BalrajSidhu7ਸੰਸਾਰ ਵਿੱਚ ਸ਼ਾਇਦ ਭਾਰਤ ਹੀ ਇੱਕੋ ਇੱਕ ਦੇਸ਼ ਹੈ ਜਿੱਥੇ ਇਸ ...
(5 ਦਸੰਬਰ 2019)

 

ਕੁਝ ਦਿਨ ਪਹਿਲਾਂ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਦਲਿਤ ਨੌਜਵਾਨ ਦੀ ਛੋਟੀ ਜਿਹੀ ਗੱਲ ਉੱਤੇ ਭਿਆਨਕ ਕੁੱਟ ਮਾਰ ਕੀਤੀ ਗਈ ਜਿਸ ਕਾਰਨ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਭਾਵੇਂ ਇਹ ਝਗੜਾ ਕਿਸੇ ਹੋਰ ਕਾਰਨ ਹੋਇਆ ਸੀ, ਪਰ ਜਲਦੀ ਹੀ ਜ਼ਾਤੀਵਾਦੀ ਰੂਪ ਧਾਰਨ ਕਰ ਗਿਆ। ਜੇ ਮੌਕੇ ਸਿਰ ਇਸ ਮਸਲੇ ਨਾਲ ਨਾ ਨਜਿੱਠਿਆ ਜਾਂਦਾ ਤਾਂ ਗੱਲ ਹੋਰ ਵਧ ਸਕਦੀ ਸੀ। ਇਸ ਤਰ੍ਹਾਂ ਦੇ ਇੱਕ ਮਾਮਲੇ ਕਾਰਨ ਕੁਝ ਸਾਲ ਪਹਿਲਾਂ ਦੁਆਬੇ ਵਿੱਚ ਭਿਆਨਕ ਦੰਗੇ ਹੋਏ ਸਨ। ਜ਼ਾਤ ਪਾਤ ਦੀ ਇਸ ਬੁਰਾਈ ਕਾਰਨ ਭਾਰਤ ਸੈਂਕੜੇ ਸਾਲਾਂ ਤੱਕ ਵਿਦੇਸ਼ੀ ਹਮਲਾਵਰਾਂ ਦੁਆਰਾ ਰੌਂਦਿਆ ਜਾਂਦਾ ਰਿਹਾ ਹੈ। ਪਾਣੀਪੱਤ ਦੀ ਪਹਿਲੀ ਜੰਗ (21 ਅਪਰੈਲ 1526 ਈਸਵੀ) ਮੁਗਲ ਬਾਦਸ਼ਾਹ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦਰਮਿਆਨ ਹੋਈ ਸੀ। ਬਾਬਰ ਦੀ ਫੌਜ ਸਿਰਫ 30 ਹਜ਼ਾਰ ਸੀ ਅਤੇ ਇਬਰਾਹੀਮ ਲੋਧੀ ਦੀ ਇੱਕ ਲੱਖ ਦੇ ਕਰੀਬ ਸੀ। ਇੱਕ ਰਾਤ ਬਾਬਰ ਭੇਸ ਬਦਲ ਕੇ ਇਬਰਾਹੀਮ ਲੋਧੀ ਦੇ ਕੈਂਪ ਵਿੱਚ ਉਸ ਦੀਆਂ ਜੰਗੀ ਤਿਆਰੀਆਂ ਦੀ ਸੂਹ ਲੈਣ ਲਈ ਘੁੰਮ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਲੋਧੀ ਦੀ ਫੌਜ ਦੇ ਹਰ ਟੈਂਟ ਅੱਗੇ ਚੁੱਲ੍ਹੇ ਬਲ ਰਹੇ ਹਨ। ਉਸ ਨੇ ਆਪਣੇ ਜਾਸੂਸਾਂ ਨੂੰ ਇਸ ਬਾਰੇ ਪੁੱਛਿਆ ਤਾਂ ਜਵਾਬ ਮਿਲਿਆ ਕਿ ਇਹ ਲੋਕ ਵੱਖ ਵੱਖ ਜ਼ਾਤਾਂ, ਧਰਮਾਂ ਅਤੇ ਫਿਰਕਿਆਂ ਨਾਲ ਸਬੰਧ ਰੱਖਦੇ ਹਨ। ਛੂਤ ਛਾਤ ਮੰਨਣ ਕਾਰਨ ਇਹ ਇੱਕ ਦੂਸਰੇ ਨਾਲ ਬੈਠ ਕੇ ਖਾਣਾ ਨਹੀਂ ਖਾਂਦੇ। ਇਹ ਸੁਣ ਕੇ ਬਾਬਰ ਖੁਸ਼ ਹੋ ਗਿਆ ਕਿ ਜੇ ਇਹ ਫੌਜੀ ਇਕੱਠੇ ਬੈਠ ਕੇ ਰੋਟੀ ਨਹੀਂ ਖਾ ਸਕਦੇ ਤਾਂ ਇਹਨਾਂ ਨੇ ਲੜਾਈ ਵਿੱਚ ਇੱਕ ਮੁੱਠ ਹੋ ਕੇ ਸਵਾਹ ਲੜਨਾ ਹੈ? ਅਜਿਹੀ ਪਾਟੋਧਾੜ ਸੈਨਾ ਤਾਂ ਕੁਝ ਹੀ ਪਲਾਂ ਵਿੱਚ ਤਬਾਹ ਕੀਤੀ ਜਾ ਸਕਦੀ ਹੈ। ਉਹੀ ਗੱਲ ਹੋਈ, ਅਗਲੇ ਦਿਨ ਸਿਰਫ ਕੁਝ ਘੰਟਿਆਂ ਵਿੱਚ ਹੀ ਇਬਰਾਹੀਮ ਲੋਧੀ ਦੀ ਸਾਰੀ ਫੌਜ ਨਸ਼ਟ ਕਰ ਦਿੱਤੀ ਗਈ ਤੇ ਉਹ ਜੰਗ ਵਿੱਚ ਮਾਰਿਆ ਗਿਆ।

ਮੌਜੂਦਾ ਸਮੇਂ ਵੀ ਇਹੋ ਕੁਝ ਹੋ ਰਿਹਾ ਹੈ। ਦੇਸ਼ ਦੀ ਤਰੱਕੀ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਜ਼ਾਤੀ ਪ੍ਰਥਾ ਹੀ ਹੈ। ਲੋਕ ਵੋਟ ਪਾਉਣ ਲੱਗਿਆਂ ਉਮੀਦਵਾਰ ਦੀ ਕਾਬਲੀਅਤ ਵਾਚਣ ਦੀ ਬਜਾਏ ਉਸ ਦੀ ਜ਼ਾਤ ਵੇਖਦੇ ਹਨ। ਇਹ ਗੱਲ ਅਲੱਗ ਹੈ ਅੱਜ ਤੱਕ ਕਿਸੇ ਨੇਤਾ ਨੇ ਤਾਕਤ ਮਿਲਣ ਤੋਂ ਬਾਅਦ ਆਪਣੀ ਜ਼ਾਤ ਦਾ ਭਲਾ ਨਹੀਂ ਕੀਤਾ। ਮੰਤਰੀ ਬਣਨ ਤੋਂ ਬਾਅਦ ਉਸ ਦਾ ਸਭ ਤੋਂ ਪਹਿਲਾ ਕੰਮ ਕਿਸੇ ਪਾਸ਼ ਕਲੋਨੀ ਵਿੱਚ ਮਹਿਲ ਪਾ ਕੇ ਗੇਟ ਉੱਤੇ ਗੰਨਮੈਨ ਬਿਠਾਉਣ ਦਾ ਹੁੰਦਾ ਹੈ ਤਾਂ ਜੋ ਗਰੀਬ ਗੁਰਬਾ ਉਸ ਨੂੰ ਕਿਸੇ ਕੰਮ ਲਈ ਤੰਗ ਪਰੇਸ਼ਾਨ ਨਾ ਕਰ ਸਕੇ।

ਸੰਸਾਰ ਵਿੱਚ ਸ਼ਾਇਦ ਭਾਰਤ ਹੀ ਇੱਕੋ ਇੱਕ ਦੇਸ਼ ਹੈ ਜਿੱਥੇ ਇਸ ਕੰਪਿਊਟਰ ਯੁੱਗ ਵਿੱਚ ਵੀ ਜ਼ਾਤੀ ਪ੍ਰਥਾ ਵਰਗੇ ਕਲੰਕ ਦੀ ਪੂਰੀ ਕਰੜਾਈ ਨਾਲ ਪਾਲਣਾ ਕੀਤੀ ਜਾ ਰਹੀ ਹੈ। ਭਾਰਤ ਵਿੱਚ ਜ਼ਾਤੀਵਾਦੀ ਸਿਸਟਮ ਦਾ ਘੋਰ ਅਣਮਨੁੱਖੀ ਰੂਪ ਯੂ.ਪੀ., ਬਿਹਾਰ ਅਤੇ ਦੱਖਣੀ ਭਾਰਤ ਵਿੱਚ ਵੇਖਣ ਨੂੰ ਮਿਲਦਾ ਹੈ। ਇਹਨਾਂ ਸੂਬਿਆਂ ਦੇ ਪਿੰਡਾਂ ਵਿੱਚ ਅੱਜ ਵੀ ਕਥਿਤ ਛੋਟੀਆਂ ਜਾਤਾਂ ਲਈ ਪਾਣੀ ਦੇ ਖੂਹ ਤੱਕ ਵੱਖਰੇ ਹਨ, ਉਹ ਪਿੰਡ ਦੇ ਚੌਧਰੀ ਦੇ ਬਰਾਬਰ ਕੁਰਸੀ ਜਾਂ ਮੰਜੇ ਉੱਤੇ ਨਹੀਂ ਬੈਠ ਸਕਦੇ। ਯੂ.ਪੀ. ਅਤੇ ਬਿਹਾਰ ਦੀ ਤਾਂ ਸਾਰੀ ਸਿਆਸਤ ਅਤੇ ਸਮਾਜਿਕ ਤਾਣਾ ਬਾਣਾ ਹੀ ਜ਼ਾਤੀਵਾਦ ਦੇ ਇਰਦ ਗਿਰਦ ਘੁੰਮਦਾ ਹੈ। ਜ਼ਾਤ ਅਧਾਰਿਤ ਰਾਜਨੀਤਕ ਪਾਰਟੀਆਂ ਹਨ, ਇੱਥੋਂ ਤੱਕ ਕਿ ਗੁੰਡਿਆਂ ਅਤੇ ਡਾਕੂਆਂ ਦੇ ਗਿਰੋਹ ਵੀ ਜ਼ਾਤ ਅਧਾਰਿਤ ਹਨ। 1992-93 ਵਿੱਚ ਮੈਂ ਕਿਸੇ ਮੁਲਜ਼ਮ ਨੂੰ ਪਕੜਨ ਲਈ ਯੂ.ਪੀ. ਦੇ ਕਿਸੇ ਸ਼ਹਿਰ ਗਿਆ। ਸਾਨੂੰ ਪੁਲਿਸ ਮਦਦ ਲੈਣ ਲਈ ਸਥਾਨਿਕ ਥਾਣੇ ਜਾਣਾ ਪਿਆ। ਉੱਥੇ ਵੇਖਿਆ ਕਿ ਥਾਣੇ ਵਿੱਚ ਵੱਖ ਵੱਖ ਜ਼ਾਤਾਂ ਲਈ ਦੋ ਮੈੱਸਾਂ ਸਨ ਤੇ ਸ਼ਰੇਆਮ ਲਿਖਿਆ ਹੋਇਆ ਸੀ ਕਿ ਇਹ ਮੈੱਸ ਫਲਾਣੀ ਜ਼ਾਤ ਲਈ ਹੈ। ਜਦੋਂ ਮੈਂ ਹੈਰਾਨ ਹੋ ਕਿ ਇਸ ਸਬੰਧੀ ਐੱਸ.ਐੱਚ.ਓ. ਨੂੰ ਪੁੱਛਿਆ ਤਾਂ ਉਹ ਬਹੁਤ ਅਰਾਮ ਨਾਲ ਬੋਲਿਆ ਕਿ ਇਸ ਵਿੱਚ ਕੀ ਖਾਸ ਗੱਲ ਹੈ? ਇਹ ਤਾਂ ਹੁੰਦਾ ਹੀ ਹੈ।

ਰਾਜਸਥਾਨ ਵਿੱਚ ਤਾਂ 40-50 ਸਾਲ ਪਹਿਲਾਂ ਤੱਕ ਕੋਈ ਗੈਰ ਰਾਜਪੂਤ ਆਪਣੇ ਨਾਮ ਨਾਲ ਸਿੰਘ ਨਹੀਂ ਸੀ ਲਗਾ ਸਕਦਾ (ਇਹ ਸਿਰਫ ਰਾਜਪੂਤਾਂ ਵਾਸਤੇ ਰਿਜ਼ਰਵ ਸੀ), ਘੋੜੀ ਉੱਤੇ ਨਹੀਂ ਸੀ ਚੜ੍ਹ ਸਕਦਾ ਤੇ ਚੰਗਾ ਊਠ ਨਹੀਂ ਸੀ ਰੱਖ ਸਕਦਾ। ਅੱਜ ਵੀ ਰਾਜਸਥਾਨ ਵਿੱਚ ਰਾਜਪੂਤਾਂ ਨੂੰ ਛੱਡ ਕੇ ਬਹੁਤੇ ਲੋਕਾਂ ਦੇ ਨਾਮ ਸ਼ਾਮ ਲਾਲ, ਨਿਉਲਾ ਰਾਮ, ਦੂੜੇ ਰਾਮ, ਰਤਨ ਲਾਲ ਜਾਂ ਗੋਦਾ ਰਾਮ ਆਦਿ ਹਨ। ਧਰਮਿੰਦਰ ਦੀ ਫਿਲਮ ਗੁਲਾਮੀ (1985) ਵਿੱਚ ਇਹ ਭੇਦ ਭਾਵ ਬਹੁਤ ਸਟੀਕਤਾ ਨਾਲ ਵਿਖਾਇਆ ਗਿਆ ਸੀ। ਦੱਖਣ ਵਿੱਚ ਤਾਂ ਹਾਲਾਤ ਹੋਰ ਵੀ ਬੁਰੇ ਹਨ। ਉੱਥੇ ਇੱਕ ਯੇਲੱਮਾ ਦੇਵੀ ਦਾ ਮੰਦਰ ਹੈ ਜਿੱਥੇ ਸਿਰਫ ਕਥਿਤ ਛੋਟੀਆਂ ਜ਼ਾਤਾਂ ਦੀਆਂ ਬੱਚੀਆਂ ਨੂੰ ਦੇਵ ਦਾਸੀਆਂ ਬਣਾਇਆ ਜਾਂਦਾ ਹੈ ਤੇ ਬਾਅਦ ਵਿੱਚ ਇਹਨਾਂ ਵਿੱਚੋਂ ਬਹੁਤੀਆਂ ਵੇਸਵਾ ਬਜ਼ਾਰ ਵਿੱਚ ਵੇਚ ਦਿੱਤੀਆਂ ਜਾਂਦੀਆਂ ਹਨ। ਪੰਜਾਬ ਵਿੱਚ ਵੀ ਮਾਲਵਾ ਖੇਤਰ ਵਿੱਚ ਸਿਆਸੀ ਲੋਕਾਂ ਦਾ ਮਨਪਸੰਦ ਇੱਕ ਅਜਿਹਾ ਡੇਰਾ ਹੈ ਜਿੱਥੇ ਅੱਜ ਦੇ ਯੁੱਗ ਵਿੱਚ ਵੀ ਵੱਖ ਵੱਖ ਜ਼ਾਤਾਂ ਦੇ ਭਾਂਡੇ ਅਲੱਗ ਅਲੱਗ ਰੱਖ ਕੇ ਸਿੱਖ ਧਰਮ ਦੇ ਸਭ ਤੋਂ ਬੁਨਿਆਦੀ ਅਸੂਲ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਪੰਜਾਬ ਵਿੱਚ ਗੁਰੂਆਂ ਅਤੇ ਭਗਤਾਂ ਨੇ ਜ਼ਾਤ ਪਾਤ ਮਿਟਾਉਣ ਲਈ ਬਹੁਤ ਉਪਰਾਲੇ ਕੀਤੇ ਪਰ ਇਹ ਬਿਮਾਰੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰਨ ਵੇਲੇ ਇਸ ਬੁਰਾਈ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਵੱਖ ਵੱਖ ਜ਼ਾਤਾਂ ਦੇ ਪੰਜ ਸੂਰਮਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਤੇ ਫਿਰ ਆਪ ਉਹਨਾਂ ਹੱਥੋਂ ਅੰਮ੍ਰਿਤ ਛਕਿਆ। ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਅਸੀਂ ਗੁਰੂ ਸਾਹਿਬਾਨ ਨੂੰ ਤਾਂ ਮੰਨਦੇ ਹਾਂ ਪਰ ਉਹਨਾਂ ਦੀਆਂ ਸਿੱਖਿਆਵਾਂ ਨੂੰ ਮੰਨਣ ਲਈ ਤਿਆਰ ਨਹੀਂ। ਅੱਜ ਪੰਜਾਬ ਦੇ ਹਰ ਪਿੰਡ-ਸ਼ਹਿਰ ਵਿੱਚ ਵੱਖ ਵੱਖ ਜ਼ਾਤਾਂ ਦੇ ਅਲੱਗ ਅਲੱਗ ਗੁਰਦਵਾਰੇ, ਮੰਦਰ ਅਤੇ ਸ਼ਮਸ਼ਾਨ ਘਾਟ ਬਣੇ ਹੋਏ ਹਨ, ਜ਼ਾਤ ਪਾਤ ਮਰਨ ਤੋਂ ਬਾਅਦ ਵੀ ਬੰਦੇ ਦਾ ਪਿੱਛਾ ਨਹੀਂ ਛੱਡਦੀ। ਪੱਛਮੀ ਦੇਸ਼ਾਂ ਵਿੱਚ ਵੀ ਭਾਰਤੀ ਆਪਣੀ ਇਹ ਨੀਚ ਪ੍ਰਥਾ ਨਾਲ ਹੀ ਲੈ ਗਏ ਹਨ। ਉੱਥੇ ਵੀ ਅਲੱਗ ਅਲੱਗ ਜ਼ਾਤਾਂ ਦੇ ਧਰਮ ਅਸਥਾਨ ਉਸਾਰ ਲਏ ਹਨ।

ਜ਼ਾਤ ਪਾਤ ਵੈਦਿਕ ਕਾਲ ਵਿੱਚ ਕੰਮ ਦੇ ਅਧਾਰ ਉੱਤੇ ਸ਼ੁਰੂ ਹੋਈ ਹੋਈ ਸੀ, ਪਰ ਸਮਾਂ ਪਾ ਕੇ ਰਾਜਿਆਂ ਅਤੇ ਪੁਜਾਰੀਆਂ ਦੀਆਂ ਸਾਜ਼ਿਸ਼ਾਂ ਕਾਰਨ ਇਹ ਪ੍ਰਥਾ ਪੱਕੀ ਹੀ ਹੋ ਗਈ। ਅੱਜ ਭਾਰਤੀ ਜਿਸ ਜ਼ਾਤ ਵਿੱਚ ਪੈਦਾ ਹੁੰਦਾ ਹੈ, ਉਸੇ ਵਿੱਚ ਮਰਦਾ ਹੈ। ਫਿਲਹਾਲ ਇਹ ਪ੍ਰਥਾ ਖਤਮ ਹੋਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਸ ਨੂੰ ਦੇਸ਼ ਦੇ ਰਾਜਨੀਤਕ ਅਤੇ ਧਾਰਮਿਕ ਰਹਿਨੁਮਾਵਾਂ ਵੱਲੋਂ ਭਰਪੂਰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਇਲੈਕਸ਼ਨਾਂ, ਸਰਕਾਰੀ ਨੌਕਰੀਆਂ, ਇੱਥੋਂ ਤੱਕ ਕੇ ਪੰਚਾਇਤਾਂ ਵੀ ਜ਼ਾਤ ਅਧਾਰਿਤ ਬਣਦੀਆਂ ਹਨ। ਅਫਸਰਾਂ ਦੇ ਸ਼ਰੇਆਮ ਜ਼ਾਤ ਅਧਾਰਿਤ ਗਰੁੱਪ ਬਣੇ ਹੋਏ ਹਨ ਜਿਹਨਾਂ ਵਿੱਚ ਰੱਜ ਕੇ ਦੂਸਰੀ ਜ਼ਾਤ ਵਾਲਿਆਂ ਦੀ ਬਦਖੋਈ ਕੀਤੀ ਜਾਂਦੀ ਹੈ। ਵੈਸੇ ਜ਼ਾਤ ਪਾਤ ਵੀ ਵਿਅਕਤੀ ਦੀ ਆਰਥਿਕ ਸਥਿਤੀ ਅਨੁਸਾਰ ਬਦਲ ਜਾਂਦੀ ਹੈ। ਜੇ ਵਿਅਕਤੀ ਗਰੀਬ ਹੋਵੇ ਤਾਂ ਉਸ ਨਾਲ ਜ਼ਾਤ ਦੇ ਅਧਾਰ ਉੱਤੇ ਰੱਜ ਕੇ ਵਿਤਕਰਾ ਕੀਤਾ ਜਾਂਦਾ ਹੈ, ਪਰ ਜੇ ਉਹ ਵਿਅਕਤੀ ਜਾਂ ਉਸ ਦਾ ਕੋਈ ਬੱਚਾ ਪੜ੍ਹ ਲਿਖ ਕੇ ਵੱਡਾ ਅਫਸਰ ਜਾਂ ਮੰਤਰੀ ਬਣ ਜਾਵੇ ਤਾਂ ਇਲਾਕੇ ਦੇ ਵੱਡੇ ਤੋਂ ਵੱਡੇ ਚੌਧਰੀ ਵੀ ਉਸ ਨੂੰ ਸਲਾਮ ਮਾਰਨ ਪਹੁੰਚ ਜਾਂਦੇ ਹਨ। ਕਹਿੰਦੇ ਹਨ ਕਿ ਪਹਿਲੀ ਪੀੜ੍ਹੀ ਦਾ ਪਾਖੰਡ ਦੂਸਰੀ ਪੀੜ੍ਹੀ ਦੀ ਪਰੰਪਰਾ ਅਤੇ ਤੀਸਰੀ ਪੀੜ੍ਹੀ ਦਾ ਧਰਮ ਬਣ ਜਾਂਦਾ ਹੈ। ਇਹ ਜ਼ਾਤ ਪਾਤ ਵੀ ਸਦੀਆਂ ਗੁਜ਼ਰਨ ਨਾਲ ਸਾਡਾ ਧਰਮ ਹੀ ਬਣ ਗਿਆ ਹੈ। ਇਸ ਭੇਦ ਭਾਵ ਤੋਂ ਅੱਕ ਕੇ ਭਾਰਤ ਵਿੱਚ ਕਰੋੜਾਂ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਸੀ ਤੇ ਅੱਜ ਵੀ ਕਰ ਰਹੇ ਹਨ।

ਪੰਜਾਬ ਦੇ ਪਿੰਡਾਂ ਵਿੱਚ ਜ਼ਾਤ ਅਧਾਰਿਤ ਕਲੋਨੀਆਂ ਅਤੇ ਮਹੱਲੇ ਬਣੇ ਹੋਏ ਹਨ। ਸਾਡੇ ਨੇਤਾ ਭਾਵੇਂ ਜ਼ਾਤ ਪਾਤ ਖਤਮ ਕਰਨ ਦੀਆਂ ਗੱਲਾਂ ਕਰਦੇ ਹਨ, ਪਰ ਵੱਖ ਵੱਖ ਜ਼ਾਤਾਂ ਦੇ ਧਰਮ ਸਥਾਨਾਂ ਅਤੇ ਧਰਮਸ਼ਾਲਵਾਂ ਲਈ ਖੁੱਲ੍ਹ ਕੇ ਗਰਾਂਟਾਂ ਦਿੰਦੇ ਹਨ। ਵੋਟਾਂ ਖੁੱਸਣ ਦੇ ਡਰੋਂ ਇਸ ਗੱਲ ਉੱਤੇ ਕਦੇ ਵੀ ਜ਼ੋਰ ਨਹੀਂ ਦਿੰਦੇ ਕਿ ਸਾਰੀਆਂ ਜ਼ਾਤਾਂ ਲਈ ਇੱਕ ਹੀ ਸਾਂਝਾ ਧਰਮ ਸਥਾਨ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਲਵ ਮੈਰਿਜ ਭਾਵੇਂ ਅੰਤਰਜ਼ਾਤੀ ਹੋ ਜਾਵੇ, ਪਰ ਅਰੇਂਜਡ ਮੈਰਿਜ 99% ਇੱਕ ਹੀ ਜ਼ਾਤ ਵਿੱਚ ਹੁੰਦੀ ਹੈ। ਲੋਕ ਅੰਤਰਜ਼ਾਤੀ ਵਿਆਹਾਂ ਨੂੰ ਬਰਦਾਸ਼ਤ ਨਹੀਂ ਕਰਦੇ, ਲੜਕੇ ਲੜਕੀ ਨੂੰ ਕਤਲ ਤੱਕ ਕਰ ਦਿੱਤਾ ਜਾਂਦਾ ਹੈ। ਪਰ ਜ਼ਾਤ ਪਾਤ ਵਰਗੇ ਕਲੰਕ ਨੂੰ ਮਿਟਾਉਣ ਦਾ ਜਿਹੜਾ ਕੰਮ ਸਾਡੇ ਧਾਰਮਿਕ ਰਹਿਨੁਮਾ ਨਹੀਂ ਕਰ ਸਕੇ, ਉਸ ਆਈਲੈਟਸ ਨੇ ਕਰ ਵਿਖਾਇਆ ਹੈ। ਹੁਣ ਵਿਆਹ ਵੇਲੇ ਸਿਰਫ ਲੜਕੀ ਦੇ ਬੈਂਡ ਵੇਖੇ ਜਾਂਦੇ ਹਨ, ਜ਼ਾਤ ਪਾਤ ਕੋਈ ਨਹੀਂ ਪੁੱਛਦਾ। ਪਰ ਜਿੰਨਾ ਚਿਰ ਭਾਰਤੀਆਂ ਵਿੱਚ ਖੁਦ ਜਾਗਰਤੀ ਨਹੀਂ ਆਉਂਦੀ, ਜਨਤਾ ਜ਼ਾਤ ਦੀ ਬਜਾਏ ਕਾਬਲੀਅਤ ਨਹੀਂ ਵੇਖਦੀ, ਰਾਜਨੀਤਕ ਲੋਕ ਆਪਣੀਆਂ ਰੋਟੀਆਂ ਸੇਕਣੀਆਂ ਬੰਦ ਨਹੀਂ ਕਰਦੇ, ਅੰਤਰ ਜ਼ਾਤੀ ਵਿਆਹ ਆਮ ਨਹੀਂ ਹੁੰਦੇ ਤੇ ਧਾਰਮਿਕ ਛੂਤ ਛਾਤ ਖਤਮ ਨਹੀਂ ਹੁੰਦੀ, ਸਾਡੇ ਸਮਾਜ ਦਾ ਇਹ ਮਹਾਂ ਕਲੰਕ ਕਦੇ ਵੀ ਖਤਮ ਨਹੀਂ ਹੋ ਸਕਦਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1831)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 95011 - 00062)

More articles from this author