇ ਨਿੱਤ ਦੀ ਘੈਂਸ ਘੈਂਸ ਖਤਮ ਕਰਨ ਲਈ ਇੱਕ ਖਤਰਨਾਕ ਸਕੀਮ ਬਣਾਈ ਤੇ ਹਰਨਾਮ ਸਿੰਘ ਵਾਪਸ ਪਿੰਡ ਆ ਗਿਆ। ਉਹ ਆਮ ਵਾਂਗ ਰੋਜ਼ਮਰ੍ਹਾ ਦੇ ਕੰਮ ਕਾਰ ਕਰਨ ਲੱਗ ਪਿਆ ਤੇ ਸ਼ਰੀਕਾਂ ਨੂੰ ਇਸ ਤਰ੍ਹਾਂ ਮਿਲਦਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ।

ਕੁਝ ਦਿਨਾਂ ਬਾਅਦ ਗੋਪਾਲ ਦਾਸ ਨੇ ਵੀ ਚੇਲਿਆਂ ਚਪਾਟਿਆਂ ਸਮੇਤ ਜੱਸਪੁਰੇ ਆਣ ਉਤਾਰਾ ਕੀਤਾ। ਹਰਨਾਮ ਸਿੰਘ ਨੇ ਬੈਂਡ ਵਾਜਿਆਂ ਨਾਲ ਉਸ ਦਾ ਸਵਾਗਤ ਕੀਤਾ ਤੇ ਲੋਕਾਂ ਵਿੱਚ ਪ੍ਰਚਾਰ ਕਰ ਦਿੱਤਾ ਕਿ ਹਿਮਾਲੀਆ ਪਰਬਤ ਤੋਂ ਰਿਧੀਆਂ ਸਿਧੀਆਂ ਦੇ ਮਾਲਕ ਮੇਰੇ ਗੁਰੂ ਪਧਾਰੇ ਹਨ। ਹਰਨਾਮ ਸਿੰਘ ਦੇ ਘਰ ਕਥਾ-ਕੀਰਤਨ ਅਤੇ ਹਵਨ ਯੱਗ ਦੇ ਦੌਰ ਚੱਲ ਪਏ। ਮਿੱਠੇ ਚੌਲਾਂ ਤੇ ਲੱਡੂ ਜਲੇਬੀਆਂ ਦੇ ਖੁੱਲ੍ਹੇ ਲੰਗਰ ਲੱਗ ਗਏ। ਜਦੋਂ ਗੋਪਾਲ ਦਾਸ ਨੇ ਹਰਨਾਮ ਸਿੰਘ ਦੀ ਸੇਵਾ ਤੋਂ ਜ਼ਿਆਦਾ ਪ੍ਰਸੰਨ ਹੋ ਜਾਣਾ ਤਾਂ ਹੁਕਮ ਦੇਣਾ, “ਜਾਹ! ਘਰ ਦੀ ਫਲਾਣੀ ਨੁੱਕਰ ਪੁੱਟ, ਰੱਬ ਭਲੀ ਕਰੇਗਾ।” ਹਰਨਾਮ ਸਿੰਘ ਨੇ ਬਾਬਿਆਂ ਦੇ ਪੈਰਾਂ ਨੂੰ ਹੱਥ ਲਾ ਕੇ, ਜਲ ਛਿੜਕ ਕੇ ਜਾਣ ਬੁੱਝ ਕੇ ਲੋਕਾਂ ਨੂੰ ਵਿਖਾ ਕੇ ਜਗ੍ਹਾ ਪੁੱਟਣੀ ਤਾਂ ਕਦੇ ਸੋਨੇ ਦੀ ਅੰਗੂਠੀ, ਕਦੇ ਹਾਰ ਤੇ ਕਦੇ ਚਾਂਦੀ ਦੇ ਸਿੱਕਿਆਂ ਦਾ ਭਰਿਆ ਘੜਾ ਨਿਕਲ ਆਉਣਾ। ਉਹ ਗੱਲ ਵੱਖਰੀ ਹੈ ਕਿ ਸਮਾਨ ਪਹਿਲਾਂ ਹੀ ਗੁਪਤ ਤੌਰ ’ਤੇ ਦਬਾਇਆ ਗਿਆ ਹੁੰਦਾ ਸੀ।

ਹੌਲੀ ਹੌਲੀ ਸਾਰੇ ਪਿੰਡ ਵਿੱਚ ਖਬਰ ਫੈਲ ਗਈ ਕਿ ਮਹਾਨ ਕਰਨੀ ਵਾਲੇ ਚਮਤਕਾਰੀ ਸੰਤ ਹਰਨਾਮ ਸਿੰਘ ਨੂੰ ਖਜ਼ਾਨੇ ਬਖਸ਼ ਰਹੇ ਹਨ। ਹੌਲੀ ਹੌਲੀ ਹਰਨਾਮ ਸਿੰਘ ਦੇ ਦੁਸ਼ਮਣ ਵੀ ਬਾਬਿਆਂ ਦੇ ਲੱਤਾਂ ਗੋਡੇ ਘੁੱਟਣ ਲੱਗ ਪਏ। ਇਕ ਦਿਨ ਮੌਕਾ ਵੇਖ ਕੇ ਉਹਨਾਂ ਵਿੱਚੋਂ ਕੁਝ ਜ਼ਿਆਦਾ ਚਟਕ ਸੰਤੇ ਟਾਂਡੇ ਭੰਨ ਨੇ ਬਾਬੇ ਨੂੰ ਬੇਨਤੀ ਕੀਤੀ, “ਬਾਬਾ ਜੀ ਕ੍ਰਿਪਾ ਕਰੋ। ਸਾਨੂੰ ਵੀ ਬਖਸ਼ ਦਿਉ ਕੋਈ ਖਜ਼ਾਨਾ।” ਇਹੋ ਤਾਂ ਗੋਪਾਲ ਦਾਸ ਤੇ ਹਰਨਾਮ ਸਿੰਘ ਚਾਹੁੰਦੇ ਸਨ। ਪਰ ਫਿਰ ਵੀ ਨਕਲੀ ਗੁੱਸੇ ਨਾਲ ਬਾਬੇ ਨੇ ਕੱਸ ਕੇ ਸੰਤੇ ਦੀ ਵੱਖੀ ਵਿੱਚ ਲੱਤ ਮਾਰੀ, “ਹਟ ਪਰ੍ਹੇ ਦੁਸ਼ਟਾ। ਇਸ ਤਰ੍ਹਾਂ ਨਹੀਂ ਮਿਲਦੇ ਹੁੰਦੇ ਖਜ਼ਾਨੇ। ਹਰਨਾਮ ਸਿੰਘ ਨੇ ਤਾਂ ਮੇਰੇ ਨਾਲ ਰਾਤਾਂ ਜਾਗ ਜਾਗ ਕੇ ਸ਼ਿਲੇ ਕੱਟੇ ਨੇ, ਤਾਂ ਕਿਤੇ ਜਾ ਕੇ ਉਸ ’ਤੇ ਮਾਤਾ ਲਕਸ਼ਮੀ ਦੀ ਕ੍ਰਿਪਾ ਹੋਈ ਆ।” ਢਿੱਡੋਂ ਖੁਸ਼ ਹੁੰਦਾ ਗੋਪਾਲ ਦਾਸ ਗਰਜਿਆ। ਸਾਰੇ ਸ਼ਰੀਕਾਂ ਨੇ ਲੰਮੇ ਪੈ ਕੇ ਗੋਪਾਲ ਦਾਸ ਦੇ ਚਰਨ ਪਕੜ ਲਏ ਤੇ ਡੰਡੌਤ ਕਰਦੇ ਹੋਏ ਬਖਸ਼ਿਸ਼ਾਂ ਕਰਨ ਦੀਆਂ ਬੇਨਤੀਆਂ ਕਰਨ ਲੱਗੇ। ਪਰ ਗੋਪਾਲ ਦਾਸ ਨੇ ਉਹਨਾਂ ਨੂੰ ਗਾਲ੍ਹਾਂ ਕੱਢ ਕੇ ਭਜਾ ਦਿੱਤਾ। ਅਖੀਰ ਕਈ ਦਿਨਾਂ ਬਾਅਦ ਹਰਨਾਮ ਸਿੰਘ ਦੀ ਸਿਫਾਰਸ਼ ਮੰਨ ਕੇ ਬਾਬਾ ਪ੍ਰਸੰਨ ਹੋਇਆ। ਬਾਬੇ ਨੇ ਫਰਮਾਇਆ ਕਿ ਆਉਣ ਵਾਲੀ ਜੇਠ ਦੀ ਮੱਸਿਆ ਦੀ ਰਾਤ ਟੂਣਾ ਕਰ ਕੇ ਦੇਵੀ ਨੂੰ ਪ੍ਰਸੰਨ ਕੀਤਾ ਜਾਵੇਗਾ।

ਬਾਬੇ ਨੇ ਹੁਕਮ ਦਿੱਤਾ, “ਮੱਸਿਆ ਦੀ ਰਾਤ ਨੂੰ 12 ਵਜੇ ਸ਼ਹਾਬਪੁਰੇ ਵਾਲੀ ਨਹਿਰ ਦੇ ਸੁੰਨੇ ਪੁਲ ਉੱਪਰ ਇੱਕ ਕਾਲਾ ਬੱਕਰਾ, ਦੋ ਕਿੱਲੋ ਸੰਧੂਰ, ਪੰਜ ਕਿੱਲੋ ਸੂਰ ਦਾ ਮਾਸ, ਢਾਈ ਕਿੱਲੋ ਮਾਂਹ, 28 ਲੋਹੇ ਦੇ ਕਿੱਲ ਤੇ ਸੱਤ ਮੰਜੀਆਂ ਲੈ ਕੇ ਪਹੁੰਚ ਜਾਇਉ। ਜੇ ਲੇਟ ਹੋਗੇ ਤਾਂ ਖਜ਼ਾਨਾ ਗਿਆ ਸਮਝੋ।”

ਹਰਨਾਮ ਸਿੰਘ ਦੇ ਮੁੱਖ ਸੱਤ ਦੁਸ਼ਮਣ ਖਜ਼ਾਨੇ ਦੇ ਲਾਲਚ ਵਿੱਚ ਸ਼ਿਲਾ ਕੱਟਣ ਲਈ ਤਿਆਰ ਹੋ ਗਏ। ਅੱਧੀ ਰਾਤ ਨੂੰ ਸੱਤੇ ਜਣੇ ਬਾਬੇ ਅਤੇ ਦੋ ਸਭ ਤੋਂ ਵਿਸ਼ਵਾਸ ਪਾਤਰ ਚੇਲਿਆਂ ਨਾਲ ਸੁੰਨੇ ਪੁਲ ’ਤੇ ਪਹੁੰਚ ਗਏ। ਮੱਸਿਆ ਦੀ ਕਾਲੀ ਬੋਲੀ ਰਾਤ ਵਿੱਚ ਬਾਬੇ ਨੇ ਆਪਣਾ ਪਾਖੰਡ ਸ਼ੁਰੂ ਕਰ ਦਿੱਤਾ। ਕਾਲੇ ਬੱਕਰੇ ਦੀ ਬਲੀ ਦੇ ਕੇ ਉਸ ਦਾ ਖੂਨ ਮੰਜੀਆਂ ਦੇ ਪਾਵਿਆਂ ਤੇ ਲਾਇਆ ਗਿਆ। ਸੱਤਾਂ ਮੰਜੀਆਂ ਦੇ ਪਾਵਿਆਂ ਵਿੱਚ ਇੱਕ ਇੱਕ ਕਿੱਲ ਠੋਕਿਆ ਗਿਆ। ਬਾਬੇ ਨੇ ਸਿੰਧੂਰ ਮੂੰਹ ’ਤੇ ਮਲ ਕੇ ਬੜਾ ਖੌਫਨਾਕ ਭੇਸ ਬਣਾਇਆ ਹੋਇਆ ਸੀ। ਅੱਧਾ ਪੌਣਾ ਘੰਟਾ ਪੁੱਠੇ ਸਿੱਧੇ ਮੰਤਰ ਪੜ੍ਹ ਕੇ ਬਾਬੇ ਨੇ ਸਮੱਗਰੀ ਜਲ ਪ੍ਰਵਾਹ ਕਰ ਦਿੱਤੀ। ਮੰਤਰ ਪੜ੍ਹਦਾ ਬਾਬਾ ਕੜਕਿਆ, “ਹੋਗੀ ਦੇਵੀ ਦਿਆਲ, ਚਲੋ ਸਾਰੇ ਇੱਕ ਦੂਸਰੇ ਨੂੰ ਮੰਜੀਆਂ ਨਾਲ ਬੰਨ੍ਹੋ। ਹੁਣ ਆਖਰੀ ਮੰਤਰ ਪੜ੍ਹਦੇ ਹੀ ਖਜ਼ਾਨੇ ਦੇਣ ਵਾਲੀ ਦੇਵੀ ਪਰਗਟ ਹੋਵੇਗੀ।”

ਲਾਲਚ ਵਿੱਚ ਅੰਨ੍ਹੇ ਹੋਏ ਦੁਸ਼ਮਣਾਂ ਨੇ ਮੰਜੀਆਂ ਦੀਆਂ ਪੈਂਦਾਂ ਖੋਲ੍ਹ ਕੇ ਖੁਦ ਹੀ ਇੱਕ ਦੂਸਰੇ ਨੂੰ ਕੱਸ ਕੱਸ ਕੇ ਮੰਜੀਆਂ ਨਾਲ ਬੰਨ੍ਹ ਦਿੱਤਾ। ਕਿਸੇ ਨੇ ਨਾ ਪੁੱਛਿਆ ਕਿ ਖਜ਼ਾਨੇ ਦਾ ਮੰਜੀਆਂ ਨਾਲ ਕੀ ਸਬੰਧ ਹੈ? ਆਖਰੀ ਬੰਦੇ ਨੂੰ ਬਾਬਿਆਂ ਨੇ ਆਪਣੇ ਕਰ ਕਮਲਾਂ ਨਾਲ ਮੰਜੀ ਨਾਲ ਨੂੜ ਦਿੱਤਾ। ਜਦ ਸਾਰੇ ਬੰਨ੍ਹ ਦਿੱਤੇ ਗਏ ਤਾਂ ਬਾਬੇ ਨੇ ਅਵਾਜ਼ ਮਾਰੀ, “ਆਜਾ ਭਾਈ ਹਰਨਾਮ ਸਿਆਂ, ਹੋ ਗਿਆ ਈ ਕੰਮ ਸਿੱਧ।”

ਨੇੜੇ ਹੀ ਛੁਪਿਆ ਹੋਇਆ ਹਰਨਾਮ ਸਿੰਘ ਛਾਲ ਮਾਰ ਕੇ ਬਾਹਰ ਨਿਕਲਿਆ। ਹਰਨਾਮ ਸਿੰਘ ਨੂੰ ਵੇਖ ਕੇ ਸ਼ਰੀਕਾਂ ਨੂੰ ਸਾਰੀ ਗੱਲ ਸਮਝ ਆ ਗਈ ਕਿ ਧੋਖਾ ਹੋ ਗਿਆ ਹੈ। ਉਹ ਛਟਪਟਾਉਣ ਲੱਗੇ, ਮਾਫੀਆਂ ਮੰਗ ਕੇ ਬਚਾਅ ਲਈ ਚੀਕਾਂ ਮਾਰਨ ਲੱਗੇ। ਪਰ ਸਮਾਂ ਲੰਘ ਚੁੱਕਾ ਸੀ। ਉਸ ਰਸਤੇ ਡਰਦੇ ਮਾਰੇ ਦਿਨੇ ਕੋਈ ਨਹੀਂ ਸੀ ਲੰਘਦਾ, ਰਾਤ ਕਿਸ ਨੇ ਆਉਣਾ ਸੀ। ਹਰਨਾਮ ਸਿੰਘ ਨੇ ਫਟਾਫਟ ਬਾਬੇ ਅਤੇ ਚੇਲਿਆਂ ਦੀ ਮਦਦ ਨਾਲ ਸ਼ਰੀਕਾਂ ਨੂੰ ਮੰਜੀਆਂ ਸਮੇਤ ਵਗਦੀ ਨਹਿਰ ਵਿੱਚ ਵਗਾਹ ਮਾਰਿਆ। ਉਹਨਾਂ ਦੀ ਅੱਜ ਤੱਕ ਉੱਘ ਸੁੱਘ ਨਹੀਂ ਨਿਕਲੀ।

*****

(648)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author