“ਅਸਲ ਵਿੱਚ ਗੱਲ ਇਹ ਹੈ ਕਿ ਹਰਿਆਣੇ ਵਿੱਚ ਪਟਵਾਰੀਆਂ ਦੀ ਭਰਤੀ ...”
(10 ਜੂਨ 2018)
ਕੁਝ ਸਾਲ ਪਹਿਲਾਂ ਮੈਂ ਇੱਕ ਸਬ ਡਵੀਜ਼ਨ ਦਾ ਡੀ.ਐੱਸ.ਪੀ. ਲੱਗਾ ਹੋਇਆ ਸੀ। ਉੱਥੇ ਮੇਰਾ ਇੱਕ ਬਹੁਤ ਹੀ ਚਲਾਕ ਅਤੇ ਢੀਠ ਕਿਸਮ ਦੇ ਠੱਗ ਨਾਲ ਪੈ ਗਿਆ। ਸਾਰੇ ਉਸ ਨੂੰ ਮਾਸਟਰ ਕਹਿ ਕੇ ਪੁਕਾਰਦੇ ਸਨ। ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਕਿਸੇ ਸਕੂਲ ਦਾ ਨਹੀਂ, ਬਲਕਿ ਠੱਗੀਆਂ ਮਾਰਨ ਦੇ ਖੇਤਰ ਦਾ ਮਾਹਰ ਮਾਸਟਰ ਸੀ। ਫੀਲਡ ਵਿੱਚ ਆਮ ਤੌਰ ’ਤੇ ਪੁਲਿਸ ਦਾ ਵਾਹ ਚੋਰਾਂ, ਡਾਕੂਆਂ, ਕਾਤਲਾਂ ਅਤੇ ਠੱਗਾਂ ਆਦਿ ਨਾਲ ਪੈਂਦਾ ਹੈ। ਇਹਨਾਂ ਸਾਰੇ ਮੁਜਰਮਾਂ ਵਿੱਚੋਂ ਠੱਗ ਸਭ ਤੋਂ ਜ਼ਿਆਦਾ ਅਕਲਮੰਦ, ਸ਼ਾਤਰ, ਮਿੱਠ ਬੋਲੜੇ ਅਤੇ ਘਾਗ ਹੁੰਦੇ ਹਨ। ਬਾਕੀ ਅਪਰਾਧਾਂ ਵਿੱਚ ਅਪਰਾਧੀ ਸ਼ਿਕਾਰ ਨੂੰ ਕਿਸੇ ਹਥਿਆਰ ਨਾਲ ਡਰਾ ਕੇ ਜਾਂ ਕੁੱਟ ਮਾਰ ਕਰ ਕੇ ਲੁੱਟਦਾ ਹੈ, ਪਰ ਠੱਗੀ ਦਾ ਸ਼ਿਕਾਰ ਖੁਦ ਆਪ ਚੱਲ ਕੇ ਠੱਗ ਨੂੰ ਪੈਸੇ ਦੇ ਕੇ ਆਉਂਦਾ ਹੈ। ਨਾਲੇ ਗੋਡੀਂ ਹੱਥ ਲਗਾਉਂਦਾ ਹੈ ਕਿ ਤੁਸੀਂ ਸਾਡੀ ਤੁੱਛ ਭੇਂਟ ਸਵੀਕਾਰ ਕਰਨ ਦੀ ਕ੍ਰਿਪਾ ਕੀਤੀ। ਠੱਗ ਦੀ ਸਭ ਤੋਂ ਮੁੱਢਲੀ ਨਿਸ਼ਾਨੀ ਹੁੰਦੀ ਹੈ ਵਧੀਆਂ ਕੱਪੜੇ, ਸੋਨੇ ਦਾ ਮੋਟਾ ਕੜਾ ਅਤੇ ਚਾਰ ਪੰਜ ਛਾਪਾਂ, ਹੱਥ ਵਿੱਚ ਮਹਿੰਗਾ ਮੋਬਾਇਲ ਫੋਨ, ਵੱਡੀ ਗੱਡੀ (ਜੋ ਆਮ ਤੌਰ ’ਤੇ ਕਿਸ਼ਤਾਂ ’ਤੇ ਲਈ ਹੁੰਦੀ ਹੈ) ਅਤੇ ਸ਼ਾਨਦਾਰ ਦਫਤਰ। ਇਹ ਤੁਹਾਡੇ ਦਿੱਤੇ ਪੈਸੇ ਨੂੰ ਬਿਨਾਂ ਗਿਣੇ ਦਰਾਜ਼ ਵਿੱਚ ਸੁੱਟ ਲੈਂਦੇ ਹਨ ਤਾਂ ਜੋ ਗਾਹਕ ਨੂੰ ਇਹ ਲੱਗੇ ਕਿ ਇਹ ਤਾਂ ਪੰਜ-ਸੱਤ ਲੱਖ ਨੂੰ ਸਮਝਦਾ ਹੀ ਕੁਝ ਨਹੀਂ। ਪਰ ਉੱਧਰ ਠੱਗ ਇਸ ਲਈ ਨਹੀਂ ਗਿਣਦਾ ਕਿ ਕਿਹੜਾ ਮਾਂ ਦਾ ਸੂਤ ਵੇਚਿਆ ਹੈ? ਉਸ ਨੇ ਕਿਹੜਾ ਮੋੜਨੇ ਹੁੰਦੇ ਹਨ।
ਇਸ ਮਾਸਟਰ ਵਿੱਚ ਵੀ ਇਹ ਸਾਰੇ ਗੁਣ ਕੁੱਟ ਕੁੱਟ ਕੇ ਭਰੇ ਪਏ ਸਨ। ਇਕਹਰੇ ਸਰੀਰ ਦਾ ਮਾਸਟਰ ਬੇਹੱਦ ਫੁਰਤੀਲਾ ਅਤੇ ਨਿਮਰਤਾ ਦੀ ਮੂਰਤ ਸੀ। ਉੱਪਰੋਂ ਸੋਨੇ ’ਤੇ ਸੁਹਾਗਾ ਕਿ ਉਸਦੀ ਪਤਨੀ ਵੀ ਠੱਗੀ ਵਿੱਚ ਉਸਦਾ ਪੂਰਾ ਪੂਰਾ ਸਾਥ ਦਿੰਦੀ ਸੀ। ਮਾਸਟਰ ਦੀ ਸਭ ਤੋਂ ਵੱਡੀ ਕਲਾਕਾਰੀ ਇਹ ਸੀ ਕਿ ਉਹ ਅੱਜ ਤੱਕ ਕਦੇ ਕਿਸੇ ਕੇਸ ਵਿੱਚ ਫਸਿਆ ਨਹੀਂ ਸੀ। ਉਹ ਬੰਦੇ ਬਾਹਰ ਭੇਜਣ ਅਤੇ ਸਰਕਾਰੀ ਨੌਕਰੀਆਂ ਦਿਵਾਉਣ ਦੇ ਬਹਾਨੇ ਲੱਖਾਂ ਦੀਆਂ ਠੱਗੀਆਂ ਮਾਰ ਚੁੱਕਾ ਸੀ। ਉਸਦਾ ਤਰੀਕਾ ਬਹੁਤ ਹੀ ਨਾਯਾਬ ਸੀ। ਉਸ ਨੇ ਸ਼ਹਿਰ ਵਿੱਚ ਵਧੀਆ ਦਫਤਰ ਬਣਾਇਆ ਹੋਇਆ ਸੀ ਤੇ ਖੂਬਸੂਰਤ ਮਾਡਰਨ ‘ਸਟਾਫ’ ਰੱਖਿਆ ਹੋਇਆ ਸੀ। ਗਾਹਕ ’ਤੇ ਪ੍ਰਭਾਵ ਪਾਉਣ ਲਈ ਉਹ ਉਸ ਨੂੰ 10-12 ਗੇੜੇ ਮਰਵਾਉਣ ਤੋਂ ਬਾਅਦ ਹੀ ਮਿਲਦਾ ਸੀ। ਜਦੋਂ ਵੀ ਉਸ ਨੇ ਕਿਸੇ ਮੁਰਗੀ (ਗਾਹਕ) ਨੂੰ ਪਹਿਲੀ ਵਾਰ ਆਪਣੇ ਦਫਤਰ ਮਿਲਣਾ ਹੁੰਦਾ ਤਾਂ ਉਸੇ ਮੌਕੇ ਕੋਈ ਨਾ ਕੋਈ ਵਿਅਕਤੀ (ਜੋ ਉਸ ਦਾ ਆਪਣਾ ਹੀ ਕੋਈ ਕਰਿੰਦਾ ਹੁੰਦਾ ਸੀ), ਮਠਿਆਈ ਦਾ ਡੱਬਾ ਲੈ ਕੇ ਆ ਜਾਂਦਾ ਹੈ ਕਿ ਤੁਹਾਡੀ ਕ੍ਰਿਪਾ ਨਾਲ ਮੈਨੂੰ ਨੌਕਰੀ ਮਿਲ ਗਈ ਹੈ ਜਾਂ ਸਾਡਾ ਮੁੰਡਾ ਅਮਰੀਕਾ ਪਹੁੰਚ ਗਿਆ ਹੈ। ਨਵਾਂ ਗਾਹਕ ਬਾਗੋ ਬਾਗ ਹੋ ਜਾਂਦਾ।
ਸਰਕਾਰੀ ਨੌਕਰੀ ਦਿਵਾਉਣ ਦੇ ਮਾਮਲੇ ਵਿੱਚ ਠੱਗੀ ਮਾਰਨ ਲਈ ਉਹ ਪੂਰਾ ਧਿਆਨ ਰੱਖਦਾ ਕਿ ਕਿਹੜੇ ਮਹਿਕਮੇ ਦੀਆਂ ਨੌਕਰੀਆਂ ਨਿਕਲਣ ਵਾਲੀਆਂ ਹਨ। ਉਹ 50-60 ਬੰਦਿਆਂ ਕੋਲੋਂ 5-5 ਲੱਖ ਰੁਪਇਆ ਭੋਟ ਲੈਂਦਾ। ਇਸੇ ਤਰ੍ਹਾਂ ਅਮਰੀਕਾ ਕੈਨੇਡਾ ਪਹੁੰਚਣ ਦੇ ਚਾਹਵਾਨਾਂ ਦੀ ਫੀਸ ਉਸ ਨੇ 20-25 ਲੱਖ ਰੱਖੀ ਹੋਈ ਸੀ। ਉਹਨਾਂ ਨੂੰ ਕਦੇ ਕਿਸੇ ਅਫਸਰ ਦੀ ਕੋਠੀ ਦੇ ਬਾਹਰ ਬਿਠਾ ਕਿ ਆਪ ਅੰਦਰ ਜਾ ਵੜਦਾ ਤੇ ਕਦੇ ਕਿਸੇ ਮੰਤਰੀ-ਲੀਡਰ ਦੇ। ਨੌਕਰੀ ਦੇ ਇਮਤਿਹਾਨ ਵਿੱਚ 50 ਬੰਦਿਆਂ ਵਿੱਚੋਂ 10-15 ਤਾਂ ਆਪਣੇ ਬਲਬੂਤੇ ਭਰਤੀ ਹੋ ਹੀ ਜਾਂਦੇ ਹਨ। ਉਹਨਾਂ ਦੇ ਪੈਸੇ ਉਹ ਇਹ ਕਹਿ ਕੇ ਹਜ਼ਮ ਕਰ ਲੈਂਦਾ ਕਿ ਨੌਕਰੀ ਮੈਂ ਦਿਵਾਈ ਹੈ। ਇਸੇ ਤਰ੍ਹਾਂ ਅਮਰੀਕਾ-ਕੈਨੇਡਾ ਦੀਆਂ ਸਾਲ ਵਿਚ ਦੋ ਫਾਈਲਾਂ ਦਾ ਵੀ ਵੀਜ਼ਾ ਲੱਗ ਜਾਵੇ ਤਾਂ 50 ਲੱਖ ਮਾਸਟਰ ਦੇ ਕਾਬੂ ਆ ਜਾਂਦਾ। ਬਾਕੀਆਂ ਦੇ ਦੁੱਧ ਨਾਲ ਧੋ ਕੇ ਮੋੜ ਦਿੰਦਾ। ਵਿਚਾਰੇ ਭੋਲੇ ਭਾਲੇ ਲੋਕ ਖੁਸ਼ ਹੋ ਜਾਂਦੇ ਕਿ ਇਹ ਤਾਂ ਬੰਦਾ ਹੀ ਬਹੁਤ ਵਧੀਆ ਹੈ, ਜੋ ਘਰ ਆ ਕੇ ਪੈਸੇ ਮੋੜ ਕੇ ਜਾਂਦਾ ਹੈ। ਉਹ ਪੈਸੇ ਵਾਪਸ ਲੈਣ ਦੀ ਬਜਾਏ ਕੰਮ ਕਰਨ ’ਤੇ ਜ਼ੋਰ ਦਿੰਦੇ। ਇਹਨਾਂ ਠੱਗੀਆਂ ਦੇ ਸਿਰ ’ਤੇ ਇਸ ਮਾਸਟਰ ਨੇ ਵੱਡੀ ਜਾਇਦਾਦ ਬਣਾ ਲਈ ਸੀ ਤੇ ਲੱਖਾਂ ਰੁਪਇਆ ਵਿਆਜ਼ ’ਤੇ ਚੜ੍ਹਾਇਆ ਹੋਇਆ ਸੀ।
ਹੌਲੀ ਹੌਲੀ ਉਸਦੀਆਂ ਠੱਗੀਆ ਦਾ ਰਾਜ਼ ਖੁੱਲ੍ਹਣ ਲੱਗ ਪਿਆ। ਕੁਝ ਤਾਂ ਸਰਕਾਰੀ ਮਹਿਕਮਿਆਂ ਦੀ ਭਰਤੀ ਦਾ ਕੰਮ ਪਾਰਦਰਸ਼ੀ ਤੇ ਆਨਲਾਈਨ ਹੋ ਗਿਆ ਤੇ ਕੁਝ ਲੋਕਾਂ ਨੂੰ ਉਸਦੀਆਂ ਚੁਸਤੀਆਂ ਦੀ ਸਮਝ ਆ ਗਈ। ਪੰਜਾਬ ਪੁਲਿਸ ਵਿੱਚ ਸਿਪਾਹੀਆਂ ਦੀ ਭਰਤੀ ਵੇਲੇ ਉਸ ਦਾ ਪਾਜ ਬਿਲਕੁਲ ਹੀ ਉੱਧੜ ਗਿਆ। ਉਸ ਨੇ ਸਿਪਾਹੀ ਭਰਤੀ ਕਰਾਉਣ ਦੇ ਨਾਮ ’ਤੇ ਰੱਜ ਕੇ ਠੱਗੀ ਮਾਰੀ। ਬਾਅਦ ਵਿੱਚ ਲੋਕਾਂ ਨੂੰ ਪਤਾ ਚੱਲ ਗਿਆ ਕਿ ਇਸ ਭਰਤੀ ਲਈ ਪੜ੍ਹਾਈ ਅਤੇ ਕੱਦ ਦੇ ਮੁਤਾਬਕ ਨੰਬਰ ਲੱਗੇ ਹਨ ਤੇ ਸਾਰੀ ਭਰਤੀ ਦਾ ਰਿਜ਼ਲਟ ਆਨਲਾਈਨ ਹੈ। ਮਿਸਾਲ ਦੇ ਤੌਰ ’ਤੇ ਜਿਸ ਲੜਕੇ ਦਾ ਕੱਦ 6 ਫੁੱਟ ਹੈ ਤੇ ਐੱਮ.ਏ. ਤੱਕ ਪੜ੍ਹਿਆ ਹੈ, ਉਸ ਦੇ 20 ਨੰਬਰ ਬਣਦੇ ਹਨ। ਉਸ ਨੇ ਤਾਂ ਹਰ ਹਾਲਤ ਵਿੱਚ ਭਰਤੀ ਹੋਣਾ ਹੀ ਹੈ। ਇਸੇ ਤਰ੍ਹਾਂ ਜਿਵੇਂ ਜਿਵੇਂ ਕੱਦ ਤੇ ਪੜ੍ਹਾਈ ਘਟਦੀ ਜਾਂਦੀ ਹੈ, ਨੰਬਰ ਵੀ ਘਟਦੇ ਜਾਂਦੇ ਹਨ। ਮਾੜੀ ਕਿਸਮਤ ਨੂੰ ਮਾਸਟਰ ਨੇ ਐੱਮ.ਏ. ਪੜ੍ਹੇ ਛੇ ਫੁੱਟੇ ਮੁੰਡਿਆਂ ਕੋਲੋਂ ਵੀ ਪੈਸੇ ਲੈ ਲਏ। ਪਤਾ ਲੱਗਣ ’ਤੇ ਲੋਕਾਂ ਨੇ ਨਾਲੇ ਉਸ ਦੀ ਟਿਕਾ ਕੇ ਖੜਕਾਈ ਕੀਤੀ ਤੇ ਨਾਲੇ ਮੁਕੱਦਮੇ ਦਰਜ਼ ਕਰਵਾਏ।
ਜਿਹੜਾ ਕੇਸ ਮੇਰੇ ਕੋਲ ਆਇਆ, ਉਸ ਵਿੱਚ ਮਾਸਟਰ ਨੇ ਕਿਸੇ ਨੂੰ ਅਮਰੀਕਾ ਭੇਜਣ ਦੇ ਪੈਸੇ ਲਏ ਹੋਏ ਸਨ। ਪਰ ਉਸ ਨੇ ਅਮਰੀਕਾ ਦੀ ਬਜਾਏ ਉਸ ਨੂੰ ਯੂਰਪ ਦੇ ਪੱਛੜੇ ਦੇਸ਼ ਜਾਰਜੀਆ ਭੇਜ ਦਿੱਤਾ। ਮੈਂ ਦੋਹਵਾਂ ਪਾਰਟੀਆਂ ਨੂੰ ਬੁਲਾਇਆ ਤਾਂ ਮਾਸਟਰ ਪੈਰਾਂ ’ਤੇ ਪਾਣੀ ਨਾ ਪੈਣ ਦੇਵੇ। ਅਖੇ ਮੈਂ ਤਾਂ ਇਸ ਨੂੰ ਜਾਰਜੀਆ ਭੇਜਣ ਦੇ ਹੀ ਪੈਸੇ ਲਏ ਸਨ, ਸੋ ਭੇਜ ਦਿੱਤਾ। ਮਾਸਟਰ ਨੂੰ ਫਸਿਆ ਵੇਖ ਕੇ ਉਸਦੀਆਂ ਠੱਗੀਆਂ ਦੇ ਸ਼ਿਕਾਰ ਹੋਏ ਹੋਰ ਲੋਕ ਵੀ ਦਰਖਾਸਤਾਂ ਲੈ ਕੇ ਮੇਰੇ ਦਫਤਰ ਪਹੁੰਚਣ ਲੱਗ ਪਏ। ਮਾਸਟਰ ਸਮਝ ਗਿਆ ਕਿ ਸੌ ਸੁਨਾਰ ਦੀ ਤੇ ਇੱਕ ਲੁਹਾਰ ਦੀ, ਹੁਣ ਉਸਦਾ ਬਚਣਾ ਮੁਸ਼ਕਲ ਹੈ। ਚੋਰ ਚੋਰ ਮਸੇਰੇ ਭਾਈ, ਇਹੋ ਜਿਹੇ ਠੱਗਾਂ-ਚੋਰਾਂ ਦੀਆਂ ਸਿਫਾਰਸ਼ਾਂ ਬਹੁਤ ਹੁੰਦੀਆਂ ਹਨ। ਇਸ ਮਾਸਟਰ ਦੀਆਂ ਵੀ ਵੱਡੀਆਂ ਵੱਡੀਆਂ ਸਿਫਾਰਸ਼ਾਂ ਆਉਣ ਲੱਗ ਪਈਆਂ। ਪਰ ਮੈਂ ਸਭ ਨੂੰ ਤਰੀਕੇ ਨਾਲ ਜਵਾਬ ਦਿੰਦਾ ਰਿਹਾ। ਆਖਰ ਇੱਕ ਭੱਦਰ ਪੁਰਸ਼ ਦੀ ਸਿਫਾਰਸ਼ ਆਈ ਕਿ ਚਲੋ ਸਾਡੀ ਐਨੀ ਹੀ ਮੰਨ ਲਉ ਕਿ ਮਾਸਟਰ ਨੂੰ 15 ਦਿਨ ਦਾ ਟਾਈਮ ਦੇ ਦਿਉ।
ਮੈਂ ਹੈਰਾਨ ਹੋ ਗਿਆ ਕਿ 15 ਦਿਨ ਵਿੱਚ ਇਹ ਐਨੇ ਲੋਕਾਂ ਦੇ ਪੈਸੇ ਕਿਵੇਂ ਮੋੜ ਦੇਵੇਗਾ ਜੋ ਇਸ ਨੇ ਤਿੰਨ ਸਾਲਾਂ ਵਿੱਚ ਨਹੀਂ ਮੋੜੇ। ਮੈਂ ਮਾਸਟਰ ਨੂੰ ਬੁਲਾ ਕੇ ਪੁੱਛਿਆ ਕਿ ਕੀ ਉਹ 15 ਦਿਨਾਂ ਵਿੱਚ ਪੈਸੇ ਮੋੜ ਦੇਵੇਗਾ? ਮਾਸਟਰ ਅੱਗੋਂ ਪੂਰੀ ਬੇਸ਼ਰਮੀ ਨਾਲ ਬੋਲਿਆ, “ਸਰ ਪੈਸੇ ਤਾਂ ਮੇਰੇ ਕੋਲ ਨਹੀਂ ਹੈਗੇ ਤੇ ਨਾ ਮੈਂ ਮੋੜਾਂ। ਅਸਲ ਵਿੱਚ ਗੱਲ ਇਹ ਹੈ ਕਿ ਹਰਿਆਣੇ ਵਿੱਚ ਪਟਵਾਰੀਆਂ ਦੀ ਭਰਤੀ ਦੋ ਦਿਨਾਂ ਬਾਅਦ ਨਿਕਲਣ ਵਾਲੀ ਹੈ। ਮੈਨੂੰ ਇਹ ਸੀਜ਼ਨ ਲਗਾ ਲੈਣ ਦਿਉ। ਜੇ ਤੁਸੀਂ ਪਰਚਾ ਦੇ ਦਿੱਤਾ ਤਾਂ ਹੋ ਸਕਦਾ ਹੈ ਕਿ ਮੇਰੀ ਸਾਲ-ਦੋ ਸਾਲ ਜ਼ਮਾਨਤ ਨਾ ਹੋਵੇ। ਮੇਰੀਆਂ ਸਾਰੀਆਂ ‘ਸਾਮੀਆਂ’ ਮਾਰੀਆਂ ਜਾਣੀਆਂ ਹਨ। ਮੈਨੂੰ ਉੱਥੇ ਠੱਗੀ ਮਾਰ ਲੈਣ ਦਿਉ, ਫਿਰ ਭਾਵੇਂ ਚਾਰ ਸਾਲ ਲਈ ਜੇਲ੍ਹ ਭੇਜ ਦੇਣਾ।”
ਮਾਸਟਰ ਦੀ ਇਹ ਗੱਲ ਸੁਣ ਕੇ ਮੈਨੂੰ ਸਮਝ ਨਾ ਆਵੇ, ਮੈਂ ਹੱਸਾਂ ਕਿ ਰੋਵਾਂ? ਪਹਿਲਾ ਕੇਸ ਅਜੇ ਮੁੱਕਾ ਨਹੀਂ ਤੇ ਇਹ ਮਹਾਂਪੁਰਖ ਨਵੇਂ ਦੀ ਵੀ ਸਕੀਮ ਲਗਾਈ ਬੈਠਾ ਹੈ। ਪਰ ਮਾਸਟਰ ਨਵੀਂ ਠੱਗੀ ਦੀ ਆਸ ਦਿਲ ਵਿੱਚ ਹੀ ਦਬਾਈ ਜੇਲ੍ਹ ਪਹੁੰਚ ਗਿਆ।
*****
(1183)