BalrajSidhu7ਕੱਚਘਰੜ ਬਾਬੇ ਇਕੱਠੇ ਹੀ ਸਵੇਰੇ ਤਿੰਨ ਚਾਰ ਵਜੇ ਸਪੀਕਰ ’ਤੇ ਟੇਪਾਂ ਲਗਾ ਕੇ ਲੋਕਾਂ ਦੀ ਨੀਂਦ ...
(20 ਅਪ੍ਰੈਲ 2023)
ਇਸ ਸਮੇਂ ਪਾਠਕ: 212.


ਕੁਝ ਸਮੇਂ ਤੋਂ ਧਾਰਮਿਕ ਸਥਾਨਾਂ ਵੱਲੋਂ ਫੈਲਾਇਆ ਜਾ ਰਿਹਾ ਧਵਨੀ ਪ੍ਰਦੂਸ਼ਣ ਭਾਰਤ ਵਿੱਚ ਇੱਕ ਅਹਿਮ ਰਾਜਨੀਤਕ ਮੁੱਦਾ ਬਣ ਗਿਆ ਹੈ
ਸੱਜੇ ਪੱਖੀ ਪਾਰਟੀਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇੱਕ ਖਾਸ ਧਰਮ ਵੱਲੋਂ ਸਪੀਕਰਾਂ ’ਤੇ ਦਿਨ ਵਿੱਚ ਅਨੇਕਾਂ ਵਾਰ ਸ਼ਰਧਾਲੂਆਂ ਨੂੰ ਧਾਰਮਿਕ ਸਥਾਨ ਵੱਲ ਆਉਣ ਲਈ ਕੀਤੀ ਜਾਂਦੀ ਪੁਕਾਰ ਬੰਦ ਕਰਨੀ ਚਾਹੀਦੀ ਹੈਵਿਰੋਧੀ ਪਾਰਟੀਆਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਇੱਕ ਖਾਸ ਧਰਮ ਨੂੰ ਨਿਸ਼ਾਨਾ ਬਣਇਆ ਜਾ ਰਿਹਾ ਹੈਇਸ ਧਰਮ ਦੇ ਸਪੀਕਰ ਬੰਦ ਕਰਨ ਤੋਂ ਪਹਿਲਾਂ ਬਾਕੀ ਧਰਮਾਂ ਦੇ ਧਾਰਮਿਕ ਸਥਾਨਾਂ ਦੇ ਸਪੀਕਰ ਵੀ ਬੰਦ ਕਰਨੇ ਚਾਹੀਦੇ ਹਨਜੇ ਰਾਜਨੀਤਕ ਕੁੱਕੜ-ਲੜਾਈ ਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ ਤਾਂ ਇਹ ਅਟੱਲ ਸਚਾਈ ਹੈ ਕਿ ਧਾਰਮਿਕ ਸਥਾਨਾਂ ’ਤੇ ਵੱਜਦੇ ਸਪੀਕਰਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਹੈ

ਸਵੇਰ ਦੇ ਸਮੇਂ ਨੂੰ ਸਾਰੇ ਧਰਮਾਂ ਵਿੱਚ ਅੰਮ੍ਰਿਤ ਵੇਲਾ ਕਿਹਾ ਗਿਆ ਹੈਕਦੇ ਜ਼ਮਾਨਾ ਸੀ ਜਦੋਂ ਸਵੇਰ ਦਾ ਸਮਾਂ ਸੱਚਮੁੱਚ ਹੀ ਅੰਮ੍ਰਿਤ ਵੇਲਾ ਹੁੰਦਾ ਸੀਦੁੱਧ ਵਿੱਚ ਪਾਈ ਮਧਾਣੀ ਦੀ ਅਵਾਜ਼, ਪੰਛੀਆਂ ਦੀ ਮਿੱਠੀ ਮਿੱਠੀ ਚਹਿਚਾਹਟ, ਬਲਦਾਂ ਦੇ ਗਲੇ ਵਿੱਚ ਪਈਆਂ ਟੱਲੀਆਂ ਦੀ ਟੁਣਕਾਰ ਤੇ ਖੇਤਾਂ ਵਿੱਚ ਕੰਮ ਕਰਦੇ ਮਿਹਨਤਕਸ਼ਾਂ ਦੀ ਲਾਈ ਉੱਚੀ ਹੇਕ ਕੰਨਾਂ ਵਿੱਚ ਰਸ ਘੋਲਦੀ ਸੀਪਰ ਹੁਣ ਅੰਮ੍ਰਿਤ ਵੇਲਾ ਭੂਤ ਵੇਲਾ ਬਣ ਚੁੱਕਾ ਹੈਜੇ ਹੁਣ ਕੋਈ ਛੱਤ ’ਤੇ ਸੌਣ ਦੀ ਕੋਸ਼ਿਸ਼ ਕਰੇ ਤਾਂ ਤੜਕੇ 3-4 ਵਜੇ ਧਾਰਮਿਕ ਸਥਾਨਾਂ ਦੇ ਸਪੀਕਰਾਂ ਦੀ ਕੰਨ ਪਾੜਵੀਂ ਅਵਾਜ਼ ਤੋਂ ਡਰ ਕੇ ਮੰਜੀ ਤੋਂ ਥੱਲੇ ਡਿਗ ਪਵੇਗਾਦਰਮਿਆਨੇ ਜਿਹੇ ਪਿੰਡਾਂ ਵਿੱਚ ਵੀ ਪੰਜ ਪੰਜ ਧਾਰਮਿਕ ਸਥਾਨ ਹਨਕੱਚਘਰੜ ਬਾਬੇ ਇਕੱਠੇ ਹੀ ਸਵੇਰੇ ਤਿੰਨ ਚਾਰ ਵਜੇ ਸਪੀਕਰ ’ਤੇ ਟੇਪਾਂ ਲਗਾ ਕੇ ਲੋਕਾਂ ਦੀ ਨੀਂਦ ਹਰਾਮ ਕਰ ਕੇ ਆਪ ਅਰਾਮ ਨਾਲ ਰਜਾਈ ਵਿੱਚ ਵੜ ਕੇ ਸੌਂ ਜਾਂਦੇ ਹਨਇਹ ਲੋਕ ਸਗੋਂ ਧਰਮ ਦੀ ਹੱਤਕ ਹੀ ਕਰਦੇ ਹਨ, ਚਾਰ ਪੰਜ ਸਪੀਕਰ ਇਕੱਠੇ ਚੱਲਣ ਨਾਲ ਚੀਕ ਚਿਹਾੜਾ ਜਿਹਾ ਪੈ ਜਾਂਦਾ ਹੈ ਤੇ ਕੋਈ ਸਮਝ ਨਹੀਂ ਲਗਦੀ ਕੇ ਕੋਈ ਕੀ ਬੋਲ ਰਿਹਾ ਹੈਜ਼ਿਦ ਜ਼ਿਦ ਕੇ ਇੱਕ ਦੂਜੇ ਨਾਲੋਂ ਉੱਚੀ ਅਵਾਜ਼ ਵਿੱਚ ਸਪੀਕਰ ਲਗਾਏ ਜਾਂਦੇ ਹਨਕੋਈ ਬੁੱਢਾ, ਬਿਮਾਰ ਜਾਂ ਵਿਦਿਆਰਥੀ ਤੰਗ ਹੋਵੇ ਤਾਂ ਹੋਵੇ, ਕੋਈ ਪ੍ਰਵਾਹ ਨਹੀਂਜਿੱਥੇ ਧਾਰਮਿਕ ਸਥਾਨ ਦੇ ਅੰਦਰ ਇਹ ਲੋਕ ਬੈਠੇ ਹੁੰਦੇ ਹਨ ਉੱਥੇ ਅਵਾਜ਼ ਨਹੀਂ ਆਉਂਦੀ, ਸਪੀਕਰ ਬਾਹਰ ਉੱਚੇ ਬੰਨ੍ਹੇ ਹੁੰਦੇ ਹਨਬਾਬੇ ਕਿਸੇ ਮਾਹਰ ਤੋਪਚੀ ਵਾਂਗ ਸੁਰੱਖਿਅਤ ਟਿਕਾਣੇ ਤੋਂ ਲੋਕਾਂ ’ਤੇ ਸਪੀਕਰਾਂ ਰਾਹੀਂ ਸ਼ਬਦੀ ਗੋਲਾਬਾਰੀ ਕਰਦੇ ਹਨਹਾਈ ਕੋਰਟ ਦੇ ਹੁਕਮ ਹਨ ਕਿ ਧਾਰਮਿਕ ਸਥਾਨ ਦੀ ਹਦੂਦ ਤੋਂ ਅਵਾਜ਼ ਬਾਹਰ ਨਹੀਂ ਆਉਣੀ ਚਾਹੀਦੀ, ਪਰ ਡਰਦਾ ਕੋਈ ਪੰਗਾ ਨਹੀਂ ਲੈਂਦਾਸੁਬ੍ਹਾ ਸ਼ਾਮ ਤੁਸੀਂ ਆਪਸ ਵਿੱਚ ਜਾਂ ਮੋਬਾਇਲ ’ਤੇ ਗੱਲਬਾਤ ਨਹੀਂ ਕਰ ਸਕਦੇਪਿੰਡਾਂ ਵਿੱਚ ਵੈਸੇ ਹੀ ਮੋਬਾਇਲ ਦੀ ਰੇਂਜ ਘੱਟ ਆਉਂਦੀ ਹੈ, ਬਾਹਰ ਸਪੀਕਰ ਨਹੀਂ ਗੱਲ ਸੁਣਨ ਦਿੰਦੇ, ਅੰਦਰ ਵੜ ਜਾਉ ਤਾਂ ਸਿਗਨਲ ਨਹੀਂ ਆਉਂਦੇ

ਰਾਤ ਨੂੰ ਵੀ ਕੋਈ ਅਰਾਮ ਨਾਲ ਨਹੀਂ ਸੌਂ ਸਕਦਾਸਾਰੇ ਦਿਨ ਦਾ ਥੱਕਿਆ ਟੁੱਟਿਆ ਬੰਦਾ ਅਜੇ ਮੰਜੇ ਉੱਤੇ ਪਿੱਠ ਹੀ ਲਾਉਂਦਾ ਹੈ ਕਿ ਜਗਰਾਤੇ ਦੇ ਸਪੀਕਰਾਂ ਦੀ ਕੰਨ ਪਾੜਵੀਂ ਅਵਾਜ਼ ਬੰਦੇ ਦੇ ਹੋਸ਼ ਗੁੰਮ ਕਰ ਦਿੰਦੀ ਹੈਜਗਰਾਤੇ ਵਾਲੀ ਜਗ੍ਹਾ ਤੋਂ ਲੈ ਕੇ ਦੂਰ ਦੂਰ ਤਕ ਗਲੀਆਂ, ਬਜ਼ਾਰਾਂ ਵਿੱਚ ਸਪੀਕਰ ਬੰਨ੍ਹੇ ਜਾਂਦੇ ਹਨਸਵੇਰੇ ਜਦੋਂ ਜਗਰਾਤਾ ਬੰਦ ਹੁੰਦਾ ਹੈ ਤਾਂ ਗੁਰਦਵਾਰਿਆਂ ਦੇ ਸਪੀਕਰ ਚਾਲੂ ਹੋ ਜਾਂਦੇ ਹਨਪਤਾ ਨਹੀਂ ਇਸ ਅਨਪੜ੍ਹ ਟੋਲੇ ਨੂੰ ਕਿਸ ਨੇ ਦੱਸਿਆ ਹੈ ਕਿ ਰੱਬ ਸਪੀਕਰਾਂ ਦੀ ਅਵਾਜ਼ ਨਾਲ ਖੁਸ਼ ਹੁੰਦਾ ਹੈਜੇ ਇਸ ਤਰ੍ਹਾਂ ਹੁੰਦਾ ਤਾਂ ਦੇਸ਼ ਹੁਣ ਤਕ ਅਮਰੀਕਾ ਬਣ ਜਾਂਦਾਜੇ ਕੋਈ ਸਿਆਣਾ ਬੰਦਾ ਬਾਬਿਆਂ ਨੂੰ ਸਮਝਾਵੇ ਕਿ ਵਾਰੀ ਨਾਲ ਇੱਕ ਇੱਕ ਦਿਨ ਸਪੀਕਰ ਲਾ ਲਿਆ ਜਾਵੇ ਤਾਂ ਪਿੰਡ ਦੇ ਨਿਕੰਮੇ ਤੇ ਮੂਰਖ ਵਿਅਕਤੀ ਇਸ ਨੂੰ ਧਰਮ ਵਿੱਚ ਦਖਲਅੰਦਾਜ਼ੀ ਦੱਸ ਕੇ ਇਹ ਭਲਾ ਕੰਮ ਨਹੀਂ ਹੋਣ ਦਿੰਦੇਇੱਕ ਪੱਤੀ ਵਾਲੇ ਬਾਬੇ ਦੇ ਗੱਲ ਪੈ ਜਾਂਦੇ ਹਨ ਕਿ ਸਾਡੇ ਸਪੀਕਰ ਦੀ ਅਵਾਜ਼ ਦੂਸਰੀ ਪੱਤੀ ਵਾਲਿਆਂ ਤੋਂ ਘੱਟ ਕਿਉਂ ਹੈ? ਮੁਕਾਬਲਾ ਕਰਨ ਲਈ ਉਗਰਾਹੀ ਕਰ ਕੇ ਵੱਧ ਪਾਵਰ ਵਾਲੇ ਸਾਊਂਡ ਸਿਸਟਮ ਲਗਾਏ ਜਾਂਦੇ ਹਨਸਾਰੇ ਧਰਮ ਰੱਬ ਦੇ ਇੱਕ ਹੋਣ ਦਾ ਪ੍ਰਚਾਰ ਕਰਦੇ ਹਨ ਪਰ ਅਸਲੀਅਤ ਹੋਰ ਹੈਜੇ ਕਿਤੇ ਦੋ ਧਰਮਾਂ ਦੇ ਧਰਮ ਸਥਾਨ ਇੱਕ ਦੂਸਰੇ ਦੇ ਨਜ਼ਦੀਕ ਹੋਣ ਤਾਂ ਫਿਰ ਲੋਕਾਂ ਦਾ ਰੱਬ ਹੀ ਰਾਖਾਜ਼ਿਦ ਕੇ ਸਾਰਾ ਦਿਨ ਹੀ ਸਪੀਕਰ ਬੰਦ ਨਹੀਂ ਕਰਦੇ ’ਤੇ ਇੱਕ ਦੂਸਰੇ ਤੋਂ ਉੱਚੀ ਅਵਾਜ਼ ਵਿੱਚ ਸਪੀਕਰ ਚਲਾਉਂਦੇ ਹਨਪਿੰਡਾਂ ਵਿੱਚ ਤਾਂ ਹਾਲਾਤ ਇਹ ਹੋ ਗਏ ਹਨ ਕਿ ਜੇ ਕਿਤੇ ਸਵੇਰ ਜਾਂ ਸ਼ਾਮ ਕਿਸੇ ਦੇ ਘਰ ਡਾਕਾ ਵੀ ਪੈ ਜਾਵੇ ਤਾਂ ਉਸ ਦੀ ਹਾਲ ਦੁਹਾਈ ਕਿਸੇ ਨੇ ਨਹੀਂ ਸੁਣਨੀ

ਅੱਜ ਕੱਲ੍ਹ ਇਹਨਾਂ ਸਪੀਕਰਾਂ ਦੀ ਇੰਨੀ ਦਹਿਸ਼ਤ ਹੈ ਕਿ ਮੇਰਾ ਇੱਕ ਦੋਸਤ ਠੱਗ ਡੀਲਰ ਦੇ ਝਾਂਸੇ ਵਿੱਚ ਆ ਕੇ ਕਿਸੇ ਧਾਰਮਿਕ ਸਥਾਨ ਦੇ ਸਾਹਮਣੇ ਕੋਠੀ ਲੈ ਬੈਠਾਕੋਠੀ ਵੇਚਣ ਲੱਗਿਆਂ ਡੀਲਰ ਆਖੇ, “ਭਾਜੀ ਵੇਖੋ ਕਿੰਨੀ ਮੌਜ ਏ, ਸੁਬ੍ਹਾ ਸ਼ਾਮ ਕਥਾ ਕੀਰਤਨ ਦਾ ਆਨੰਦ ਮਾਣੋ।” ਜਦੋਂ ਸਪੀਕਰਾਂ ਤੋਂ ਦੁਖੀ ਹੋ ਕੇ ਵੇਚਣ ਦੀ ਵਾਰੀ ਆਈ ਤਾਂ ਉਹ ਹੀ ਡੀਲਰ ਪੈਰਾਂ ’ਤੇ ਪਾਣੀ ਨਾ ਪੈਣ ਦੇਵੇ, “ਭਾਜੀ, ਧਾਰਮਿਕ ਸਥਾਨ ਦੇ ਸਾਹਮਣੇ ਕੌਣ ਲਵੇਗਾ ਕੋਠੀ?” ਦੋਸਤ ਨੇ ਔਣੇ ਪੌਣੇ ਭਾਅ ’ਤੇ ਘਾਟੇ ਵਿੱਚ ਕੋਠੀ ਵੇਚ ਕੇ ਜਾਨ ਛੁਡਾਈ

ਕਿਸੇ ਧਰਮ ਗ੍ਰੰਥ ਵਿੱਚ ਇਹ ਨਹੀਂ ਲਿਖਿਆ ਕਿ ਰੱਬ ਰੌਲਾ ਪਾਉਣ ਨਾਲ ਖੁਸ਼ ਹੁੰਦਾ ਹੈਸਾਡੇ ਮਿਥਿਹਾਸ ਵਿੱਚ ਦੇਵੀ ਦੇਵਤਿਆਂ, ਰਿਸ਼ੀਆਂ ਮੁਨੀਆਂ ਨੂੰ ਸ਼ਾਂਤੀ ਨਾਲ ਤਪੱਸਿਆ ਕਰਨ ਲਈ ਪਹਾੜਾਂ ਗੁਫਾਵਾਂ ਵਿੱਚ ਬੈਠਿਆਂ ਦਰਸਾਇਆ ਗਿਆ ਹੈਪਰ ਲਗਦਾ ਹੈ ਕਿ ਸਪੀਕਰਾਂ ਤੋਂ ਦੁਖੀ ਹੋ ਕੇ ਰੱਬ ਪੱਛਮੀ ਦੇਸ਼ਾਂ ਵੱਲ ਭੱਜ ਗਿਆ ਹੈ ਜਿੱਥੇ ਧਾਰਮਿਕ ਸਥਾਨਾਂ ਵਿੱਚ ਸਪੀਕਰ ਨਹੀਂ ਲੱਗਦੇ ਜਿਸਦੀ ਸ਼ਰਧਾ ਹੋਵੇਗੀ ਉਹ ਧਾਰਮਿਕ ਸਥਾਨ ’ਤੇ ਜਾ ਕੇ ਆਪੇ ਭਜਨ ਕੀਰਤਨ ਸਰਵਣ ਕਰ ਲਵੇਗਾ, ਉੱਚੀ ਉੱਚੀ ਧੱਕੇ ਨਾਲ ਭਜਨ, ਕੀਰਤਨ, ਪਾਠ ਆਦਿ ਸੁਣਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ

ਹਰਿਮੰਦਰ ਸਾਹਿਬ ਵਿਖੇ ਵੱਡੇ ਸਪੀਕਰਾਂ ਦੀ ਬਜਾਏ ਪਰਿਕਰਮਾ ਵਿੱਚ ਛੋਟੇ ਛੋਟੇ ਸਪੀਕਰ ਲੱਗੇ ਹੋਏ ਹਨ, ਜਿਹਨਾਂ ਦੀ ਮਿੱਠੀ ਮੱਧਮ ਅਵਾਜ਼ ਹਦੂਦ ਤੋਂ ਬਾਹਰ ਨਹੀਂ ਜਾਂਦੀਇਹ ਵੇਖ ਕੇ ਵੀ ਲੋਕ ਸੇਧ ਨਹੀਂ ਲੈਂਦੇਅਸਲ ਵਿੱਚ ਧਾਰਮਿਕ ਸਥਾਨਾਂ ਦੇ ਬਾਬੇ ਜ਼ਿਆਦਾਤਰ ਅਨਪੜ੍ਹ ਅਤੇ ਧਾਰਮਿਕ ਗਿਆਨ ਤੋਂ ਕੋਰੇ ਹੁੰਦੇ ਹਨਇਹਨਾਂ ਨੇ ਨਾ ਤਾਂ ਕਿਸੇ ਧਾਰਮਿਕ ਵਿੱਦਿਅਕ ਅਦਾਰੇ ਤੋਂ ਟਰੇਨਿੰਗ ਲਈ ਹੁੰਦੀ ਹੈ ਤੇ ਨਾ ਹੀ ਉਹਨਾਂ ਨੂੰ ਰਹਿਤ ਮਰਿਆਦਾ, ਇਤਿਹਾਸ ਅਤੇ ਪ੍ਰੰਪਰਾਵਾਂ ਆਦਿ ਬਾਰੇ ਗਿਆਨ ਹੁੰਦਾ ਹੈਉਹ ਬੱਸ ਇੰਨਾ ਜਾਣਦੇ ਹਨ ਕਿ ਸਵੇਰੇ ਸ਼ਾਮ ਪਾਠ, ਕਥਾ ਕੀਰਤਨ ਦੀ ਟੇਪ ਲਗਾ ਕਿ ਆਪ ਸੌਂ ਜਾਣਾ ਹੈਪਿੰਡਾਂ ਵਿੱਚ ਲੋਕ ਆਪਸੀ ਗੱਲਬਾਤ ਦੌਰਾਨ ਤਾਂ ਇਸ ਸਬੰਧੀ ਨੁਕਤਾਚੀਨੀ ਕਰਦੇ ਹਨ, ਪਰ ਨਿਸ਼ਾਨਾ ਬਣਨ ਤੋਂ ਡਰਦਾ ਅੱਗੇ ਕੋਈ ਨਹੀਂ ਲੱਗਦਾਸਾਡੇ ਨਜ਼ਦੀਕੀ ਪਿੰਡ ਦੇ ਇੱਕ ਅਗਾਂਹਵਧੂ ਨੌਜਵਾਨ ਵੱਲੋਂ ਅਜਿਹੀ ਕੋਸ਼ਿਸ਼ ਕਰਨ ’ਤੇ ਸਪੀਕਰਾਂ ਦੀ ਅਵਾਜ਼ ਘੱਟ ਹੋ ਗਈ ਸੀਪਰ ਕੁਝ ਦਿਨਾਂ ਬਾਅਦ ਹੀ ਕੁਦਰਤੀ ਉਹਨਾਂ ਦੀ ਮੱਝ ਬਿਮਾਰ ਹੋ ਕੇ ਮਰ ਗਈ, ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਇਸ ਨੂੰ ਸਰਾਪ ਲੱਗ ਗਿਆ ਹੈਉਹ ਸਾਰੇ ਪਿੰਡ ਵਿੱਚ ਮਜ਼ਾਕ ਦਾ ਪਾਤਰ ਬਣਿਆ ਤੇ ਘਰੋਂ ਜਿਹੜੇ ਛਿੱਤਰ ਪਏ ਸੋ ਅਲੱਗ ਜ਼ਰੂਰਤ ਇਸ ਗੱਲ ਦੀ ਹੈ ਕਿ ਗ੍ਰੰਥੀਆਂ ਪੁਜਾਰੀਆਂ ਆਦਿ ਨੂੰ ਧਾਰਮਿਕ ਸਥਾਨ ਦੀ ਸੇਵਾ ਸੰਭਾਲਣ ਤੋਂ ਪਹਿਲਾਂ ਯੋਗਤਾ ਚੈੱਕ ਕਰ ਲਈ ਜਾਵੇਜੇ ਉਸ ਨੇ ਕਿਸੇ ਚੰਗੀ ਧਾਰਮਿਕ ਸੰਸਥਾ ਤੋਂ ਸਿੱਖਿਆ ਗ੍ਰਹਿਣ ਕੀਤੀ ਹੋਵੇ ਤਾਂ ਹੀ ਸੇਵਾ ਦੇਣੀ ਚਾਹੀਦੀ ਹੈਕਈ ਬਾਬੇ ਤਾਂ ਧਰਮ ਸਥਾਨ ਦੇ ਅੰਦਰ ਹੀ ਭੰਗ ਆਦਿ ਨਸ਼ਿਆਂ ਦਾ ਸੇਵਨ ਕਰੀ ਜਾਂਦੇ ਹਨਦੱਸਣ ਯੋਗ ਹੈ ਕਿ ਭੰਗ ਜਾਂ ਸੁੱਖਾ ਪੀਣ ਖਾਣ ਦੀ ਆਗਿਆ ਕਿਸੇ ਰਹਿਨੁਮਾ ਨੇ ਨਹੀਂ ਦਿੱਤੀਇਹ ਬੜਾ ਭੈੜਾ ਨਸ਼ਾ ਹੈ ਜੋ ਦਿਮਾਗ ਨੂੰ ਸੁੰਨ ਕਰ ਦਿੰਦਾ ਹੈਇਸ ਤੋਂ ਇਲਾਵਾ ਧਾਰਮਿਕ ਸਥਾਨ ਦੀ ਸੇਵਾ ਕਿਸੇ ਇੱਕ ਵਿਅਕਤੀ ’ਤੇ ਨਹੀਂ ਛੱਡਣੀ ਚਾਹੀਦੀ, ਸਮਝਦਾਰ ਪੜ੍ਹੇ ਲਿਖੇ ਨਾਗਰਿਕਾਂ ਦੀ ਕਮੇਟੀ ਬਣਾਉਣੀ ਚਾਹੀਦੀ ਹੈਰੱਬ ਇੱਕ ਹੈ, ਜ਼ਿਦ ਜ਼ਿਦ ਕੇ ਉੱਚੀ ਅਵਾਜ਼ ਨਾਲ ਸਪੀਕਰ ਚਲਾਉਣ ਨਾਲ ਉਹ ਖੁਸ਼ ਨਹੀਂ, ਸਗੋਂ ਨਰਾਜ਼ ਹੀ ਹੁੰਦਾ ਹੋਵੇਗਾਇਸ ਲਈ ਕ੍ਰਿਪਾ ਕਰਕੇ ਅੰਮ੍ਰਿਤ ਵੇਲੇ ਨੂੰ ਅੰਮ੍ਰਿਤ ਵੇਲਾ ਹੀ ਰਹਿਣ ਦਿੱਤਾ ਜਾਵੇ ਤੇ ਚੀਕ ਚਿਹਾੜਾ ਪਾਉਣ ਦੀ ਬਜਾਏ ਮਿੱਠੀ ਮਿੱਠੀ ਅਵਾਜ਼ ਵਿੱਚ ਲੋਕਾਂ ਨੂੰ ਬਾਣੀ, ਕਥਾ ਕੀਰਤਨ ਆਦਿ ਦਾ ਸਰਵਣ ਕਰਾਇਆ ਜਾਵੇਇਸ ਤੋਂ ਇਲਾਵਾ ਹੋਰ ਧਾਰਮਿਕ ਸਮਾਗਮਾਂ, ਕੀਰਤਨ ਦਰਬਾਰਾਂ, ਜਗਰਾਤਿਆਂ ਆਦਿ ਵੇਲੇ ਵੀ ਸਪੀਕਰਾਂ ਦੀ ਅਵਾਜ਼ ਘੱਟ ਹੀ ਰੱਖੀ ਜਾਵੇਸਪੀਕਰ ਦੀ ਅਵਾਜ਼ ਰੱਬ ਤਕ ਤਾਂ ਨਹੀਂ ਪਹੁੰਚ ਸਕਦੀ, ਲੋਕਾਂ ਨੂੰ ਜ਼ਰੂਰ ਪਰੇਸ਼ਾਨ ਕਰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3923)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author