“ਇਹ ਇਹਨਾਂ ਦੀਆਂ ਹਰਕਤਾਂ ਵੇਖ ਕੇ ਘਬਰਾ ਰਿਹਾ ਹੈ ਤੇ ਇੱਥੋਂ ਬਾਹਰ ਜਾਣ ਲਈ ...”
(16 ਜਨਵਰੀ 2019)
ਅਟਾਰੀ ਬਾਰਡਰ ’ਤੇ ਰੋਜ਼ਾਨਾ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਦੀ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ, ਜਿਸ ਨੂੰ ਰੀਟਰੀਟ ਕਿਹਾ ਜਾਂਦਾ ਹੈ। ਇਹ ਰਸਮ ਐਨੀ ਮਸ਼ਹੂਰ ਹੋ ਗਈ ਹੈ ਕਿ ਦੇਸ਼ ਵਿਦੇਸ਼ ਤੋਂ ਲੋਕ ਇਸ ਨੂੰ ਵੇਖਣ ਲਈ ਆਉਂਦੇ ਹਨ। ਛੁੱਟੀ ਵਾਲੇ ਦਿਨ ਐਨੀ ਭੀੜ ਹੁੰਦੀ ਹੈ ਕਿ 3-4 ਘੰਟੇ ਦਾ ਟਰੈਫਿਕ ਜਾਮ ਲੱਗਣਾ ਆਮ ਜਿਹੀ ਗੱਲ ਹੈ। ਇਹ ਰਸਮ ਭਾਰਤ ਵੱਲੋਂ ਬੀ.ਐੱਸ.ਐਫ. ਅਤੇ ਪਾਕਿਸਤਾਨ ਵੱਲੋਂ ਰੇਂਜਰਾਂ ਦੁਆਰਾ ਨਿਭਾਈ ਜਾਂਦੀ ਹੈ। ਇਹ ਸਾਂਝੀ ਰਸਮ 1959 ਵਿੱਚ ਸ਼ੁਰੂ ਹੋਈ ਸੀ ਜੋ ਕੁਝ ਮੌਕਿਆਂ ਨੂੰ ਛੱਡ ਕੇ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਅਜਿਹੀਆਂ ਪਰੇਡਾਂ ਸਾਦਕੀ ਬਾਰਡਰ (ਫਾਜ਼ਿਲਕਾ) ਅਤੇ ਹੁਸੈਨੀਵਾਲਾ ਬਾਰਡਰ (ਫਿਰੋਜ਼ਪੁਰ) ਵਿੱਚ ਵੀ ਛੋਟੇ ਪੱਧਰ ’ਤੇ ਹੋ ਰਹੀਆਂ ਹਨ, ਪਰ ਉਹਨਾਂ ਨੂੰ ਉਹ ਪ੍ਰਸਿੱਧੀ ਨਹੀਂ ਮਿਲ ਸਕੀ ਜੋ ਅਟਾਰੀ ਬਾਰਡਰ ਨੂੰ ਪ੍ਰਾਪਤ ਹੈ।
ਕੁਝ ਸਮਾਂ ਪਹਿਲਾਂ ਮੈਂਨੂੰ ਆਪਣੇ ਦੋਸਤ ਬਲਦੇਵ ਸਿੰਘ ਪੁਤਲੀਘਰ ਨਾਲ ਇਹ ਪਰੇਡ ਵੇਖਣ ਦਾ ਮੌਕਾ ਮਿਲਿਆ। ਬਲਦੇਵ ਕਈ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਹੈ। ਉਸਦੇ ਬੱਚੇ ਉੱਧਰ ਦੇ ਹੀ ਜੰਮਪਲ ਹਨ। ਅਸੀਂ ਰੀਟਰੀਟ ਸ਼ੁਰੂ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਸੀਟਾਂ ਮੱਲ ਕੇ ਬੈਠ ਗਏ। ਜਦੋਂ ਨਿਸ਼ਚਿਤ ਸਮੇਂ ’ਤੇ ਪਰੇਡ ਸ਼ੁਰੂ ਹੋਈ ਤਾਂ ਬਲਦੇਵ ਦੇ ਬੱਚੇ ਹੈਰਾਨ ਹੀ ਰਹਿ ਗਏ। ਬੀ.ਐੱਸ.ਐਫ. ਅਤੇ ਪਾਕਿਸਤਾਨੀ ਰੇਂਜਰਜ਼ ਦੇ ਸਾਢੇ ਛੇ-ਛੇ ਫੁੱਟੇ ਜਵਾਨ ਪਰੇਡ ਕਰਦੇ ਸਮੇਂ ਆਪਸ ਵਿੱਚ ਇਸ ਤਰ੍ਹਾਂ ਖਹਿਣ ਲੱਗੇ ਜਿਵੇਂ ਹੁਣੇ ਲੜ ਪੈਣਗੇ। ਦੋਵੇਂ ਧਿਰਾਂ ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿੱਚ ਖੁਰੀਆਂ ਲੱਗੇ ਬੂਟਾਂ ਨੂੰ ਸਿਰਾਂ ਤੋਂ ਉੱਪਰ ਚੁੱਕ ਕੇ ਪੂਰੇ ਜ਼ੋਰ ਨਾਲ ਧਰਤੀ ਪੁੱਟ ਰਹੀਆਂ ਸਨ। ਦੁਸ਼ਮਣ ਨੂੰ ਵੰਗਾਰਨ ਵਾਲੇ ਅੰਦਾਜ਼ ਵਿੱਚ ਪਗੜੀਆਂ ਨੂੰ ਝਟਕੇ ਦਿੱਤੇ ਜਾ ਰਹੇ ਸਨ, ਢਾਕਾਂ ’ਤੇ ਹੱਥ ਰੱਖ ਕੇ ਬਾਹਾਂ ਹਮਲਾਵਰ ਅੰਦਾਜ਼ ਵਿੱਚ ਤਣੀਆਂ ਹੋਈਆਂ ਸਨ। ਇੱਕ ਦੂਸਰੇ ਨੂੰ ਕਹਿਰੀ ਤੇ ਨਫਰਤ ਭਰੀਆਂ ਨਜ਼ਰਾਂ ਨਾਲ ਘੂਰਦੇ ਹੋਏ ਆਪਣੇ ਹਥਿਆਰਾਂ ‘’ਹੱਥ ਫੇਰ ਰਹੇ ਸਨ। ਬਿਲਕੁਲ ਲੜਾਕੂ ਮੁਰਗਿਆਂ ਦੀ ਲੜਾਈ ਵਾਲੀਆਂ ਹਰਕਤਾਂ ਹੋ ਰਹੀਆਂ ਸਨ। ਦੋਵਾਂ ਧਿਰਾਂ ਦੇ ਦਰਸ਼ਕ, ਜਿਹਨਾਂ ਨੇ ਕਦੇ ਕੁੱਤੇ ਨੂੰ ਸੋਟਾ ਨਹੀਂ ਮਾਰਿਆ ਹੋਣਾ, ਅੱਡੀਆਂ ਚੁੱਕ ਚੁੱਕ ਕੇ ਭੜਕਾਊ ਨਾਅਰੇ ਲਗਾ ਰਹੇ ਸਨ।
ਬਲਦੇਵ ਦੇ ਮੁੰਡੇ ਨੇ ਹੌਲੀ ਜਿਹੀ ਉਸਦੇ ਕੰਨ ਵਿੱਚ ਕੁਝ ਕਿਹਾ। ਮੈਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਇਹਨਾਂ ਦੀਆਂ ਹਰਕਤਾਂ ਵੇਖ ਕੇ ਘਬਰਾ ਰਿਹਾ ਹੈ ਤੇ ਇੱਥੋਂ ਬਾਹਰ ਜਾਣ ਲਈ ਕਹਿ ਰਿਹਾ ਹੈ। ਉਸ ਵਿਚਾਰੇ ਨੇ ਕੈਨੇਡਾ ਵਿੱਚ ਕਦੇ ਅਜਿਹਾ ਨਜ਼ਾਰਾ ਨਹੀਂ ਸੀ ਵੇਖਿਆ। ਉਸ ਨੂੰ ਲੱਗ ਰਿਹਾ ਸੀ ਕਿ ਇਹ ਹੁਣੇ ਲੜੇ ਕਿ ਲੜੇ। ਬਲਦੇਵ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਡਰਨ ਵਾਲੀ ਕੋਈ ਗੱਲ ਨਹੀਂ, ਇਹ ਸਿਰਫ ਇੱਕ ਸ਼ੋਅ ਹੈ। ਪਰ ਜਦ ਤੱਕ ਪਰੇਡ ਖਤਮ ਹੋ ਕੇ ਅਸੀਂ ਬਾਹਰ ਨਾ ਆ ਗਏ, ਲੜਕਾ ਡਰਦਾ ਹੀ ਰਿਹਾ। ਬਾਹਰ ਆ ਕੇ ਅਸੀਂ ਜਦੋਂ ਇੱਕ ਦੁਕਾਨ ਤੋਂ ਚਾਹ ਪੀ ਰਹੇ ਸੀ ਤਾਂ ਬਲਦੇਵ ਨੇ ਦੁਖੀ ਮਨ ਨਾਲ ਕਿਹਾ ਕਿ ਭਰਾਵਾ, ਜੇ ਇਹੋ ਜਿਹੀਆਂ ਹਰਕਤਾਂ ਜਾਰੀ ਰਹੀਆਂ ਤਾਂ ਸ਼ਾਂਤੀ ਕਿੱਥੋਂ ਹੋਣੀ ਹੈ?
ਜੇ ਵੇਖਿਆ ਜਾਵੇ ਤਾਂ ਇਹ ਗੱਲ ਠੀਕ ਵੀ ਹੈ। ਇੱਕ ਪਾਸੇ ਅਸੀਂ ਸਮਝੌਤਾ ਐਕਸਪ੍ਰੈੱਸ ਰੇਲ ਅਤੇ ਸਦਾ ਏ ਸਰਹੱਦ ਬੱਸਾਂ ਚਲਾ ਰਹੇ ਹਾਂ ਤੇ ਦੂਸਰੇ ਪਾਸੇ ਬਾਰਡਰ ’ਤੇ ਨਿਰੰਤਰ ਐਸੀ ਨਫਰਤ ਭੜਕਾਊ ਪਰੇਡ ਕੀਤੀ ਜਾ ਰਹੀ ਹੈ। ਆਮ ਲੋਕ ਤਾਂ ਇਹ ਹੀ ਸਮਝਦੇ ਹਨ ਕਿ ਇਹ ਸਭ ਕੁਝ ਅਸਲੀ ਹੈ। ਉਹਨਾਂ ਨੂੰ ਪਤਾ ਨਹੀਂ ਕਿ ਇਹ ਨਕਲੀ ਨਫਰਤ ਤਾਂ ਸਿਰਫ ਪਰੇਡ ਵੇਲੇ ਜਾਗਦੀ ਹੈ, ਬਾਕੀ ਸਾਰਾ ਦਿਨ ਦੋਵਾਂ ਦੇਸ਼ਾਂ ਦੇ ਜਵਾਨ ਮਿੱਤਰਾਂ ਵਰਗਾ ਵਿਹਾਰ ਕਰਦੇ ਹਨ। ਅਸਲ ਵਿੱਚ ਇਸ ਤਰ੍ਹਾਂ ਦੀ ਪਰੇਡ ਕਿਸੇ ਵੀ ਸੁਰੱਖਿਆ ਫੋਰਸ ਦੇ ਮੈਨੂਅਲ ਵਿੱਚ ਨਹੀਂ ਹੈ। ਬਾਰਡਰ ਤੋਂ ਇਲਾਵਾ ਕਿਤੇ ਵੀ ਝੰਡਾ ਉਤਾਰਨ ਵੇਲੇ ਅਜਿਹੀਆਂ ਅਜੀਬ ਹਰਕਤਾਂ ਨਹੀਂ ਕੀਤੀਆਂ ਜਾਂਦੀਆਂ। ਪਰੇਡ ਦੀ ਇਹ ਵਿਲੱਖਣ ਵੰਨਗੀ ਸਿਰਫ ਅਟਾਰੀ ਬਾਰਡ ’ਤੇ ਹੀ ਵਿਕਸਿਤ ਹੋਈ ਹੈ। ਪਰੇਡ ਕਰਦੇ ਸਮੇਂ ਜਿਵੇਂ ਦੋਵਾਂ ਦੇਸ਼ਾਂ ਦੇ ਜਵਾਨਾਂ ਦੇ ਐਕਸ਼ਨ, ਕਮਾਂਡ ਅਤੇ ਕਦਮ ਇੱਕ ਦੂਸਰੇ ਨਾਲ ਬਿਲਕੁਲ ਮਿਲਦੇ ਹਨ, ਲੱਗਦਾ ਹੈ ਸ਼ਾਇਦ ਇਹ ਇਸ ਪਰੇਡ ਦੀ ਰਿਹਰਸਲ ਇਕੱਠੇ ਹੀ ਕਰਦੇ ਹੋਣਗੇ। ਇਹ ਸਾਰੇ ਨਫਰਤ ਭਰੇ ਇਸ਼ਾਰੇ, ਹਰਕਤਾਂ, ਇੱਕ ਦੂਸਰੇ ਨੂੰ ਅੱਖਾਂ ਤੇ ਸਰੀਰਕ ਹਰਕਤਾਂ ਨਾਲ ਲਲਕਾਰਨਾ, ਸਿਰਫ ਦਰਸ਼ਕਾਂ ਦੇ ਮਨੋਰੰਜਨ ਵਾਸਤੇ ਹੀ ਹਨ।
ਪਰ ਅਜਿਹੀਆਂ ਹਰਕਤਾਂ ਕਦੇ ਵੀ ਕਿਸੇ ਦਾ ਨੁਕਸਾਨ ਕਰਵਾ ਸਕਦੀਆਂ ਹਨ। ਦੋ ਨਵੰਬਰ 2014 ਨੂੰ ਪਾਕਿਸਤਾਨ ਵਾਲੇ ਪਾਸੇ ਅੱਤਵਾਦੀਆਂ ਵੱਲੋਂ ਕੀਤੇ ਆਤਮਘਾਤੀ ਬੰਬ ਧਮਾਕੇ ਵਿੱਚ 60 ਵਿਅਕਤੀ ਮਾਰੇ ਗਏ ਤੇ 110 ਜ਼ਖਮੀ ਹੋਏ ਸਨ। ਪਿੱਛੇ ਜਿਹੇ ਇੱਕ ਪਾਕਿਸਤਾਨੀ ਰੇਂਜਰ ਨੇ ਗੁੱਸੇ ਵਿੱਚ ਆਣ ਕੇ ਮੋਢੇ ਤੋਂ ਅਸਾਲਟ ਲਾਹ ਲਈ ਸੀ। ਕਈ ਬੰਦੇ ਬਹੁਤ ਭਾਵਕ ਹੁੰਦੇ ਹਨ ਤੇ ਦੋਵਾਂ ਪਾਸਿਆਂ ਦੇ ਸੈਨਿਕਾਂ ਕੋਲ ਭਰੇ ਹੋਏ ਹਥਿਆਰ ਹੁੰਦੇ ਹਨ। ਇਹ ਵੀ ਹੋ ਸਕਦਾ ਹੈ ਕਿ ਦਰਸ਼ਕਾਂ ਵੱਲੋਂ ਮਾਰੇ ਜਾ ਰਹੇ ਭੜਕਾਊ ਨਾਅਰਿਆਂ ਨੂੰ ਕੋਈ ਜਵਾਨ ਜ਼ਿਆਦਾ ਦਿਲ ਨੂੰ ਲਗਾ ਲਵੇ ਤੇ ਦਰਸ਼ਕਾਂ ਅਤੇ ਜਵਾਨਾਂ ਦਾ ਨੁਕਸਾਨ ਹੋ ਜਾਵੇ। ਇਹ ਸਭ ਦੇ ਹਿਤ ਵਿੱਚ ਹੈ ਕਿ ਇਸ ਪਰੇਡ ਨੂੰ ਥੋੜ੍ਹਾ ਨਰਮ ਕੀਤਾ ਜਾਵੇ, ਇੱਕ ਦੂਸਰੇ ਨੂੰ ਭੜਕਾਊ ਇਸ਼ਾਰੇ ਕਰ ਕੇ ਉਕਸਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਪਰੇਡ ਕਰਨ ਵਾਲੇ ਸੈਨਿਕ ਤਾਂ ਪਰੇਡ ਤੋਂ ਬਾਅਦ ਨਾਰਮਲ ਹੋ ਜਾਂਦੇ ਹਨ, ਪਰ ਦਰਸ਼ਕਾਂ ਦੇ ਮਨਾਂ ਵਿੱਚ ਇਸ ਵਰਤਾਰੇ ਦਾ ਬੁਰਾ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ।
*****
(1462)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)