BalrajSidhu7ਘੋਰ ਕਲਯੁਗ ਆ ਗਿਆ ਹੈ, ਰੱਬ ਦਾ ਘਰ ਵੀ ਨਹੀਂ ਬਖਸ਼ਿਆ ...
(16 ਜੂਨ 2020)

 

1.                                                                             ਰੱਬ ਦੀ ਚੋਰੀ

ਇੱਕ ਧਾਰਮਿਕ ਸਥਾਨ ਵਿੱਚ ਚੋਰੀ ਹੋ ਗਈ। ਚੋਰਾਂ ਨੇ ਗੋਲਕ ਸਮੇਤ ਸਾਰੇ ਕੀਮਤੀ ਸਮਾਨ ਨੂੰ ਝਾੜੂ ਫੇਰ ਦਿੱਤਾ। ਧਰਮ ਸਥਾਨ ਦੇ ਠੇਕੇਦਾਰ ਨੇ ਹਾਏ ਤੋਬਾ ਮਚਾ ਦਿੱਤੀ। ਦੰਗੇ ਹੋਣ ਦੇ ਡਰੋਂ ਪੁਲਿਸ ਵੀ ਮਿੰਟੋ ਮਿੰਟੀ ਪਹੁੰਚ ਗਈ। ਮੌਕੇ ’ਤੇ ਪਹੁੰਚਿਆ ਥਾਣੇਦਾਰ ਕੁਝ ਤਰਕਸ਼ੀਲ ਕਿਸਮ ਦਾ ਬੰਦਾ ਸੀ। ਉਸ ਨੇ ਠੇਕੇਦਾਰ ਪੁੱਛਿਆ, “ਕੀ ਗੱਲ ਹੋ ਗਈ ਮਹਾਰਾਜ? ਕਿਉਂ ਐਨਾ ਬ੍ਰਹਮ ਕ੍ਰੋਧ ਪ੍ਰਗਟਾ ਰਹੇ ਹੋ?”

ਠੇਕੇਦਾਰ ਨੇ ਦੁਹੱਥੜ ਮਾਰੇ, “ਥਾਣੇਦਾਰ ਸਾਹਿਬ, ਘੋਰ ਕਲਯੁਗ ਆ ਗਿਆ ਹੈ, ਰੱਬ ਦਾ ਘਰ ਵੀ ਨਹੀਂ ਬਖਸ਼ਿਆ ਪਾਪੀਆਂ ਨੇ। ਜੇ ਭਗਤ ਭੜਕ ਪਏ ਤਾਂ ਥਾਣੇ ਨੂੰ ਅੱਗ ਵੀ ਲੱਗ ਸਕਦੀ ਹੈ।”

ਥਾਣੇਦਾਰ ਨੇ ਠਰ੍ਹੰਮੇ ਨਾਲ ਕਿਹਾ, “ਮਹਾਰਾਜ, ਪੈਸੇ ਤਾਂ ਰੱਬ ਦੇ ਚੋਰੀ ਹੋਏ ਨੇ, ਤੁਸੀਂ ਕਿਉਂ ਥਾਣੇ ਨੂੰ ਅੱਗ ਲਗਾਉਣ ਤੁਰ ਪਏ ਉ? ਆਪਣਾ ਕੰਮ ਰੱਬ ਆਪੇ ਵੇਖ ਲਵੇਗਾ।”

ਠੇਕੇਦਾਰ ਨੇ ਭੂਤਰੇ ਸਾਹਨ ਵਾਂਗ ਥਾਣੇਦਾਰ ਵੱਲ ਵੇਖਿਆ, “ਚੋਰਾਂ ਨੇ ਗਲਤ ਕੰਮ ਕੀਤਾ ਆ। ਰੱਬ ਦਾ ਘਰ ਹੀ ਅਪਵਿੱਤਰ ਕਰ ਦਿੱਤਾ ਹੈ।”

ਥਾਣੇਦਾਰ ਫਿਰ ਅਰਾਮ ਨਾਲ ਬੋਲਿਆ, “ਜੋ ਕਰੇਗਾ, ਸੋ ਭਰੇਗਾ। ਚੋਰਾਂ ਨੇ ਸਹੀ ਕੀਤਾ ਹੈ ਜਾਂ ਗਲਤ, ਇਸ ਦਾ ਫੈਸਲਾ ਰੱਬ ਆਪ ਕਰੇਗਾ।”

ਠੇਕੇਦਾਰ ਥਾਣੇਦਾਰ ਦੇ ਗਲ ਪੈਣ ਵਾਲਾ ਹੋ ਗਿਆ, “ਤੂੰ ਆਪਣਾ ਗਿਆਨ ਆਪਣੇ ਕੋਲ ਰੱਖ। ਚੋਰੀ ਕਰਨਾ ਪਾਪ ਹੈ, ਇਹ ਰੱਬ ਦਾ ਅਪਮਾਨ ਹੈ।”

ਥਾਣੇਦਾਰ ਸ਼ਾਂਤੀ ਦੀ ਮੂਰਤ ਬਣਿਆ ਠੇਕੇਦਾਰ ਦੀ ਹਾਲਤ ਦਾ ਸਵਾਦ ਲੈ ਰਿਹਾ ਸੀ, “ਇਹ ਕੰਮ ਰੱਬ ਨੇ ਹੀ ਕਰਵਾਇਆ ਹੈਉਸ ਦੀ ਮਰਜ਼ੀ ਬਗੈਰ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ।”

ਠੇਕੇਦਾਰ ਦਾ ਬਲੱਡ ਪਰੈਸ਼ਰ ਸੱਤਵੇਂ ਅਸਮਾਨ ’ਤੇ ਪਹੁੰਚ ਗਿਆ, “ਪਰ ਇਸ ਘੋਰ ਪਾਪ ਲਈ ਚੋਰਾਂ ਨੂੰ ਦੰਡ ਮਿਲਣਾ ਜਰੂਰੀ ਹੈ, ਨਹੀਂ ਰੱਬ ਨਰਾਜ਼ ਹੋ ਜਾਵੇਗਾ।”

ਥਾਣੇਦਾਰ ਨੇ ਫਿਰ ਗਿਆਨ ਝਾੜਿਆ, “ਮਹਾਰਾਜ ਜੀ, ਅਸੀਂ ਕੀ ਲੈ ਕੇ ਆਏ ਸੀ ਤੇ ਕੀ ਲੈ ਕੇ ਜਾਵਾਂਗੇ? ਅਸੀਂ ਕੌਣ ਹੁੰਦੇ ਹਾਂ ਕਿਸੇ ਨੂੰ ਦੰਡ ਦੇਣ ਵਾਲੇ। ਰੱਬ ਆਪੇ ਦੰਡ ਦੇਵੇਗਾ ਇਨ੍ਹਾਂ ਪਾਪੀ ਚੋਰਾਂ ਨੂੰ।”

ਜੇ ਕਿਤੇ ਥਾਣੇਦਾਰ ਨੇ ਵਰਦੀ ਨਾ ਪਾਈ ਹੁੰਦੀ ਤਾਂ ਠੇਕੇਦਾਰ ਨੇ ਉਸ ਨੂੰ ਢਾਹ ਲੈਣਾ ਸੀ। ਠੇਕੇਦਾਰ ਬੋਲਿਆ, “ਤੂੰ ਬਹੁਤਾ ਸਿਆਣਾ ਨਾ ਬਣ, ਮੈਨੂੰ ਤਾਂ ਆਪਣਾ ਪੈਸਾ ਚਾਹੀਦਾ ਬੱਸ। ਚੋਰ ਪਕੜੋ ਤੇ ਮੇਰਾ ਪੈਸਾ ਮੇਰੇ ਹਵਾਲੇ ਕਰੋ।”

ਥਾਣੇਦਾਰ ਦਾ ਦਿਲ ਕਰੇ ਕਿ ਕੱਸ ਕੇ ਇੱਕ ਚਪੇੜ ਠੇਕੇਦਾਰ ਦੇ ਕੰਨ ‘ਤੇ ਰਸੀਦ ਕਰੇ। ਪਰ ਧਰਮ ਅੰਧਾਂ ਦੀ ਭੀੜ ਵੇਖ ਕੇ ਆਪਣਾ ਗੁੱਸਾ ਵਿੱਚੇ ਵਿੱਚ ਪੀ ਗਿਆ। ਪਰ ਫਿਰ ਵੀ ਠੇਕੇਦਾਰ ਨੂੰ ਸ਼ਰਮਿੰਦਾ ਕਰਨ ਲਈ ਬੋਲਿਆ, “ਤਾਂ ਫਿਰ ਇਹ ਕਹਿ ਨਾ ਕਿ ਪੈਸਾ ਤੇਰਾ ਹੈ, ਰੱਬ ਨੂੰ ਕਿਉਂ ਬਦਨਾਮ ਕਰ ਰਿਹਾਂ ਆਪਣੇ ਇਸ ਗੋਰਖ ਧੰਦੇ ਖਾਤਰ?”

**

2.                                                                          ਕਰੋਨਾ ਅਤੇ ਚੋਰ

ਕਿਸੇ ਅਮੀਰ ਘਰ ਰਾਤ ਨੂੰ ਚੋਰ ਵੜ ਗਏ ਪਰ ਬਿਨਾਂ ਕੋਈ ਲੁੱਟ ਮਾਰ ਕੀਤੇ ਭੱਜ ਗਏ। ਅਗਲੇ ਦਿਨ ਥਾਣੇ ਰਿਪੋਰਟ ਪਹੁੰਚੀ ਤਾਂ ਥਾਣੇਦਾਰ ਵੀ ਸੂਹੀਏ ਕੁੱਤੇ ਲੈ ਕੇ ਮੌਕੇ ’ਤੇ ਪਹੁੰਚ ਗਿਆ। ਜਾ ਕੇ ਪਤਾ ਲੱਗਾ ਕਿ ਘਰ ਦੀ 80 ਸਾਲਾ ਬਜ਼ੁਰਗ ਦਾਦੀ ਨੇ ਚੋਰਾਂ ਨੂੰ ਭਜਾਇਆ ਹੈ। ਥਾਣੇਦਾਰ ਨੇ ਹੈਰਾਨ ਹੋ ਕੇ ਬੇਬੇ ਨੂੰ ਪੁੱਛਿਆ, “ਮਾਤਾ ਤੂੰ ਤਾਂ ਐਨੀ ਉਮਰ ਦੀ ਆਂ, ਫਿਰ ਚੋਰਾਂ ਨੂੰ ਕਿਵੇਂ ਭਜਾ ਦਿੱਤਾ? ਮੰਨਣ ’ਚ ਗੱਲ ਨਹੀਂ ਆਉਂਦੀ।”

ਮਾਤਾ ਨੇ ਹੱਸਦੇ ਹੋਏ ਦੱਸਿਆ, “ਪੁੱਤ ਹੋਇਆ ਇਸ ਤਰ੍ਹਾਂ ਕਿ ਮੈਂ ’ਕੱਲੀ ਥੱਲੇ ਹਾਲ ਵਿੱਚ ਸੁੱਤੀ ਪਈ ਸੀ। ਚੋਰ ਖਿੜਕੀ ਤੋੜ ਕੇ ਅੰਦਰ ਵੜ ਗਏ ਤੇ ਲੱਤ ਮਾਰ ਕੇ ਮੈਨੂੰ ਉਠਾਇਆ। ਕਹਿਣ ਲੱਗੇ ਦੱਸ ਬੁੱਢੀਏ ਮਾਲ ਕਿੱਥੇ ਰੱਖਿਆ ਆ, ਤਿਜੌਰੀ ਕਿੱਥੇ ਆ ਅਤੇ ਤੇ ਘਰ ਦੇ ਬਾਕੀ ਮੈਂਬਰ ਕਿੱਥੇ ਸੁੱਤੇ ਨੇ? ਮੈਂ ਸਮਝ ਗਈ ਕਿ ਜੇ ਹੁਣ ਘਬਰਾ ਗਈ ਤਾਂ ਸਾਰਾ ਘਰ ਲੁੱਟਿਆ ਜਾਵੇਗਾ। ਮੈਂ ਬਿਨਾਂ ਡਰੇ ਕਿਹਾ ਕਿ ਬੇਟਾ ਮੈਂ ਘਰ ਵਿੱਚ ‘ਕੱਲੀ ਆਂ। ਸਾਰਾ ਪਰਿਵਾਰ ਪੈਸਾ ਟਕਾ ਤੇ ਗਹਿਣੇ ਨਾਲ ਲੈ ਕੇ ਕਈ ਦਿਨਾਂ ਤੋਂ ਖੇਤਾਂ ਵਿੱਚ ਬਣੇ ਮਕਾਨ ’ਚ ਰਹਿ ਰਿਹਾ ਆ। ਹਾਂ ਜਾਣ ਲੱਗੇ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਿਉ ਕਿਉਂਕਿ ਮੈਨੂੰ ਕਰੋਨਾ ਹੋਣ ਕਾਰਨ ਡਾਕਟਰਾਂ ਨੇ ਇਸ ਘਰ ਵਿੱਚ ਇਕੱਲੀ ਨੂੰ ਬੰਦ ਕੀਤਾ ਹੋਇਆ ਹੈ। ਬੱਸ ਫਿਰ ਕੀ ਸੀ? ਚੋਰਾਂ ਨੂੰ ਭੱਜਣ ਵਾਸਤੇ ਰਾਹ ਨਾ ਲੱਭੇ, ਇੱਕ ਦੂਸਰੇ ’ਚ ਵੱਜਦੇ ਫਿਰਨ।”

**

3.                                                                             ਮੰਤਰੀ ਦਾ ਦਿਮਾਗ

ਮੰਤਰੀ ਜੀ ਨੂੰ ਕਿਸੇ ਬਹੁਤ ਹੀ ਜਰੂਰੀ ਕੰਮ ਲਈ ਖੁਦ ਬੈਂਕ ਵਿੱਚ ਪਧਾਰਨਾ ਪਿਆ। ਜਦੋਂ ਉਸ ਨੇ ਕਲਰਕ ਨੂੰ ਆਪਣੇ ਮਕਸਦ ਬਾਰੇ ਦੱਸਿਆ ਤਾਂ ਕਾਨੂੰਨ ਦੇ ਕੀੜੇ ਕਲਰਕ ਨੇ ਆਈ.ਡੀ. ਪਰੂਫ ਮੰਗ ਲਿਆ। ਮੰਤਰੀ ਦਾ ਪਾਰਾ ਸੱਤਵੇਂ ਅਸਮਾਨ ’ਤੇ ਪਹੁੰਚ ਗਿਆ, “ਉਏ ਤੂੰ ਮੈਨੂੰ ਨਈਂ ਜਾਣਦਾ? ਮੈਂ ਮੰਤਰੀ ਘੁਟਾਲਾ ਚੰਦ ਆਂ। ਮੈਨੂੰ ਵੇਖ ਕੇ ਤਾਂ ਮੁੱਖ ਮੰਤਰੀ ਦੀਆਂ ਟੰਗਾਂ ਕੰਬਣ ਲੱਗ ਪੈਂਦੀਆਂ ਨੇ।”

ਕਲਰਕ ਬਾਦਸ਼ਾਹ ਵੀ ਬੈਂਕ ਦੇ ਅੰਦਰ ਆਪਣੇ ਆਪ ਨੂੰ ਰੱਬ ਤੋਂ ਘੱਟ ਨਹੀਂ ਸੀ ਸਮਝਦਾ। ਉਹ ਬੋਲਿਆ, “ਜਰੂਰ ਹੋਵੋਗੇ ਤੁਸੀਂ ਮੰਤਰੀ, ਪਰ ਨਿਯਮ ਸਭ ਲਈ ਬਰਾਬਰ ਹਨ।”

ਜਦੋਂ ਧਮਕੀਆਂ ਨਾਲ ਕੰਮ ਨਾ ਬਣਿਆ ਤਾਂ ਮੰਤਰੀ ਨੇ ਬਟੂਆ ਖੋਲ੍ਹ ਕੇ ਆਈਡੈਂਟੀ ਕਾਰਡ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੂੰ ਮੰਤਰੀਪੁਣੇ ਅਤੇ ਗੰਨਮੈਨਾਂ ਦੀ ਹੈਂਕੜਬਾਜ਼ੀ ਕਾਰਨ ਆਈਡੈਂਟੀ ਕਾਰਡ ਦੀ ਕਦੇ ਜਰੂਰਤ ਹੀ ਨਹੀਂ ਸੀ ਪਈ। ਥੱਕ ਹਾਰ ਕੇ ਆਖਰ ਉਸ ਨੂੰ ਅੱਕ ਚੱਬਣਾ ਪਿਆ, “ਯਾਰ ਮੇਰੇ ਕੋਲ ਤਾਂ ਕੋਈ ਆਈ.ਡੀ. ਪਰੂਫ ਨਈਂ ਹੈ, ਹੁਣ ਮੈਂ ਕੀ ਕਰਾਂ? ਮੇਰਾ ਤਾਂ ਕੰਮ ਬਹੁਤ ਜਰੂਰੀ ਸੀ, ਖਾਤਾ ਬਲਾਕ ਹੋਇਆ ਪਿਆ ਆ।”

ਅੰਦਰੇ ਅੰਦਰ ਹੱਸਦੇ ਹੋਏ ਕਲਰਕ ਨੇ ਸੋਚਿਆ, ਬੱਚੂ ਹੁਣ ਆਇਆ ਕਾਬੂ। ਇਹ ਤਾਂ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ। ਉਹ ਬੋਲਿਆ, “ਵੇਖੋ ਜੀ, ਆਈ.ਡੀ. ਪਰੂਫ ਤਾਂ ਵਿਖਾਉਣਾ ਪਊ। ਜੇ ਨਹੀਂ ਹੈਗਾ ਤਾਂ ਆਪਣੇ ਮੰਤਰਾਲੇ ਬਾਰੇ ਕੋਈ ਅਜਿਹੀ ਗੱਲ ਦੱਸੋ ਕਿ ਅਸੀਂ ਮੰਨ ਲਈਏ ਕਿ ਤੁਸੀਂ ਸੱਚੀਂ ਮੰਤਰੀ ਓ। ਕੱਲ੍ਹ ਕਰਤਾਰ ਭਲਵਾਨ ਆਇਆ ਸੀ, ਉਸ ਨੇ ਸਾਡੇ ਗਾਰਡ ਨਾਲ ਕੁਸ਼ਤੀ ਲੜ ਕੇ ਵਿਖਾਈ। ਪਰਸੋਂ ਮਹਿੰਦਰ ਸਿੰਘ ਧੋਨੀ ਆਇਆ ਸੀ, ਉਸ ਨੇ ਬੈਟਿੰਗ ਕਰ ਕੇ ਵਿਖਾਈ। ਇੱਕ ਦਿਨ ਸਲਮਾਨ ਖਾਨ ਵੀ ਆਇਆ ਸੀ, ਉਸ ਨੇ ਮੁੰਨੀ ਬਦਨਾਮ ਹੂਈ ਗਾਣੇ ’ਤੇ ਡਾਂਸ ਕਰ ਕੇ ਵਿਖਾਇਆ। ਅਸੀਂ ਉਨ੍ਹਾਂ ਕੋਲ ਆਈ.ਡੀ. ਪਰੂਫ ਨਾ ਹੋਣ ਦੇ ਬਾਵਜੂਦ ਵੀ ਸਮਝ ਗਏ ਕਿ ਇਹ ਸਹੀ ਆਦਮੀ ਨੇ।”

ਮੰਤਰੀ ਘਬਰਾ ਗਿਆ, “ਯਾਰ ਮੈਨੂੰ ਤਾਂ ਆਪਣੇ ਮੰਤਰਾਲੇ ਬਾਰੇ ਕੁਝ ਵੀ ਪਤਾ ਨਈਂ। ਮੇਰੀ ਖੋਪੜੀ ਵਿੱਚ ਕੁਝ ਨਹੀਂ ਆ ਰਿਹਾ, ਦਿਮਾਗ ਈ ਖਾਲੀ ਹੋਇਆ ਪਿਆ ਆ। ਮੈਂ ਤਾਂ ਕਰਦਾ ਈ ਕੁਝ ਨਈਂ, ਸਾਰਾ ਕੰਮ ਕਾਜ ਅਫਸਰ ਈ ਚਲਾਈ ਜਾਂਦੇ ਨੇ। ਹੁਣ ਮੈਂ ਕੀ ਕਰਾਂ?”

ਕਲਰਕ ਹੱਸ ਪਿਆ, “ਬੱਸ ਹਜ਼ੂਰ ਬੱਸ, ਹੁਣ ਕਿਸੇ ਆਈ.ਡੀ. ਪਰੂਫ ਦੀ ਜਰੂਰਤ ਨਈਂ। ਮੈਂ ਸਮਝ ਗਿਆ, ਤੁਸੀਂ ਵਾਕਿਆ ਈ ਮੰਤਰੀ ਓ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2198) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author