BalrajSidhu7“ਇਹੀ ਚਿੱਠੀ ਕੁਝ ਦਿਨ ਪਹਿਲਾਂ ਮਿਲ ਜਾਂਦੀ ਤਾਂ ...”
(27 ਫਰਵਰੀ 2017)

 

ਪੱਡਾ ਸਾਹਿਬ ਦਾ ਲੜਕਾ ਅਮਰ ਐੱਮ.ਐੱਸ.ਸੀ. (ਮੈਥ) ਫਸਟ ਡਿਵੀਜ਼ਨ ਪਾਸ ਕਰਕੇ ਨੌਕਰੀ ਦੀ ਭਾਲ ਵਿੱਚ ਚੱਪਲਾਂ ਘਸਾ ਰਿਹਾ ਸੀ। ਲੜਕਾ ਹੁਸ਼ਿਆਰ ਸੀ, ਇਸ ਲਈ ਪੱਡਾ ਸਾਹਿਬ ਬੇਫਿਕਰ ਸਨ ਕਿ ਨੌਕਰੀ ਦਾ ਜੁਗਾੜ ਤਾਂ ਕਿਤੇ ਨਾ ਕਿਤੇ ਲੱਗ ਹੀ ਜਾਣਾ ਹੈ। ਉਹਨਾਂ ਦੀ ਮਨਸ਼ਾ ਉਸ ਦਾ ਵਿਆਹ ਜਲਦੀ ਕਰ ਦੇਣ ਦੀ ਸੀ। ਇੱਕ ਪੰਥ ਦੋ ਕਾਜ, ਨੂੰਹ ਰਾਣੀ ਦੇ ਨਾਲ ਨਾਲ ਲਕਸ਼ਮੀ ਵੀ ਘਰ ਆਵੇਗੀ। ਉੱਧਰ ਨਜ਼ਦੀਕੀ ਸ਼ਹਿਰ ਦੇ ਚੱਡਾ ਸਾਹਿਬ ਦੀ ਐੱਮ.ਏ. ਇੰਗਲਿਸ਼ ਪਾਸ ਲੜਕੀ ਮਮਤਾ ਵੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਜ਼ਮਾਨਾ ਖਰਾਬ ਹੋਣ ਕਾਰਨ ਚੱਡਾ ਸਾਹਿਬ ਵੀ ਚਾਹੁੰਦੇ ਸਨ ਕਿ ਉਸ ਦੇ ਹੱਥ ਜਲਦੀ ਤੋਂ ਜਲਦੀ ਪੀਲੇ ਕਰ ਦਿੱਤੇ ਜਾਣ।

ਪੱਡਾ ਸਾਹਿਬ ਨੇ ਵਿਚੋਲਿਆਂ ਰਾਹੀਂ ਲੜਕੇ ਦਾ ਮਾਰਕੀਟ ਰੇਟ ਪਤਾ ਕਰਵਾਇਆ। ਦੱਸਿਆ ਗਿਆ ਕਿ ਸਰਕਾਰੀ ਨੌਕਰੀ ਵਾਲੇ ਦਾ ਤਾਂ 50-60 ਲੱਖ ਤੱਕ ਵੀ ਲੱਗ ਜਾਂਦਾ ਹੈ ਪਰ ਬੇਕਾਰ ਬੈਠੇ ਪੋਸਟ ਗਰੈਜੂਏਟ ਦਾ ਤਿੰਨ-ਚਾਰ ਲੱਖ ਤੋਂ ਵੱਧ ਨਹੀਂ ਦੇਣਾ ਕਿਸੇ ਨੇ। ਸੱਚ ਝੂਠ ਮਾਰ ਕੇ ਸਿਆਣਿਆਂ ਨੇ ਚੱਡਾ ਸਾਹਿਬ ਨਾਲ ਸੌਦਾ ਸਾਢੇ ਪੰਜ ਲੱਖ ਵਿੱਚ ਫਿੱਟ ਕਰਵਾ ਦਿੱਤਾ। ਪੱਡਾ ਸਾਹਿਬ ਉਮੀਦ ਤੋਂ ਵੱਧ ਮਾਲ ਮਿਲਣ ਕਾਰਨ ਬਾਗੋ ਬਾਗ ਹੋ ਗਏ। ਛੋਟੀ ਜਿਹੀ ਪਾਰਟੀ ਵੀ ਕਰ ਦਿੱਤੀ। ਅਜੇ ਗੱਲ ਤੈਅ ਹੋਈ ਨੂੰ ਮਹੀਨਾ ਵੀ ਨਹੀਂ ਸੀ ਹੋਇਆ ਕਿ ਅਮਰ ਦੀ ਸਿਲੈੱਕਸ਼ਨ ਬਤੌਰ ਨਾਇਬ ਤਹਿਸੀਲਦਾਰ ਹੋ ਗਈ। ਨਸੀਬਾਂ ਵਾਲਿਆਂ ਨੂੰ ਮਿਲਣ ਵਾਲੇ ਖਾਕੀ ਰੰਗ ਦੇ ਸਰਕਾਰੀ ਲਿਫਾਫੇ ਵਿੱਚ ਆਇਆ ਨਿਯੁਕਤੀ ਪੱਤਰ ਵੇਖ ਕੇ ਖੁਸ਼ ਹੋਣ ਦੀ ਬਜਾਏ ਪੱਡਾ ਸਾਹਿਬ ਸਰਕਾਰ ਨੂੰ ਮੋਟੀਆਂ ਮੋਟੀਆਂ ਗਾਲ੍ਹਾਂ ਦੇਣ ਲੱਗ ਪਏ। ਪਤਨੀ ਨੇ ਹੈਰਾਨ ਹੋ ਕੇ ਪੁੱਛਿਆ, “ਮਸਾਂ ਤਾਂ ਕਿਤੇ ਬਾਬੇ ਗਾਲ੍ਹੜ ਸ਼ਾਹ ਦੀ ਕਿਰਪਾ ਨਾਲ ਮੁੰਡੇ ਨੂੰ ਮਲਾਈਦਾਰ ਨੌਕਰੀ ਮਿਲੀ ਆ, ਤੁਸੀਂ ਧੰਨਵਾਦੀ ਹੋਣ ਦੀ ਬਜਾਏ ਸਰਕਾਰ ਨੂੰ ਗੰਦ ਬਕ ਰਹੇ ਓ?”

ਪੱਡਾ ਖਿਝ ਕੇ ਬੋਲਿਆ, “ਇਹ ਸਾਲੀ ਸਰਕਾਰ ਈ ਨਿਕੰਮੀ ਆ। ਇੱਥੇ ਤਾਂ ਕ੍ਰਾਂਤੀ ਹੋਣੀ ਚਾਹੀਦੀ ਆ। ਇਹੀ ਚਿੱਠੀ ਕੁਝ ਦਿਨ ਪਹਿਲਾਂ ਮਿਲ ਜਾਂਦੀ ਤਾਂ ਅਰਾਮ ਨਾਲ 70-80 ਲੱਖ ਹੱਥ ਲੱਗ ਜਾਣਾ ਸੀ।”

ਪਤਨੀ ਸਿਆਣੀ ਸੀ, ਉਹ ਬੋਲੀ, “ਮੈਂ ਤਾਂ ਪਹਿਲਾਂ ਹੀ ਕਲਪਦੀ ਸੀ ਕਿ ਕੁਝ ਦਿਨ ਰੁਕ ਜਾਉ। ਅਜੇ ਉਮਰ ਈ ਕੀ ਐ ਮੇਰੇ ਅਮਰ ਦੀ। ਤੁਹਾਡੇ ਸਿਰ ’ਤੇ ਹੀ ਪੋਤਰਾ ਵੇਖਣ ਦਾ ਭੂਤ ਸਵਾਰ ਸੀ, ਹੁਣ ਭੁਗਤੋ। ... ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਦੇਰ ਆਇਦ ਦਰੁਸਤ ਆਇਦ। ਸਾਰੀ ਉਮਰ ਸੜੀ ਭੁੱਜੀ ਜਾਣ ਦੀ ਬਜਾਏ ਇੱਕੋ ਵਾਰ ਬੇਸ਼ਰਮੀ ਸਹਿ ਲੈਣੀ ਚੰਗੀ ਹੁੰਦੀ ਹੈ। ਲੋਕਾਂ ਦਾ ਕੀ ਆ, ਉਹਨਾਂ ਨੇ ਤਾਂ ਵਲੀਆਂ ਪੀਰਾਂ ਨੂੰ ਵੀ ਕੁਰਾਹੀਏ ਕਹਿ ਦਿੱਤਾ ਸੀ। ਅਜੇ ਤਾਂ ਕੱਚੇ ਕੁਆਰੇ ਸਾਕ ਨੇ। ਤੁਸੀਂ ਚੱਡੇ ਨੂੰ ਜਵਾਬ ਭੇਜ ਦਿਉ। ਅਸੀਂ ਕਿਹੜਾ ਕੁਝ ਲਿਆ ਉਸ ਕੋਲੋਂ? ਉਹ ਆਪਣੇ ਘਰ ਤੇ ਅਸੀਂ ਆਪਣੇ ਘਰ। ... ਜੋ ਹੋਊ ਵੇਖੀ ਜਾਊ।”

ਸਿਆਣੇ ਕਹਿੰਦੇ ਹਨ ਕਿ ਬੇਸ਼ਰਮ ਹੋਣਾ ਔਖਾ ਬਹੁਤ ਹੈ। ਪਰ ਜੇ ਬੰਦਾ ਇੱਕ ਵਾਰ ਬੇਸ਼ਰਮੀ ਧਾਰਨ ਕਰ ਲਵੇ ਤਾਂ ਫਿਰ ਮੌਜਾਂ ਹੀ ਮੌਜਾਂ। ਪੱਡੇ ਨੇ ਚਿੱਠੀ ਲਿਖ ਕੇ ਭੇਜ ਦਿੱਤੀ, “ਪਿਆਰੇ ਚੱਡਾ ਸਾਹਿਬ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਅਮਰ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਮਿਲ ਗਈ ਹੈ। ਵਿਆਹ ਦੇ ਸ਼ੁੱਭ ਅਵਸਰ ’ਤੇ ਹੀ ਇਹ ਸ਼ੁੱਭ ਕਾਰਜ ਹੋਇਆ ਹੈ। ਇਸ ਵਿੱਚ ਤੁਹਾਡੀ ਸੁਯੋਗ ਬੇਟੀ ਦੇ ਭਾਗਾਂ ਦਾ ਵੀ ਯੋਗਦਾਨ ਹੈ। ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਹੀ ਸਮਝਦਾਰ ਇਨਸਾਨ ਹੋ ਤੇ ਨੀਤੀ ਅਤੇ ਮਰਿਆਦਾ ਬਾਰੇ ਖੂਬ ਸਮਝਦੇ ਹੋ। ਧਰਮ ’ਤੇ ਹੀ ਧਰਤੀ ਮਾਤਾ ਟਿਕੀ ਹੋਈ ਹੈ। ਇਨਸਾਨ ਤਾਂ ਹਮੇਸ਼ਾ ਮੋਹ ਮਾਇਆ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਇਨਸਾਨ ਨੂੰ ਆਪਣੇ ਫਰਜ਼ ਨਿਭਾਉਣ ਲੱਗਿਆਂ ਕਿਸੇ ਹਾਲਤ ਵਿੱਚ ਧਰਮ ਦਾ ਲੜ ਨਹੀਂ ਛੱਡਣਾ ਚਾਹੀਦਾ। ਪੈਸਾ ਤਾਂ ਹੱਥਾਂ ਦਾ ਮੈਲ ਹੈ, ਅਸਲ ਚੀਜ਼ ਹੈ ਮਨੁੱਖ ਦੀ ਇੱਜ਼ਤ। ਤੁਸੀਂ ਜੋ ਵੀ ਦਾਨ ਦਹੇਜ ਦਿਉਗੇ, ਆਪਣੀ ਸੁਭਾਗਵਤੀ ਧੀ ਨੂੰ ਹੀ ਦਿਉਗੇ। ਅਮਰ ਦੇ ਮੌਜੂਦਾ ਅਹੁਦੇ ਦੇ ਮੁਤਾਬਕ ਆਪੇ ਵੇਖ ਲਿਉ, ਨਹੀਂ ਸਾਨੂੰ ਕੋਈ ਹੋਰ ‘ਬਰਾਬਰ ਦਾ ਰਿਸ਼ਤਾ’ ਵੇਖਣਾ ਪਵੇਗਾ। ਜਵਾਬ ਜਲਦੀ ਦਿਉ। ਤੁਹਾਡਾ ਸ਼ੁੱਭ ਚਿੰਤਕ, ਸ. ਸ. ਪੱਡਾ।”

ਚੱਡਾ ਪਰਿਵਾਰ ਨੇ ਦਹੇਜ਼ ਦੀ ਮੰਗ ਵਾਲੀ ਚਿੱਠੀ ਦੋ ਤਿੰਨ ਵਾਰ ਸਿੱਧੀ ਪੁੱਠੀ ਕਰਕੇ ਬੜੇ ਗਹੁ ਨਾਲ ਪੜ੍ਹੀ। ਉਹ ਪੱਡੇ ਦੀ ਕਮੀਨਗੀ ਵੇਖ ਕੇ ਦੰਗ ਰਹਿ ਗਏ, ਕਿਵੇਂ ਜ਼ਹਿਰ ਦੀ ਗੋਲੀ ਸ਼ਹਿਦ ਵਿੱਚ ਲਪੇਟ ਕੇ ਭੇਜੀ ਸੀ। ਉਹਨਾਂ ਨੇ ਦੋ ਤਿੰਨ ਦਿਨ ਵਿਚਾਰ ਕੀਤਾ ਤੇ ਫਿਰ ਵਾਪਸੀ ਡਾਕ ਰਾਹੀਂ ਖਤ ਭੇਜ ਦਿੱਤਾ, “ਪਿਆਰੇ ਅਤਿ ਸਤਿਕਾਰ ਯੋਗ ਪੱਡਾ ਸਾਹਿਬ ਜੀ। ਮੈਂ ਖੁਦ ਹੀ ਤੁਹਾਨੂੰ ਲਿਖਣ ਵਾਲਾ ਸੀ ਪਰ ਖਾਨਦਾਨੀ ਸ਼ਰਾਫਤ ਕਾਰਨ ਹਿੰਮਤ ਨਹੀਂ ਸੀ ਪੈ ਰਹੀ। ਪਰ ਤੁਹਾਡੀ ਚਿੱਠੀ ਨੇ ਸਾਨੂੰ ਲਿਖਣ ਦਾ ਬਲ ਬਖਸ਼ਿਆ ਹੈ। ਅਮਰ ਦੀ ਸਫਲਤਾ ਦੀ ਸਾਨੂੰ ਹਾਰਦਿਕ ਖੁਸ਼ੀ ਹੈ। ਉਹ ਬਹੁਤ ਹੀ ਮਿਹਨਤੀ, ਚਰਿੱਤਰਵਾਨ ਅਤੇ ਸੁਯੋਗ ਲੜਕਾ ਹੈ, ਜਰੂਰ ਤਰੱਕੀ ਕਰੇਗਾ। ਤੁਹਾਨੂੰ ਵੀ ਇਹ ਜਾਣ ਕੇ ਬਹੁਤ ਪ੍ਰਸੰਨਤਾ ਹੋਵੇਗੀ ਕਿ ਮਮਤਾ ਦੀ ਚੋਣ ਆਈ.ਏ.ਐੱਸ. ਵਾਸਤੇ ਹੋ ਗਈ ਹੈ। ਹੁਣ ਇੱਕ ਪਾਸੇ ਡੀ.ਸੀ., ਦੂਜੇ ਪਾਸੇ ਨਾਇਬ ਤਹਿਸੀਲਦਾਰ - ‘ਬਰਾਬਰ ਦਾ ਰਿਸ਼ਤਾ’ ਤਾਂ ਇਹ ਕਤਈ ਨਹੀਂ ਬਣਦਾ। ਅਸੀਂ ਤੁਹਾਡੀ ਇੱਛਾ ਮੁਤਾਬਕ ਇਹ ਰਿਸ਼ਤਾ ਤੋੜਨ ਦੀ ਖੁਸ਼ੀ ਪ੍ਰਾਪਤ ਕਰ ਰਹੇ ਹਾਂ।”

ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਹੱਥੋਂ ਨਿਕਲ ਜਾਣ ਕਾਰਨ ਪੱਡਾ ਸਾਹਿਬ ਨੂੰ ਹਾਰਟ ਅਟੈਕ ਹੋ ਗਿਆ ਤੇ ਕੁਝ ਘੰਟਿਆਂ ਬਾਅਦ ਉਹ ਸੀ.ਐੱਮ.ਸੀ. ਦੀ ਆਈ.ਸੀ.ਯੂ. ਵਿੱਚ ਪਏ ਸਨ।

*****

(616)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author