“ਡੀਆਈਜੀ ਦੇ ਗੰਨਮੈਨਾਂ ਨੇ ਉਸ ਨੂੰ ਪਰ੍ਹਾਂ ਧੱਕਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਹ ...”
(17 ਮਾਰਚ 2021)
(ਸ਼ਬਦ: 700)
ਮੌਕਾ ਸਾਂਭਣ ਵਾਲੇ ਹਰੇਕ ਮਹਿਕਮੇ ਵਿੱਚ ਪਾਏ ਜਾਂਦੇ ਹਨ। ਅਸਲੀਅਤ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਤਾਂ ਵਿਚਾਰੇ ਅਫਸਰਾਂ ਤੋਂ ਡਰਦੇ ਜਾਂ ਝਕਦੇ ਹੋਏ ਪਿੱਛੇ ਹੀ ਖੜ੍ਹੇ ਰਹਿ ਜਾਂਦੇ ਹਨ ਤੇ ਮੌਕਾ ਸਾਂਭਣ ਵਾਲੇ ਫਟਾਫਟ ਮੌਕੇ ਦਾ ਫਾਇਦਾ ਉਠਾ ਕੇ ਤਰੱਕੀਆਂ ਲੈ ਜਾਂਦੇ ਹਨ। ਵੈਸੇ ਇਸ ਕੰਮ ਵਿੱਚ ਜ਼ਿਆਦਾ ਪ੍ਰਵੀਣ ਅਫਸਰਾਂ ਦੇ ਮੂੰਹ ਲੱਗੇ ਚਮਚਾ ਟਾਈਪ ਰੀਡਰ, ਸਟੈਨੋ ਜਾਂ ਗੰਨਮੈਨ ਆਦਿ ਹੁੰਦੇ ਹਨ। ਅੱਤਵਾਦ ਦੇ ਦਿਨਾਂ ਵਿੱਚ ਕਈ ਪੁਲਿਸ ਅਫਸਰਾਂ ਨੇ ਵਾਕਿਆ ਹੀ ਦਿਆਨਤਦਾਰੀ ਤੇ ਬਹਾਦਰੀ ਨਾਲ ਕੰਮ ਕੀਤਾ ਸੀ। ਪਰ ਜਦੋਂ ਕਿਸੇ ਵੱਡੇ ਖਾੜਕੂ ਦੇ ਮੁਕਾਬਲੇ ਵਿੱਚ ਮਰਨ ਤੋਂ ਬਾਅਦ ਤਰੱਕੀਆਂ ਅਤੇ ਇਨਾਮ ਸਨਮਾਨ ਲਈ ਲਿਸਟਾਂ ਬਣਦੀਆਂ ਸਨ ਤਾਂ ਕਈ ਅਜਿਹੇ ਮੁਲਾਜ਼ਮਾਂ (ਅਫਸਰਾਂ ਦੇ ਅਰਦਲੀ ਅਤੇ ਲਾਂਗਰੀ ਆਦਿ) ਦੇ ਨਾਮ ਲਿਸਟਾਂ ਵਿੱਚ ਸ਼ਾਮਲ ਕਰ ਦਿੱਤੇ ਜਾਂਦੇ ਸਨ, ਜਿਨ੍ਹਾਂ ਨੇ ਕਦੇ ਰਾਈਫਲ ਚੁੱਕ ਕੇ ਨਹੀਂ ਸੀ ਵੇਖੀ ਹੁੰਦੀ। ਉਹ ਸਾਹਿਬ ਦੇ ਘਰ ਬੈਠੇ ਪਤੀਲੇ ਵਿੱਚ ਕੜਛੀ ਮਾਰਦੇ ਹੋਏ ਹੀ ਹੌਲਦਾਰ ਥਾਣੇਦਾਰ ਬਣ ਜਾਂਦੇ ਸਨ। 1993 ਵਿੱਚ ਜਦੋਂ ਘੱਗਰ ਦਰਿਆ ਵਿੱਚ ਹੜ੍ਹ ਆਏ ਸਨ ਤਾਂ ਅਜਿਹੇ ਦਫਤਰੀ ਬਾਬੂ ਅਤੇ ਪੁਲਿਸ ਮੁਲਾਜ਼ਮ ਵੀ ਪ੍ਰਸ਼ੰਸਾ ਪੱਤਰ ਲੈ ਗਏ ਸਨ ਜਿਨ੍ਹਾਂ ਨੇ ਕਦੇ ਘੱਗਰ ਦਰਿਆ ਦੇ ਦਰਸ਼ਨ ਵੀ ਨਹੀਂ ਸਨ ਕੀਤੇ। ਮਲੇਰ ਕੋਟਲੇ ਸਬ ਡਵੀਜ਼ਨ ਦੇ ਇੱਕ ਐੱਸਐੱਚਓ ਨੂੰ ਤਾਂ ਸਿਰਫ ਇਸ ਲਈ ਕਲਾਸ ਵੰਨ ਸਰਟੀਫਿਕੇਟ ਮਿਲ ਗਿਆ ਸੀ, ਕਿਉਂਕਿ ਉਸ ਨੇ ਹੜ੍ਹ ਮਾਰੇ ਪਿੰਡਾਂ ਦੇ ਪਸ਼ੂਆਂ ਵਾਸਤੇ ਦੋ ਟਰਾਲੀਆਂ ਤੂੜੀ ਭੇਜੀ ਸੀ।
ਅੱਤਵਾਦ ਦੇ ਦਿਨਾਂ ਵਿੱਚ ਮੁਹਾਲੀ ਵਿਖੇ ਹੋਏ ਇੱਕ ਮੁਕਾਬਲੇ ਦੌਰਾਨ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀਆ ਮਾਰਿਆ ਗਿਆ ਸੀ। ਉਸ ਸਮੇਂ ਫੇਜ਼ ਇੱਕ ਥਾਣੇ ਦਾ ਮੁਨਸ਼ੀ ਇੱਕ ਜੰਡਿਆਲਾ (ਕਾਲਪਨਿਕ ਨਾਂ) ਨਾਮ ਦਾ ਹੌਲਦਾਰ ਸੀ। ਉਹ ਅਫਸਰਾਂ ਦੇ ਕੱਟੇ ਵੱਛੇ ਬੰਨ੍ਹਣ ਲਈ ਸਾਰੇ ਰੋਪੜ ਜ਼ਿਲ੍ਹੇ ਵਿੱਚ ਮਸ਼ਹੂਰ ਸੀ। ਉਸ ਨੇ ਆਪਣੇ ਖੈਰਖਵਾਹ ਅਫਸਰਾਂ ਰਾਹੀਂ ਮੌਕੇ ਦੇ ਐੱਸਐੱਸਪੀ ’ਤੇ ਦਬਾਅ ਪਵਾਇਆ ਕਿ ਉਸ ਨੂੰ ਵੀ ਏਐੱਸਆਈ ਬਣਾ ਦਿੱਤਾ ਜਾਵੇ। ਤਰਕ ਇਹ ਦਿੱਤਾ ਗਿਆ ਕਿ ਜੇ ਉਹ ਮੁਕਾਬਲੇ ਵਾਲੀ ਜਗ੍ਹਾ ’ਤੇ ਹੋਰ ਪੁਲਿਸ ਨਾ ਭੇਜਦਾ ਤਾਂ ਘੇਰਾ ਨਹੀਂ ਸੀ ਪੈਣਾ ਤੇ ਖਾੜਕੂ ਨੇ ਬਚ ਕੇ ਨਿਕਲ ਜਾਣਾ ਸੀ। ਜਦੋਂ ਕਿ ਅਸਲੀਅਤ ਵਿੱਚ ਉਹ ਖਾੜਕੂ ਘੇਰੇ ਵਿੱਚੋਂ ਨਿਕਲ ਗਿਆ ਸੀ ਤੇ ਭੱਜਦੇ ਸਮੇਂ ਇੱਕ ਵੀਆਈਪੀ ਦੀ ਗਾਰਦ ਹੱਥੋਂ ਮਾਰਿਆ ਗਿਆ ਸੀ। ਸਭ ਨੂੰ ਹੈਰਾਨੀ ਉਦੋਂ ਹੋਈ ਜਦੋਂ ਉਹ ਮੁਨਸ਼ੀ ਵਾਕਿਆ ਹੀ ਏਐੱਸਆਈ ਦਾ ਰੈਂਕ ਲੈ ਗਿਆ ਤੇ ਕੁਝ ਹੀ ਦਿਨਾਂ ਬਾਅਦ ਹੀ ਕਿਸੇ ਥਾਣੇ ਦਾ ਐੱਸਐੱਚਓ ਲੱਗ ਗਿਆ ਤੇ ਰਿਟਾਇਰਮੈਂਟ ਤਕ ਵੱਖ ਵੱਖ ਥਾਣਿਆਂ ਵਿੱਚ ਐੱਸਐੱਚਓ ਲੱਗਾ ਰਿਹਾ।
ਇਸੇ ਤਰ੍ਹਾਂ ਆਨੰਦਪੁਰ ਸਾਹਿਬ ਥਾਣੇ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ ਸੀ, ਜਿਸ ਵਿੱਚ ਦੋ ਖਾੜਕੂ ਮਾਰੇ ਗਏ ਸਨ। ਇੱਕ ਸਿਰੇ ਦਾ ਸ਼ਰਾਬੀ ਸਿਪਾਹੀ ਵੀ ਉਸ ਮੁਕਾਬਲੇ ਵਿੱਚ ਸ਼ਾਮਲ ਸੀ। ਖਾੜਕੂਆਂ ਦੇ ਮਰਨ ਤਕ ਉਹ ਕਮਾਦ ਦੇ ਖੇਤ ਵਿੱਚ ਲੁਕਿਆ ਰਿਹਾ। ਜਦੋਂ ਸ਼ਾਮ ਨੂੰ ਡੀਆਈਜੀ ਰੇਂਜ ਮੌਕਾ ਵੇਖਣ ਲਈ ਆਇਆ ਤਾਂ ਉਹ ਸਭ ਤੋਂ ਪਹਿਲਾਂ ਉਸ ਨੂੰ ਸਲੂਟ ਮਾਰਨ ਲਈ ਪਹੁੰਚ ਗਿਆ। ਜਦੋਂ ਡੀਆਈਜੀ ਮੌਕੇ ਵੱਲ ਤੁਰਿਆ ਤਾਂ ਉਹ ਰਾਈਫਲ ਫੜ ਕੇ ਅੱਗੇ ਅੱਗੇ ਚੱਲ ਪਿਆ ਤੇ ਲਲਕਾਰਾ ਮਾਰਿਆ, “ਜਨਾਬ ਮੇਰੇ ਪਿੱਛੇ ਪਿੱਛੇ ਆਇਉ, ਸਿਪਾਹੀ ਭਾਵੇਂ ਮਰ ਜਾਵੇ, ਪਰ ਮੇਰੇ ਜਰਨੈਲ ਦਾ ਵਾਲ ਵਿੰਗਾ ਨਹੀਂ ਹੋਣਾ ਚਾਹੀਦਾ। ਡੀਆਈਜੀ ਦੇ ਗੰਨਮੈਨਾਂ ਨੇ ਉਸ ਨੂੰ ਪਰ੍ਹਾਂ ਧੱਕਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਹ ਪੂਰੀ ਢੀਠਤਾ ਨਾਲ ਚਿਪਕਿਆ ਹੀ ਰਿਹਾ। ਉਹ ਇਸ ਤਰ੍ਹਾਂ ਅੱਗੇ ਅੱਗੇ ਜਾ ਰਿਹਾ ਸੀ ਜਿਵੇਂ ਡੀਆਈਜੀ ਵੱਲ ਆਉਣ ਵਾਲੀ ਹਰੇਕ ਗੋਲੀ ਆਪਣੀ ਛਾਤੀ ’ਤੇ ਝੱਲਣ ਲਈ ਤਿਆਰ ਹੋਵੇ। ਜਿਹੜੇ ਮੁਲਾਜ਼ਮ ਜੁਲਾਈ ਅਗਸਤ ਦੇ ਮਹੀਨੇ ਦੀ ਹੁੰਮਸ ਭਰੀ ਗਰਮੀ ਵਿੱਚ ਸਵੇਰ ਤੋਂ ਮੁਕਾਬਲਾ ਕਰਦੇ ਰਹੇ ਸਨ, ਉਹ ਵਿਚਾਰੇ ਇੱਕ ਪਾਸੇ ਖੜ੍ਹੇ ਬਿੱਲੀ ਦੇ ਬੱਚੇ ਵਾਂਗ ਝਾਕ ਰਹੇ ਸਨ ਤੇ ਸ਼ਰਾਬੀ ਆਪਣੀ ਸਕੀਮ ਨਾਲ ਮੇਲਾ ਲੁੱਟ ਕੇ ਲੈ ਗਿਆ। ਜਦੋਂ ਤਰੱਕੀਆਂ ਦੀ ਲਿਸਟ ਆਈ ਤਾਂ ਉਸ ਦਾ ਨਾਮ ਸਭ ਤੋਂ ਉੱਪਰ ਸੀ।
ਕਿਸੇ ਜਗ੍ਹਾ ’ਤੇ ਪੁਲਿਸ ਅਤੇ ਡਾਕੂਆਂ ਦਰਮਿਆਨ ਮੁਕਾਬਲਾ ਚੱਲ ਰਿਹਾ ਸੀ। ਦੋਵਾਂ ਪਾਸਿਆਂ ਤੋਂ ਧੜਾਧੜ ਗੋਲੀਆਂ ਚੱਲ ਰਹੀਆਂ ਸਨ। ਮੁਕਾਬਲੇ ਦੀ ਅਗਵਾਈ ਖੁਦ ਐੱਸਐੱਸਪੀ ਕਰ ਰਿਹਾ ਸੀ। ਇੱਕ ਸਕੀਮੀ ਸਿਪਾਹੀ ਮੌਕਾ ਤਾੜ ਕੇ ਐੱਸਐੱਸਪੀ ਨਾਲ ਟੋਚਨ ਹੋ ਗਿਆ। ਜਿਹੜੇ ਪਾਸੇ ਐੱਸਐੱਸਪੀ ਜਾਵੇ, ਸਿਪਾਹੀ ਵੀ ਮਗਰੇ ਮਗਰ ਰਾਈਫਲ ਤਾਣ ਕੇ ਭੱਜਾ ਫਿਰੇ। ਐੱਸਐੱਸਪੀ ਉਸ ਦੀ ਵਫਾਦਾਰੀ ਤੋਂ ਬਹੁਤ ਖੁਸ਼ ਹੋਇਆ। ਮੁਕਾਬਲਾ ਖਤਮ ਹੋਣ ਤੋਂ ਬਾਅਦ ਉਸ ਨੇ ਸਿਪਾਹੀ ਨੂੰ ਸ਼ਾਬਾਸ਼ ਦਿੱਤੀ, “ਸ਼ਾਬਾਸ਼ ਬਈ ਜਵਾਨਾ ਤੇਰੇ, ਤੂੰ ਸਾਰੇ ਮੁਕਾਬਲੇ ਦੌਰਾਨ ਆਪਣੀ ਜਾਨ ਤਲੀ ’ਤੇ ਰੱਖ ਕੇ ਮੇਰੇ ਨਾਲ ਨਾਲ ਰਿਹਾ ਹੈਂ। ਬਹੁਤ ਅੱਛੇ। ਸਿਪਾਹੀ ਫੁੱਲ ਕੇ ਕੁੱਪਾ ਹੋ ਗਿਆ ਤੇ ਸਚਾਈ ਬਿਆਨ ਕਰ ਦਿੱਤੀ, “ਨਈਂ ਜਨਾਬ, ਉਹ ਗੱਲ ਨਹੀਂ ਹੈ। ਅਸਲ ਵਿੱਚ ਮੇਰੀ ਮਾਂ ਨੇ ਸਿੱਖਿਆ ਦਿੱਤੀ ਸੀ ਕਿ ਮੁਕਾਬਲੇ ਵੇਲੇ ਕਿਸੇ ਵੱਡੇ ਅਫਸਰ ਦੇ ਨਾਲ ਨਾਲ ਰਹੀਂ, ਤੂੰ ਕਦੇ ਨਹੀਂ ਮਰੇਂਗਾ। ਕਿਉਂਕਿ ਵੱਡੇ ਅਫਸਰ ਮੁਕਾਬਲੇ ਵੇਲੇ ਸਭ ਤੋਂ ਪਿੱਛੇ ਹੁੰਦੇ ਹਨ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2649)
(ਸਰੋਕਾਰ ਨਾਲ ਸੰਪਰਕ ਲਈ: