“ਇਸ ਤਰ੍ਹਾਂ ਇੱਕ ਦੀ ਬਜਾਏ ਸੋਨੇ ਦੇ ਅੰਡੇ ਦੇਣ ਵਾਲੀਆਂ ਦੋ ਮੁਰਗੀਆਂ ਕਾਬੂ ਆ ਜਾਣਗੀਆਂ। ਉਸ ਨੇ ਫੋਨ ਰਾਹੀਂ ...”
(1 ਦਸੰਬਰ 2023)
ਇਸ ਸਮੇਂ ਪਾਠਕ: 235.
ਕਈ ਵਾਰ ਚੰਗੇ ਭਲੇ ਆਦਮੀ ਦੀ ਮੱਤ ਮਾਰੀ ਜਾਂਦੀ ਹੈ ਤੇ ਉਹ ਬੈਠੇ ਬਿਠਾਏ ਅਜਿਹਾ ਪੰਗਾ ਲੈ ਬੈਠਦਾ ਹੈ ਕਿ ਨਾ ਅੱਗੇ ਜੋਗਾ ਰਹਿੰਦਾ ਹੈ ਤੇ ਨਾ ਪਿੱਛੇ ਜੋਗਾ। ਅਜਿਹਾ ਇੱਕ ਵਾਕਿਆ 8-10 ਸਾਲ ਪਹਿਲਾਂ ਕੈਨੇਡਾ ਵਿਖੇ ਵਾਪਰਿਆ ਸੀ। ਇੱਕ ਵਿਆਹੁਤਾ ਜੋੜੇ ਦੀ ਅਜਿਹੀ ਬੁੱਧੀ ਭ੍ਰਿਸ਼ਟ ਹੋਈ ਕਿ ਉਹ ਆਪਣਾ ਹੱਸਦਾ ਵਸਦਾ ਪਰਿਵਾਰ ਤਬਾਹ ਕਰ ਕੇ ਬੈਠ ਗਏ। ਚਰਨਜੀਤ ਤੇ ਉਸ ਦੀ ਪਤਨੀ ਹਰਿੰਦਰ (ਕਾਲਪਨਿਕ ਨਾਮ) ਲੰਡਨ (ਇੰਗਲੈਂਡ) ਵਿਖੇ ਆਪਣੀ 8-9 ਸਾਲ ਦੀ ਬੇਟੀ ਸਮੇਤ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਸਨ। ਚਰਨਜੀਤ ਇੰਜਨੀਅਰ ਸੀ ਤੇ ਇੱਕ ਵੱਡੀ ਕੰਪਨੀ ਵਿੱਚ ਚੰਗੇ ਅਹੁਦੇ ’ਤੇ ਤਾਇਨਾਤ ਸੀ। ਹਰਿੰਦਰ ਸਰਕਾਰੀ ਹਸਪਤਾਲ ਵਿੱਚ ਨਰਸ ਸੀ। ਪੱਛਮੀ ਦੇਸ਼ਾਂ ਵਿੱਚ ਨਰਸਾਂ ਨੂੰ ਮੋਟੀ ਤਨਖਾਹ ਮਿਲਦੀ ਹੈ। ਪਰ ਕਹਿੰਦੇ ਹਨ ਕਿ ਜਦੋਂ ਮਾੜੇ ਦਿਨ ਆਉਂਦੇ ਹਨ ਤਾਂ ਊਠ ’ਤੇ ਚੜ੍ਹੇ ਨੂੰ ਵੀ ਕੁੱਤਾ ਵੱਢ ਜਾਂਦਾ ਹੈ। ਹਰਿੰਦਰ ਦੀ ਵੱਡੀ ਭੈਣ ਨਵਦੀਪ ਵੈਨਕੂਵਰ ਰਹਿੰਦੀ ਸੀ ਤੇ ਉਸ ਦਾ ਪਤੀ ਮਹਾਂ ਨਲਾਇਕ ਤੇ ਵਿਹਲੜ ਕਿਸਮ ਦਾ ਆਦਮੀ ਸੀ। ਉਹ ਟੁੱਟੇ ਡੰਗ ਜੋ ਥੋੜ੍ਹਾ ਬਹੁਤ ਕਮਾਉਂਦਾ, ਸ਼ਰਾਬ ਅਤੇ ਨਸ਼ਿਆਂ ਵਿੱਚ ਉਡਾ ਦਿੰਦਾ। ਘਰ ਦਾ ਗੁਜ਼ਾਰਾ ਚਲਾਉਣ ਲਈ ਨਵਦੀਪ ਨੇ ਕੁਝ ਸਾਲਾਂ ਤੋਂ ਇੱਕ ਕੁੰਵਾਰਾ ਤੇ ਦੋ ਨੰਬਰ ਵਿੱਚ ਕੈਨੇਡਾ ਆਇਆ ਜੱਸੀ ਨਾਮ ਦਾ ਪੰਜਾਬੀ ਬੁਆਏ ਫਰੈਂਡ ਇਹ ਲਾਰਾ ਲਾ ਕੇ ਫਸਾਇਆ ਹੋਇਆ ਸੀ ਕਿ ਮੈਂ ਆਪਣੇ ਪਤੀ ਨੂੰ ਤਲਾਕ ਦੇ ਕੇ, ਤੇਰੇ ਨਾਲ ਵਿਆਹ ਕਰਵਾ ਕੇ ਤੈਨੂੰ ਪੱਕਾ ਕਰਵਾ ਦੇਵਾਂਗੀ।
ਜੱਸੀ ਹੁਣ ਨਵਦੀਪ ਦੇ ਲਾਰਿਆਂ ਤੋਂ ਅੱਕਿਆ ਪਿਆ ਸੀ। ਦੋ ਕਿੱਲੇ ਵੇਚ ਕੇ ਜੱਸੀ ਨੂੰ ਕੈਨੇਡਾ ਭੇਜਣ ਵਾਲਾ ਉਸ ਦਾ ਪਿਉ ਵੀ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਪਰ ਨਵਦੀਪ ਉਸ ਕੋਲ ਕੋਈ ਪੈਸਾ ਛੱਡੇ ਤਾਂ ਉਹ ਇੰਡੀਆ ਭੇਜੇ। ਜੱਸੀ ਨੇ ਨਵਦੀਪ ਨੂੰ ਆਖਰੀ ਚਿਤਾਵਣੀ ਦੇ ਦਿੱਤੀ ਕਿ ਜਾਂ ਤਾਂ ਮੈਨੂੰ ਪੱਕਾ ਕਰਵਾ, ਨਹੀਂ ਮੈਂ ਕੋਈ ਹੋਰ ਜੁਗਾੜ ਭਾਲਦਾ ਹਾਂ। ਨਵਦੀਪ ਬਹੁਤ ਹੀ ਸ਼ਾਤਰ ਕਿਸਮ ਦੀ ਔਰਤ ਸੀ। ਉਸ ਨੇ ਸੋਚਿਆ ਕਿ ਜੇ ਹਰਿੰਦਰ ਵੈਨਕੂਵਰ ਆ ਜਾਵੇ ਤਾਂ ਉਸ ਦਾ ਜੱਸੀ ਨਾਲ ਵਿਆਹ ਕਰਵਾ ਕੇ ਇਸ ਮੁਸ਼ਕਿਲ ਦਾ ਹੱਲ ਕੱਢਿਆ ਜਾ ਸਕਦਾ ਹੈ। ਇਸ ਤਰ੍ਹਾਂ ਇੱਕ ਦੀ ਬਜਾਏ ਸੋਨੇ ਦੇ ਅੰਡੇ ਦੇਣ ਵਾਲੀਆਂ ਦੋ ਮੁਰਗੀਆਂ ਕਾਬੂ ਆ ਜਾਣਗੀਆਂ। ਉਸ ਨੇ ਫੋਨ ਰਾਹੀਂ ਹੌਲੀ ਹੌਲੀ ਹਰਿੰਦਰ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿੱਤਾ ਕਿ ਜੇ ਉਹ ਤੇ ਚਰਨਜੀਤ ਵੈਨਕੂਵਰ ਆ ਜਾਣ ਤਾਂ ਉਨ੍ਹਾਂ ਦੀ ਕਿਸਮਤ ਬਦਲ ਜਾਵੇਗੀ। ਇੱਥੇ ਕੈਨੇਡਾ ਵਿੱਚ ਇੰਜਨੀਅਰ ਤੇ ਨਰਸ ਨੂੰ ਇੰਗਲੈਂਡ ਨਾਲੋਂ ਕਈ ਗੁਣਾ ਵੱਧ ਤਨਖਾਹ ਮਿਲਦੀ ਹੈ ਤੇ ਘਰ ਵੀ ਸਸਤੇ ਹਨ। ਪਹਿਲਾਂ ਤਾਂ ਉਹ ਨਾ ਮੰਨੇ ਪਰ ਹੌਲੀ ਹੌਲੀ ਉਨ੍ਹਾਂ ਉੱਤੇ ਨਵਦੀਪ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਦਾ ਅਸਰ ਹੋ ਗਿਆ ਤੇ ਉਹ ਆਪਣਾ ਬੋਰੀ ਬਿਸਤਰਾ ਸਮੇਟ ਕੇ ਵੈਨਕੂਵਰ ਪਹੁੰਚ ਗਏ।
ਪਹਿਲਾਂ ਤਾਂ ਚਰਨਜੀਤ ਅਤੇ ਹਰਿੰਦਰ ਨੂੰ ਕੁਝ ਮਹੀਨੇ ਨਵਦੀਪ ਨੇ ਆਪਣੇ ਘਰ ਰੱਖਿਆ ਤੇ ਫਿਰ ਨਜ਼ਦੀਕ ਹੀ ਕਿਰਾਏ ਉੱਤੇ ਇੱਕ ਮਕਾਨ ਲੈ ਦਿੱਤਾ। ਕਹਾਵਤ ਹੈ ਕਿ ਇੱਕ ਗੰਦੀ ਮਛਲੀ ਸਾਰਾ ਤਲਾਬ ਗੰਦਾ ਕਰ ਦਿੰਦੀ ਹੈ। ਨਵਦੀਪ ਨੇ ਮੋਮੋਠਗਣੀ ਬਣ ਕੇ ਆਪਣੀ ਭੈਣ ਦਾ ਘਰ ਉਜਾੜ ਦਿੱਤਾ ਤੇ ਉਸ ਦੀ ਦੋਸਤੀ ਜੱਸੀ ਨਾਲ ਕਰਵਾ ਦਿੱਤੀ। ਜਦੋਂ ਚਰਨਜੀਤ ਨੂੰ ਪਤਾ ਲੱਗਾ ਤਾਂ ਘਰ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ ਤੇ ਜਲਦੀ ਹੀ ਦੋਵਾਂ ਵਿੱਚ ਤਲਾਕ ਹੋ ਗਿਆ। ਤਲਾਕਨਾਮੇ ਦੇ ਮੁਤਾਬਕ ਬੱਚੀ ਹਰਿੰਦਰ ਕੋਲ ਰਹਿ ਗਈ।
ਨਵਦੀਪ ਨੇ ਕੁਝ ਦਿਨਾਂ ਬਾਅਦ ਹੀ ਹਰਿੰਦਰ ਅਤੇ ਜੱਸੀ ਦਾ ਵਿਆਹ ਕਰਵਾ ਦਿੱਤਾ। ਇਸ ਸਾਰੇ ਘਟਨਾਕ੍ਰਮ ਕਾਰਨ ਚਰਨਜੀਤ ਦਾ ਦਿਲ ਟੁੱਟ ਗਿਆ। ਉਸ ਨੇ ਕੈਨੇਡਾ ਵਿੱਚ ਰਹਿਣ ਤੋਂ ਤੌਬਾ ਕਰ ਲਈ ਤੇ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਹਾਸਲ ਕਰ ਕੇ ਆਸਟਰੇਲੀਆ ਚਲਾ ਗਿਆ। ਕੁਝ ਸਮੇਂ ਬਾਅਦ ਉਸ ਨੇ ਉੱਥੇ ਹੀ ਵਿਆਹ ਕਰਵਾ ਲਿਆ।
ਮੋਟੇ ਦਿਮਾਗ ਦੇ ਜੱਸੀ ਨੇ ਸਮਝਿਆ ਕਿ ਹੁਣ ਤਾਂ ਮੈਂ ਪੱਕਾ ਹੋ ਹੀ ਜਾਣਾ ਹੈ ਤੇ ਜਲਦੀ ਹੀ ਉਸ ਨੇ ਆਪਣੇ ਅਸਲੀ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਰੋਜ਼ਾਨਾ ਸ਼ਰਾਬ ਨਾਲ ਰੱਜ ਕੇ ਤਾਹਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਮੈਂ ਤਾਂ ਪੱਕਾ ਹੋਣ ਦੇ ਚੱਕਰ ਵਿੱਚ ਫਸ ਗਿਆ, ਨਹੀਂ ਤੇਰੇ ਵਰਗੀ ਛੁੱਟੜ ਨਾਲ ਕੌਣ ਵਿਆਹ ਕਰਵਾਉਂਦਾ। ਗਾਲ੍ਹ ਮੰਦੇ ਤੋਂ ਗੱਲ ਕੁੱਟ ਮਾਰ ਤਕ ਪਹੁੰਚ ਗਈ। ਹੌਲੀ ਹੌਲੀ ਹਰਿੰਦਰ ਨੂੰ ਆਪਣੀ ਭੈਣ ਦੀ ਅਸਲੀਅਤ ਪਤਾ ਚੱਲ ਗਈ ਤੇ ਉਹ ਉਸ ਸਮੇਂ ਨੂੰ ਪਛਤਾਉਣ ਲੱਗੀ ਜਦੋਂ ਉਹ ਇਸ ਬਾਰਾਂ ਤਾਲੀ ਦੀਆਂ ਗੱਲਾਂ ਵਿੱਚ ਫਸ ਕੇ ਕੈਨੇਡਾ ਆ ਗਈ ਸੀ।
ਦੂਸਰੇ ਪਾਸੇ ਚਰਨਜੀਤ ਦਾ ਵੀ ਪੰਗਾ ਪੈ ਗਿਆ ਕਿਉਂਕਿ ਉਸ ਦੀ ਪਤਨੀ ਬੇਹੱਦ ਸ਼ੱਕੀ ਕਿਸਮ ਦੀ ਔਰਤ ਸੀ। ਜਦੋਂ ਚਰਨਜੀਤ ਆਪਣੀ ਬੱਚੀ ਨਾਲ ਕੈਨੇਡਾ ਫੋਨ ’ਤੇ ਗੱਲ ਕਰਦਾ ਤਾਂ ਉਹ ਪਵਾੜਾ ਪਾ ਕੇ ਬੈਠ ਜਾਂਦੀ ਕਿ ਉਹ ਆਪਣੀ ਪਹਿਲੀ ਪਤਨੀ ਨਾਲ ਗੱਲਾਂ ਕਰਦਾ ਹੈ। ਜਦੋਂ ਚਰਨਜੀਤ ਦੇ ਸਿਰ ਤੋਂ ਪਾਣੀ ਲੰਘ ਗਿਆ ਤਾਂ ਉਸ ਨੇ ਲੰਡਨ ਵਿਖੇ ਆਪਣੇ ਕਿਸੇ ਸਿਆਣੇ ਰਿਸ਼ਤੇਦਾਰ ਨਾਲ ਦੁੱਖ ਫੋਲਿਆ। ਰਿਸ਼ਤੇਦਾਰ ਨੂੰ ਸਾਰੀ ਰਾਮ ਕਹਾਣੀ ਦਾ ਪਤਾ ਲੱਗਾ ਤਾਂ ਉਸ ਨੇ ਹਰਿੰਦਰ ਨਾਲ ਗੱਲ ਕੀਤੀ ਤੇ ਵਿੱਚ ਪੈ ਕੇ ਦੋਵਾਂ ਦੀ ਸੁਲ੍ਹਾ ਸਫਾਈ ਕਰਵਾ ਦਿੱਤੀ। ਦੋਵੇਂ ਤਲਾਕ ਲੈ ਕੇ ਦੁਬਾਰਾ ਲੰਡਨ ਪਹੁੰਚ ਗਏ ਤੇ ਹੁਣ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਨਵਦੀਪ ਨਾਲ ਬਹੁਤ ਬੁਰੀ ਹੋਈ। ਉਸ ਨੂੰ ਪਤੀ ਨੇ ਵੀ ਛੱਡ ਦਿੱਤਾ ਤੇ ਪੱਕਾ ਨਾ ਹੋਣ ਕਾਰਨ ਬੁਆਏ ਫਰੈਂਡ ਨੇ ਵੀ। ਕਿਸ਼ਤਾਂ ਨਾ ਭਰ ਸਕਣ ਕਾਰਨ ਮਕਾਨ ਬੈਂਕ ਨੇ ਜ਼ਬਤ ਕਰ ਲਿਆ ਤੇ ਹੁਣ ਉਹ ਕਿਰਾਏ ਦੀ ਬੇਸਮੈਂਟ ਲੈ ਕੇ ਤੇ ਛੋਟੇ ਮੋਟੇ ਕੰਮ ਕਰ ਕੇ ਬੱਚੇ ਪਾਲ ਰਹੀ ਹੈ। ਜੱਸੀ ਵੀ ਜੇ ਸਾਲ ਛੇ ਮਹੀਨੇ ਆਪਣੀ ਜ਼ੁਬਾਨ ’ਤੇ ਕੰਟਰੋਲ ਰੱਖਦਾ ਤਾਂ ਸ਼ਾਇਦ ਪੱਕਾ ਹੋ ਜਾਂਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4515)
(ਸਰੋਕਾਰ ਨਾਲ ਸੰਪਰਕ ਲਈ: (