“ਤੂੰ ਤਾਂ ਖੂਨ ਨਾਲ ਲਿਬੜੀ ਹੋਈ ਚਾਦਰ ਵੀ ਬਰਾਮਦ ਕਰਵਾ ਦਿੱਤੀ ਹੈ। ਜੇ ਤੂੰ ਕਤਲ ਨਹੀਂ ਕੀਤਾ ਤਾਂ ...”
(18 ਮਾਰਚ 2024)
ਇਸ ਸਮੇਂ ਪਾਠਕ: 180.
ਆਪਣੀ ਨੌਕਰੀ ਦੌਰਾਨ ਮੈਂ ਵੇਖਿਆ ਹੈ ਕਿ ਜਿਹੜਾ ਵਿਅਕਤੀ, ਯੂਨੀਅਨ ਜਾਂ ਰਾਜਸੀ ਪਾਰਟੀ ਦੋ ਚਾਰ ਹਜ਼ਾਰ ਲੋਕਾਂ ਦਾ ਹਜ਼ੂਮ ਇਕੱਠਾ ਕਰ ਸਕਦਾ ਹੈ, ਉਹ ਕਈ ਵਾਰ ਸਰਕਾਰ ਅਤੇ ਪ੍ਰਸ਼ਾਸਨ ਤੋਂ ਆਪਣੀਆਂ ਜਾਇਜ਼ ਨਜਾਇਜ਼ ਮੰਗਾਂ ਮੰਨਵਾ ਲੈਂਦਾ ਹੈ। ਅਜਿਹੇ ਹਜ਼ੂਮਾਂ ਦਾ ਟਾਕਰਾ ਆਮ ਤੌਰ ’ਤੇ ਪੁਲਿਸ ਨਾਲ ਹੋਣਾ ਹੁੰਦਾ ਹੈ। ਇਸਦਾ ਕਾਰਨ ਇਹ ਹੈ ਕਿ ਧਰਨਾ ਪ੍ਰਦਰਸ਼ਨ ਚਾਹੇ ਸਰਕਾਰ ਦੇ ਖਿਲਾਫ ਹੋਵੇ ਜਾਂ ਸਿਵਲ ਪ੍ਰਸ਼ਾਸਨ ਦੇ, ਉਸ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਬਲੀ ਦਾ ਬੱਕਰਾ ਪੁਲਿਸ ਨੂੰ ਹੀ ਬਣਨਾ ਹੀ ਪੈਂਦਾ ਹੈ। ਹਾਲਾਂਕਿ ਇਨ੍ਹਾਂ ਲੋਕਾਂ ਦੀਆਂ ਮੰਗਾਂ ਮੰਨਣੀਆਂ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀਆਂ।
ਸੰਨ 2009-10 ਵਿੱਚ ਮੈਂ ਸਬ ਡਵੀਜ਼ਨ ਮੂਨਕ ਵਿਖੇ ਡੀ.ਐੱਸ.ਪੀ. ਲੱਗਾ ਹੋਇਆ ਸੀ। ਸੰਗਰੂਰ ਜ਼ਿਲ੍ਹਾ ਵੈਸੇ ਹੀ ਭਾਂਤ ਭਾਂਤ ਦੀਆਂ ਜਥੇਬੰਦੀਆਂ ਦਾ ਗੜ੍ਹ ਹੈ। ਮੇਰੀ ਸਬ ਡਵੀਜ਼ਨ ਤੋਂ ਬਾਹਰ ਦੇ ਇੱਕ ਥਾਣੇ ਵਿੱਚ ਕਿਸੇ ਵਿਆਹੁਤਾ ਲੜਕੀ ਦੇ ਕਤਲ ਦਾ ਮੁਕੱਦਮਾ ਦਰਜ਼ ਹੋਇਆ ਸੀ। ਦੋਵੇਂ ਮੀਆਂ ਬੀਵੀ ਕਿਸੇ ਗੱਲ ਤੋਂ ਝਗੜ ਪਏ ਸਨ ਤੇ ਸਵੇਰੇ ਲੜਕੀ ਇਹ ਕਹਿ ਕੇ ਘਰੋਂ ਚਲੀ ਗਈ ਸੀ ਕਿ ਉਹ ਆਪਣੇ ਪੇਕੇ ਜਾ ਰਹੀ ਹੈ। ਗੁੱਸੇ ਵਿੱਚ ਆਏ ਪਤੀ ਨੇ ਵੀ ਕਹਿ ਦਿੱਤਾ ਕਿ ਜਿੱਥੇ ਮਰਜ਼ੀ ਦਫਾ ਹੋ ਜਾ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਪਰ ਉਹ ਲੜਕੀ ਨਾ ਆਪਣੇ ਪੇਕੇ ਪਹੁੰਚੀ ਤੇ ਨਾ ਹੀ ਵਾਪਸ ਆਈ। ਗੱਲ ਪੁਲਿਸ ਤਕ ਪਹੁੰਚ ਗਈ। ਲੜਕੀ ਦਾ ਬਾਪ ਕਿਸੇ ਯੂਨੀਅਨ ਦਾ ਸੀਨੀਅਰ ਲੀਡਰ ਸੀ। ਉਸ ਨੇ ਆਪਣੇ ਸਾਥੀਆਂ ਸਮੇਤ ਥਾਣੇ ਸਾਹਮਣੇ ਧਰਨਾ ਲਗਾ ਕੇ ਪੁਲਿਸ ਦੀ ਮੁਰਦਾਬਾਦ ਸ਼ੁਰੂ ਕਰ ਦਿੱਤੀ। ਯੂਨੀਅਨ ਦੇ ਦਬਾਅ ਹੇਠ ਥਾਣੇ ਵਾਲਿਆਂ ਨੇ ਲੜਕੀ ਦੇ ਪਤੀ, ਸੱਸ, ਸਹੁਰੇ ਅਤੇ ਭੈਣ ਦੇ ਖਿਲਾਫ ਕਤਲ ਦਾ ਪਰਚਾ ਦਰਜ਼ ਕਰ ਦਿੱਤਾ ਤੇ ਗ੍ਰਿਫਤਾਰੀ ਪਾ ਦਿੱਤੀ। ਪੁਲਿਸ ਦੀ ਤਫਤੀਸ਼ ਦੌਰਾਨ ਲੜਕੀ ਦਾ ਪਤੀ ਮੰਨ ਗਿਆ ਕਿ ਉਸ ਨੇ ਹੀ ਆਪਣੀ ਪਤਨੀ ਦਾ ਕਤਲ ਕੀਤਾ ਹੈ ਤੇ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਹੈ।
ਕੁਦਰਤੀ ਗ੍ਰਿਫਤਾਰੀ ਤੋਂ ਅਗਲੇ ਦਿਨ ਹੀ ਮੇਰੀ ਉਸ ਥਾਣੇ ਦੀ ਇੰਸਪੈਕਸ਼ਨ ਸੀ। ਮੈਂ ਥਾਣੇ ਦੀ ਸਫਾਈ ਆਦਿ ਵੇਖਦਾ ਹੋਇਆ ਹਵਾਲਾਤ ਲਾਗੇ ਚਲਾ ਗਿਆ। ਪੁਲਿਸ ਨੇ ਉਸ ਦਿਨ ਇਸ ਕੇਸ ਦੇ ਮੁਲਜ਼ਿਮ ਅਦਾਲਤ ਵਿੱਚ ਪੇਸ਼ ਕਰਨੇ ਸਨ। ਮੈਨੂੰ ਉਨ੍ਹਾਂ ਦੇ ਕੇਸ ਬਾਰੇ ਪਤਾ ਸੀ ਤੇ ਮੈਂ ਐਵੇਂ ਉਤਸੁਕਤਾ ਵੱਸ ਉਨ੍ਹਾਂ ਨਾਲ ਗੱਲਬਾਤ ਕਰਨ ਲੱਗ ਪਿਆ। ਮੈਂ ਲੜਕੀ ਦੇ ਪਤੀ ਨੂੰ ਪੁੱਛਿਆ ਕਿ ਉਸ ਨੇ ਇਹ ਕਤਲ ਕਿਉਂ ਕੀਤਾ ਹੈ? ਲੜਾਈ ਝਗੜੇ ਤਾਂ ਹਰ ਘਰ ਵਿੱਚ ਹੁੰਦੇ ਹਨ, ਜੇ ਇਸ ਤਰ੍ਹਾਂ ਕਤਲ ਹੋਣ ਲੱਗੇ ਤਾਂ ਰੋਜ਼ਾਨਾ ਪੰਜ ਸੱਤ ਹਜ਼ਾਰ ਔਰਤਾਂ ਮਾਰੀਆਂ ਜਾਇਆ ਕਰਨਗੀਆਂ। ਉਹ ਅੱਗੋਂ ਰੋਣ ਲੱਗ ਪਿਆ ਕਿ ਮੈਂ ਕੋਈ ਕਤਲ ਨਹੀਂ ਕੀਤਾ। ਮੈਂ ਤਾਂ ਆਪ ਖੁਦ ਬਹੁਤ ਪਰੇਸ਼ਾਨ ਹਾਂ। ਸਾਡਾ ਸਾਰਾ ਪਰਿਵਾਰ ਥਾਣੇ ਬੈਠਾ ਹੈ ਤੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮੇਰੇ ਬੱਚਿਆਂ ਨੂੰ ਮੇਰਾ ਸਹੁਰਾ ਲੈ ਗਿਆ ਹੈ ਪਰ ਉਹ ਆਪਣੀ ਮਾਂ ਤੋਂ ਬਿਨਾਂ ਮਰਨ ਵਾਲੇ ਹੋਏ ਪਏ ਹਨ। ਮੈਂ ਪੁੱਛਿਆ, “ਤੂੰ ਤਾਂ ਖੂਨ ਨਾਲ ਲਿਬੜੀ ਹੋਈ ਚਾਦਰ ਵੀ ਬਰਾਮਦ ਕਰਵਾ ਦਿੱਤੀ ਹੈ। ਜੇ ਤੂੰ ਕਤਲ ਨਹੀਂ ਕੀਤਾ ਤਾਂ ਉਹ ਕਿੱਥੋਂ ਆਈ ਹੈ?”
ਉਸ ਨੇ ਭੇਦ ਖੋਲ੍ਹਿਆ, “ਮੈਂ ਆਪਣੇ ਸਿਰ ਨੂੰ ਮਹਿੰਦੀ ਲਗਾਉਂਦਾ ਹੈ। ਇੱਕ ਦਿਨ ਮਹਿੰਦੀ ਵਾਲਾ ਭਾਂਡਾ ਇਸ ਚਾਦਰ ’ਤੇ ਡਿਗ ਪਿਆ ਸੀ ਤੇ ਧੋਣ ਦੇ ਬਾਵਜੂਦ ਦਾਗ ਨਹੀਂ ਸਨ ਮਿਟ ਸਕੇ। ਪੁਲਿਸ ਨੂੰ ਤਲਾਸ਼ੀ ਦੌਰਾਨ ਉਹ ਚਾਦਰ ਮਿਲ ਗਈ, ਜਿਸ ਨੂੰ ਪੁਲਿਸ ਨੇ ਖੂਨ ਨਾਲ ਲਿਬੜੀ ਹੋਣ ਬਾਰੇ ਸਮਝ ਲਿਆ। ਮੈਂ ਤਾਂ ਕਦੇ ਕੁੱਤੀ ਨੂੰ ਸੋਟਾ ਨਹੀਂ ਮਾਰਿਆ, ਕਤਲ ਕਿੱਥੋਂ ਕਰਨਾ ਹੈ।”
ਮੈਂ ਹੋਰ ਵੀ ਕਈ ਗੱਲਾਂ ਉਸ ਨਾਲ ਕੀਤੀਆਂ। ਮੈਨੂੰ ਉਹ ਪਰਿਵਾਰ ਬਹੁਤ ਹੀ ਸ਼ਰੀਫ ਅਤੇ ਬੇਗੁਨਾਹ ਲੱਗਾ।
ਮੈਂ ਐੱਸ.ਐੱਚ.ਓ. ਨਾਲ ਗੱਲ ਕੀਤੀ ਤਾਂ ਉਸ ਨੇ ਵੀ ਮੰਨਿਆ ਕਿ ਇਨ੍ਹਾਂ ਦਾ ਕੋਈ ਗੁਨਾਹ ਨਹੀਂ ਲਗਦਾ ਪਰ ਮੈਂ ਮਜਬੂਰ ਹਾਂ। ਯੂਨੀਅਨ ਵਾਲੇ ਮੇਰੀ ਪੇਸ਼ ਨਹੀਂ ਜਾਣ ਦੇ ਰਹੇ ਤੇ ਦੂਸਰੇ ਪਾਸੇ ਐੱਸ.ਐੱਸ.ਪੀ. ਨੇ ਕਹਿ ਦਿੱਤਾ ਹੈ, ਜੇ ਇਨ੍ਹਾਂ ਨੇ ਮੇਰੇ ਦਫਤਰ ਸਾਹਮਣੇ ਧਰਨਾ ਲਗਾ ਦਿੱਤਾ ਤਾਂ ਤੂੰ ਆਪਣੇ ਆਪ ਨੂੰ ਗਿਆ ਸਮਝੀਂ। ਮੈਂ ਉਸ ਨੂੰ ਸਮਝਾਇਆ, “ਐਵੇਂ ਯੂਨੀਅਨ ਦੇ ਪਿੱਛੇ ਲੱਗ ਕੇ ਇਨ੍ਹਾਂ ਦੀ ਕੁੱਟ ਮਾਰ ਨਾ ਕਰੀਂ, ਅੱਜ ਕੱਲ੍ਹ ਪਤਾ ਨਹੀਂ ਕਿਸ ਨੂੰ ਕੀ ਬਿਮਾਰੀ ਲੱਗੀ ਹੋਵੇ। ਜੇ ਕੋਈ ਰਿੜ੍ਹ ਗਿਆ ਤਾਂ ਮੁੜ ਕੇ ਨਾ ਐੱਸ.ਐੱਸ.ਪੀ ਨੇ ਲੱਤ ਲਾਉਣੀ ਹੈ ਤੇ ਨਾ ਯੂਨੀਅਨ ਵਾਲਿਆਂ ਨੇ, ਭੁਗਤਣਾ ਤੈਨੂੰ ਪੈਣਾ ਹੈ। ਲੜਕੀ ਦੀ ਅਜੇ ਤਕ ਲਾਸ਼ ਨਹੀਂ ਲੱਭੀ, ਕੀ ਪਤਾ ਜਿਊਂਦੀ ਹੀ ਹੋਵੇ?”
ਮੈਂ ਤਾਂ ਇੰਸਪੈਕਸ਼ਨ ਕਰ ਕੇ ਵਾਪਸ ਆ ਗਿਆ ਤੇ ਥਾਣੇ ਵਾਲਿਆਂ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਲਾਸ਼ ਬਰਾਮਦ ਕਰਨ ਦੇ ਨਾਮ ’ਤੇ ਦੋ ਤਿੰਨ ਵਾਰੀ ਰਿਮਾਂਡ ਲਿਆ ਪਰ ਲਾਸ਼ ਹੁੰਦੀ ਤਾਂ ਲੱਭਦੀ। ਆਖਰ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਥੋੜ੍ਹੇ ਦਿਨਾਂ ਬਾਅਦ ਹੀ ਮੇਰੀ ਭਵਿੱਖਬਾਣੀ ਸਹੀ ਸਾਬਤ ਹੋ ਗਈ ਤੇ ਲੜਕੀ ਚੰਗੀ ਭਲੀ ਵਾਪਸ ਆ ਗਈ। ਜਦੋਂ ਉਸ ਨੂੰ ਥਾਣੇ ਬੁਲਾ ਕੇ ਪੁੱਛ ਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਲੜ ਝਗੜ ਕੇ ਆਪਣੇ ਪੇਕੇ ਜਾਣ ਲਈ ਬੱਸ ਸਟੈਂਡ ’ਤੇ ਪਹੁੰਚੀ ਸੀ ਤਾਂ ਉੱਥੇ ਫਲਾਣੇ ਬਾਬੇ ਦੇ ਡੇਰੇ ਜਾਣ ਵਾਲੀ ਸੰਗਤ ਨੂੰ ਲਿਜਾਣ ਵਾਲਾ ਟੈਂਪੂ ਖੜ੍ਹਾ ਸੀ। ਉਹ ਬਿਨਾਂ ਕੁਝ ਸੋਚੇ ਉਸ ਵਿੱਚ ਬੈਠ ਗਈ ਤੇ ਅੱਜ ਸਿੱਧੀ ਉੱਥੋਂ ਹੀ ਆ ਰਹੀ ਹੈ। ਹੁਣ ਰੱਬ ਜਾਣੇ ਉਹ ਬਾਬੇ ਦੇ ਡੇਰੇ ਗਈ ਸੀ ਜਾਂ ਕਿਤੇ ਹੋਰ? ਨਾ ਤਾਂ ਉਸ ਨੂੰ ਯੂਨੀਅਨ ਤੋਂ ਡਰਦਿਆਂ ਇਸ ਬਾਰੇ ਪੁਲਿਸ ਵਾਲਿਆਂ ਨੇ ਪੁੱਛਿਆ ਤੇ ਨਾ ਹੀ ਮੁਕੱਦਮਾ ਕੈਂਸਲ ਹੋਣ ਤੋਂ ਬਾਅਦ ਜੇਲ੍ਹ ਵਿੱਚੋਂ ਜਾਨ ਛੁਡਾ ਕੇ ਆਏ ਉਸ ਦੇ ਪਤੀ ਨੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4816)
(ਸਰੋਕਾਰ ਨਾਲ ਸੰਪਰਕ ਲਈ: (