“ਮੈਂ ਉਸੇ ਵੇਲੇ ਕੋਲਿਆਂਵਾਲੀ ਪਹੁੰਚ ਗਿਆ ਤੇ ਚਿੱਠੀ ਉਨ੍ਹਾਂ ਨੂੰ ਦਿਖਾ ਦਿੱਤੀ। ਉਹ ਕਿੰਨਾ ਚਿਰ ...”
(10 ਅਕਤੂਬਰ 2025)
2012 ਤੋਂ ਲੈ ਕੇ 2017 ਵਾਲੀ ਅਕਾਲੀ ਸਰਕਾਰ ਵੇਲੇ ਮੇਰੀ ਪੋਸਟਿੰਗ ਤਕਰੀਬਨ 4 ਸਾਲ ਬਤੌਰ ਐੱਸ.ਪੀ. ਸਬ ਡਵੀਜ਼ਨ ਮਲੋਟ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਰਹੀ ਸੀ। ਇਸ ਤੋਂ ਪਹਿਲਾਂ ਮੈਂ ਐੱਸ.ਪੀ. ਡਿਟੈੱਕਟਿਵ ਬਰਨਾਲਾ ਸੀ। ਬਰਨਾਲੇ ਤੋਂ ਮੇਰੀ ਬਦਲੀ ਇੱਕ ਘਟੀਆ ਬੰਦੇ ਨੇ ਜਾਣ ਬੁੱਝ ਕੇ ਮਲੋਟ ਕਰਵਾਈ ਸੀ। ਮਲੋਟ ਸਬ ਡਵੀਜ਼ਨ ਵਿਖੇ ਐੱਸ.ਪੀ. ਦੀ ਸੈਂਕਸ਼ੰਡ ਪੋਸਟ ਤਾਂ ਸੀ ਪਰ ਉਸ ਵਾਸਤੇ ਕੋਈ ਰਿਹਾਇਸ਼ ਜਾਂ ਦਫਤਰ ਨਹੀਂ ਸੀ। ਮੇਰੇ ਤੋਂ ਪਹਿਲਾਂ ਵੀ ਦੋ ਤਿੰਨ ਐੱਸ.ਪੀਜ਼ ਦੀ ਪੋਸਟਿੰਗ ਉੱਥੇ ਹੋਈ ਸੀ ਪਰ ਉਹ ਦੋ ਚਾਰ ਹਫਤਿਆਂ ਵਿੱਚ ਹੀ ਬਦਲੀ ਕਰਵਾ ਕੇ ਦੌੜ ਗਏ ਸਨ। ਇਸਦਾ ਸਭ ਤੋਂ ਵੱਡਾ ਕਾਰਨ ਬਾਦਲ ਪਿੰਡ ਦਾ ਮਲੋਟ ਸਬ ਡਵੀਜ਼ਨ ਵਿੱਚ ਹੋਣਾ ਅਤੇ ਦਿਨ ਰਾਤ ਪੈਣ ਵਾਲੀ ਵੀ.ਆਈ.ਪੀ. ਡਿਊਟੀ ਸੀ। ਮੈਂ ਵੀ ਬਦਲੀ ਕਰਾਉਣ ਵਾਸਤੇ ਬਹੁਤ ਯਤਨ ਕੀਤੇ ਪਰ ਗੱਲ ਨਾ ਬਣੀ। ਮਹੀਨੇ ਡੇਢ ਮਹੀਨੇ ਵਿੱਚ ਮੈਂ ਥਾਣਾ ਲੰਬੀ ਦੇ ਕਵਾਟਰਾਂ ਵਿੱਚ ਰਿਹਾਇਸ਼ ਅਤੇ ਥਾਣਾ ਸਦਰ ਮਲੋਟ ਦੇ ਅੰਦਰ ਦਫਤਰ ਤਿਆਰ ਕਰ ਲਿਆ। ਇਸ ਕੰਮ ਵਿੱਚ ਮੇਰੀ ਥਾਣਾ ਲੰਬੀ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਬੈਂਸ (ਹੁਣ ਡੀ.ਐੱਸ.ਪੀ) ਨੇ ਬਹੁਤ ਮਦਦ ਕੀਤੀ ਸੀ। ਘਟੀਆ ਬੰਦੇ ਨੇ ਆਪਣੀ ਜਾਚੇ ਮੈਨੂੰ ਉੱਥੇ ਫਸਾਇਆ ਸੀ ਪਰ ਇਹ ਪੋਸਟਿੰਗ ਮੇਰੇ ਬਹੁਤ ਕੰਮ ਆਈ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਉਪ ਮੁੱਖ ਮੰਤਰੀ ਤਕ ਮੇਰੀ ਸਿੱਧੀ ਪਹੁੰਚ ਬਣ ਗਈ। ਉਸ ਵੇਲੇ ਹਾਲਾਤ ਅਜਿਹੇ ਸਨ ਕਿ ਲੰਬੀ ਹਲਕੇ ਦਾ ਕੋਈ ਆਮ ਬੰਦਾ ਵੀ ਪੰਜਾਬ ਦੇ ਕਿਸੇ ਡੀ.ਸੀ. ਜਾਂ ਐੱਸ.ਐੱਸ.ਪੀ. ਨੂੰ ਫੋਨ ਕਰ ਦਿੰਦਾ ਸੀ ਜਾਂ ਕਿਸੇ ਕੰਮ ਚਲਾ ਜਾਂਦਾ ਸੀ ਤਾਂ ਹੜਕੰਪ ਮਚ ਜਾਂਦਾ ਸੀ। ਅਫਸਰ ਖੁਦ ਉਸ ਨੂੰ ਬਾਹਰੋਂ ਲੈਣ ਲਈ ਆਉਂਦੇ ਸਨ। ਮੋਹਾਲੀ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਸਰਕਾਰੀ ਸਕੂਲ ਟੀਚਰ ਦੀ ਪੋਸਟਿੰਗ ਕਰਾਉਣੀ ਡੀ.ਸੀ. ਲੱਗਣ ਨਾਲੋਂ ਵੀ ਔਖੀ ਹੈ। ਉੱਚ ਅਫਸਰਾਂ ਦੀਆਂ ਪਤਨੀਆਂ ਜਾਂ ਵੱਡੇ ਸਿਫਾਰਸ਼ੀ ਹੀ ਇੱਥੇ ਪੋਸਟਿੰਗ ਕਰਾ ਸਕਦੇ ਹਨ। ਮੇਰਾ ਇੱਕ ਦੋਸਤ ਮੋਹਾਲੀ ਰਹਿੰਦਾ ਸੀ, ਜਿਸਦੀ ਪਤਨੀ ਮੋਹਾਲੀ ਤੋਂ ਕਾਫੀ ਦੂਰ ਰਾਜਪੁਰੇ ਨੇੜਲੇ ਕਿਸੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਲੱਗੀ ਹੋਈ ਸੀ। ਲਿੰਕ ਸੜਕ ਦੀ ਹਾਲਤ ਬਹੁਤ ਭੈੜੀ ਸੀ, ਜਿਸ ਕਾਰਨ ਆਉਣ ਜਾਣ ਵਿੱਚ ਹੀ ਦੋ ਢਾਈ ਘੰਟੇ ਲੱਗ ਜਾਂਦੇ ਸਨ। ਇੱਕ ਦਿਨ ਮੈਂ ਛੁੱਟੀ ਲੈ ਕੇ ਮੋਹਾਲੀ ਗਿਆ ਹੋਇਆ ਸੀ ਤਾਂ ਉਹ ਵੀ ਆ ਗਿਆ। ਚਾਹ ਪਾਣੀ ਛਕਣ ਤੋਂ ਬਾਅਦ ਉਸਨੇ ਮੈਨੂੰ ਆਪਣੀ ਸਮੱਸਿਆ ਦੱਸੀ ਤੇ ਵੰਗਾਰਿਆ ਕਿ ਤੇਰੇ ਬਾਦਲ ਸਾਹਿਬ ਦੇ ਹਲਕੇ ਵਿੱਚ ਲੱਗਣ ਦਾ ਕੀ ਫਾਇਦਾ ਹੈ, ਜੇ ਤੇਰੀ ਭਾਬੀ ਦੀ ਬਦਲੀ ਮੋਹਾਲੀ ਨਾ ਹੋਈ ਤਾਂ?
ਇੱਥੇ ਇਹ ਦੱਸਣਾ ਬਣਦਾ ਹੈ ਕਿ ਟੀਚਰਾਂ ਦੀ ਬਦਲੀ ਤਾਂ ਹੀ ਹੁੰਦੀ ਹੈ ਜੇ ਅੱਗੇ ਪੋਸਟ ਖਾਲੀ ਹੋਵੇ। ਪੁਲਿਸ ਵਾਂਗ ਨਹੀਂ ਕਿ ਜਿਸਦਾ ਜ਼ੋਰ ਚੱਲਦਾ ਹੈ, ਉਹ ਦੂਸਰੇ ਨੂੰ ਪੁੱਟ ਕੇ ਆਪ ਲੱਗ ਜਾਂਦਾ ਹੈ। ਦੋਸਤ ਦੀ ਪਤਨੀ ਸਾਇੰਸ ਟੀਚਰ ਸੀ ਤੇ ਉਸਨੇ ਮੈਨੂੰ ਦੱਸਿਆ ਕਿ ਫਲਾਣੇ ਸਕੂਲ ਵਿੱਚ ਇੱਕ ਪੋਸਟ ਖਾਲੀ ਹੈ। ਮੇਰੀ ਸਵਰਗੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨਾਲ ਬਹੁਤ ਬਣਦੀ ਸੀ। ਸੋਮਵਾਰ ਨੂੰ ਮੈਂ ਵਾਪਸ ਚਲਾ ਗਿਆ ਤੇ ਸਿੱਧਾ ਜਥੇਦਾਰ ਸਾਹਿਬ ਕੋਲ ਪਹੁੰਚ ਗਿਆ। ਉਨ੍ਹੀਂ ਦਿਨੀਂ ਸ. ਦਲਜੀਤ ਸਿੰਘ ਚੀਮਾ ਨਵੇਂ ਨਵੇਂ ਹੀ ਸਿੱਖਿਆ ਮੰਤਰੀ ਬਣੇ ਸਨ ਤੇ ਉਨ੍ਹਾਂ ਦੀ ਕੋਲਿਆਂਵਾਲੀ ਨਾਲ ਚੰਗੀ ਮਿੱਤਰਤਾ ਸੀ। ਮੈਂ ਉਨ੍ਹਾਂ ਨੂੰ ਸਾਰੇ ਹਾਲਾਤ ਦੱਸ ਦਿੱਤੇ ਤੇ ਟੀਚਰ ਦਾ ਨਾਮ ’ਤੇ ਕਿੱਥੋਂ ਕਿੱਥੇ ਬਦਲੀ ਕਰਾਉਣੀ ਹੈ, ਇੱਕ ਚਿੱਟ ’ਤੇ ਲਿਖ ਕੇ ਫੜਾ ਦਿੱਤਾ। ਕੁਦਰਤੀ ਜਥੇਦਾਰ ਸਾਹਿਬ ਚੰਡੀਗੜ੍ਹ ਹੀ ਜਾ ਰਹੇ ਸਨ। ਦੁਪਹਿਰੇ ਦੋ ਕੁ ਵਜੇ ਉਨ੍ਹਾਂ ਦਾ ਫੋਨ ਆਇਆ ਕਿ ਮੈਂ ਚੀਮਾ ਸਾਹਿਬ ਦੇ ਦਫਤਰ ਬੈਠਾ ਹਾਂ। ਮੈਂ ਡੀ.ਈ.ਓ. ਮੋਹਾਲੀ ਨੂੰ ਇਸ ਬਦਲੀ ਸਬੰਧੀ ਫੋਨ ਕੀਤਾ ਹੈ, ਜਿਸਨੇ ਸਬੰਧਿਤ ਕਲਰਕ ਤੋਂ ਪੁੱਛ ਕੇ ਦੱਸਿਆ ਹੈ ਕਿ ਉਸ ਸਕੂਲ ਵਿੱਚ ਤਾਂ ਕੀ, ਸਾਰੇ ਮੋਹਾਲੀ ਸ਼ਹਿਰ ਵਿੱਚ ਸਾਇੰਸ ਟੀਚਰ ਦੀ ਕੋਈ ਪੋਸਟ ਖਾਲੀ ਨਹੀਂ ਹੈ।
ਮੈਂ ਜਥੇਦਾਰ ਸਾਹਿਬ ਨੂੰ ਕਿਹਾ ਕਿ ਕੋਈ ਗੱਲ ਨਹੀਂ ਅੱਜ ਤੁਸੀਂ ਰਹਿਣ ਦਿਉ, ਮੈਂ ਕੱਲ੍ਹ ਤਕ ਤੁਹਾਨੂੰ ਇਸ ਸਬੰਧੀ ਲਿਖਤੀ ਦਸਤਾਵੇਜ਼ ਮੁਹਈਆ ਕਰਵਾ ਦੇਵਾਂਗਾ। ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਕਿ ਭਰਾਵਾ ਡੀ.ਈ.ਓ. ਦਫਤਰ ਨੇ ਤਾਂ ਨਾਂਹ ਕਰ ਦਿੱਤੀ ਹੈ, ਜੇ ਤੇਰੇ ਕੋਲ ਇਸ ਸਬੰਧੀ ਕੋਈ ਦਸਤਾਵੇਜ਼ ਹਨ ਤਾਂ ਮੈਨੂੰ ਵਟਸਐਪ ਕਰ ਦੇ। ਉਹ ਉਸੇ ਵੇਲੇ ਸਰਗਰਮ ਹੋ ਗਿਆ ਤੇ ਕਿਸੇ ਤਰ੍ਹਾਂ ਢਾਹ ਭੰਨ ਕਰ ਕੇ ਉਸ ਚਿੱਠੀ ਦੀ ਕਾਪੀ ਮੈਨੂੰ ਭੇਜ ਦਿੱਤੀ, ਜਿਹੜੀ ਉਸ ਸਕੂਲ ਦੇ ਪ੍ਰਿੰਸੀਪਲ ਨੇ ਡੀ.ਈ.ਓ. ਨੂੰ ਲਿਖੀ ਹੋਈ ਸੀ ਕਿ ਸਾਡੇ ਸਕੂਲ ਵਿੱਚ ਸਾਇੰਸ ਟੀਚਰ ਦੀ ਇੱਕ ਪੋਸਟ ਖਾਲੀ ਹੈ, ਕ੍ਰਿਪਾ ਕਰ ਕੇ ਕਿਸੇ ਟੀਚਰ ਨੂੰ ਇੱਥੇ ਨਿਯੁਕਤ ਕੀਤਾ ਜਾਵੇ। ਅਸਲ ਵਿੱਚ ਉਹ ਚਿੱਠੀ ਸਬੰਧਿਤ ਕਲਰਕ ਨੇ ਘੁੱਟ ਲਈ ਸੀ ਕਿਉਂਕਿ ਉਹ ਉੱਥੇ ਰੋਪੜ ਤੋਂ ਆਪਣੀ ਸਾਲੀ ਦੀ ਬਦਲੀ ਕਰਵਾਉਣੀ ਚਾਹੁੰਦਾ ਸੀ। ਸ਼ਾਮ ਨੂੰ ਮੈਨੂੰ ਜਥੇਦਾਰ ਸਾਹਿਬ ਦਾ ਫੋਨ ਆ ਗਿਆ ਕਿ ਮੈਂ ਘਰ ਆ ਗਿਆ ਹਾਂ ਤੇ ਜੇ ਦਸਤਾਵੇਜ਼ ਮਿਲ ਗਏ ਹਨ ਤਾਂ ਆ ਜਾਉ।
ਮੈਂ ਉਸੇ ਵੇਲੇ ਕੋਲਿਆਂਵਾਲੀ ਪਹੁੰਚ ਗਿਆ ਤੇ ਚਿੱਠੀ ਉਨ੍ਹਾਂ ਨੂੰ ਦਿਖਾ ਦਿੱਤੀ। ਉਹ ਕਿੰਨਾ ਚਿਰ ਹੈਰਾਨੀ ਨਾਲ ਉਸ ਚਿੱਠੀ ਵੱਲ ਦੇਖਦੇ ਰਹੇ ਤੇ ਫਿਰ ਬੋਲੇ ਕਿ ਲੋਕ ਵਾਕਿਆ ਹੀ ਸਹੀ ਕਹਿੰਦੇ ਹਨ ਕਿ ਕਲਰਕ ਜੋ ਚਾਹੇ ਕਰ ਸਕਦਾ ਹੈ। ਉਨ੍ਹਾਂ ਨੇ ਚੀਮਾ ਸਾਹਿਬ ਨੂੰ ਫੋਨ ਕਰ ਕੇ ਸਾਰੀ ਗੱਲ ਦੱਸ ਕੇ ਨਿਹੋਰਾ ਮਾਰਿਆ, “ਹੱਦ ਹੋ ਗਈ ਚੀਮਾ ਸਾਹਿਬ, ਤੁਸੀਂ ਕਰ ਲਿਆ ਮੰਤਰੀਪੁਣਾ, ਧਾਨੂੰ ਤਾਂ ਧਾਡੇ ਮਹਿਕਮੇ ਦੇ ਕਲਰਕ ਹੀ ਕੁਛ ਨਹੀਂ ਸਮਝਦੇ।”
ਇਹ ਗੱਲ ਸੁਣ ਕੇ ਚੀਮਾ ਸਾਹਿਬ ਦੇ ਤਨ ਮਨ ਨੂੰ ਅੱਗ ਗਈ ਤੇ ਕਿਹਾ ਕਿ ਫੌਰਨ ਚਿੱਠੀ ਮੈਨੂੰ ਵਟਸਐਪ ਕਰ ਦਿਉ।
ਮੈਂ ਚਿੱਠੀ ਜਥੇਦਾਰ ਸਾਹਿਬ ਦੇ ਫੋਨ ’ਤੇ ਭੇਜ ਦਿੱਤੀ ਤੇ ਉਨ੍ਹਾਂ ਨੇ ਚੀਮਾ ਸਾਹਿਬ ਨੂੰ ਭੇਜ ਦਿੱਤੀ। ਫਿਰ ਚੰਡੀਗੜ੍ਹ ਚੀਮਾ ਸਾਹਿਬ ਨੇ ਕਿਸ ਕਿਸ ਅਫਸਰ ਦੀ ਕੀ ਕੀ ਕਲਾਸ ਲਾਈ, ਉਸ ਕਲਰਕ ਦਾ ਕੀ ਬਣਿਆ, ਇਹ ਤਾਂ ਮੈਨੂੰ ਪਤਾ ਨਹੀਂ ਪਰ ਸਵੇਰੇ ਅੱਠ ਵਜੇ ਮੇਰੇ ਦੋਸਤ ਦਾ ਫੋਨ ਆ ਗਿਆ ਕਿ ਬਦਲੀ ਹੋ ਗਈ ਹੈ। ਮੈਂ ਸੋਚਿਆ ਕਿ ਐਵੇਂ ਟਿੱਚਰਾਂ ਕਰ ਰਿਹਾ ਹੈ, ਸਰਕਾਰੀ ਦਫਤਰ ਤਾਂ ਦਸ ਵਜੇ ਖੁੱਲ੍ਹਦੇ ਹਨ, ਇਹ ਅੱਠ ਵਜੇ ਆਰਡਰ ਕਿਵੇਂ ਆ ਗਏ? ਮੈਂ ਥੋੜ੍ਹਾ ਜਿਹਾ ਖਿਝ ਕੇ ਕਿਹਾ ਕਿ ਮੈਂ ਕੋਸ਼ਿਸ਼ ਤਾਂ ਕਰ ਹੀ ਰਿਹਾ ਹਾਂ, ਦੋ ਚਾਰ ਦਿਨ ਸਬਰ ਤਾਂ ਕਰ ਲੈ। ਪਰ ਉਹ ਖੁਸ਼ੀ ਨਾਲ ਖੀਵਾ ਹੋਇਆ ਉੱਚੀ ਉੱਚੀ ਬੋਲਣ ਲੱਗਾ, “ਸੱਚੀਂ ਹੋ ਗਈ ਹੈ ਬਦਲੀ। ਮੈਨੂੰ ਹੁਣੇ ਡੀ.ਈ.ਓ. ਦਫਤਰ ਦਾ ਮੁਲਾਜ਼ਮ ਆਰਡਰ ਫੜਾ ਕੇ ਗਿਆ ਹੈ।”
ਜਦੋਂ ਤਕ ਮੇਰੇ ਦੋਸਤ ਨੇ ਮੈਨੂੰ ਆਰਡਰ ਦੀ ਕਾਪੀ ਵਟਸਐਪ ਨਾ ਕੀਤੀ, ਮੈਨੂੰ ਯਕੀਨ ਨਾ ਆਇਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (