BalrajSidhu7ਪਿਛਲੇ 30-40 ਸਾਲਾਂ ਤੋਂ ਹਰ ਸਾਲ ਗਰਮੀਆਂ ਦਾ ਆਗਮਨ ਹੁੰਦੇ ਸਾਰ ...
(20 ਜਨਵਰੀ 2020)

 

ਡੇਢ ਮਹੀਨੇ ਤੋਂ ਆਸਟਰੇਲੀਆ ਵਿੱਚ ਲੱਗੀਆਂ ਹੋਈਆਂ ਭਿਆਨਕ ਅੱਗਾਂ ਨੇ ਦੇਸ਼ ਦੇ ਕਈ ਸੂਬਿਆਂ ਨੂੰ ਲਗਭਗ ਤਬਾਹ ਕਰ ਕੇ ਰੱਖ ਦਿੱਤਾ ਹੈਹੁਣ ਤੱਕ ਇੱਕ ਫਾਇਰ ਫਾਈਟਰ ਸਮੇਤ 30 ਵਿਅਕਤੀਆਂ ਦੀ ਸੜਨ ਕਾਰਨ ਮੌਤ ਹੋ ਗਈ ਹੈ ਤੇ 30,000 ਤੋਂ ਵਧੇਰੇ ਘਰ ਇਸਦੀ ਭੇਂਟ ਚੜ੍ਹ ਚੁੱਕੇ ਹਨਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਇਸ ਅੱਗ ਉੱਤੇ ਕਾਬੂ ਪਾਉਣ ਲਈ ਦਿਨ ਰਾਤ ਜੂਝ ਰਹੀਆਂ ਹਨਯੂਰਪੀ ਯੂਨੀਅਨ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਨੇ ਆਪਣੇ ਹਜ਼ਾਰਾਂ ਫਾਇਰ ਫਾਈਟਰ ਇਸ ਅੱਗ ਨੂੰ ਕੰਟਰੋਲ ਕਰਨ ਲਈ ਭੇਜੇ ਹੋਏ ਹਨਪਰ ਕਹਿਰ ਦੀ ਗਰਮੀ, ਤੇਜ਼ ਹਵਾਵਾਂ, ਸੋਕੇ ਅਤੇ ਗਲੋਬਲ ਵਾਰਮਿੰਗ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨਯਾਦ ਰਹੇ ਕਿ ਆਸਟਰੇਲੀਆ ਦਾ ਮੌਸਮ ਸਾਰੀ ਦੁਨੀਆਂ ਤੋਂ ਉਲਟਾ ਅਤੇ ਬੇਹੱਦ ਖੁਸ਼ਕ ਹੈਉੱਥੇ ਸਾਡੀਆਂ ਗਰਮੀਆਂ ਸਮੇਂ ਸਰਦੀ ਤੇ ਸਰਦੀਆਂ ਸਮੇਂ ਕਹਿਰ ਦੀ ਗਰਮੀ ਪੈਂਦੀ ਹੈ

ਇਸ ਸਮੇਂ ਕਰੀਬ ਅੱਧੇ ਆਸਟਰੇਲੀਆ ਵਿੱਚ ਭਾਂਬੜ ਮੱਚ ਰਹੇ ਹਨ ਪਰ ਨਿਊ ਸਾਊਥ ਵੇਲਜ਼ ਸੂਬੇ ਦੇ ਹਾਲਾਤ ਸਭ ਤੋਂ ਬੁਰੇ ਹਨਅੱਗ ਨੇ ਫਾਰਮਾਂ, ਜੰਗਲਾਂ ਅਤੇ ਪਿੰਡਾਂ ਦੇ ਪਿੰਡ ਫੂਕ ਦਿੱਤੇ ਹਨਆਸਟਰੇਲੀਆ ਦਾ ਸਭ ਤੋਂ ਵੱਡਾ ਜੰਗਲ, ਬਲਿਊ ਮਾਊਂਟੇਨ ਨੈਸ਼ਨਲ ਪਾਰਕ ਅੱਗ ਨੇ ਸਵਾਹ ਦਾ ਢੇਰ ਬਣਾ ਕੇ ਰੱਖ ਦਿੱਤਾ ਹੈਇੱਥੋਂ ਤੱਕ ਕਿ ਮੈਲਬਰਨ ਅਤੇ ਸਿਡਨੀ ਵਰਗੇ ਸ਼ਹਿਰਾਂ ਦੇ ਕਈ ਹਿੱਸੇ ਲੋਕਾਂ ਤੋਂ ਖਾਲੀ ਕਰਾਉਣੇ ਪਏ ਹਨਇਸਦੇ ਬਾਹਰੀ ਇਲਾਕਿਆਂ ਤੱਕ ਪਹੁੰਚ ਚੁੱਕੀ ਅੱਗ ਦੀਆਂ ਲਾਟਾਂ ਕਾਰਨ ਇਹ ਸ਼ਹਿਰ ਧੂੰਏਂ ਦੀ ਮੋਟੀ ਚਾਦਰ ਨਾਲ ਢਕੇ ਪਏ ਹਨਦਸੰਬਰ ਮਹੀਨੇ ਦੌਰਾਨ ਸਿਡਨੀ ਵਿੱਚ ਵਾਤਾਵਰਣ ਗੁਣਵਤਾ ਸਭ ਨਾਲੋਂ ਖਤਰਨਾਕ ਹੱਦ ਤੋਂ ਵੀ 11 ਗੁਣਾ ਵੱਧ ਜ਼ਹਿਰੀਲੀ ਪਾਈ ਗਈ ਤੇ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ ਸਾਰੀਆਂ ਉਡਾਣਾਂ ਰੱਦ ਕਰਨੀਆਂ ਪਈਆਂ ਸਨਮਹੀਨਿਆਂ ਤੋਂ ਬਲ ਰਹੀਆਂ ਇਹ ਅੱਗਾਂ ਸੈਂਕੜੇ ਮੀਲਾਂ ਤੱਕ ਫੈਲ ਗਈਆਂ ਹਨਨਿਊ ਸਾਊਥ ਵੇਲਜ਼ ਵਿੱਚ ਤਾਂ ਅਜੇ ਵੀ 250 ਸਥਾਨਾਂ ਉੱਪਰ ਅੱਗਾਂ ਲਟ ਲਟ ਬਲ ਰਹੀਆਂ ਹਨ

ਪਿਛਲੇ 30-40 ਸਾਲਾਂ ਤੋਂ ਹਰ ਸਾਲ ਗਰਮੀਆਂ ਦਾ ਆਗਮਨ ਹੁੰਦੇ ਸਾਰ ਆਸਟਰੇਲੀਆਂ ਵਿੱਚ ਅੱਗਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈਸਿਰ ਤੋੜ ਕੋਸ਼ਿਸ਼ਾਂ ਦੇ ਬਾਵਜੂਦ ਆਸਟਰੇਲੀਆ ਵਰਗਾ ਵਿਕਸਤ ਦੇਸ਼ ਵੀ ਇਹਨਾਂ ਦਾ ਕੋਈ ਹੱਲ ਨਹੀਂ ਲੱਭ ਸਕਿਆਹਰੇਕ ਸਾਲ ਅਰਬਾਂ ਡਾਲਰ ਦੀ ਸੰਪਤੀ ਅਤੇ ਅਣਮੋਲ ਜਾਨਾਂ ਇਸਦੀ ਭੇਂਟ ਚੜ੍ਹ ਜਾਂਦੀਆਂ ਹਨਗਰਮੀਆਂ ਵਿੱਚ ਪੈਣ ਵਾਲਾ ਸੋਕਾ, ਤਪਸ਼, ਅਸਮਾਨੀ ਬਿਜਲੀ ਅਤੇ ਝੱਖੜਾਂ ਕਾਰਨ ਅੱਗ ਜਲਦੀ ਹੀ ਕਾਬੂ ਤੋਂ ਬਾਹਰ ਹੋ ਜਾਂਦੀ ਹੈਲੱਕੜ ਦੇ ਘਰ ਮਾਚਿਸ ਦੀਆਂ ਤੀਲੀਆਂ ਵਾਂਗ ਬਲ ਉੱਠਦੇ ਹਨਭਾਰਤ ਵਾਂਗ ਇੱਟਾਂ ਦੇ ਘਰ ਹੋਣ ਤਾਂ ਸ਼ਾਇਦ ਕੁਝ ਬਚਾਅ ਹੋ ਜਾਵੇਸਭ ਤੋਂ ਵੱਧ ਅੱਗਾਂ ਅਸਮਾਨੀ ਬਿਜਲੀ ਕਾਰਨ ਲੱਗਦੀਆਂ ਹਨਜਨਵਰੀ ਦੇ ਸ਼ੁਰੂ ਵਿੱਚ ਵਿਕਟੋਰੀਆ ਸੂਬੇ ਦੇ ਈਸਟ ਗਿਪਸਲੈਂਡ ਸ਼ਹਿਰ ਨਜ਼ਦੀਕ ਅਸਮਾਨੀ ਬਿਜਲੀ ਕਾਰਨ ਲੱਗੀ ਅੱਗ ਸਿਰਫ ਤਿੰਨ ਘੰਟਿਆਂ ਵਿੱਚ ਹੀ 35 ਕਿ.ਮੀ. ਇਲਾਕੇ ਵਿੱਚ ਫੈਲ ਗਈ ਸੀਆਸਟਰੇਲੀਆ ਦੇ ਬਹੁਤ ਸਾਰੇ ਮਾਨਸਿਕ ਵਿਕਾਰਾਂ ਵਾਲੇ ਲੋਕ ਵੀ ਅੱਗਾਂ ਸ਼ੁਰੂ ਕਰਨ ਲਈ ਜ਼ਿੰਮੇਵਾਰ ਹਨਪਿਛਲੇ ਸਾਲ ਅਜਿਹੇ 3 ਨੌਜਵਾਨ ਅੱਗ ਲਾਉਣ ਵੇਲੇ ਚੱਲ ਰਹੀ ਹਨੇਰੀ ਕਾਰਨ ਖੁਦ ਹੀ ਸੜ ਕੇ ਮਰ ਗਏ ਸਨ2019 ਅਤੇ 2020 ਦੌਰਾਨ ਪੁਲਿਸ ਨੇ 2150 ਅਜਿਹੇ ਵਿਅਕਤੀ ਗ੍ਰਿਫਤਾਰ ਕੀਤੇ ਹਨ ਜਿਹਨਾਂ ਦੁਆਰਾ ਜਾਣ ਬੁੱਝ ਕੇ ਲਗਾਈਆਂ ਗਈਆਂ ਅੱਗਾਂ ਨੇ ਕਰੋੜਾਂ ਦੀ ਸੰਪਤੀ ਨਸ਼ਟ ਕੀਤੀ ਤੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਖਤਰੇ ਵਿੱਚ ਪਾਈਆਂ

ਅੱਗ ਦਾ ਮੌਸਮ ਆਸਟਰੇਲੀਆ ਲਈ ਹਮੇਸ਼ਾ ਘੋਰ ਮੁਸੀਬਤਾਂ ਲੈ ਕੇ ਆਉਂਦਾ ਹੈ11 ਜਨਵਰੀ 2009 ਨੂੰ ਵਿਕਟੋਰੀਆ ਸੂਬੇ ਵਿੱਚ ਵਾਪਰਿਆ ਬਲੈਕ ਸ਼ਨੀਵਾਰ ਅਜੇ ਵੀ ਲੋਕਾਂ ਦੀ ਯਾਦ ਵਿੱਚ ਤਾਜ਼ਾ ਹੈਉਸ ਦਿਨ ਜੰਗਲ ਦੀ ਅੱਗ ਨੇ ਪਲਾਂ ਵਿੱਚ ਹੀ ਇੱਕ ਪੂਰਾ ਪਿੰਡ ਤਬਾਹ ਕਰ ਦਿੱਤਾ ਸੀ ਤੇ 175 ਇਨਸਾਨਾਂ ਦੀ ਜਾਨ ਲੈ ਲਈ ਸੀਭਾਵੇਂ ਇਸ ਸਾਲ ਅਜੇ ਤੱਕ ਐਨਾ ਨੁਕਸਾਨ ਤਾਂ ਨਹੀਂ ਹੋਇਆ, ਪਰ ਹਾਲਾਤ ਉਦੋਂ ਨਾਲੋਂ ਵੀ ਜ਼ਿਆਦਾ ਬੁਰੇ ਹਨਇਸ ਸਾਲ ਆਸਟਰੇਲੀਆ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਸੋਕਾ ਚੱਲ ਰਿਹਾ ਹੈਵਗ ਰਹੀਆਂ ਖੁਸ਼ਕ ਗਰਮ ਹਵਾਵਾਂ ਅੱਗ ਨੂੰ ਹੋਰ ਅਨੁਕੂਲ ਹਾਲਾਤ ਪ੍ਰਦਾਨ ਕਰ ਰਹੀਆਂ ਹਨਅੱਗ ਸਾਰੇ ਪਾਸੇ ਦਾਵਾਨਲ ਵਾਂਗ ਵਧਦੀ ਹੀ ਜਾ ਰਹੀ ਹੈਤਾਪਮਾਨ ਭਾਰਤ ਨਾਲੋਂ ਵੀ ਵੱਧ, 47 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਿਆ ਹੈਅੱਗਾਂ ਸ਼ੁਰੂ ਹੋਣ ਵੇਲੇ ਆਸਟਰੇਲੀਆ ਦਾ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਹਵਾਈ ਟਾਪੂਆਂ ਵਿੱਚ ਛੁੱਟੀਆਂ ਮਨਾ ਰਿਹਾ ਸੀਉਸ ਦੀ ਮੀਡੀਆ ਵਿੱਚ ਐਨੀ ਨੁਕਤਾਚੀਨੀ ਹੋਈ ਕਿ ਉਸ ਨੂੰ ਆਪਣੀਆਂ ਛੁੱਟੀਆਂ ਰੱਦ ਕਰ ਕੇ ਵਾਪਸ ਆਉਣ ਪਿਆ ਤੇ ਦੇਸ਼ ਤੋਂ ਮੁਆਫੀ ਮੰਗਣੀ ਪਈ

ਆਸਟਰੇਲੀਆ ਵਿੱਚ ਹੋ ਰਿਹਾ ਨੁਕਸਾਨ ਦਿਲ ਕੰਬਾਊ ਹੈਪਿੰਡਾਂ ਦੇ ਪਿੰਡ ਤੇ ਸ਼ਹਿਰਾਂ ਦੇ ਸ਼ਹਿਰ ਇਸ ਅੱਗ ਨੇ ਭਸਮ ਕਰ ਦਿੱਤੇ ਹਨਜ਼ਿਆਦਾ ਅੱਗ ਵਾਲੇ ਸੂਬਿਆਂ ਨਿਊ ਸਾਊਥ ਵੇਲਜ਼, ਵਿਕੋਟਰੀਆ, ਸਾਊਥ ਆਸਟਰੇਲੀਆ, ਵੈਸਟ ਆਸਟਰੇਲੀਆ, ਤਸਮਾਨੀਆਂ ਅਤੇ ਕੂਈਨਜ਼ਲੈਂਡ ਦਾ 18 ਕਰੋੜ ਏਕੜ ਖੇਤਰਫਲ ਸੜ ਕੇ ਭਸਮ ਹੋ ਗਿਆ ਹੈਇਹ ਇਲਾਕਾ ਬੈਲਜ਼ੀਅਮ ਅਤੇ ਡੈਨਮਾਰਕ ਦੇ ਕੁਲ ਖੇਤਰਫਲ ਤੋਂ ਵੀ ਵੱਧ ਹੈਸਭ ਤੋਂ ਵੱਧ ਤਬਾਹੀ ਝੇਲ ਰਹੇ ਨਿਊ ਸਾਊਥ ਵੇਲਜ਼ ਸੂਬੇ ਦਾ 7 ਕਰੋੜ 21 ਲੱਖ ਏਕੜ ਤੋਂ ਵੱਧ ਇਲਾਕਾ ਸੜ ਜਾਣ ਕਾਰਨ ਉਸ ਦੀ ਆਰਥਿਕਤਾ ਦਾ ਲੱਕ ਟੁੱਟ ਚੁੱਕਾ ਹੈਹਰ ਸਾਲ ਲੱਗਣ ਵਾਲੀਆਂ ਅੱਗਾਂ ਤੋਂ ਡਰੇ ਹੋਏ ਕਿਸਾਨ ਅਤੇ ਸਨਅਤਕਾਰ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਦੂਸਰੇ ਸੂਬਿਆਂ ਵੱਲ ਹਿਜ਼ਰਤ ਕਰ ਰਹੇ ਹਨਇਸ ਸਾਲ ਇਹ ਵਰਤਾਰਾ ਸਾਰੀ ਦੁਨੀਆਂ ਵਿੱਚ ਹੀ ਚੱਲ ਰਿਹਾ ਹੈਵਾਤਾਵਰਣ ਤਬਦੀਲੀ ਕਾਰਨ 2019 ਵਿੱਚ ਬਰਾਜ਼ੀਲ ਦੇ ਅਮਾਜ਼ੌਨ ਜੰਗਲਾਂ ਅਤੇ ਅਮਰੀਕਾ ਦੇ ਕੈਲੀਫੋਰਨੀਆਂ ਸੂਬੇ ਵਿੱਚ ਵੀ ਭਿਆਨਕ ਅੱਗਾਂ ਲੱਗ ਚੁੱਕੀਆਂ ਹਨਅਮਾਜ਼ੌਨ ਦੇ ਜੰਗਲਾਂ ਵਿੱਚ 18 ਕਰੋੜ ਏਕੜ ਅਤੇ ਕੈਲੀਫੋਰਨੀਆਂ ਵਿੱਚ 30 ਲੱਖ ਏਕੜ ਇਲਾਕਾ ਸੜ ਕੇ ਸਵਾਹ ਹੋ ਚੁੱਕਾ ਹੈ

ਸਭ ਤੋਂ ਭਿਆਨਕ ਵਿਨਾਸ਼ ਅਣਭੋਲ ਪਸ਼ੂ ਪੰਛੀਆਂ ਨੂੰ ਸਹਿਣਾ ਪੈ ਰਿਹਾ ਹੈਕੋਆਲਾ, ਕੰਗਾਰੂ, ਊਠ, ਸੱਪ, ਜੰਗਲੀ ਕੁੱਤੇ, ਪਾਲਤੂ ਜਾਨਵਰ ਅਤੇ ਪੰਛੀ, ਲੱਖਾਂ ਦੀ ਗਿਣਤੀ ਵਿੱਚ ਖਤਮ ਹੋ ਗਏ ਹਨ ਤੇ ਉਹਨਾਂ ਦੇ ਕੁਦਰਤੀ ਅਵਾਸ ਤਬਾਹ ਹੋ ਗਏ ਹਨਸਭ ਤੋਂ ਵੱਧ ਨੁਕਸਾਨ ਭੋਲੇ ਭਾਲੇ ਕੋਆਲਾ ਨੂੰ ਝੱਲਣਾ ਪਿਆ ਹੈਉਹਨਾਂ ਦੀ 35% ਤੋਂ ਵੱਧ ਨਸਲ ਖਤਮ ਹੋ ਗਈ ਹੈਅਨੇਕਾਂ ਜਾਨਵਰਾਂ ਦੀਆਂ ਪ੍ਰਜਾਤੀਆਂ ਖਤਰੇ ਵਾਲੀ ਸ਼੍ਰੇਣੀ ਵਿੱਚ ਪਹੁੰਚ ਗਈਆਂ ਹਨ ਤੇ ਉਹਨਾਂ ਦੇ ਸਦਾ ਲਈ ਧਰਤੀ ਤੋਂ ਗਾਇਬ ਹੋ ਜਾਣ ਦਾ ਖਤਰਾ ਪੈਦਾ ਹੋ ਗਿਆ ਹੈਹੁਣ ਤੱਕ ਕੁਲ ਮਿਲਾ ਕੇ ਪੰਜ ਕਰੋੜ ਤੋਂ ਵੱਧ ਜਾਨਵਰ ਇਸ ਅੱਗ ਤੋਂ ਪ੍ਰਭਾਵਿਤ ਹੋਏ ਹਨ ਤੇ 50 ਲੱਖ ਤੋਂ ਵਤਧ ਮਾਰੇ ਜਾ ਚੁੱਕੇ ਹਨਡੱਡੂਆਂ, ਰੀਂਗਣ ਵਾਲੇ ਜਾਨਵਰਾਂ ਅਤੇ ਕੀਟ ਪਤੰਗਿਆਂ ਦੀ ਗਿਣਤੀ ਦਾ ਤਾਂ ਕੋਈ ਹਿਸਾਬ ਹੀ ਨਹੀਂਹਜ਼ਾਰਾਂ ਵੈਟਨਰੀ ਡਾਕਟਰ ਅਤੇ ਵਾਲੰਟੀਅਰ ਜ਼ਖਮੀ ਜਾਨਵਰਾਂ ਦਾ ਇਲਾਜ ਕਰ ਰਹੇ ਹਨਪਰ ਕਈ ਜਾਨਵਰ ਐਨੇ ਜ਼ਿਆਦਾ ਜ਼ਖਮੀ ਹੋ ਚੁੱਕੇ ਹਨ ਕਿ ਉਹਨਾਂ ਨੂੰ ਰਹਿਮ ਦੇ ਅਧਾਰ ਉੱਤੇ ਖਤਮ ਕੀਤਾ ਜਾ ਰਿਹਾ ਹੈਜਾਨਵਰਾਂ ਦੇ ਕੁਦਰਤੀ ਅਵਾਸ ਅਤੇ ਘਾਹ ਝਾੜੀਆਂ ਖਤਮ ਹੋਣ ਕਾਰਨ ਉਹਨਾਂ ਦੇ ਭੁੱਖੇ ਮਰਨ ਦਾ ਖਤਰਾ ਪੈਦਾ ਹੋ ਗਿਆ ਹੈਹੁਣ ਜਾਨਵਰਾਂ ਨੂੰ ਬਚਾਉਣ ਲਈ ਹੈਲੀਕਾਪਟਰਾਂ ਰਾਹੀਂ ਲੱਖਾਂ ਟਨ ਸਬਜ਼ੀਆਂ, ਪੱਠੇ ਅਤੇ ਹੋਰ ਚਾਰਾ ਜੰਗਲਾਂ ਵਿੱਚ ਸੁੱਟਿਆ ਜਾ ਰਿਹਾ ਹੈ

ਸਰਕਾਰੀ ਏਜੰਸੀਆਂ ਅਤੇ ਅਧਿਕਾਰੀ ਮਹੀਨਿਆਂ ਤੋਂ ਇਸ ਨਰਕ ਦੀ ਅੱਗ ਵਰਗੀ ਮੁਸੀਬਤ ਨਾਲ ਜੂਝ ਰਹੇ ਹਨਲਗਭਗ ਅੱਧੇ ਆਸਟਰੇਲੀਆ ਵਿੱਚ ਹੰਗਾਮੀ ਸਥਿਤੀ ਲਾਗੂ ਕਰ ਦਿੱਤੀ ਗਈ ਹੈਵਿਸਥਾਪਿਤ ਹੋਏ ਲੋਕਾਂ ਨੂੰ ਰਿਹਾਇਸ਼, ਕੱਪੜਾ, ਖਾਣਾ ਅਤੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ20,000 ਤੋਂ ਵੱਧ ਅਗਨੀ ਸ਼ਮਨ ਅਧਿਕਾਰੀ, ਪੁਲਿਸ ਮੈਨ, ਸੈਨਿਕ, ਵਾਲੰਟੀਅਰ, ਹਜ਼ਾਰਾਂ ਫਾਇਰ ਟੈਂਕਰ ਅਤੇ ਸੈਂਕੜੇ ਹਵਾਈ ਜਹਾਜ਼ ਤੇ ਹੈਲੀਕਾਪਟਰ ਅੱਗ ਉੱਤੇ ਲਗਾਤਾਰ ਪਾਣੀ ਅਤੇ ਕੈਮੀਕਲ ਸੁੱਟ ਰਹੇ ਹਨਪਰ ਲੱਗਦਾ ਹੈ ਜਿਵੇਂ ਰੱਬ ਹੀ ਆਸਟਰੇਲੀਆ ਉੱਤੇ ਕ੍ਰੋਧਿਤ ਹੋ ਗਿਆ ਹੈਅੱਗ ਕੰਟਰੋਲ ਹੇਠ ਆਉਣ ਦਾ ਨਾਮ ਨਹੀਂ ਲੈ ਰਹੀਇੱਕ ਜਗ੍ਹਾ ਤੋਂ ਖਤਮ ਕੀਤੀ ਜਾਂਦੀ ਹੈ ਤਾਂ ਦੂਸਰੀ ਜਗ੍ਹਾ ਉੱਤੇ ਸ਼ੁਰੂ ਹੋ ਜਾਂਦੀ ਹੈਸਰਕਾਰ ਨੇ ਰਾਹਤ ਕਾਰਜਾਂ ਅਤੇ ਸਕੂਲ-ਹਸਪਤਾਲਾਂ ਆਦਿ ਦੀ ਮੁੜ ਉਸਾਰੀ ਲਈ 30 ਕਰੋੜ ਡਾਲਰ (ਕਰੀਬ 2200 ਕਰੋੜ ਰੁਪਏ) ਮੰਨਜ਼ੂਰ ਕੀਤੇ ਹਨਭਾਰਤ ਦੇ ਉਲਟ ਇਹ ਸਾਰੇ ਹੀ ਪੈਸੇ ਜ਼ਰੂਰਤਮੰਦਾਂ ਤੱਕ ਪਹੁੰਚ ਜਾਣੇ ਹਨਅੱਗ ਬੁਝਾਉਣ ਲਈ ਹਰੇਕ ਸਵੈ ਸੇਵਕ ਨੂੰ 5000 ਡਾਲਰ (ਕਰੀਬ ਢਾਈ ਲੱਖ ਡਾਲਰ) ਇਨਾਮ ਦਿੱਤਾ ਜਾ ਰਿਹਾ ਹੈਪੰਜਾਬੀਆਂ, ਖਾਸ ਤੌਰ ਉੱਤੇ ਸਿੱਖਾਂ ਨੇ ਅਜਿਹੇ ਬਿਖੜੇ ਸਮੇਂ ਮਦਦ ਲਈ ਅੱਗੇ ਆ ਕੇ ਆਸਟਰੇਲੀਅਨ ਜਨਤਾ ਦਾ ਦਿਲ ਜਿੱਤ ਲਿਆ ਹੈਗੁਰੂਘਰਾਂ ਅਤੇ ਸਵੈ ਸੇਵੀ ਸੰਸਥਾਵਾਂ ਨੇ ਲੱਖਾਂ ਡਾਲਰ ਇਕੱਠੇ ਕਰ ਕੇ ਸਰਕਾਰ ਨੂੰ ਮਦਦ ਦੇ ਤੌਰ ਉੱਤੇ ਭੇਜੇ ਹਨਰੋਜ਼ਾਨਾ ਹਜ਼ਾਰਾਂ ਪ੍ਰਭਾਵਿਤ ਲੋਕਾਂ ਨੂੰ ਰਸਦ ਵੰਡੀ ਜਾ ਰਹੀ ਹੈ ਤੇ ਲੰਗਰ ਛਕਾਇਆ ਜਾ ਰਿਹਾ ਹੈਇਹ ਖਬਰਾਂ ਆਸਟਰੇਲੀਅਨ ਮੀਡੀਆ ਵਿੱਚ ਬਹੁਤ ਪ੍ਰਮੁੱਖਤਾ ਨਾਲ ਛਪ ਰਹੀਆਂ ਹਨਸਿੱਖ ਸੰਸਥਾਵਾਂ ਮਦਦ ਲੈ ਕੇ ਦੂਰ ਦੁਰਾਢੇ ਦੇ ਇਲਾਕਿਆਂ ਤੱਕ ਪਹੁੰਚ ਚੁੱਕੀਆਂ ਹਨ

ਇਹ ਅੱਗ ਬੁਝਣ ਦੀ ਫਿਲਹਾਲ ਕੋਈ ਉਮੀਦ ਨਜ਼ਰ ਨਹੀਂ ਆਉਂਦੀਸਭ ਤੋਂ ਗਰਮ ਮਹੀਨੇ ਫਰਵਰੀ ਦੀ ਅਜੇ ਸ਼ੁਰੂਆਤ ਹੋਣੀ ਹੈ ਤੇ ਗਰਮੀ ਹੋਰ ਵਧਣੀ ਹੈਇਸ ਨਾਲ ਅੱਗਾਂ ਵਿੱਚ ਹੋਰ ਵੀ ਤੇਜ਼ੀ ਆਵੇਗੀਹੁਣ ਤਾਂ ਸਭ ਦੀ ਟੇਕ ਕੁਦਰਤ ਉੱਤੇ ਹੀ ਹੈ ਕਿ ਬਾਰਸ਼ਾਂ ਸ਼ੁਰੂ ਹੋਣ ਤੇ ਲੋਕਾਂ ਨੂੰ ਇਸ ਮੁਸੀਬਤ ਤੋਂ ਛੁਟਕਾਰਾ ਮਿਲੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1899)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author