“ਅਟੱਲ ਸੱਚਾਈ ਹੈ ਕਿ ਗਰੀਬ ਬੰਦਾ ਅਮੀਰਾਂ ਨਾਲੋਂ ਕਿਤੇ ਵੱਧ ਦਰਿਆ ਦਿਲ ...”
(25 ਅਪਰੈਲ 2020)
ਇਸ ਵੇਲੇ ਸਾਰੇ ਸੰਸਾਰ ਵਿੱਚ ਕਰੋਨਾ ਵਾਇਰਸ ਫੈਲੀ ਹੋਈ ਹੈ। ਇਸ ਕਾਰਨ ਹੁਣ ਕੁਲ ਦੁਨੀਆਂ ਵਿੱਚ ਕਰੀਬ 18 ਲੱਖ 40 ਹਜ਼ਾਰ ਵਿਅਕਤੀ ਬਿਮਾਰ ਹਨ ਤੇ ਇੱਕ ਲੱਖ 90 ਹਜ਼ਾਰ ਤੋਂ ਵੱਧ ਮਰ ਚੁੱਕੇ ਹਨ। ਭਾਰਤ ਵਿੱਚ ਵੀ ਕਰੀਬ 24 ਹਜ਼ਾਰ ਵਿਅਕਤੀ ਪ੍ਰਭਾਵਿਤ ਹਨ ਤੇ 780 ਦੀ ਮੌਤ ਹੋ ਚੁੱਕੀ ਹੈ। ਪਰ ਚੰਗੀ ਗੱਲ ਇਹ ਹੈ ਕਿ ਸੰਸਾਰ ਵਿੱਚ ਹੁਣ ਤਕ 8 ਲੱਖ 12 ਹਜ਼ਾਰ ਵਿਅਕਤੀ ਠੀਕ ਵੀ ਹੋ ਗਏ ਹਨ।
ਭਾਰਤ ਅਤੇ ਖਾਸ ਤੌਰ ’ਤੇ ਪੰਜਾਬ ਵਿੱਚ ਸਰਕਾਰ ਤੋਂ ਜ਼ਿਆਦਾ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਮਦਦ ਲਈ ਅੱਗੇ ਲੱਗੀਆਂ ਦਿਖਾਈ ਦੇ ਰਹੀਆਂ ਹਨ। ਸਰਕਾਰ ਦੀ ਮਦਦ ਤਾਂ ਜਦੋਂ ਪਹੁੰਚਣੀ ਹੈ ਉਦੋਂ ਪਹੁੰਚੇਗੀ, ਪਰ ਸੰਸਥਾਵਾਂ ਕਈ ਦਿਨਾਂ ਤੋਂ ਲੰਗਰ ਅਤੇ ਸੁੱਕਾ ਰਾਸ਼ਨ ਲੋਕਾਂ ਦੇ ਦਰਾਂ ਤੱਕ ਲੈ ਕੇ ਜਾ ਰਹੀਆਂ ਹਨ। ਇਸ ਮੌਕੇ ਕਈ ਘਟੀਆ ਲੋਕਾਂ ਦਾ ਰਾਖਸ਼ੀ ਚਿਹਰਾ ਵੀ ਦੁਨੀਆਂ ਸਾਹਮਣੇ ਆ ਰਿਹਾ ਹੈ। ਉਹ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਵੀ ਲਾਭ ਉਠਾਉਣ ਦੀ ਫਿਰਾਕ ਵਿੱਚ ਹਨ। ਲੱਖਾਂ ਪ੍ਰਵਾਸੀ ਮਜ਼ਦੂਰਾਂ ਦਾ ਰੋਜ਼ਗਾਰ ਫੈਕਟਰੀਆਂ ਬੰਦ ਹੋਣ ਕਾਰਨ ਖਤਮ ਹੋ ਗਿਆ ਹੈ। ਸਰਮਾਏਦਾਰ, ਜੋ ਇਹਨਾਂ ਮਜ਼ਦੂਰਾਂ ਦੇ ਸਿਰ ’ਤੇ ਅਰਬਾਂ ਖਰਬਾਂ ਰੁਪਇਆ ਕਮਾ ਚੁੱਕੇ ਹਨ, ਨੇ ਆਪਣੀਆਂ ਫੈਕਟਰੀਆਂ ਦੇ ਦਰਵਾਜ਼ੇ ਬੰਦ ਕਰ ਕੇ ਇਹਨਾਂ ਨੂੰ ਭੁੱਖ ਨਾਲ ਮਰਨ ਲਈ ਬਾਹਰ ਧੱਕ ਦਿੱਤਾ ਹੈ। ਉਹਨਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਇਹ ਮਜ਼ਲੂਮ ਬਿਗਾਨੇ ਸੂਬੇ ਵਿੱਚ ਕਿੱਥੇ ਧੱਕੇ ਖਾਣਗੇ। ਪੈਦਲ ਹੀ ਯੂ.ਪੀ., ਬਿਹਾਰ ਵੱਲ ਜਾ ਰਹੇ ਇੱਕ ਮਜ਼ਦੂਰਾਂ ਦੇ ਟੋਲੇ ਨੇ ਰਿਪੋਰਟਰਾਂ ਨੂੰ ਦੱਸਿਆ ਕਿ ਲੁਧਿਆਣੇ ਦੇ ਇੱਕ ਮਕਾਨ ਮਾਲਕ ਨੇ ਸਿਰਫ ਦਸ ਦਿਨ ਕਿਰਾਇਆ ਲੇਟ ਹੋ ਜਾਣ ਕਾਰਨ ਉਹਨਾਂ ਦਾ ਸਮਾਨ ਸੜਕ ’ਤੇ ਸੁੱਟ ਦਿੱਤਾ। ਇਸ ਤੋਂ ਘਿਣਾਉਣੀ ਹਰਕਤ ਹੋਰ ਕੀ ਹੋ ਸਕਦੀ ਹੈ ਕਿ ਉਸ ਨੇ ਦੋ ਸਾਲ ਤੋਂ ਕਵਾਟਰਾਂ ਵਿੱਚ ਰਹਿ ਰਹੇ ਮਜ਼ਦੂਰਾਂ ਦੀ ਮਦਦ ਤਾਂ ਕੀ ਕਰਨੀ ਸੀ, ਅਜਿਹੇ ਕਹਿਰ ਦੇ ਸਮੇਂ ਉਹਨਾਂ ਨੂੰ ਘਰੋਂ ਬੇਘਰ ਕਰ ਦਿੱਤਾ। ਇੱਕ ਪਾਸੇ ਜਿੱਥੇ ਸਮਾਜ ਸੇਵਕ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਲੋਕਾਂ ਨੂੰ ਖਾਣਾ ਵੰਡ ਰਹੇ ਹਨ, ਉੱਥੇ ਦੂਸਰੇ ਪਾਸੇ ਕਈ ਮਨੁੱਖ ਰੂਪੀ ਗਿਰਝਾਂ ਕਾਲਾ ਬਜ਼ਾਰੀ ਕਰ ਕੇ ਰਾਸ਼ਨ ਬਲੈਕ ਵਿੱਚ ਵੇਚ ਰਹੀਆਂ ਹਨ। ਕਰਿਆਨੇ ਤੋਂ ਲੈ ਕੇ ਦਾਲ ਸਬਜ਼ੀਆਂ ਤੱਕ ਦੇ ਰੇਟ ਵਧਾ ਦਿੱਤੇ ਗਏ ਹਨ। ਭਾਰਤ ਵਿੱਚ ਇਹ ਕਦੇ ਨਹੀਂ ਹੋਇਆ ਕਿ ਕਿਸੇ ਦੁਕਾਨਦਾਰ ਨੇ ਜਨਤਾ ਦੀ ਭਲਾਈ ਖਾਤਰ ਅਜਿਹੀ ਆਫਤ ਸਮੇਂ ਜ਼ਰੂਰੀ ਵਸਤਾਂ ਦੇ ਰੇਟ ਘੱਟ ਕੀਤੇ ਹੋਣ। ਜੇ ਕਿਤੇ ਅਜਿਹੇ ਦੁਸ਼ਟਾਂ ਨੂੰ ਕਰੋਨਾ ਹੋ ਗਿਆ ਤਾਂ ਸਾਰੇ ਪੈਸੇ ਇੱਥੇ ਹੀ ਧਰੇ ਰਹਿ ਜਾਣਗੇ। ਫਿਰੋਜ਼ਪੁਰ ਵਿੱਚ ਕੁਝ ਲੋਕਾਂ ਨੇ ਅਜਿਹੀ ਨੀਚ ਹਰਕਤ ਕੀਤੀ ਕਿ ਸੁਣ ਕੇ ਹੀ ਘਿਣ ਆਉਂਦੀ ਹੈ। ਉਹਨਾਂ ਨੇ ਕਰੋਨਾ ਦੇ ਇੱਕ ਸ਼ੱਕੀ ਮਰੀਜ਼ ਦੀ ਲਾਸ਼ ਦਾ ਕਈ ਸ਼ਮਸ਼ਾਨ ਘਾਟਾਂ ਵਿੱਚ ਅੰਤਿਮ ਸੰਸਕਾਰ ਨਹੀਂ ਹੋਣ ਦਿੱਤਾ। ਆਖਰ ਪੁਲਿਸ ਨੂੰ ਜਾ ਕੇ ਛਿਤਰੌਲ ਕਰ ਕੇ ਉਸ ਦਾ ਦਾਹ ਸੰਸਕਾਰ ਕਰਾਉਣਾ ਪਿਆ।
ਸਾਡੇ ਸਾਰੇ ਮੁਸ਼ਟੰਡ ਬਾਬੇ ਵੀ ਕਰੋਨਾ ਦੇ ਡਰੋਂ ਭੋਰਿਆਂ ਅੰਦਰ ਵੜ ਕੇ ਛਿਪਨ ਹੋ ਗਏ ਹਨ। ਇਸ ਵੇਲੇ ਸਿਰਫ ਸੰਤ ਸੀਚੇਵਾਲ ਹੀ ਬੇਖੌਫ ਹੋ ਕੇ ਇਨਸਾਨੀਅਤ ਦੀ ਸੇਵਾ ਕਰ ਰਿਹਾ ਹੈ, ਬਾਕੀ ਕਿਸੇ ਬਾਬੇ ਨੇ ਨਾ ਤਾਂ ਲੋਕ ਭਲਾਈ ਲਈ ਦੁਆਨੀ ਦਿੱਤੀ ਹੈ ਤੇ ਨਾ ਹੀ ਬਾਬੇ ਢੱਡਰੀਆਂ ਵਾਲੇ ਵਾਂਗ ਡੇਰੇ ਅੰਦਰ ਕਰੋਨਾ ਦੇ ਮਰੀਜ਼ ਰੱਖਣ ਵਾਸਤੇ ਇਮਾਰਤਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਧਾਰਮਿਕ ਸੰਸਥਾਵਾਂ ਵਿੱਚੋਂ ਹੁਣ ਤੱਕ ਸਿਰਫ ਦਿੱਲੀ ਗੁਰਦਵਾਰਾ ਕਮੇਟੀ ਨੇ ਹੀ ਆਪਣੀਆਂ ਸਰਾਵਾਂ ਇਸ ਕੰਮ ਲਈ ਪੇਸ਼ ਕੀਤੀਆਂ ਹਨ। ਬਿਮਾਰ ਦਿਮਾਗਾਂ ਦੇ ਸਿਰ ’ਤੇ ਅਰਬਾਂ ਖਰਬਾਂ ਦਾ ਮਾਲ ਕਮਾਉਣ ਵਾਲੇ ਭਾਰਤ ਦੇ ਸਾਰੇ ਖੂਨ ਪੀਣੇ ਠੱਗ (ਜੋਤਸ਼ੀ, ਤਾਂਤਰਿਕ, ਮਾਂਤਰਿਕ, ਪੁੱਛਾਂ ਦੇਣ ਵਾਲੇ, ਤ੍ਰਿਕਾਲਦਰਸ਼ੀ, ਬ੍ਰਹਮ ਗਿਆਨੀ, ਸਿੱਧ ਪੁਰਸ਼ ਅਤੇ ਕਾਲੇ ਇਲਮ ਵਾਲੇ) ਨਹੀਂ ਦੱਸ ਰਹੇ ਕਿ ਕਰੋਨਾ ਕਿਸ ਤਾਰੀਖ ਨੂੰ ਖਤਮ ਹੋਵੇਗਾ ਤੇ ਨਾ ਹੀ ਇਹਨਾਂ ਨੇ ਪਹਿਲਾਂ ਇਹ ਭਵਿੱਖਬਾਣੀ ਕੀਤੀ ਸੀ ਕਿ ਅਜਿਹੀ ਕੋਈ ਬਿਪਤਾ ਪੈਣ ਵਾਲੀ ਹੈ। ਟੈਲੀਫੋਨ ’ਤੇ ਹੀ ਦੁਸ਼ਮਣਾਂ ਨੂੰ 24 ਘੰਟੇ ਵਿੱਚ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਲੁਧਿਆਣੇ ਦੇ ਧੂਰਤ ਤਾਂਤਰਿਕ ਕੋਈ ਮੰਤਰ ਨਹੀਂ ਮਾਰ ਰਹੇ, ਨਾ ਨਿਰਮਲ ਬਾਬਾ ਦੱਸ ਰਿਹਾ ਹੈ ਕਿ ਸਮੋਸੇ ਕਿਹੜੀ ਚਟਨੀ ਨਾਲ ਖਾਣ ’ਤੇ ਕ੍ਰਿਪਾ ਆਉਣੀ ਸ਼ੁਰੂ ਹੋਵੇਗੀ। ਨਾ ਕਰਾਮਾਤਾਂ ਕਰਨ ਅਤੇ ਮੀਂਹ ਪਾਉਣ ਦਾ ਦਾਅਵਾ ਕਰਨ ਵਾਲਾ ਮੈਂਟਲ ਬਾਬਾ ਕੋਈ ਕਰਾਮਾਤ ਦਿਖਾ ਰਿਹਾ ਹੈ ਤੇ ਨਾ ਹੀ ਲੋਕਾਂ ਨੂੰ ਗੋਹਾ ਤੇ ਮੂਤ ਪਿਆਉਣ ਵਾਲਾ ਤੇ ਸੰਜੀਵਨੀ ਬੂਟੀ ਲੱਭ ਲੈਣ ਦਾ ਦਾਅਵਾ ਕਰਨ ਵਾਲਾ ਬਾਬਾ ਰਾਮਦੇਵ ਕੋਈ ਇਲਾਜ ਦੱਸ ਰਿਹਾ ਹੈ। ਜੇਲ ਵਿੱਚ ਬੰਦ ਇੱਕ ਬਦਚਲਣ ਬਾਬੇ ਦੇ ਚੇਲੇ ਇਹ ਪ੍ਰਚਾਰ ਕਰ ਰਹੇ ਹਨ ਕਿ ਕਰੋਨਾ ਬਾਬਾ ਜੀ ਦੀ ਕਰੋਪੀ ਕਾਰਨ ਆਇਆ ਹੈ। ਜੇ ਬਾਬਾ ਜੀ ਨੂੰ ਨਾ ਛੱਡਿਆ ਗਿਆ ਤਾਂ ਹੋਰ ਵੀ ਕਰੋੜਾਂ ਲੋਕ ਮਰ ਸਕਦੇ ਹਨ।
ਪੱਛਮੀ ਦੇਸ਼ਾਂ ਦੇ ਅਮੀਰਾਂ ਨੇ ਇਸ ਮੌਕੇ ਆਪਣੇ ਖਜ਼ਾਨੇ ਆਮ ਜਨਤਾ ਦੀ ਭਲਾਈ ਅਤੇ ਕਰੋਨਾ ਦੀ ਦਵਾਈ ਦੀ ਖੋਜ ਲਈ ਖੋਲ੍ਹ ਦਿੱਤੇ ਹਨ। ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੇ 8 ਅਰਬ ਰੁਪਏ, ਅਲੀਬਾਬਾ ਦੇ ਚੇਅਰਮੈਨ ਜੈਕ ਮਾਅ ਨੇ 2 ਅਰਬ ਅਤੇ ਗੂਗਲ ਦੇ ਚੇਅਰਮੈਨ ਬਿੱਲ ਗੇਟਸ 9.5 ਅਰਬ ਰੁਪਏ ਦਾਨ ਦਿੱਤੇ ਹਨ। 10 ਕਰੋੜ ਜਾਂ ਇਸ ਤੋਂ ਵੱਧ ਦੇਣ ਵਾਲਿਆਂ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੈ। ਪਰ ਭਾਰਤ ਦੇ ਸਰਮਾਏਦਾਰ, ਖਰਬਪਤੀ ਖਿਡਾਰੀ ਅਤੇ ਐਕਟਰ ਅਜੇ ਤੱਕ ਆਪਣੇ ਪੈਸੇ ’ਤੇ ਸੱਪ ਵਾਂਗ ਕੁੰਡਲੀ ਮਾਰ ਕੇ ਬੈਠੇ ਹਨ। ਟਾਟਾ (1500 ਕਰੋੜ ਰੁਪਏ) ਅਤੇ ਅਕਸ਼ੈ ਕੁਮਾਰ (25 ਕਰੋੜ ਰੁਪਏ) ਤੋਂ ਇਲਾਵਾ ਹੋਰ ਕਿਸੇ ਨੇ ਵੀ ਹੁਣ ਤੱਕ ਕੋਈ ਵਰਨਣਯੋਗ ਰਕਮ ਦਾਨ ਨਹੀਂ ਕੀਤੀ ਤੇ ਨਾ ਹੀ ਗਰੀਬਾਂ ਦੀ ਕਿਸੇ ਕਿਸਮ ਦੀ ਕੋਈ ਸਿੱਧੀ ਮਦਦ ਕੀਤੀ ਹੈ। ਸੁਪਰ ਸਟਾਰ ਅਮਿਤਬ ਬੱਚਨ ਅਜੇ ਤੱਕ ਸਿਰਫ ਤਾਲੀ ਅਤੇ ਥਾਲੀ ਖੜਕਾ ਕੇ ਫੋਟੋਆਂ ਲੁਹਾਉਣ ਤੱਕ ਹੀ ਮਹਿਦੂਦ ਹੈ।
ਅਡਾਨੀ, ਅੰਬਾਨੀ, ਬਿਰਲਾ ਅਤੇ ਹੋਰ ਕਈ ਵਪਾਰਕ ਘਰਾਣੇ ਹਰ ਸਾਲ ਸਰਕਾਰ ਤੋਂ ਅਰਬਾਂ ਖਰਬਾਂ ਦੀਆਂ ਰਿਆਇਤਾਂ ਹਾਸਲ ਕਰਦੇ ਹਨ ਪਰ ਇਸ ਸਮੇਂ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਨ। ਪੰਜਾਬ ਵਿੱਚ ਅਜਿਹੇ ਕਈ ਖਰਬਪਤੀ ਹਨ ਜਿਨ੍ਹਾਂ ਦੇ ਕਾਰਖਾਨੇ ਬਣਾਉਣ ਲਈ ਸਰਕਾਰ ਨੇ ਗਰੀਬ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਕੌਡੀਆਂ ਦੇ ਭਾਅ ਧੱਕੇ ਨਾਲ ਖੋਹ ਕੇ ਦਿੱਤੀ ਸੀ, ਪਰ ਉਹ ਵੀ ਇੱਛਾਧਾਰੀ ਨਾਗ ਵਾਂਗ ਮਾਇਆ ਨੂੰ ਚੰਬੜੇ ਪਏ ਹਨ। ਅਟੱਲ ਸੱਚਾਈ ਹੈ ਕਿ ਗਰੀਬ ਬੰਦਾ ਅਮੀਰਾਂ ਨਾਲੋਂ ਕਿਤੇ ਵੱਧ ਦਰਿਆ ਦਿਲ ਹੁੰਦਾ ਹੈ। ਯੂ.ਪੀ. ਬਿਹਾਰ ਨੂੰ ਜਾ ਰਹੇ ਸਾਰੇ ਹੀ ਮਜ਼ਦੂਰ ਅਰਬਪਤੀਆਂ ਦੀਆਂ ਫੈਕਟਰੀਆਂ ਦੇ ਮੁਲਾਜ਼ਮ ਹਨ। ਪਰ ਇੱਕ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਕਿ ਕਿਸੇ ਪ੍ਰਵਾਸੀ ਮਜ਼ਦੂਰ ਨੂੰ ਕਿਸੇ ਕਿਸਾਨ ਨੇ ਕੰਮ ਤੋਂ ਹਟਾਇਆ ਹੋਵੇ। ਪੇਂਡੂ ਲੋਕ ਗਰੀਬਾਂ ਨੂੰ ਖੁੱਲ੍ਹ ਕੇ ਰੋਟੀ ਪਾਣੀ ਮੁਹਈਆ ਕਰਵਾ ਰਹੇ ਹਨ।
ਇੱਕਾ ਦੁੱਕਾ ਲੀਡਰ ਨੂੰ ਛੱਡ ਕੇ ਸਾਡੇ ਅਰਬਪਤੀ ਲੀਡਰ ਵੀ ਇਸ ਵਕਤ ਨਿੱਜੀ ਤੌਰ ’ਤੇ ਗਰੀਬਾਂ ਦੀ ਭਲਾਈ ਲਈ ਕੁਝ ਨਹੀਂ ਕਰ ਰਹੇ। ਵੋਟ ਰਾਜਨੀਤੀ ਹੋਣ ਕਾਰਨ ਲੀਡਰਾਂ ਨੂੰ ਆਪਣੇ ਇਲਾਕੇ ਦੇ ਹਰ ਵੋਟਰ ਦਾ ਹਿਸਾਬ ਰੱਖਣਾ ਪੈਂਦਾ ਹੈ। ਇਹਨਾਂ ਨੂੰ ਹਰ ਲੋੜਵੰਦ ਦਾ ਘਰ ਜ਼ੁਬਾਨੀ ਯਾਦ ਹੁੰਦਾ ਹੈ ਜਿੱਥੇ ਇਲੈੱਕਸ਼ਨ ਵੇਲੇ ਜਾਇਜ਼ ਨਜਾਇਜ਼ ਮਾਲ ਪਹੁੰਚਾਇਆ ਜਾਂਦਾ ਹੈ। ਜੇ ਇਹ ਦਿਲੋਂ ਚਾਹੁਣ ਤਾਂ ਹੁਣ ਵੀ ਭੁੱਖ ਨਾਲ ਮਰ ਰਹੇ ਲੋਕਾਂ ਨੂੰ ਇਲੈੱਕਸ਼ਨ ਵਾਂਗ ਘਰੋ ਘਰੀ ਰਾਸ਼ਨ ਪਹੁੰਚਾ ਸਕਦੇ ਹਨ। ਕਈ ਨੇਤਾ ਸਰਕਾਰੀ ਮੀਟਿੰਗਾਂ ਦੀਆਂ ਫੋਟੋਆ ਪ੍ਰੈੱਸ ਨੂੰ ਭੇਜਦੇ ਹਨ ਕਿ ਕਰੋਨਾ ਕਾਰਨ ਇਹਤਿਆਤ ਰੱਖਣ ਲਈ ਮੀਟਿੰਗ ਵਿੱਚ ਲੀਡਰ ਤਿੰਨ ਤਿੰਨ ਮੀਟਰ ਦੀ ਦੂਰੀ ’ਤੇ ਬੈਠੇ ਹੋਏ, ਪਰ ਇਹਨਾਂ ਦੀਆਂ ਗਾਰਦਾਂ ਅਤੇ ਗੰਨਮੈਨਾਂ ਦੀ ਹਾਲਤ ਬਹੁਤ ਤਰਸਯੋਗ ਹੈ। ਛੋਟੇ ਜਿਹੀ ਐਸਕਾਰਟ ਜਿਪਸੀ ਤੇ ਟੈਂਟ ਵਿੱਚ 8-10 ਬੰਦੇ ਜਾਨਵਰਾਂ ਵਾਂਗ ਤੂੜੇ ਹੁੰਦੇ ਹਨ। ਲੀਡਰਾਂ ਨੂੰ ਸ਼ਾਇਦ ਇੰਨਾ ਗਿਆਨ ਹੀ ਨਹੀਂ ਕਿ ਅਜਿਹੀ ਪ੍ਰਦੂਸ਼ਿਤ ਜਗ੍ਹਾ ਵਿੱਚ ਰਹਿਣ ਕਾਰਨ ਗੰਨਮੈਨਾਂ ਨੂੰ ਵੀ ਕਰੋਨਾ ਹੋ ਸਕਦਾ ਹੈ।
ਇਸ ਵੇਲੇ ਜਦੋਂ ਕਰਫਿਊ ਕਾਰਨ ਸਾਰੇ ਮਹਿਕਮੇ ਘਰ ਬੈਠੇ ਛੁੱਟੀ ਮਨਾ ਰਹੇ ਹਨ, ਸਿਰਫ ਪੁਲਿਸ, ਸਰਕਾਰੀ ਡਾਕਟਰ ਅਤੇ ਕੁਝ ਹੋਰ ਮਹਿਕਮੇ ਹੀ ਆਪਣੀ ਜਾਨ ’ਤੇ ਖੇਡ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਪਰ ਸਾਡੇ ਮੂਰਖ ਅੰਧ ਭਗਤਾਂ ਨੇ ਕਰੋਨਾ ਤੋਂ ਠੀਕ ਹੋ ਕੇ ਡਾਕਟਰਾਂ ਦਾ ਧੰਨਵਾਦ ਕਰਨ ਦੀ ਬਜਾਏ ਫਿਰ ਕਿਸੇ ਬਾਬੇ ਦੇ ਹੀ ਪੈਰ ਚੱਟਣੇ ਹਨ ਕਿ ਸਾਡੀ ਜਾਨ ਤਾਂ ਤੁਹਾਡੀ ਕ੍ਰਿਪਾ ਨਾਲ ਬਚੀ ਹੈ।
ਸਿਰ ਪੀੜ ਵਾਲੇ ਮਰੀਜ਼ ਦਾ ਵੀ 5 ਲੱਖ ਬਿੱਲ ਬਣਾ ਦੇਣ ਵਾਲੇ ਪ੍ਰਾਈਵੇਟ ਹਸਪਤਾਲਾਂ ਵਾਲੇ ਜਿੰਦਰੇ ਮਾਰ ਕੇ ਦੌੜ ਗਏ ਹਨ। ਕਈਆਂ ਨੇ ਗੇਟਾਂ ’ਤੇ ਬੇਸ਼ਰਮੀ ਭਰੇ ਬੋਰਡ ਲਗਾ ਦਿੱਤੇ ਹਨ ਕਿ ਕਰੋਨਾ ਦੇ ਮਰੀਜ਼ ਸਰਕਾਰੀ ਹਸਪਤਾਲ ਵਿੱਚ ਜਾਣ। ਇਹ ਸਾਰੇ ਹਸਪਤਾਲ ਸਰਕਾਰ ਨੂੰ ਕਰੋਨਾ ਦੇ ਮਰੀਜ਼ਾਂ ਦੇ ਇਲਾਜ ਵਾਸਤੇ ਜ਼ਬਤ ਕਰ ਲੈਣੇ ਚਾਹੀਦੇ ਹਨ, ਕਿਉਂਕਿ ਉੱਥੇ ਸਰਕਾਰੀ ਹਸਪਤਾਲਾਂ ਨਾਲੋਂ ਕਿਤੇ ਵੱਧ ਸਹੂਲਤਾਂ ਮੌਜੂਦ ਹਨ। ਅਜਿਹੇ ਮੌਕੇ ਸਾਨੂੰ ਸਭ ਨੂੰ ਆਪਣੇ ਸਵਾਰਥ ਛੱਡ ਕੇ ਦੁਖਿਆਰਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਸਰਕਾਰ ਇਕੱਲੀ ਕੁਝ ਨਹੀਂ ਕਰ ਸਕਦੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2081)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)