“ਕੋਈ ਦੋ ਸਾਲ ਪਹਿਲਾਂ ਇਸ ਨੇ ਰੈਫਰੈਂਡਮ 2020 ਦੇ ਨਾਮ ’ਤੇ ਨਵਾਂ ਢਕਵੰਜ ਸ਼ੁਰੂ ਕੀਤਾ ਸੀ ...”
(29 ਨਵੰਬਰ 2020)
ਕੁਝ ਦਿਨ ਪਹਿਲਾਂ ਇੱਕ ਅਮਰੀਕੀ ਵੱਖਵਾਦੀ ਸੰਸਥਾ ਸਿੱਖਜ਼ ਫਾਰ ਜਸਟਿਸ ਦੇ ਕਰਤਾ ਧਰਤਾ ਗੁਰਪਤਵੰਤ ਪੰਨੂੰ (ਵਕੀਲ) ਦੇ ਬਹਿਕਾਵੇ ਵਿੱਚ ਆ ਕੇ ਕੁਝ ਨੌਜਵਾਨਾਂ ਨੇ ਮੋਗਾ ਡੀ.ਸੀ. ਦਫਤਰ ਅਤੇ ਕੁਝ ਹੋਰ ਸਥਾਨਾਂ ’ਤੇ ਕਥਿਤ ਖਾਲਿਸਤਾਨ ਦੇ ਝੰਡੇ ਲਗਾ ਦਿੱਤੇ ਸਨ। ਇਸ ਵਿਅਕਤੀ ਨੇ ਉਨ੍ਹਾਂ ਨੌਜਵਾਨਾਂ ਲਈ ਕੁਝ ਇਨਾਮ ਦੀ ਘੋਸ਼ਣਾ ਵੀ ਕੀਤੀ ਹੈ। ਇਹ ਵਕੀਲ ਅਮਰੀਕਾ ਵਿੱਚ ਬਹੁਤ ਵਧੀਆ ਜ਼ਿੰਦਗੀ ਹੰਢਾ ਰਿਹਾ ਹੈ ਤੇ ਖਾਲਿਸਤਾਨ ਦੀ ਦੁਕਾਨਦਾਰੀ ਚਲਾ ਕੇ ਕਰੋੜਾਂ ਡਾਲਰ ਬਟੋਰ ਰਿਹਾ ਹੈ। ਇਸਦੇ ਬੱਚੇ ਵੀ ਵਧੀਆ ਨੌਕਰੀਆਂ ’ਤੇ ਲੱਗੇ ਹੋਏ ਹਨ ਤੇ ਐਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਚਾਹੀਦਾ ਤਾਂ ਇਹ ਹੈ ਕਿ ਇਹ ਭਾਰਤ ਆਵੇ ਤੇ ਖੁਦ ਜਾਂ ਇਸਦੇ ਬੱਚੇ ਅੱਗੇ ਲੱਗ ਕੇ ਅਜਿਹੇ ਕਾਰੇ ਕਰਨ। ਪਰ ਇਹ ਲੋਕ ਆਪਣੇ ਬੱਚਿਆਂ ਨੂੰ ਹਰ ਮੁਸੀਬਤ ਤੋਂ ਸੁਰੱਖਿਅਤ ਰੱਖਦੇ ਹਨ ਤੇ ਲੋਕਾਂ ਦੇ ਭੋਲੇ ਭਾਲੇ ਬੱਚਿਆਂ ਨੂੰ ਧਰਮ ਦੇ ਨਾਮ ’ਤੇ ਭੜਕਾ ਕੇ ਬਲਦੀ ਦੇ ਬੁੱਥੇ ਦੇ ਰਹੇ ਹਨ। ਕੋਈ ਦੋ ਸਾਲ ਪਹਿਲਾਂ ਇਸ ਨੇ ਰੈਫਰੈਂਡਮ 2020 ਦੇ ਨਾਮ ’ਤੇ ਨਵਾਂ ਢਕਵੰਜ ਸ਼ੁਰੂ ਕੀਤਾ ਸੀ ਜੋ ਹੁਣ ਬੁਰੀ ਤਰ੍ਹਾਂ ਫਲਾਪ ਹੋ ਚੁੱਕਾ ਹੈ। ਵਿਦੇਸ਼ੀ ਕੱਟੜਪੰਥੀਆਂ ਤੋਂ ਡਾਲਰ ਭੋਟਣ ਲਈ ਇਸ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਅਨੇਕਾਂ ਲੀਡਰਾਂ ਦੇ ਖਿਲਾਫ ਯੂ.ਐੱਨ.ਓ. ਅਤੇ ਅਮਰੀਕੀ ਅਦਾਲਤਾਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਸਬੰਧੀ ਕੇਸ ਦਾਇਰ ਕੀਤੇ ਸਨ ਪਰ ਹਾਸੋਹੀਣੀ ਗੱਲ ਇਹ ਹੈ ਕਿ ਸਾਰੀਆਂ ਅਦਾਲਤਾਂ ਨੇ ਇਹ ਕੇਸ ਫਜ਼ੂਲ ਕਹਿ ਕੇ ਖਾਰਜ ਕਰ ਦਿੱਤੇ ਹਨ। ਪਰ ਇਹ ਕੰਮ ਇਸਦੀ ਕਮਾਈ ਦੇ ਮੁੱਖ ਸਾਧਨ ਹਨ। ਇਸ ਲਈ ਇਹ ਅਜਿਹੇ ਸ਼ੋਸ਼ੇ ਛੱਡਦਾ ਹੀ ਰਹਿੰਦਾ ਹੈ।
ਇਸ ਵਰਗੇ ਹੀ ਕੰਮ ਪੰਜਾਬ ਦੇ ਕਾਲੇ ਦਿਨਾਂ ਵਿੱਚ ਪੰਜਾਬ ਦੇ ਅਨੇਕਾਂ ਲੀਡਰਾਂ ਨੇ ਕੀਤੇ ਸਨ ਤੇ ਇਹੋ ਹੀ ਕਸ਼ਮੀਰ ਦੇ ਵੱਖਵਾਦੀ ਅਤੇ ਦੱਖਣੀ ਭਾਰਤ ਦੇ ਨਕਸਲੀ ਲੀਡਰ ਕਰ ਰਹੇ ਹਨ। ਕਿਸੇ ਦਾ ਵੀ ਪੁੱਤ ਅੱਜ ਤਕ ਅੱਤਵਾਦ ਜਾਂ ਨਕਸਲੀ ਲਹਿਰ ਵਿੱਚ ਨਹੀਂ ਮਰਿਆ। ਪੰਜਾਬ ਦੇ ਸੈਂਕੜੇ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਮਰਵਾਉਣ ਵਾਲੇ ਕਿਸੇ ਲੀਡਰ ਦਾ ਲੜਕਾ ਖਾੜਕੂ ਨਹੀਂ ਸੀ ਬਣਿਆ। ਕਿਸੇ ਨੇ ਪੜ੍ਹਾਈ ਦੇ ਨਾਮ ’ਤੇ ਬਾਹਰ ਭੇਜ ਦਿੱਤਾ ਸੀ ਤੇ ਕਿਸੇ ਨੇ ਚੰਡੀਗੜ੍ਹ ਜਾਂ ਦਿੱਲੀ ਘਰ ਲੈ ਲਿਆ ਸੀ।
ਪੰਜਾਬ ਦਾ ਇੱਕ ਬਦਨਾਮ ਖਾੜਕੂ ਲੀਡਰ, ਜੋ ਰਿਟਾਇਰਡ ਸੀਨੀਅਰ ਸਰਕਾਰੀ ਡਾਕਟਰ ਤੇ ਕਿਸੇ ਅਖੌਤੀ ਪੰਥਕ ਕਮੇਟੀ ਦਾ ਮੈਂਬਰ ਵੀ ਸੀ, ਦੇ ਲੜਕੇ ਉੱਚ ਸਰਕਾਰੀ ਪ੍ਰਸ਼ਾਸਨਿਕ ਅਹੁਦਿਆਂ ਤੋਂ ਰਿਟਾਇਰ ਹੋਏ ਹਨ। ਇਸ ਵਿਅਕਤੀ ਦੇ ਪੈਰੋਂ ਗੁਮਰਾਹ ਹੋ ਕੇ ਸੈਂਕੜੇ ਨੌਜਵਾਨਾਂ ਨੇ ਆਪਣੀਆਂ ਕੀਮਤੀ ਜਵਾਨੀਆਂ ਭੰਗ ਦੇ ਭਾੜੇ ਗਵਾਈਆਂ ਸਨ। ਬਾਅਦ ਵਿੱਚ ਮੌਕਾ ਵੇਖ ਕੇ ਇਸ ਖਾੜਕੂ ਲੀਡਰ ਨੇ ਆਤਮ ਸਮਰਪਣ ਕਰ ਦਿੱਤਾ ਤੇ ਸ਼ਾਂਤੀ ਦੀ ਜ਼ਿੰਦਗੀ ਭੋਗ ਕੇ ਮਰਿਆ ਸੀ।
ਉਸ ਸਮੇਂ ਸਾਡੇ ਢਾਡੀਆਂ ਨੇ ਵੀ ਘੱਟ ਨਹੀਂ ਸੀ ਗੁਜ਼ਾਰੀ। ਮਰਨ ਵਾਲੇ ਖਾੜਕੂਆਂ ਦੇ ਭੋਗਾਂ ’ਤੇ ਜਾ ਕੇ ਢਾਡੀਆਂ ਨੇ ਸਿਰਫ ਪੈਸੇ ਇਕੱਠੇ ਕਰਨ ਦੇ ਮਕਸਦ ਨਾਲ ਜੋਸ਼ੀਲੀਆਂ ਵਾਰਾਂ ਗਾ ਕੇ ਅਨੇਕਾਂ ਨੌਜਵਾਨ ਖਾੜਕੂ ਸਫਾਂ ਵਿੱਚ ਸ਼ਾਮਲ ਕਰਵਾਏ ਸਨ। ਇੱਕ ਵਾਰ ਇੱਕ ਢਾਡੀ ਇੱਕ ਖਾੜਕੂ ਦੇ ਭੋਗ ’ਤੇ ਵਾਰ ਗਾ ਰਿਹਾ ਸੀ ਤੇ ਵਰ੍ਹਦੇ ਨੋਟਾਂ ਕਾਰਨ ਕੁਝ ਜ਼ਿਆਦਾ ਹੀ ਜੋਸ਼ ਵਿੱਚ ਆ ਗਿਆ ਤੇ ਕਹਿ ਬੈਠਾ ਕਿ ਸਾਡੀ ਤਾਂ ਰੱਬ ਅੱਗੇ ਇਹੀ ਅਰਦਾਸ ਹੈ ਕਿ ਇਸੇ ਤਰ੍ਹਾਂ ਸੂਰਮੇ ਸ਼ਹੀਦ ਹੁੰਦੇ ਰਹਿਣ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਰਹੇ। ਇਹ ਗੱਲ ਵੱਖਰੀ ਹੈ ਕਿ ਗੁੱਸੇ ਵਿੱਚ ਆਏ ਪ੍ਰਬੰਧਕਾਂ ਨੇ ਉਸ ਮਨਹੂਸ ਤੋਂ ਪੈਸੇ ਵੀ ਖੋਹ ਲਏ ਤੇ ਧੱਕੇ ਮਾਰ ਕੇ ਸਟੇਜ ਤੋਂ ਥੱਲੇ ਸੁੱਟ ਦਿੱਤਾ। ਅਨੇਕਾਂ ਖਾੜਕੂ ਜਥੇਬੰਦੀਆਂ ਦੇ ਮੁਖੀਆਂ ਦੇ ਬੱਚੇ ਇਸ ਵੇਲੇ ਕੈਨੇਡਾ-ਅਮਰੀਕਾ ਆਦਿ ਵਿੱਚ ਬੈਠੇ ਮੌਜਾਂ ਮਾਣ ਰਹੇ ਹਨ।
ਕਸ਼ਮੀਰੀ ਵੱਖਵਾਦੀ ਲੀਡਰਾਂ ਦਾ ਹਾਲ ਵੀ ਇਸ ਤੋਂ ਵੱਖਰਾ ਨਹੀਂ ਹੈ। ਹਿਜ਼ਬੁਲ ਮੁਜਾਹਦੀਨ ਦੇ ਮੁਖੀ ਸਈਅਦ ਮੁਹੰਮਦ ਯੂਸਫ ਸ਼ਾਹ ਉਰਫ ਸਈਅਦ ਸਲਾਹੁਦੀਨ ਦੇ ਪੰਜ ਲੜਕੇ ਹਨ, ਜਿਨ੍ਹਾਂ ਵਿੱਚੋਂ ਚਾਰ ਜੰਮੂ ਕਸ਼ਮੀਰ ਵਿੱਚ ਸਰਕਾਰੀ ਨੌਕਰੀ ਕਰਦੇ ਹਨ। ਇਸ ਤੋਂ ਇਲਾਵਾ ਅਨੇਕਾਂ ਬੱਚਿਆਂ ਨੂੰ ਭੜਕਾ ਕੇ ਸੁਰੱਖਿਆ ਦਸਤਿਆਂ ਹੱਥੋਂ ਮਰਵਾਉਣ ਵਾਲੇ ਹੁਰੀਅਤ ਨੇਤਾਵਾਂ ਸਈਅਦ ਅਲੀ ਸ਼ਾਹ ਜੀਲਾਨੀ, ਮੀਰਵਾਇਜ਼ ਉਮਰ ਫਾਰੂਕ ਅਤੇ ਯਾਸੀਨ ਮਲਿਕ ਆਦਿ ਵਿੱਚੋਂ ਕਿਸੇ ਦਾ ਵੀ ਬੱਚਾ ਜਾਂ ਰਿਸ਼ਤੇਦਾਰ ਅੱਤਵਾਦ ਵਿੱਚ ਹਿੱਸਾ ਨਹੀਂ ਲੈਂਦਾ। ਸਾਰੇ ਜਾਂ ਤਾਂ ਕਾਨਵੈਂਟ ਸਕੂਲਾਂ ਵਿੱਚ ਪੜ੍ਹ ਰਹੇ ਹਨ ਜਾਂ ਮਲਾਈਦਾਰ ਸਰਕਾਰੀ ਨੌਕਰੀਆਂ ਦਾ ਆਨੰਦ ਮਾਣ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਦੇ ਬੱਚੇ ਡਾਕਟਰ ਜਾਂ ਇੰਜਨੀਅਰ ਹਨ, ਕਿਉਂਕਿ ਪਾਕਿਸਤਾਨ ਨੇ ਆਪਣੇ ਮੈਡੀਕਲ ਅਤੇ ਇੰਜਨੀਅਰਿੰਗ ਕਾਲਜਾਂ ਵਿੱਚ ਭਾਰਤੀ ਕਸ਼ਮੀਰ ਦੇ ਬੱਚਿਆਂ ਲਈ ਕਾਫੀ ਸੀਟਾਂ ਰਾਖਵੀਆਂ ਰੱਖੀਆਂ ਹੋਈਆਂ ਹਨ। ਇਹ ਭਾਰਤ ਤੋਂ ਸਟੱਡੀ ਵੀਜ਼ਾ ਲਗਵਾ ਕੇ ਉੱਥੋਂ ਅਰਾਮ ਨਾਲ ਡਿਗਰੀਆਂ ਲੈ ਕੇ ਵਾਪਸ ਆ ਜਾਂਦੇ ਹਨ।
1993 ਦੇ ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅਤੇ ਇੰਟਰਪੋਲ ਦੀ ਟਾਪ ਟੈੱਨ ਲਿਸਟ ਵਿੱਚ ਆਉਂਦੇ ਅੱਤਵਾਦੀ ਦਾਊਦ ਇਬਰਾਹੀਮ ਦੇ ਪਰਿਵਾਰ ਦੇ ਕਈ ਮੈਂਬਰ, ਭੈਣ ਹਸੀਨਾ ਅਤੇ ਭਰਾ ਇਕਬਾਲ ਕਾਸਕਰ ਸਮੇਤ ਅਜੇ ਵੀ ਮੁੰਬਈ ਰਹਿੰਦੇ ਹਨ ਤੇ ਉਸ ਦਾ ਕਾਰੋਬਾਰ ਸੰਭਾਲਦੇ ਹਨ। ਉਹ ਸਾਰੇ ਅਰਬਪਤੀ ਹਨ। ਉਹ ਮੁੰਬਈ ਸੰਗਠਿਤ ਅਪਰਾਧ ਦਾ ਸਭ ਤੋਂ ਵੱਡਾ ਸਰਗਣਾ ਹੈ ਤੇ ਅਮਰੀਕਾ ਵੱਲੋਂ ਵੀ ਉਸ ਨੂੰ ਭਗੌੜਾ ਅੱਤਵਾਦੀ ਘੋਸ਼ਿਤ ਕਰ ਕੇ ਉਸ ਦੇ ਖਾਤੇ ਫਰੀਜ਼ ਕਰ ਦਿੱਤੇ ਗਏ ਹਨ। ਉਹ ਇਸ ਵੇਲੇ ਪਰਿਵਾਰ ਸਮੇਤ ਪਾਕਿਸਤਾਨ ਦਾ ਸਰਕਾਰੀ ਮਹਿਮਾਨ ਬਣ ਕੇ ਕਰਾਚੀ ਰਹਿ ਰਿਹਾ ਹੈ। ਉਸ ਦੀ ਲੜਕੀ ਪਾਕਿਸਤਾਨ ਦੇ ਮਸ਼ਹੂਰ ਕ੍ਰਿਕਟਰ ਜਾਵੇਦ ਮੀਆਂਦਾਦ ਦੇ ਲੜਕੇ ਨਾਲ ਵਿਆਹੀ ਹੋਈ ਹੈ ਤੇ ਲੜਕਾ ਵੱਡਾ ਕਾਰੋਬਾਰੀ ਹੈ।
ਕਿਸੇ ਬੇਗਾਨੇ ਦੇ ਬੱਚੇ ਨੂੰ ਵਿਗਾੜਨਾ ਬਹੁਤ ਸੌਖਾ ਹੈ ਪਰ ਆਪਣੀ ਔਲਾਦ ਨੂੰ ਸਾਰੇ ਹਿੱਕ ਨਾਲ ਲਗਾ ਕੇ ਰੱਖਦੇ ਹਨ। ਨਸ਼ਿਆਂ ਦੇ ਵਪਾਰੀ ਕਦੇ ਵੀ ਆਪਣੇ ਲੜਕੇ ਨੂੰ ਨਸ਼ਾ ਨਹੀਂ ਕਰਨ ਦੇਣਗੇ। ਦੂਸਰੇ ਦੀ ਔਲਾਦ ਮਰਨ ’ਤੇ ਅਫਸੋਸ ਕਰਨਾ ਬਹੁਤ ਸੌਖਾ ਹੁੰਦਾ ਹੈ ਪਰ ਆਪਣੇ ਦੇ ਪੈਰ ਵਿੱਚ ਕੰਡਾ ਵੀ ਚੁੱਭ ਜਾਵੇ ਤਾਂ ਜਾਨ ਨਿਕਲ ਜਾਂਦੀ ਹੈ। ਪੰਜਾਬੀ ਨੌਜਵਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਗੁਰਪਤਵੰਤ ਪੰਨੂੰ ਵਰਗੇ ਲੋਕ ਕਿਸੇ ਦੇ ਸਕੇ ਨਹੀਂ ਹੁੰਦੇ। ਕੱਲ੍ਹ ਨੂੰ ਜਦੋਂ ਖਾਲਿਸਤਾਨੀ ਝੰਡੇ ਲਗਾਉਣ ਵਾਲਿਆਂ ਨੂੰ ਪੁਲਿਸ ਨੇ ਫੜ ਲਿਆ ਤੇ ਕੇਸ ਚੱਲਣਗੇ ਤਾਂ ਇਸ ਨੇ ਕਿਸੇ ਦੀ ਬਾਤ ਨਹੀਂ ਪੁੱਛਣੀ ਤੇ ਨਾ ਹੀ ਵਕੀਲਾਂ ਨੂੰ ਦੇਣ ਜੋਗੇ ਪੈਸੇ ਦੇਣੇ ਹਨ। ਇਨ੍ਹਾਂ ਲੋਕਾਂ ਦਾ ਇੱਕੋ ਇੱਕ ਧਰਮ ਪੰਜਾਬੀਆਂ ਨੂੰ ਧਰਮ ਦੇ ਨਾਮ ’ਤੇ ਭੜਕਾ ਕੇ ਤੇ ਆਪਸ ਵਿੱਚ ਲੜਾ ਕੇ ਡਾਲਰ ਇਕੱਠੇ ਕਰਨੇ ਤੇ ਅਖਬਾਰਾਂ ਦੀਆਂ ਸੁਰਖੀਆਂ ਬਟੋਰਨਾ ਹੈ। ਜੇ ਇਸ ਨੂੰ ਪੰਜਾਬੀਆਂ ਦਾ ਇੰਨਾ ਹੀ ਦਰਦ ਹੈ ਤਾਂ ਇਸ ਨੇ ਕਿੰਨੇ ਕੁ ਕਰੋਨਾ ਕਾਰਨ ਬੇਰੋਜ਼ਗਾਰ ਹੋਏ ਗਰੀਬਾਂ ਦੀ ਮਦਦ ਕੀਤੀ ਹੈ ਤੇ ਕਿੰਨੇ ਜਹਾਜ਼ ਅਮਰੀਕਾ ਤੋਂ ਰਾਸ਼ਨ ਦੇ ਭਰ ਕੇ ਭੇਜੇ ਹਨ? ਇਨ੍ਹਾਂ ਲੋਕਾਂ ਬਾਰੇ ਹੀ ਇਹ ਕਹਾਵਤ ਬਣੀ ਹੈ ਕਿ ਅੱਗ ਲਾਈ ਤੇ ਡੱਬੂ ਕੰਧ ’ਤੇ। ਅਜਿਹੇ ਲੋਕਾਂ ਤੋਂ ਬਚਣ ਵਿੱਚ ਹੀ ਭਲਾਈ ਹੈ। ਜੇ ਇਹ ਇੰਨਾ ਹੀ ਬਹਾਦਰ ਹੈ ਤੇ ਇਸ ਨੂੰ ਧਰਮ ਨਾਲ ਇੰਨਾ ਹੀ ਪਿਆਰ ਹੈ ਤਾਂ ਆਪਣੇ ਬੱਚਿਆਂ ਨੂੰ ਪੰਜਾਬ ਭੇਜੇ ਤੇ ਉਨ੍ਹਾਂ ਕੋਲੋਂ ਅਜਿਹੇ ਕੰਮ ਕਰਵਾ ਕੇ ਮਿਸਾਲ ਕਾਇਮ ਕਰੇ। ਮੇਰਾ ਨਹੀਂ ਖਿਆਲ ਕਿ ਇਸਦਾ ਸੋਹਲ ਸਰੀਰ ਗਰਮੀਆਂ ਦੇ ਦੋ ਦਿਨ ਵੀ ਭਾਰਤੀ ਜੇਲਾਂ ਵਿੱਚ ਕੱਟ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2437)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)