“ਜਿਹੜੇ ਐਂਕਰ ਨੇ ਕਦੇ ਏਅਰ ਗੰਨ ਦਾ ਪਟਾਕਾ ਨਹੀਂ ਸੁਣਿਆ, ਉਹ ਜਹਾਜ਼ਾਂ, ਤੋਪਾਂ, ਮਿਜ਼ਾਈਲਾਂ ਅਤੇ ਬੰਬਾਂ ...”
(11 ਮਾਰਚ 2019)
ਅੱਜ ਕਲ੍ਹ ਖਬਰਾਂ ਵਾਲੇ ਟੀ.ਵੀ. ਚੈਨਲਾਂ ਦੇ ਐਂਕਰਾਂ ਨੂੰ ਦੇਸ਼ ਭਗਤੀ ਦਾ ਜਬਰਦਸਤ (ਜਾਅਲੀ) ਬੁਖਾਰ ਚੜ੍ਹਿਆ ਹੋਇਆ ਹੈ। ਸਿਰਫ ਟੀ.ਆਰ.ਪੀ. ਵਧਾਉਣ ਅਤੇ ਵੱਧ ਤੋਂ ਵੱਧ ਇਸ਼ਤਿਹਾਰ ਬਟੋਰਨ ਦੀ ਭੁੱਖ ਕਾਰਨ ਇਹ ਲੋਕ ਦੇਸ਼ ਨੂੰ ਬਲਦੀ ਦੇ ਬੁੱਥੇ ਝੋਕਣ ਦੀ ਤਿਆਰੀ ਕਰੀ ਬੈਠੇ ਹਨ। ਕਈ ਐਂਕਰ ਤਾਂ ਇੰਨੇ ਜੋਸ਼ ਵਿੱਚ ਆਏ ਪਏ ਹਨ ਕਿ ਫੌਜੀ ਵਰਦੀ ਪਹਿਨ ਕੇ ਪ੍ਰੋਗਰਾਮ ਪੇਸ਼ ਕਰਨ ਆਉਂਦੇ ਹਨ ਤੇ ਅਜੀਬ ਅਹਿਮਕਾਨਾ ਹਰਕਤਾਂ ਕਰ ਰਹੇ ਹਨ। ਜਿਹੜੇ ਐਂਕਰ ਨੇ ਕਦੇ ਏਅਰ ਗੰਨ ਦਾ ਪਟਾਕਾ ਨਹੀਂ ਸੁਣਿਆ, ਉਹ ਜਹਾਜ਼ਾਂ, ਤੋਪਾਂ, ਮਿਜ਼ਾਈਲਾਂ ਅਤੇ ਬੰਬਾਂ ਦੇ ਧਮਾਕੇ ਸੁਣਨ ਲਈ ਕਾਹਲਾ ਪਿਆ ਹੋਇਆ ਹੈ। ਇਹਨਾਂ ਲੋਕਾਂ ਦਾ ਨਾ ਤਾਂ ਕੋਈ ਰਿਸ਼ਤੇਦਾਰ ਫੌਜ ਵਿੱਚ ਹੈ ਅਤੇ ਨਾ ਹੀ ਇਹਨਾਂ ਕਦੇ ਜੰਗ ਦੀ ਤਬਾਹੀ ਭੋਗੀ ਹੈ। ਇਹ ਸੂਰਮੇ ਜੰਗ ਵਿੱਚ ਗੋਲਿਆਂ ਨਾਲ ਵੱਢੀਆਂ ਟੁੱਕੀਆਂ ਬੇਪਛਾਣ ਹੋਈਆਂ ਲਾਸ਼ਾਂ ਅਤੇ ਬਿਖਰੇ ਪਏ ਅੰਗ ਹੀ ਵੇਖ ਲੈਣ ਤਾਂ ਹਾਰਟ ਅਟੈਕ ਨਾਲ ਮਰ ਜਾਣ।
ਇਹ ਪਹਿਲੀ ਵਾਰ ਹੋਇਆ ਹੈ ਕਿ ਸੋਸ਼ਲ ਮੀਡੀਆ ਵਿੱਚ ਇਹਨਾਂ ਐਂਕਰਾਂ ਖਿਲਾਫ ਬਾਈ ਨੇਮ ਚੁਟਕਲੇ ਚੱਲ ਰਹੇ ਹਨ ਤੇ ਸਖਤ ਭਾਸ਼ਾ ਵਿੱਚ ਨੁਕਤਾਚੀਨੀ ਹੋ ਰਹੀ ਹੈ। ਇੱਕ ਚੁਟਕਲਾ ਵਾਇਰਲ ਹੋਇਆ ਹੈ ਕਿ ਪਾਕਿਸਤਾਨ ਸਾਡੇ ਪਾਇਲਟ (ਅਭਿਨੰਦਨ) ਨੂੰ ਮੋੜ ਦੇਵੇ ਤੇ ਸਾਰੇ ਐਂਕਰਾਂ ਨੂੰ ਲੈ ਲਵੇ, ਭਾਵੇਂ ਕਦੇ ਵਾਪਸ ਨਾ ਕਰੇ। ਉਹ ਤਾਂ ਦੋਵਾਂ ਦੇਸ਼ਾਂ ਦੇ ਨੇਤਾ ਅਕਲਮੰਦੀ ਕਰ ਗਏ, ਨਹੀਂ ਇਹਨਾਂ ਨੇ ਤਾਂ ਜੰਗ ਲਗਵਾਉਣ ਦੀ ਕੋਈ ਕਸਰ ਨਹੀਂ ਛੱਡੀ। ਇਹ ਬੇਸ਼ਰਮ ਲੋਕ ਪਾਕਿਸਤਾਨ (ਬਾਲਾਕੋਟ) ’ਤੇ ਹਮਲੇ ਕਾਰਨ ਬਾਘੀਆਂ ਪਾ ਰਹੇ ਹਨ, ਲੱਡੂ ਵੰਡ ਰਹੇ ਹਨ, ਪਰ ਇਹ ਭੁੱਲ ਗਏ ਹਨ ਕਿ ਪੁਲਵਾਮਾ ਵਿੱਚ ਸ਼ਹੀਦ ਹੋਏ ਸਾਡੇ ਜਵਾਨਾਂ ਦੇ ਘਰਾਂ ਵਿੱਚ ਅਜੇ ਸੱਥਰ ਵਿਛੇ ਹੋਏ ਹਨ। ਉਹਨਾਂ ਬਾਰੇ ਹੁਣ ਕੋਈ ਇੱਕ ਲਫਜ਼ ਨਹੀਂ ਬੋਲ ਰਿਹਾ।
ਇਸ ਗੜਬੜ ਦੌਰਾਨ ਸਾਡੇ ਚੈਨਲਾਂ ਨੇ ਪਾਕਿਸਤਾਨ ਦੀ ਇੰਨੀ ਮਦਦ ਕੀਤੀ ਜਿੰਨੀ ਸ਼ਾਇਦ ਆਈ.ਐੱਸ.ਆਈ. ਵੀ ਨਹੀਂ ਕਰ ਸਕੀ ਹੋਣੀ। ਪਾਕਿਸਤਾਨ ਵੱਲੋਂ ਜਾਰੀ ਵੀਡੀਉ ਵਿੱਚ ਪਾਇਲਟ ਅਭਿਨੰਦਨ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ, ਉਹ ਕਿਹੜਾ ਹਵਾਈ ਜਹਾਜ਼ ਉਡਾ ਰਿਹਾ ਸੀ ਅਤੇ ਉਸਦਾ ਮਿਸ਼ਨ ਕੀ ਸੀ? ਪਰ ਉਹ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਿਹਾ ਹੈ। ਪਰ ਸਾਡੇ ਸਮਝਦਾਰ ਦੇਸ਼ ਭਗਤ ਐਂਕਰਾਂ ਨੇ ਇਹ ਸਭ ਕੁਝ (ਸ਼ਾਇਦ ਪਾਕਿਸਤਾਨ ਦੀ ਸਹੂਲਤ ਲਈ) ਟੀ.ਵੀ. ’ਤੇ ਵਿਖਾ ਦਿੱਤਾ। ਉਹਨਾਂ ਨੇ ਉਸਦੇ ਘਰ ਦਾ ਪਤਾ, ਮਾਤਾ-ਪਿਤਾ, ਪਤਨੀ ਅਤੇ ਬੱਚਿਆਂ ਦੇ ਨਾਮ, ਉਸਦੇ ਜਹਾਜ਼ ਦੀ ਫੋਟੋ ਅਤੇ ਉਸਦੇ ਮਿਸ਼ਨ ਬਾਰੇ ਪੂਰੇ ਵਿਸਤਾਰ ਨਾਲ ਦੱਸਿਆ। ਇਹ ਵੀ ਦੱਸ ਦਿੱਤਾ ਕਿ ਉਸਦਾ ਪਿਤਾ ਇੱਕ ਰਿਟਾਇਰਡ ਏਅਰ ਮਾਰਸ਼ਲ ਹੈ। ਪਾਕਿਸਤਾਨੀ ਫੌਜ ਨੂੰ ਭਾਰਤੀ ਮੀਡੀਆ ਦਾ ਧੰਨਵਾਦੀ ਹੋਣਾ ਚਾਹੀਦਾ ਹੈ।
ਅਜਿਹੀ ਮੂਰਖਾਨਾ ਹਰਕਤ ਚੈਨਲਾਂ ਨੇ ਪਹਿਲੀ ਵਾਰ ਨਹੀਂ ਕੀਤੀ। ਮੁੰਬਈ (26/11) ਹਮਲਿਆਂ ਵੇਲੇ ਵੀ ਅਜਿਹੀ ਹਿਮਾਕਤ ਕੀਤੀ ਗਈ ਸੀ। ਉਸ ਵੇਲੇ ਵੀ ਭਾਰਤੀ ਫੌਜ ਅਤੇ ਕਮਾਂਡੋਆਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਨਾਲ ਦੀ ਨਾਲ (ਲਾਈਵ) ਟੀ.ਵੀ. ਚੈਨਲਾਂ ’ਤੇ ਵਿਖਾਈ ਜਾ ਰਹੀ ਸੀ। ਕਮਾਂਡੋ ਕਿੰਨੇ ਵਜੇ ਦਿੱਲੀ ਤੋਂ ਚੱਲੇ, ਉਹਨਾਂ ਦੀ ਗਿਣਤੀ, ਹਥਿਆਰਾਂ ਦੀ ਕਿਸਮ, ਕਿਸ ਹੈਲੀਕਾਪਟਰ ’ਤੇ ਆਏ ਤੇ ਉਹ ਕਿੱਥੇ ਉੱਤਰ ਰਹੇ ਹਨ, ਵਿਸਤਾਰ ਸਹਿਤ ਦੱਸਿਆ ਜਾ ਰਿਹਾ ਸੀ। ਚੰਗੀ ਕਿਸਮਤ ਨੂੰ ਭਾਰਤੀ ਖੁਫੀਆ ਏਜੰਸੀਆਂ ਨੇ ਤਾਜ਼ ਹੋਟਲ ਅੰਦਰ ਛਿਪੇ ਅੱਤਵਾਦੀਆਂ ਦੇ ਮੋਬਾਇਲ ਫੋਨ ਸਰਵੇਲੈਂਸ ’ਤੇ ਲਗਾਏ ਹੋਏ ਸਨ। ਪਤਾ ਚੱਲਿਆ ਕਿ ਉਹਨਾਂ ਦੇ ਪਾਕਿਸਤਾਨ ਬੈਠੇ ਆਕਾ ਟੀ.ਵੀ. ਵੇਖ ਕੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਰਹੇ ਹਨ। ਉਹਨਾਂ ਨੂੰ ਦੱਸਿਆ ਜਾ ਰਿਹਾ ਸੀ ਕਿ ਤੁਸੀਂ ਇੰਨੇ ਭਾਰਤੀ ਮਾਰ ਦਿੱਤੇ ਹਨ, ਹੁਣ ਕਮਾਂਡੋ ਹੋਟਲ ਦੀ ਛੱਤ ਉੱਪਰ ਉੱਤਰ ਰਹੇ ਹਨ, ਉਹਨਾਂ ਦਾ ਵੱਧ ਤੋਂ ਵੱਧ ਨੁਕਸਾਨ ਕਰੋ। ਸਾਰੇ ਹੋਟਲ ਨੂੰ ਅੱਗ ਲੱਗਾ ਦਿਉ ਤੇ ਕੁਰਬਾਨ ਹੋਣ ਲਈ ਤਿਆਰ ਹੋ ਜਾਉ। ਇਸ ਤੋਂ ਘਬਰਾ ਕੇ ਸਰਕਾਰ ਨੇ ਚੈਨਲਾਂ ਨੂੰ ਸਿੱਧਾ ਪ੍ਰਸਾਰਨ ਬੰਦ ਕਰਨ ਲਈ ਕਿਹਾ ਤਾਂ ਬੋਲਣ ਦੀ ਅਜ਼ਾਦੀ ਦਾ ਬਹਾਨਾ ਬਣਾ ਕੇ ਖੂਬ ਹੱਲਾ ਮਚਾਇਆ ਗਿਆ। ਆਖਰ ਦਬਕਾ ਮਾਰ ਕੇ ਪ੍ਰਸਾਰਨ ਬੰਦ ਕਰਵਾਏ ਗਏ।
ਅੱਜ ਕਲ੍ਹ ਜਿਹੜੇ ਲੋਕਾਂ ਨੂੰ ਜੰਗ ਕਰਨ ਦਾ ਚਾਅ ਚੜ੍ਹਿਆ ਹੈ, ਉਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ ਜੰਗ ਕੋਈ ਵੀਡੀਉ ਗੇਮ ਨਹੀਂ ਹੁੰਦੀ। ਇਸ ਵਿੱਚ ਮਰਿਆ ਬੰਦਾ ਦੁਬਾਰਾ ਜ਼ਿੰਦਾ ਨਹੀਂ ਹੁੰਦਾ। ਪੁਲਵਾਮਾ ਹਮਲੇ ਦਾ ਬਦਲਾ ਲੈਣਾ ਭਾਰਤ ਦਾ ਹੱਕ ਹੈ, ਪਰ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਸਭ ਨੂੰ ਪਤਾ ਹੈ ਕਿ ਜਦੋਂ ਦਾ ਪੁਲਵਾਮਾ ਹਮਲਾ ਹੋਇਆ ਹੈ ਤੇ ਟੀ.ਵੀ. ਚੈਨਲਾਂ ਨੇ ਤੋਤੇ ਵਾਂਗ ਚੀਕ ਚੀਕ ਕੇ ਲੋਕਾਂ ਦੀ ਦੇਸ਼ ਭਗਤੀ ਜਗਾਈ ਹੈ, ਇਹਨਾਂ ਨੂੰ ਕਰੋੜਾਂ ਦੇ ਇਸ਼ਤਿਹਾਰ ਮਿਲ ਰਹੇ ਹਨ। ਸਿਰਫ ਆਪਣੀ ਟੀ.ਆਰ.ਪੀ. ਵਧਾਉਣ ਅਤੇ ਇਸ਼ਤਿਹਾਰ ਬਟੋਰਨ ਲਈ ਵੱਧ ਤੋਂ ਵੱਧ ਅੱਗ ਉਗਲੀ ਜਾ ਰਹੀ ਹੈ। ਕਲ੍ਹ ਇੱਕ ਚੈਨਲ ਵਾਲੀ ਬੀਬੀ ਇਹ ਵਿਖਾ ਰਹੀ ਸੀ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਫਟਕਾਰ ਲਗਾਈ ਹੈ ਕਿ ਉਸ ਨੇ ਐੱਫ 16 ਜਹਾਜ਼ ਕਿਉਂ ਵਰਤੇ? ਉਹ ਭੁੜਕ ਭੁੜਕ ਕੇ ਚੀਕ ਰਹੀ ਸੀ ਕਿ ਅਬ ਫੰਸ ਗਿਆ ਪਾਕਿਸਤਾਨ। ਹੁਣ ਦੱਸੋ ਕਿ ਕੋਈ ਦੇਸ਼ ਜੰਗੀ ਜਹਾਜ਼ ਕਿਉਂ ਖਰੀਦਦਾ ਹੈ? ਪਤਾ ਨਹੀਂ ਅਜਿਹੀਆਂ ਮੂਰਖਾਨਾ ਗੱਲਾਂ ਇਹ ਲੋਕ ਕਿਉਂ ਕਰ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਸਾਰਿਆਂ ਨੂੰ ਕੁਝ ਦਿਨ ਲਈ ਲਾਈਨ ਆਫ ਕੰਟਰੋਲ ’ਤੇ ਰਹਿਣ ਲਈ ਭੇਜਿਆ ਜਾਵੇ ਜਿੱਥੇ ਰੋਜ਼ ਭਾਰਤ ਪਾਕਿਸਤਾਨ ਵਿੱਚ ਗੋਲਾਬਾਰੀ ਚੱਲਦੀ ਹੈ। ਜਾਂ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਭੇਜਿਆ ਜਾਵੇ ਜਿੱਥੇ ਲੋਕ ਅਜੇ 1965-1971 ਦੀਆਂ ਜੰਗਾਂ ਨਹੀਂ ਭੁੱਲੇ। ਬਹੁਤ ਮੁਸ਼ਕਲ ਨਾਲ ਬਣਾਏ ਆਸ਼ਿਆਨੇ ਛੱਡ ਕੇ ਭੱਜਣ ਦੇ ਖਿਆਲ ਨਾਲ ਹੀ ਉਹਨਾਂ ਦੀਆਂ ਧਾਹਾਂ ਨਿਕਲ ਰਹੀਆਂ ਹਨ।
ਮੇਰੇ ਪਿੰਡ ਦੇ ਕੋਈ ਸੌ ਦੇ ਕਰੀਬ ਜਵਾਨ ਫੌਜ ਵਿੱਚ ਭਰਤੀ ਹਨ। ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਵੇਖੋ ਜੰਗ ਕੀ ਹੁੰਦੀ ਹੈ? ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਪਹਿਲੀ ਸੰਸਾਰ ਯੁੱਧ ਵਿੱਚ ਕਰੀਬ ਚਾਰ ਕਰੋੜ ਅਤੇ ਦੂਸਰੀ ਸੰਸਾਰ ਯੁੱਧ ਵਿੱਚ ਕਰੀਬ ਨੌਂ ਕਰੋੜ ਲੋਕ ਮਾਰੇ ਗਏ ਸਨ। ਇਕੱਲੇ ਰੂਸ ਦੇ ਦੋ ਕਰੋੜ ਤੋਂ ਵੱਧ ਔਰਤਾਂ, ਮਰਦ ਅਤੇ ਬੱਚੇ ਜਹਾਨੋ ਗਏ ਸਨ। ਜੰਗ ਲੜਨ ਵਾਲੇ ਉਹ ਦੇਸ਼ ਹੁਣ ਆਪਸ ਵਿੱਚ ਮਿੱਤਰ ਹਨ। ਕਿਸੇ ਦੀ ਸਰਹੱਦ ਇੱਕ ਇੰਚ ਵੀ ਇੱਧਰ ਉੱਧਰ ਨਹੀਂ ਗਈ। ਭਾਰਤ-ਪਾਕਿਸਤਾਨ ਨੇ ਹੁਣ ਤੱਕ ਤਿੰਨ ਯੁੱਧ ਲੜੇ ਹਨ। ਹਜ਼ਾਰਾਂ ਲੋਕ ਮਰਵਾ ਕੇ ਤੇ ਅਰਬਾਂ ਦਾ ਨੁਕਸਾਨ ਕਰਵਾ ਕੇ ਆਖਰ ਸੰਧੀਆਂ ਹੀ ਹੋਈਆਂ ਹਨ। ਜੇ ਜੰਗ ਦੀ ਭਿਆਨਕਤਾ ਬਾਰੇ ਜਾਨਣਾ ਹੈ ਤਾਂ ਜਪਾਨ, ਵੀਅਤਨਾਮ, ਇਰਾਕ, ਲੀਬੀਆ, ਅਫਗਾਨਿਸਤਾਨ ਅਤੇ ਸੀਰੀਆ ਆਦਿ ਦੀ ਬਰਬਾਦੀ ਵੇਖ ਲੈਣੀ ਚਾਹੀਦੀ ਹੈ। ਇਰਾਕ, ਸੀਰੀਆ, ਲੀਬੀਆ ਅਤੇ ਅਫਗਾਨਿਸਤਾਨ ਵਿੱਚ ਕਈ ਨਸਲਾਂ ਖਤਮ ਹੋ ਗਈਆਂ ਹਨ। ਇਹਨਾਂ ਦੇਸ਼ਾਂ ਦੇ ਲੋਕ ਸ਼ਰਨਾਰਥੀ ਬਣ ਕੇ ਸਾਰੇ ਸੰਸਾਰ ਵਿੱਚ ਧੱਕੇ ਖਾਂਦੇ ਫਿਰਦੇ ਹਨ। ਹਜ਼ਾਰਾਂ ਔਰਤਾਂ ਨਾਲ ਬਲਾਤਕਾਰ ਹੋ ਚੁੱਕਾ ਹੈ, ਆਰਥਿਕ ਢਾਂਚਾ ਬਿਲਕੁਲ ਤਬਾਹ ਹੋ ਗਿਆ ਹੈ। ਲੱਗਦਾ ਹੈ ਦੁਬਾਰਾ ਪੱਥਰ ਯੁੱਗ ਵਿੱਚ ਪਹੁੰਚ ਗਏ ਹਨ। ਜਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਅਗਸਤ 1945 ਵਿੱਚ ਐਟਮ ਬੰਬ ਅਤੇ ਵੀਅਤਨਾਮ ਵਿੱਚ ਵੀਅਤਨਾਮ-ਅਮਰੀਕਾ ਯੁੱਧ (1956-1975) ਵੇਲੇ ਬੇਹਿਸਾਬੇ ਕੈਮੀਕਲ ਬੰਬ ਸੁੱਟੇ ਗਏ ਸਨ। ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਉੱਥੇ ਲੂਲੇ, ਲੰਗੜੇ, ਅਪਾਹਜ ਅਤੇ ਮੰਦਬੁੱਧੀ ਬੱਚੇ ਪੈਦਾ ਹੋ ਰਹੇ ਹਨ। ਧਰਤੀ ਅਜੇ ਵੀ ਬੰਜਰ ਹੈ।
ਦਿੱਲੀ-ਮੁੰਬਈ ਵਰਗੇ ਮਹਾਂਨਗਰਾਂ ਵਿੱਚ ਬੈਠ ਕੇ ਜੰਗ ਮੰਗਣ ਵਾਲੇ ਸਾਡੇ ਕਥਿੱਤ ਦੇਸ਼ ਭਗਤ ਐਂਕਰਾਂ ਨੂੰ ਸ਼ਾਇਦ ਪਤਾ ਨਹੀਂ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਭਾਰਤ ਅਤੇ ਪਾਕਿਸਤਾਨ ਦੋਵੇਂ ਐਟਮੀ ਤਾਕਤਾਂ ਹਨ। ਇਹ ਐਟਮ ਬੰਬ ਹੀਰੋਸ਼ੀਮਾ-ਨਾਗਾਸਾਕੀ ਵਾਲੇ ਐਟਮ ਬੰਬਾਂ ਨਾਲੋਂ ਕਈ ਗੁਣਾ ਵੱਧ ਤਾਕਤਵਰ ਹਨ। ਐਟਮ ਬੰਬ ਨਾਲ ਹੋਣ ਵਾਲੀ ਤਬਾਹੀ ਬਾਰੇ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ। ਇਹਨਾਂ ਯੁੱਧ ਪ੍ਰੇਮੀਆਂ ਨੂੰ ਪਤਾ ਹੋਣ ਚਾਹੀਦਾ ਹੈ ਜੇ ਕਿਤੇ ਜੰਗ ਲੱਗ ਗਈ ਤਾਂ ਇਹ ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਦੇ ਸਰਹੱਦੀ ਇਲਾਕਿਆਂ ਤੱਕ ਸੀਮਤ ਨਹੀਂ ਰਹਿਣੀ, ਸਗੋਂ ਸਾਰਾ ਦੇਸ਼ ਇਸਦੀ ਮਾਰ ਹੇਠ ਆ ਜਾਵੇਗਾ। ਇਸ ਲਈ ਕਥਿਤ ਦੇਸ਼ ਭਗਤ ਚੈਨਲਾਂ ਅੱਗੇ ਬੇਨਤੀ ਹੈ ਕਿ ਉਹ ਪੈਸੇ ਦੇ ਲਾਲਚ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਪਾਉਣ ਦੀ ਬਜਾਏ ਸੱਚ ’ਤੇ ਪਹਿਰਾ ਦੇਣ। ਦੋਵੇਂ ਦੇਸ਼ ਵੀ ਇੱਕ ਦੂਸਰੇ ਉੱਪਰ ਗੋਲੀਆਂ ਚਲਾਉਣ ਦੀ ਬਜਾਏ ਹਸਪਤਾਲਾਂ ਵਿੱਚ ਗੋਲੀਆਂ (ਦਵਾਈਆਂ) ਦੀ ਪੂਰਤੀ ਕਰਨ ਤੇ ਆਪਣੀ ਗਰੀਬ ਜਨਤਾ ਲਈ ਕੁੱਲੀ, ਜੁੱਲੀ ਅਤੇ ਗੁੱਲੀ ਦਾ ਪ੍ਰਬੰਧ ਕਰਨ।
*****
(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1504)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)