“ਕੀ ਬੱਕਰੀ ਵਾਂਗ ਮੈਂ ਮੈਂ ਕਰੀ ਜਾਨਾ। ਚੱਲ ਸਪੀਕਰ ਵਾਲਾ ਕਮਰਾ ਖੋਲ੍ਹ, ...”
(12 ਸਤੰਬਰ 2018)
ਇਹ ਗੱਲ ਪੰਜਾਬ ਵਿੱਚ ਖਾੜਕੂਵਾਦ ਦੇ ਸਮੇਂ ਦੀ ਹੈ। ਮਾਝੇ ਵਿੱਚ ਇੱਕ ਪਿੰਡ ਵਾਲਿਆਂ ਨੇ ਪਿੰਡ ਦੇ ਧਾਰਮਿਕ ਸਥਾਨ ਦੀ ਸੇਵਾ ਸੰਭਾਲ ਲਈ ਇੱਕ ਸੇਵਾਦਾਰ ਬਾਬਾ ਰੱਖਿਆ ਹੋਇਆ ਸੀ। ਧਾਰਮਿਕ ਸਥਾਨ ਪਿੰਡ ਤੋਂ ਥੋੜ੍ਹਾ ਬਾਹਰਵਾਰ ਸੀ, ਇਸ ਲਈ ਲੰਘਦੇ ਵੜਦੇ ਖਾੜਕੂ ਉਸ ਕੋਲੋਂ ਚਾਹ ਪਾਣੀ ਤੇ ਰੋਟੀ ਆਦਿ ਖਾ ਜਾਂਦੇ ਸਨ। ਬਾਬਾ ਗ੍ਰਹਿਸਥੀ ਸੀ ਤੇ ਉਸਦੀ ਰਿਹਾਇਸ਼ ਵੀ ਧਾਰਮਿਕ ਸਥਾਨ ਅੰਦਰ ਹੀ ਇੱਕ ਪਾਸੇ ਬਣੀ ਹੋਈ ਸੀ। ਦੁੱਧ ਆਦਿ ਦੀ ਸਹੂਲਤ ਵਾਸਤੇ ਬਾਬੇ ਨੇ ਦੋ ਕੁ ਮੱਝਾਂ ਰੱਖੀਆਂ ਹੋਈਆਂ ਸਨ। ਬਾਬੇ ਵਿੱਚ ਇੱਕ ਹੀ ਭੈੜ ਸੀ ਕਿ ਉਹ ਸ਼ਾਮ ਨੂੰ ਅੰਦਰ ਵੜਕੇ ਘਰ ਦੀ ਕੱਢੀ ਦੇ ਦੋ ਤਿੰਨ ਪੈੱਗ ਲਾਉਣ ਦਾ ਸ਼ੌਕੀਨ ਸੀ।
ਉਸ ਨੂੰ ਇਸ ਗੱਲ ਦਾ ਇਲਮ ਸੀ ਕਿ ਜੇ ਖਾੜਕੂਆਂ ਨੂੰ ਉਸਦੀ ਇਸ ਕਰਤੂਤ ਦੀ ਭਿਣਕ ਪੈ ਗਈ ਤਾਂ ਉਹ ਉਸਦੀਆਂ ਲੱਤਾਂ ਬਾਹਾਂ ਤਾਂ ਤੋੜਨਗੇ ਹੀ, ਹੋ ਸਕਦਾ ਹੈ ਗੋਲੀ ਹੀ ਮਾਰ ਦੇਣ। ਇਸ ਲਈ ਉਹ ਆਪਣੇ ਸਾਰੇ ਧਾਰਮਿਕ ਕਿਰਿਆ ਕਰਮ ਨਿਪਟਾ ਕੇ, ਕਾਫੀ ਹਨੇਰੇ ਹੋਏੇ ਹੀ ਕਮਰੇ ਅੰਦਰ ਵੜਕੇ ਜਲਦੀ ਜਲਦੀ ਦੋ ਚਾਰ ਪੈੱਗ ਚਾੜ੍ਹਕੇ ਸੌਂ ਜਾਂਦਾ ਸੀ। ਉਸਦੀ ਇਸ ਕਾਰਵਾਈ ਬਾਰੇ ਸਿਰਫ ਉਸਦੀ ਘਰਵਾਲੀ ਜਾਂ ਬੱਚਿਆਂ ਨੂੰ ਹੀ ਪਤਾ ਸੀ। ਬਾਬਾ ਥੋੜ੍ਹਾ ਥਥਲਾਉਂਦਾ ਵੀ ਸੀ। ਜਦੋਂ ਕਿਤੇ ਘਬਰਾ ਜਾਂਦਾ ਤਾਂ ਕਾਫੀ ਲੰਬੀ ਬਰੇਕ ਵੀ ਲੱਗ ਜਾਂਦੀ ਸੀ।
ਸਰਦੀਆਂ ਜਿਹੀਆਂ ਦੇ ਦਿਨ ਸਨ। ਸਰਦੀਆਂ ਵਿੱਚ ਦਿਨ ਵੀ ਜਲਦੀ ਢਲ ਜਾਂਦਾ ਹੈ। ਬਾਬੇ ਨੇ ਤਿਰਕਾਲ ਸੰਧਿਆ ਦਾ ਆਪਣਾ ਪੂਜਾ ਪਾਠ ਖਤਮ ਕੀਤਾ ਤੇ ਮੱਝਾਂ ਦੀ ਧਾਰ ਕੱਢਕੇ, ਬੋਤਲ ਲੈਕੇ ਅੰਦਰ ਵੜ ਗਿਆ। ਅਜੇ ਬਾਬੇ ਨੇ ਗੰਢੇ ਨੂੰ ਮੁੱਕੀ ਮਾਰਕੇ ਰੂੜੀ ਮਾਰਕਾ ਦਾ ਗਿਲਾਸ ਭਰਿਆ ਹੀ ਸੀ ਕਿ ਇੱਕ ਕੱਟੀ ਖੁੱਲ੍ਹਕੇ ਮੱਝ ਥੱਲੇ ਜਾ ਵੜੀ। ਮੱਝ ਛੜਾਂ ਮਾਰਨ ਲੱਗ ਪਈ। ਬਾਬਾ ਉਸੇ ਤਰ੍ਹਾਂ ਹੀ ਪੈੱਗ ਮੰਜੀ ਥੱਲੇ ਰੱਖਕੇ ਕੱਟੀ ਬੰਨ੍ਹਣ ਵਾਸਤੇ ਕਮਰੇ ਤੋਂ ਬਾਹਰ ਨੂੰ ਭੱਜਿਆ। ਪੈੱਗ ਦਾ ਮਜ਼ਾ ਖਰਾਬ ਕਰਨ ਦਾ ਗੁੱਸਾ ਉਸਨੇ ਕੱਟੀ ਨੂੰ ਦੋ ਤਿੰਨ ਲੱਤਾਂ ਮਾਰਕੇ ਕੱਢਿਆ। ਬੁੜ ਬੁੜ ਕਰਦਾ ਅੰਦਰ ਨੂੰ ਤੁਰ ਪਿਆ।
ਉਸੇ ਵੇਲੇ ਅਚਾਨਕ ਹੀ ਕਿਸੇ ਨੇ ਜ਼ੋਰ ਜ਼ੋਰ ਦੀ ਡੇਰੇ ਦਾ ਗੇਟ ਖੜਕਾਇਆ। ਬਾਬੇ ਨੇ ਗੇਟ ਖੋਲ੍ਹਿਆ ਤਾਂ ਪੰਜ ਛੇ ਹਥਿਆਰਬੰਦ ਖਾੜਕੂ ਦਗੜ ਦਗੜ ਕਰਦੇ ਅੰਦਰ ਆ ਵੜੇ। ਬਾਬੇ ਦੇ ਸਾਹ ਸੰਘ ਵਿੱਚ ਫਸ ਗਏ ਕਿ ਸ਼ਾਇਦ ਇਨ੍ਹਾਂ ਨੂੰ ਮੇਰੇ ਸ਼ਰਾਬ ਪੀਣ ਬਾਰੇ ਪਤਾ ਲੱਗ ਗਿਆ ਹੈ ਤੇ ਇਹ ਮੈਨੂੰ ਸੋਧਾ ਲਾਉਣ ਲਈ ਆਏ ਹਨ। ਮੁਆਫੀ ਮੰਗਣ ਲਈ ਜਦੋਂ ਉਹਨੇ ਮੂੰਹ ਖੋਲ੍ਹਿਆ ਤਾਂ ਜ਼ੁਬਾਨ ਸੰਘ ਵਿੱਚ ਫਸ ਗਈ। ਮੂੰਹ ਵਿੱਚੋਂ ਮੈਂ ਮੈਂ ਦੀ ਅਵਾਜ਼ ਨਿਕਲਣ ਲੱਗੀ। ਇੱਕ ਖਾੜਕੂ ਖਿਝਕੇ ਬੋਲਿਆ, “ਕੀ ਬੱਕਰੀ ਵਾਂਗ ਮੈਂ ਮੈਂ ਕਰੀ ਜਾਨਾ। ਚੱਲ ਸਪੀਕਰ ਵਾਲਾ ਕਮਰਾ ਖੋਲ੍ਹ, ਅਸੀਂ ਕੋਈ ਅਨਾਊਂਸਮੈਂਟ ਕਰਨੀ ਐਂ।” ਬਾਬੇ ਦੇ ਸਾਹ ਵਿੱਚ ਸਾਹ ਆਇਆ। ਖਾੜਕੂ ਅਨਾਊਂਸਮੈਂਟ ਕਰਕੇ ਆਪਣੇ ਰਾਹ ਪਏ।
ਖਾੜਕੂਆਂ ਦੇ ਜਾਣ ਤੋਂ ਬਾਅਦ ਬਾਬਾ ਉਸੇ ਕੱਟੀ ਦੇ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਪਿਆ, ਜਿਸ ਨੂੰ ਉਸਨੇ ਕੁਝ ਚਿਰ ਪਹਿਲਾਂ ਕੁੱਟਿਆ ਸੀ। ਘਰਵਾਲੀ ਨੇ ਕਾਰਨ ਪੁੱਛਿਆ ਤਾਂ ਬਾਬਾ ਬੋਲਿਆ, “ਅੱਜ ਮੈਂ ਇਸੇ ਕੱਟੀ ਦੇ ਕਾਰਨ ਜਿਉਂਦਾ ਹਾਂ। ਜੇ ਇਹ ਕੱਟੀ ਨਾ ਖੁੱਲ੍ਹਦੀ ਤੇ ਮੈਂ ਇਸ ਨੂੰ ਬੰਨ੍ਹਣ ਲਈ ਬਾਹਰ ਨਾ ਨਿਕਲਦਾ ਤਾਂ ਮੈਂ ਖਾੜਕੂਆਂ ਦੇ ਆਉਣ ਤੱਕ ਸ਼ਰਾਬ ਪੀ ਚੁੱਕੇ ਹੋਣਾ ਸੀ। ਮੇਰੇ ਮੂੰਹ ਵਿੱਚੋਂ ਸ਼ਰਾਬ ਦੀ ਬੋਅ ਆਉਣੀ ਸੀ ਤੇ ਖਾੜਕੂਆਂ ਨੂੰ ਪਤਾ ਲੱਗ ਜਾਣਾ ਸੀ। ਖਾੜਕੂਆਂ ਨੇ ਇਹ ਕਦੀ ਵੀ ਬਰਦਾਸ਼ਤ ਨਹੀਂ ਸੀ ਕਰਨੀ, ਉਹਨਾਂ ਪੱਕਾ ਮੈਨੂੰ ਗੋਲੀ ਮਾਰ ਦੇਣੀ ਸੀ। ... ਖਬਰਦਾਰ ਜੇ ਕਿਸੇ ਨੇ ਅੱਜ ਤੋਂ ਬਾਅਦ ਇਸ ਕੱਟੀ ਨੂੰ ਹੱਥ ਵੀ ਲਾਇਆ ...”
ਬਾਬਾ ਅਜੇ ਵੀ ਕੱਟੀ ਦੇ ਗਲ਼ ਲੱਗ ਰੋਈ ਜਾ ਰਿਹਾ ਸੀ।
*****
(1301)