“ਤੈਨੂੰ ਵੱਡਿਆ ਸਿਆਣਿਆਂ ਸਬਜ਼ੀ ਥੱਲੇ ਪਿਆ ਘਿਉ ਤਾਂ ਦਿਸਿਆ ਨਹੀਂ ...”
(ਜੂਨ 8, 2016)
ਪੰਜਾਬ ਵਿੱਚ ਅਜੇ ਵੀ ਕਥਿਤ ਸਿਆਣਿਆਂ ਦੀ ਬਹੁਤ ਵੁੱਕਤ ਹੈ। ਮੱਝ-ਗਾਂ ਦੁੱਧ ਨਾ ਦੇਵੇ, ਮੋਟਰ ਪਾਣੀ ਨਾ ਚੁੱਕੇ, ਬੱਚਾ ਰੋਣੋ ਨਾ ਹਟੇ, ਫਸਲ ਚੰਗੀ ਨਾ ਹੋਵੇ ਜਾਂ ਘਰ ਵਿੱਚ ਲੜਾਈ ਰਹਿੰਦੀ ਹੋਵੇ, ਲੋਕ ਫੱਟ ਕਿਸੇ ਸਿਆਣੇ ਵੱਲ ਭੱਜ ਤੁਰਨਗੇ। ਸਿਆਣੇ ਅੱਗੇ ਈ ਮੁਰਗੀ ਉਡੀਕ ਰਹੇ ਹੁੰਦੇ ਹਨ। ਉਹ ਡੇਰੇ ਵਿੱਚ ਲੱਗੇ ਨਲਕੇ ਦੇ ਪ੍ਰਦੂਸ਼ਿਤ ਪਾਣੀ ਨੂੰ ਜਲ ਕਹਿ ਕੇ ਘਰ ਵਿੱਚ ਛੱਟਾ ਮਾਰਨ ਲਈ ਦੇ ਕੇ 500 ਰੁਪਏ ਝਾੜ ਲੈਂਦੇ ਹਨ। ਪੰਜਾਬ ਵਿੱਚ ਕਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਚਮਤਕਾਰੀ ਨਲਕੇ ਅੱਗੇ “ਸੰਜੀਵਨੀ ਬੂਟੀ” ਰੂਪੀ ਪਾਣੀ ਲੈਣ ਲਈ ਲਾਈਨਾਂ ਲੱਗ ਜਾਂਦੀਆਂ ਹਨ ਤੇ ਕਦੇ ਸਾਰਾ ਮਾਝਾ ਹਰਿਆਣੇ ਵਿੱਚ ਚੌਟਾਲੇ ਲਾਗੇ ਕਿਸੇ ਪਿੰਡ ਹੱਥ ਹੌਲ਼ਾ ਕਰਾਉਣ ਤੁਰ ਪੈਂਦਾ ਹੈ। ਪੱਛਮੀ ਲੋਕਾਂ ਨੇ ਧਰਤੀ ਦੀ ਖੁਦਾਈ ਕਰਕੇ ਤੇਲ, ਹੀਰੇ, ਸੋਨਾ, ਕੋਇਲਾ ਅਤੇ ਹੋਰ ਖਣਿਜ ਲੱਭ ਲਏ, ਪਰ ਪੰਜਾਬ ਵਿੱਚ ਕਿਤੇ ਬੋਰ ਕਰਦਿਆਂ ਚਾਰ ਇੱਟਾਂ ਲੱਭ ਜਾਣ ਤਾਂ ਦੀਵਾ ਜਗਾ ਕੇ ਗਦਗਦ ਹੋ ਜਾਂਦੇ ਹਨ ਕਿ ਸਾਡੇ ਘਰੋਂ ਪੀਰ ਦੀ ਜਗ੍ਹਾ ਨਿੱਕਲ ਆਈ ਹੈ। ਥੋੜ੍ਹੇ ਦਿਨ ਪਹਿਲਾਂ ਹੀ ਬਰਨਾਲੇ ਜ਼ਿਲ੍ਹੇ ਦੇ ਕਿਸੇ ਪਿੰਡ ਛੱਪੜ ਦੀ ਸਫਾਈ ਕਰਦਿਆਂ ਚਾਰ ਪੌੜੀਆਂ ਨਿੱਕਲ ਆਈਆਂ ਤਾਂ ਗੁਰੂਆਂ-ਪੀਰਾਂ ਦੀ ਜਗ੍ਹਾ ਘੋਸ਼ਿਤ ਕਰ ਦਿੱਤੀ ਗਈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇ ਮੂਰਖ ਨਾ ਹੁੰਦੇ ਤਾਂ ਪੁਲਿਸ, ਵਕੀਲ, ਜੋਤਸ਼ੀ ਅਤੇ ਬਾਬੇ ਭੁੱਖੇ ਮਰ ਜਾਣੇ ਸਨ।
ਅਜਿਹੇ ਹੀ ਸਿਆਣਿਆਂ ਦੀਆਂ ਦੋ ਕਹਾਣੀਆਂ ਹਨ। ਇੱਕ ਸੂਫੀ ਪਰਿਵਾਰ ਦਾ ਮੁੰਡਾ ਵਿਗੜ ਗਿਆ ਤੇ ਸ਼ਰਾਬ ਕੱਢਣ-ਪੀਣ ਲੱਗ ਗਿਆ। ਘਰ ਵਾਲਿਆਂ ਨੇ ਬਹੁਤ ਸਮਝਾਇਆ ਪਰ ਉਹ ਨਾ ਟਲਿਆ। ਹਾਰ ਕੇ ਕਿਸੇ ਨੇ ਦੱਸ ਪਾਈ ਕਿ ਜੇਠੂਵਾਲ ਪਿੰਡ ਦਾ ਸਿਆਣਾ ਬਹੁਤ ਜ਼ਾਹਰਾ ਹੈ। ਜੇ ਕਿਤੇ ਉਹ ਆ ਕੇ ਮੁੰਡੇ ’ਤੇ ਹੱਥ ਫੇਰ ਦੇਵੇ ਤਾਂ ਇਹ ਸੁਧਰ ਸਕਦਾ ਹੈ। ਪਰਿਵਾਰ ਵਾਲੇ ਕਿਰਾਏ ਦੀ ਟਾਟਾ ਸੂਮੋ ਵਿੱਚ ਸਿਆਣੇ ਨੂੰ ਤਰਲਾ ਮਿੰਨਤ ਕਰ ਕੇ ਲੈ ਆਏ। ਜਦੋਂ ਸਿਆਣਾ ਘਰ ਪਹੁੰਚਿਆ ਤਾਂ ਮੁੰਡਾ ਅੱਗੇ ਸੀਰੀ ਦੀ ਮਦਦ ਨਾਲ ਡਰੰਮੀ ਚਾੜ੍ਹ ਕੇ ਦਾਰੂ ਕੱਢਣ ਦੀ ਤਿਆਰੀ ਕਰ ਰਿਹਾ ਸੀ। ਘਰ ਵਾਲਿਆਂ ਨੇ ਫਟਾਫਟ ਫੁੱਲਾਂ ਵਾਲੀ ਚਿੱਟੀ ਚਾਦਰ ਵਿਛਾ ਕੇ ਸਿਆਣੇ ਨੂੰ ਮੰਜੇ ’ਤੇ ਬਿਠਾ ਦਿੱਤਾ। ਉਹ ਆਪਣੇ ਮੰਤਰ ਪੜ੍ਹਨ ਲੱਗ ਪਿਆ ਤੇ ਮੁੰਡਾ ਡਰੰਮੀ ਫਿੱਟ ਕਰਨ ਲੱਗ ਪਿਆ। ਉਸ ਨੇ ਡਰੰਮੀ ਵਿੱਚ ਛਕਾਲਾ ਰੱਖ ਕੇ ਵਿਚਕਾਰ ਤੀਲੇ ਕਰਾਸ ਰੱਖ ਕੇ ਚੱਪਣੀ ਰੱਖ ਦਿੱਤੀ। ਨਾਲੀ ਬਾਹਰ ਕੱਢ ਕੇ ਬੋਤਲ ਵਿੱਚ ਪਾ ਦਿੱਤੀ ਤੇ ਉੱਪਰ ਗਾਰੇ ਨਾਲ ਪਤੀਲਾ ਫਿੱਟ ਕਰ ਦਿੱਤਾ। ਤੇਜ਼ ਅੱਗ ਕਾਰਨ ਜਲਦੀ ਹੀ ਸ਼ਰਾਬ ਦੀ ਮੋਟੀ ਧਾਰ ਬੋਤਲ ਵਿੱਚ ਡਿੱਗਣ ਲੱਗ ਪਈ। ਉਸ ਨੇ ਸਿਆਣੇ ਵੱਲ ਧਿਆਨ ਹੀ ਨਾ ਦਿੱਤਾ ਤੇ ਪਤੀਲੇ ਦਾ ਪਾਣੀ ਬਦਲਣ ਵਿੱਚ ਰੁੱਝਾ ਰਿਹਾ। ਸਿਆਣਾ ਆਪਣੀ ਬਕੜਵਾਹ ਕਰਦਾ ਰਿਹਾ। ਐਨੇ ਚਿਰ ਨੂੰ ਕਿਸੇ ਗੁਆਂਢੀ ਦੀ ਮਾਰੀ ਚੁਗਲੀ ਕਾਰਨ ਥਾਣਾ ਸਦਰ ਤਰਨ ਤਾਰਨ ਤੋਂ ਪੁਲਿਸ ਨੇ ਰੇਡ ਕਰ ਦਿੱਤੀ। ਮੁੰਡਾ ਅਜਿਹੇ ਵਿਆਹ ਮੁਕਲਾਵੇ ਪਹਿਲਾਂ ਹੀ ਬਥੇਰੇ ਵੇਖ ਚੁੱਕਾ ਸੀ। ਉਸ ਨੂੰ ਗਿਆਨ ਸੀ ਕਿ ਮੌਕੇ ’ਤੇ ਪੁਲਿਸ ਦੇ ਹੱਥ ਨਾ ਆਉ, ਬਾਅਦ ਵਿੱਚ ਮੋਹਤਬਰਾਂ ਰਾਹੀਂ ਆਪੇ ਮਾਮਲਾ ਨਿਪਟ ਜਾਂਦਾ ਹੈ। ਉਸ ਨੇ ਅੱਧ ਢੱਠੀ ਕੱਚੀ ਕੰਧ ਉੱਤੋਂ ਦੀ ਛਾਲ ਮਾਰੀ ਤੇ ਔਹ ਗਿਆ, ਔਹ ਗਿਆ। ਹੈਵੀ ਵੇਟ ਪੁਲਿਸ ਵਾਲਿਆਂ ਨੇ ਬਥੇਰੀ ਵਾਹ ਲਾਈ ਪਰ ਗਾਲ੍ਹੜ ਵਰਗਾ ਫੁਰਤੀਲਾ ਮੁੰਡਾ ਹੱਥ ਨਾ ਆਇਆ। ਹੱਥੋਂ ਨਿੱਕਲੀ ‘ਸਾਮੀ’ ਵੇਖ ਕੇ ਥਾਣੇਦਾਰ ਨੱਕੋਂ ਠੂੰਹੇਂ ਸੁੱਟਦਾ ਵਾਪਸ ਆ ਗਿਆ। ਐਨੇ ਨੂੰ ਪਿੱਛੋਂ ਬਾਕੀ ਪਰਿਵਾਰ ਵੀ ਖਿਸਕ ਗਿਆ। ਸਿਆਣਾ ਸਾਹਿਬ ਅਜੇ ਵੀ ਅਰਾਮ ਨਾਲ ਮੰਜੀ ’ਤੇ ਬਿਰਾਜਮਾਨ ਸਨ। ਥਾਣੇਦਾਰ ਨੇ ਉਸ ਨੂੰ ਪੁੱਛਿਆ, “ਤੂੰ ਕੌਣ ਆ ਉਏ ਮੋਰ ਵਰਗੇ ਰੰਗ ਬਿਰੰਗੇ ਕੱਪੜੇ ਪਾਈ ਬੈਠਾ?” ਸਿਆਣੇ ਨੇ ਬੜੇ ਸਟਾਈਲ ਨਾਲ ਜਵਾਬ ਦਿੱਤਾ, “ਮੈਂ ਜੀ ਸਿਆਣਾ ਹੁੰਦਾ ਹਾਂ, ਜੇਠੂਵਾਲੋਂ।” ਸੜੇ ਬਲੇ ਥਾਣੇਦਾਰ ਨੇ ਵੱਟ ਕੇ ਦੋ ਚਾਰ ਚਪੇੜਾਂ ਸਿਆਣੇ ਦੇ ਰਸੀਦ ਕੀਤੀਆਂ, “ਸਾਲਿਆ, ਤੂੰ ਕਾਹਦਾ ਸਿਆਣਾ? ਸਿਆਣੇ ਤਾਂ ਭੂਤਨੀ ਦਿਆ ਉਹ ਨੇ, ਜਿਹੜੇ ਭੱਜ ਗਏ।”
ਇੱਕ ਜੱਟ ਨੇ ਖੇਤ ਵਿੱਚ ਟਿਊਬਵੈੱਲ ਲਗਵਾਉਣਾ ਸੀ। ਇਲਾਕੇ ਵਿੱਚ ਪਾਣੀ ਡੂੰਘਾ ਸੀ। ਕਿਸੇ ਨੇ ਸਲਾਹ ਦਿੱਤੀ ਕਿ ਸੁਰਸਿੰਘ ਵਾਲੇ ਸਿਆਣੇ ਬਾਬਾ ਚਾਲੂ ਜੀ ਕੋਲੋਂ ਪੁੱਛ ਲੈ ਕਿ ਪਾਣੀ ਕਿੱਥੇ ਮਿਲੇਗਾ? ਨਹੀਂ ਐਵੇਂ ਪੈਸੇ ਪੁੱਟਦੇ ਫਿਰੋਗੇ। ਉਸ ਨੇ ਸਿਆਣੇ ਨੂੰ ਬੁਲਾ ਲਿਆ। ਸਿਆਣੇ ਨੇ ਸਾਰਾ ਦਿਨ ਜੱਟ ਨੂੰ ਖਪਾ ਮਰਿਆ। ਸਾਰੀ ਦੁਪਹਿਰ ਕਦੇ ਕਿਸੇ ਖੇਤ ਵਿੱਚ ਗੁਲੇਲ ਜਿਹੀ ਲੈ ਕੇ ਘੁੰਮੀ ਜਾਵੇ, ਕਦੇ ਕਿਸੇ ਖੇਤ ਵਿੱਚ। ਆਥਣੇ ਇੱਕ ਥਾਂ ’ਤੇ ਐਵੇਂ ਹੱਥ ਲਾ ਕੇ ਕਹਿਣ ਲੱਗਾ ਕਿ ਐਥੇ ਮੋਟਰ ਲਗਾ ਲਉ। ਜੱਟ ਸਮਝ ਗਿਆ ਕਿ ਸਾਲੇ ਨੇ ਐਵੇਂ ਬੇਵਕੂਫ ਬਣਾ ਦਿੱਤਾ ਹੈ। ਉੱਪਰੋਂ ਬਾਬੇ ਨੇ ਪੰਜ ਹਜ਼ਾਰ ਰੁਪਏ ਫੀਸ ਮੰਗ ਲਈ। ਜੱਟ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਉਹ ਸਿਆਣੇ ਨੂੰ ਕਹਿਣ ਲੱਗਾ, “ਬਾਬਾ ਜੀ, ਤੁਸੀਂ ਮੈਨੂੰ ਪ੍ਰਸੰਨ ਕਰ ਦਿੱਤਾ ਹੈ। ਰੋਟੀ ਦਾ ਵੇਲਾ ਹੋ ਗਿਆ ਹੈ। ਘਰ ਚੱਲਦੇ ਹਾਂ। ਨਾਲੇ ਭੋਜਨ ਗ੍ਰਹਿਣ ਕਰਿਉ, ਨਾਲੇ ਫੀਸ ਲੈ ਲਿਉ।” ਸਿਆਣਾ ਖੁਸ਼ ਹੋ ਗਿਆ ਕਿ ਇਹ ਤਾਂ ਵਾਕਿਆ ਹੀ ਬੇਵਕੂਫ ਲੱਗਦਾ ਹੈ, ਆਪੇ ਹੀ ਹੋਰ ਉਜੜਨ ਨੂੰ ਫਿਰਦਾ ਹੈ। ਉਹ ਖੁਸ਼ੀ ਖੁਸ਼ੀ ਜੱਟ ਨਾਲ ਘਰ ਵੱਲ ਚੱਲ ਪਿਆ।
ਜੱਟ ਨੇ ਘਰ ਜਾ ਕੇ ਘਰਵਾਲੀ ਨਾਲ ਸਕੀਮ ਬਣਾ ਲਈ। ਘਰਵਾਲੀ ਨੇ 5-7 ਰੋਟੀਆਂ ਸਬਜ਼ੀ ਨਾਲ ਸਿਆਣੇ ਅੱਗੇ ਪਰੋਸ ਦਿੱਤੀਆਂ। ਘਿਉ ਜਾਣ ਕੇ ਕੌਲੀ ਦੇ ਥੱਲੇ ਪਾ ਕੇ ਉੱਪਰ ਸਬਜ਼ੀ ਪਾ ਦਿੱਤੀ। ਲਾਲ ਕਲਗੀ ਵਾਲੇ ਦੇਸੀ ਮੁਰਗੇ ਦੇ ਲੈੱਗਪੀਸ ਖਾਣ ਦੀ ਆਸ ਲਾਈ ਬੈਠਾ ਸਿਆਣਾ ਸੁੱਕੀ ਸਬਜ਼ੀ ਵੇਖ ਕੇ ਖਿਝ ਕੇ ਬੋਲਿਆ, “ਸਵੇਰ ਦੇ ਗਿੱਟੇ ਭਨਾਉਂਦੇ ਫਿਰਦੇ ਆਂ ਢੀਮਾਂ ਵਿੱਚ। ਸਬਜ਼ੀ ਵਿੱਚ ਮਾਸਾ ਘਿਉ-ਮੱਖਣ ਤਾਂ ਫੂਕ ਦੇਂਦੇ।” ਜੱਟ ਨੂੰ ਮੌਕਾ ਮਿਲ ਗਿਆ। ਉਸ ਨੇ ਸੰਮਾਂ ਵਾਲੀ ਡਾਂਗ ਖਿੱਚ ਕੇ ਸਿਆਣੇ ਦੇ ਮੌਰਾਂ ਵਿੱਚ ਛੱਡੀ, “ਤੈਨੂੰ ਵੱਡਿਆ ਸਿਆਣਿਆਂ ਸਬਜ਼ੀ ਥੱਲੇ ਪਿਆ ਘਿਉ ਤਾਂ ਦਿਸਿਆ ਨਹੀਂ, 250 ਫੁੱਟ ਧਰਤੀ ਹੇਠਾਂ ਪਾਣੀ ਦਿਸ ਗਿਆ। ਦਫਾ ਹੋ ਜਾ, ਸਾਲਾ ਪੰਜ ਹਜ਼ਾਰ ਰੁਪਏ ਦਾ।” ਸਿਆਣੇ ਨੇ ਭੱਜਣ ਵਿੱਚ ਹੀ ਸਿਆਣਪ ਸਮਝੀ।
*****
(312)
ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)