“ਇੱਕ ਬਾਬੇ ਦੇ ਫਾਰਮ ਦੇ ਸੜੇ ਗਲੇ ਫਲ ਤੇ ਸਬਜ਼ੀਆਂ ਪ੍ਰਸ਼ਾਦ ਦੇ ਰੂਪ ਵਿੱਚ ...”
(15 ਮਈ 2019)
ਸਾਡੇ ਦੇਸ਼ ਵਿੱਚ ਹਰ ਕੰਮ ਉਲਟਾ ਚੱਲਦਾ ਹੈ। ਜਿਹੜੇ ਵਿਅਕਤੀ ਸਕੂਲਾਂ-ਕਾਲਜਾਂ ਵਿੱਚ ਸਿਰੇ ਦੇ ਨਲਾਇਕ ਸਨ, ਉਹ ਜ਼ਿੰਦਗੀ ਦੀ ਦੌੜ ਵਿੱਚ ਅੱਗੇ ਲੰਘ ਗਏ ਤੇ ਜੋ ਲਾਇਕ ਸਨ, ਉਹ ਪਿੱਛੇ ਰਹਿ ਗਏ। ਪਲੱਸ ਟੂ ਵਿੱਚ ਫਸਟ ਡਵੀਜ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਪ੍ਰੋਫੈਸ਼ਨਲ ਕੋਰਸਾਂ ਵਿੱਚ ਜਾਂਦੇ ਹਨ ਤੇ ਡਾਕਟਰ, ਇੰਜੀਨੀਅਰ, ਵਕੀਲ ਅਤੇ ਵਿਗਿਆਨੀ ਬਣਦੇ ਹਨ। ਸੈਕੰਡ ਡਿਵੀਜ਼ਨ ਲੈਣ ਵਾਲੇ ਬੀ.ਏ. ਵਿੱਚ ਐਡਮੀਸ਼ਨ ਲੈਂਦੇ ਹਨ। ਜ਼ਿਆਦਾਤਰ ਸਰਕਾਰੀ ਅਫਸਰ ਉਹਨਾਂ ਵਿੱਚੋਂ ਹੀ ਬਣਦੇ ਹਨ ਤੇ ਫਸਟ ਡਵੀਜ਼ਨ ਵਾਲੇ ਉਹਨਾਂ ਨੂੰ ਸਲਾਮ ਮਾਰਦੇ ਹਨ। ਤੀਸਰੇ ਦਰਜ਼ੇ ਵਿੱਚ ਪਾਸ ਹੋਣ ਵਾਲੇ ਕਿਤੇ ਵੀ ਐਡਮੀਸ਼ਨ ਨਹੀਂ ਲੈਂਦੇ, ਉਹ ਸਰਕਾਰੀ ਠੇਕੇਦਾਰ ਬਣ ਜਾਂਦੇ ਹਨ ਤੇ ਫਸਟ ਤੇ ਸੈਕੰਡ ਡਵੀਜ਼ਨ ਵਾਲੇ ਕਮਿਸ਼ਨ ਲੈਣ ਖਾਤਰ ਉਹਨਾਂ ਨੂੰ ਘਰ ਬੁਲਾ ਕੇ ਚਾਹ ਪਿਆਉਂਦੇ ਹਨ ਤੇ ਨਾਲੇ ਚਮਚੀ ਮਾਰਦੇ ਹਨ।
ਪਲੱਸ ਟੂ ਵਿੱਚੋਂ ਫੇਲ ਹੋਣ ਵਾਲੇ ਸਭ ਤੋਂ ਵਧੀਆ ਧੰਦੇ, ਰਾਜਨੀਤੀ ਵਿੱਚ ਆ ਕੇ ਮੰਤਰੀ, ਚੇਅਰਮੈਨ ਬਣ ਜਾਂਦੇ ਹਨ ਤੇ ਉਪਰੋਕਤ ਤਿੰਨਾਂ ’ਤੇ ਕੰਟਰੋਲ ਕਰਦੇ ਹਨ। ਜੋ ਨਲਾਇਕ ਅੱਠਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਗਏ ਸਨ, ਉਹ ਦਾਊਦ ਇਬਰਾਹੀਮ, ਛੋਟਾ ਸ਼ਕੀਲ, ਮੈਮਨ ਭਰਾ ਅਤੇ ਛੋਟਾ ਰਾਜਨ ਵਰਗੇ ਡਾਨ ਬਣ ਜਾਂਦੇ ਹਨ ਤੇ ਉੱਪਰਲੇ ਚਾਰੇ ਉਹਨਾਂ ਦੇ ਹੁਕਮਾਂ ’ਤੇ ਇਲਾਹੀ ਹੁਕਮ ਸਮਝ ਕੇ ਫੁੱਲ ਚੜ੍ਹਾਉਂਦੇ ਹਨ।
ਪਰ ਸਭ ਤੋਂ ਵਧੀਆ ਉਹ ਮਹਾਂ ਮੂਰਖ ਰਹਿੰਦੇ ਹਨ, ਜਿਹਨਾਂ ਨੇ ਕਦੇ ਸਕੂਲ ਕਾਲਜ ਦਾ ਮੂੰਹ ਤੱਕ ਨਹੀਂ ਵੇਖਿਆ ਹੁੰਦਾ। ਉਹ ਸੰਤ, ਬ੍ਰਹਮ ਗਿਆਨੀ, ਮਹਾਂ ਮੰਡਲੇਸ਼ਵਰ, ਪੀਰ, ਫਕੀਰ, ਤਾਂਤਰਿਕ, ਮਾਂਤਰਿਕ, ਜੋਤਸ਼ੀ, ਅਘੋਰੀ ਅਤੇ ਕਾਲੇ ਇਲਮ ਦੇ ਮਾਹਰ ਬਣ ਜਾਂਦੇ ਹਨ। ਬਹੁਗਿਣਤੀ ਡਾਕਟਰ, ਇੰਜੀਨੀਅਰ, ਵਿਗਿਆਨੀ, ਅਫਸਰ, ਠੇਕੇਦਾਰ, ਡਾਨ ਅਤੇ ਮੰਤਰੀ ਤਰਲੇ ਕੱਢ ਕੇ ਉਹਨਾਂ ਨੂੰ ਮਿਲਣ ਲਈ ਸਮਾਂ ਪ੍ਰਾਪਤ ਕਰਦੇ ਹਨ, ਲੰਮੇ ਪੈ ਕੇ ਪੈਰ ਚੱਟਦੇ ਹਨ। ਉਨ੍ਹਾਂ ਨੂੰ ਗੁਰੂ ਧਾਰਨ ਕਰਦੇ ਹਨ ਤੇ ਹਰ ਹੁਕਮ ਦਾ ਇੰਨ ਬਿੰਨ ਪਾਲਣ ਕਰਦੇ ਹਨ। ਪੰਜਾਬ ਅਤੇ ਹਰਿਆਣੇ ਦੇ ਅਨੇਕਾਂ ਬਾਬੇ ਇਸ ਵਰਤਾਰੇ ਦੀ ਪਰਤੱਖ ਮਿਸਾਲ ਹਨ।
ਬਾਬੇ ਬਣਨਾ ਸਭ ਤੋਂ ਲਾਹੇਵੰਦਾ ਧੰਦਾ ਹੈ। ਅਸਲ ਵਿੱਚ ਸਰਕਾਰ ਹੀ ਇਸ ਮੁਫਤਖੋਰੀ ਨੂੰ ਉਤਸ਼ਾਹ ਦੇ ਰਹੀ ਹੈ। ਬਾਬਿਆਂ ਦੇ ਡੇਰਿਆਂ, ਧਰਮ ਸਥਾਨਾਂ ਅਤੇ ਸਾਧਾਂ ਦੀ ਆਮਦਨ 100% ਟੈਕਸ ਫਰੀ ਹੈ। ਅਰਬਾਂ ਖਰਬਾਂ ਦੀਆਂ ਜ਼ਮੀਨਾਂ, ਫਾਈਵ ਸਟਾਰ ਡੇਰੇ, ਕਰੋੜਾਂ ਦੀਆਂ ਇੰਪੋਰਟਡ ਗੱਡੀਆਂ ਅਤੇ ਹੋਰ ਲਗਜ਼ਰੀ ਸਮਾਨ ’ਤੇ ਇੱਕ ਪੈਸੇ ਦਾ ਟੈਕਸ ਨਹੀਂ ਲੱਗਦਾ। ਇੱਕ ਵਿਚਾਰੇ ਆਮ ਜਿਹੇ ਕਲਰਕ ਨੂੰ ਵੀ ਟੈਕਸ ਕੱਟਣ ਤੋਂ ਬਾਅਦ ਹੀ ਤਨਖਾਹ ਦਾ ਮੂੰਹ ਵੇਖਣਾ ਨਸੀਬ ਹੁੰਦਾ ਹੈ। ਦੁਕਾਨਦਾਰਾਂ ਅਤੇ ਉਦਯੋਗਪਤੀਆਂ ਨੂੰ ਟੈਕਸ ਬਚਾਉਣ ਦੇ ਫਿਕਰਾਂ ਕਾਰਨ ਦਿਲ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਬਾਬਿਆਂ ਨੂੰ ਇੰਨੀਆਂ ਮੌਜਾਂ ਹਨ ਕਿ ਸੰਗਤ ਹੀ ਫਸਲ ਬੀਜਦੀ ਹੈ, ਸੰਗਤ ਹੀ ਵੱਢਦੀ ਹੈ ਤੇ ਸੰਗਤ ਹੀ ਖਰੀਦ ਲੈਂਦੀ ਹੈ। ਇੱਕ ਬਾਬੇ ਦੇ ਫਾਰਮ ਦੇ ਸੜੇ ਗਲੇ ਫਲ ਤੇ ਸਬਜ਼ੀਆਂ ਪ੍ਰਸ਼ਾਦ ਦੇ ਰੂਪ ਵਿੱਚ ਦੋ-ਦੋ ਹਜ਼ਾਰ ਰੁਪਏ ਕਿੱਲੋ ਵਿਕਦੀਆਂ ਸਨ। ਜਿਹਨਾਂ ਨੇ ਆਪਣੇ ਘਰ ਕਦੇ ਪਾਣੀ ਦਾ ਗਿਲਾਸ ਖੁਦ ਭਰ ਕੇ ਨਹੀਂ ਪੀਤਾ ਹੁੰਦਾ, ਉਹ ਡੇਰਿਆਂ ਦੇ ਲੰਗਰਾਂ ਵਿੱਚ ਪੂਰੀ ਸ਼ਰਧਾ ਨਾਲ ਭਾਂਡੇ ਮਾਂਜਦੇ ਹਨ। ਜਿਹੜੀਆਂ ਨੂੰਹ-ਸੱਸ, ਦਰਾਣੀ-ਜੇਠਾਣੀ ਘਰ ਦਾ ਕੰਮ ਕਰਨ ਤੋਂ ਛਿੱਤਰੋ ਛਿੱਤਰੀ ਹੁੰਦੀਆਂ ਹਨ, ਉਹ ਡੇਰਿਆਂ ਵਿੱਚ ਇੱਕ ਦੂਸਰੀ ਤੋਂ ਅੱਗੇ ਲੱਗ ਲੱਗ ਕੇ ਝਾੜੂ ਫੇਰਦੀਆਂ ਹਨ। ਗਰੀਬ ਰਿਕਸ਼ੇ ਵਾਲੇ ਨਾਲ ਇੱਕ ਰੁਪਏ ਤੋਂ ਝਗੜਾ ਕਰਨ ਵਾਲੇ, ਕਿਰਾਏ ਦੇ ਟਰੱਕਾਂ ਵਿੱਚ ਸੰਗਤ ਲੈ ਕੇ ਜਾਂਦੇ ਹਨ। ਇੱਥੋਂ ਤੱਕ ਕੇ ਪੁੱਤਰਾਂ ਦੇ ਦਾਨੀ ਬਾਬਿਆਂ ਦੀਆਂ ਲੱਤਾਂ ਘੁੱਟਣ ਦੀ ਵਾਰੀ ਤੋਂ ਵੀ ਬੀਬੀਆਂ ਖਹਿਬੜ ਪੈਂਦੀਆਂ ਹਨ। ਇੱਥੇ ਤਾਂ ਅਜਿਹੇ ਅਕਲ ਦੇ ਅੰਨ੍ਹੇ ਹਨ ਜੋ ਰੋਪੜ ਜ਼ਿਲ੍ਹੇ ਦੇ ਇੱਕ ਬੇਹੱਦ ਵਿਵਾਦਤ ਬਾਬੇ ਦੇ ਹਾਥੀ ਦੀ ਲਿੱਦ ਵੀ ਪ੍ਰਸ਼ਾਦ ਸਮਝ ਕੇ ਚੁੱਕ ਲਿਜਾਂਦੇ ਸਨ।
ਕਈ ਬਾਬਿਆਂ ਦੀ ਤਾਂ ਇੰਨੀ ਚੜ੍ਹਾਈ ਰਹੀ ਹੈ ਕਿ ਉਹ ਦੇਸ਼ ਚਲਾਉਣ ਤੱਕ ਦੀ ਤਾਕਤ ਹਾਸਲ ਕਰ ਗਏ ਸਨ। ਧੀਰੇਂਦਰ ਬ੍ਰਹਮਚਾਰੀ, ਚੰਦਰਾਸਵਾਮੀ, ਬਾਬਾ ਰਾਮਦੇਵ ਅਤੇ ਬਾਬੇ ਰਾਮ ਰਹੀਮ ਦੀ ਮਿਸਾਲ ਸਭ ਦੇ ਸਾਹਮਣੇ ਹੈ। ਵੱਡੇ ਵੱਡੇ ਨਾਢੂ ਖਾਨ ਇਹਨਾਂ ਦਾ ਪਾਣੀ ਭਰਦੇ ਸਨ। ਧੀਰੇਂਦਰ ਬ੍ਰਹਮਚਾਰੀ ਅਤੇ ਚੰਦਰਾਸਵਾਮੀ ਤਾਂ ਆਪਣੇ ਸਮੇਂ ਦੇ ਪ੍ਰਧਾਨ ਮੰਤਰੀਆਂ ਦੇ ਗੁਰੂ ਅਤੇ ਮਾਰਗ ਦਰਸ਼ਕ ਸਨ। ਬਾਬਾ ਰਾਮਦੇਵ ਨੂੰ ਅਨੇਕਾਂ ਸੂਬਾ ਸਰਕਾਰਾਂ ਆਪਣੇ ਸੂਬੇ ਵਿੱਚ ਉਦਯੋਗ ਲਗਾਉਣ ਲਈ ਕਰੋੜਾਂ-ਅਰਬਾਂ ਦੀਆਂ ਜ਼ਮੀਨਾਂ ਮੁਫਤ ਦੇ ਭਾਅ ਅਲਾਟ ਕਰ ਰਹੀਆਂ ਹਨ। ਇਹੀ ਸਰਕਾਰਾਂ ਕਿਸੇ ਗਰੀਬ ਦੀ ਝੁੱਗੀ ਢਾਹੁਣ ਲੱਗੀਆਂ ਮਿੰਟ ਨਹੀਂ ਲਗਾਉਂਦੀਆਂ। ਬਾਬਾ ਰਾਮ ਰਹੀਮ ਦਾ ਜਲਵਾ ਤਾਂ ਸਾਰੇ ਜਹਾਨ ਨੇ ਵੇਖਿਆ ਹੈ। ਕਿਸੇ ਸਮੇਂ 8-10 ਸੂਬਿਆਂ ਦੇ ਐੱਮ.ਐੱਲ.ਏ., ਐੱਮ.ਪੀ. ਮੰਤਰੀ, ਮੁੱਖ ਮੰਤਰੀ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਵੋਟਾਂ ਖਾਤਰ ਉਸਦੀਆਂ ਲੇਹਲੜੀਆਂ ਕੱਢਦੇ ਸਨ। ਇਸ ਲਈ ਜੇ ਕਿਸੇ ਦਾ ਬੱਚਾ ਸ਼ਰਾਰਤੀ, ਬਦਮਾਸ਼, ਲੜਾਕਾ, ਪੜ੍ਹਨ ਵਿੱਚ ਨਲਾਇਕ ਜਾਂ ਬਦਤਮੀਜ਼ ਹੈ, ਤਾਂ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਉਸ ਨੂੰ ਕਿਸੇ ਸਾਧ ਦੇ ਚਰਨਾਂ ਵਿੱਚ ਭੇਂਟ ਕਰ ਦਿਉ। ਵੇਖਿਉ ਕੁਝ ਸਾਲਾਂ ਬਾਅਦ ਉਸ ਨੂੰ ਤਾਂ ਸਲਾਮਾਂ ਵੱਜਣਗੀਆਂ ਹੀ, ਸੰਤਾਂ ਦੇ ਮਾਤਾ ਪਿਤਾ ਹੋਣ ਕਾਰਨ ਲੋਕਾਂ ਨੇ ਤੁਹਾਡੇ ਚਰਨਾਂ ਦੀ ਮਿੱਟੀ ਵੀ ਚੁੱਕ ਚੁੱਕ ਕੇ ਮੱਥੇ ਨੂੰ ਲਾਉਣੀ ਹੈ। ਗੱਡੀਆਂ-ਗੰਨਮੈਨ ਤੁਹਾਡੇ ਅੱਗੇ ਪਿੱਛੇ ਘੁੰਮਣਗੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1586)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om