BalrajSidhu7ਇਸ ਕੰਪਨੀ ਵੱਲੋਂ ਪ੍ਰਕਾਸ਼ਿਤ ਰਿਪੋਰਟਾਂ ਇੰਨੀ ਸਟੀਕਤਾ ਅਤੇ ਸਖਤ ਪੁਣ ਛਾਣ ਤੋਂ ਬਾਅਦ ...
(10 ਫਰਵਰੀ 2023)
ਇਸ ਸਮੇਂ ਪਾਠਕ: 350.

 

25 ਜਨਵਰੀ ਨੂੰ ਅਮਰੀਕਾ ਦੀ ਵਿੱਤੀ ਖੋਜ ਕੰਪਨੀ ਹਿੰਡਨਬਰਗ ਨੇ ਜਿਵੇਂ ਹੀ ਗੌਤਮ ਅਡਾਨੀ ਦੀ ਕੰਪਨੀ ‘ਅਡਾਨੀ ਗਰੁੱਪ’ ਵੱਲੋਂ ਕੀਤੇ ਜਾ ਰਹੇ ਕਥਿਤ ਘੁਟਾਲਿਆਂ ਬਾਰੇ 413 ਪੰਨਿਆਂ ਦੀ ਇੱਕ ਵਿਸਥਾਰਿਤ ਰਿਪੋਰਟ ਦੁਨੀਆਂ ਦੇ ਸਾਹਮਣੇ ਪੇਸ਼ ਕੀਤੀ, ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਕੀਮਤ ਧੜਾਧੜ ਥੱਲੇ ਨੂੰ ਆਉਣ ਲੱਗ ਪਈਕੁਝ ਹੀ ਦਿਨਾਂ ਵਿੱਚ ਗੌਤਮ ਅਡਾਨੀ ਸੰਸਾਰ ਦੇ ਦੂਸਰੇ ਅਮੀਰ ਆਦਮੀ ਦੀ ਪਦਵੀ ਤੋਂ ਡਿਗ ਕੇ ਦਸਵੇਂ ਸਥਾਨ ’ਤੇ ਪਹੁੰਚ ਗਿਆ ਹੈਹਿੰਡਨਬਰਗ ਦੀ ਰਿਪੋਰਟ ਨੇ ਵਿਸ਼ਵ ਪੱਧਰ ’ਤੇ ਐਸੀ ਤਰਥੱਲੀ ਮਚਾਈ ਹੈ ਕਿ ਅੱਜ ਤਕ ਅਡਾਨੀ ਗਰੁੱਪ ਦੇ ਸ਼ੇਅਰ ਥੱਲੇ ਤੋਂ ਥੱਲੇ ਹੀ ਜਾ ਰਹੇ ਹਨਆਖਰ ਕੌਣ ਹੈ ਇਹ ਹਿੰਡਨਬਰਗ ਕੰਪਨੀ ਜਿਸਦੀਆਂ ਖੋਜੀ ਰਿਪੋਰਟਾਂ ਨੂੰ ਵਿਸ਼ਵ ਪੱਧਰ ’ਤੇ ਐਨੀ ਤਵੱਜੋ ਅਤੇ ਵਿਸ਼ਵਾਸ ਹਾਸਲ ਹੈ ਕਿ ਉਹਨਾਂ ਨੂੰ ਪੱਥਰ ’ਤੇ ਲਕੀਰ ਮੰਨ ਲਿਆ ਜਾਂਦਾ ਹੈ

ਹਿੰਡਨਬਰਗ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਕੰਮ ਕਰ ਰਹੀ ਇੱਕ ਵਿੱਤੀ ਖੋਜ ਕੰਪਨੀ ਹੈ ਜੋ ਵਿਸ਼ਵ ਪੱਧਰ ਦੀਆਂ ਖਰਬਪਤੀ ਕੰਪਨੀਆਂ ਦੇ ਕਾਲੇ ਕਾਰ ਵਿਹਾਰ, ਗੁਪਤ ਖਾਤੇ ਅਤੇ ਭ੍ਰਿਸ਼ਟ ਲੈਣ ਦੇਣ ਆਦਿ ਬਾਰੇ ਬਰੀਕੀ ਅਤੇ ਵਿਸਥਾਰ ਨਾਲ ਖੋਜ ਪੜਤਾਲ ਕਰ ਕੇ ਉਹਨਾਂ ਵੱਲੋਂ ਸਰਕਾਰ, ਨਿਵੇਸ਼ਕਾਂ ਅਤੇ ਗਾਹਕਾਂ ਨਾਲ ਕੀਤੇ ਜਾ ਰਹੇ ਧੋਖੇ ਅਤੇ ਵਿੱਤੀ ਘਪਲਿਆਂ ਨੂੰ ਸਾਹਮਣੇ ਲਿਆਉਂਦੀ ਹੈਇਸ ਕੰਪਨੀ ਵੱਲੋਂ ਪ੍ਰਕਾਸ਼ਿਤ ਰਿਪੋਰਟਾਂ ਇੰਨੀ ਸਟੀਕਤਾ ਅਤੇ ਸਖਤ ਪੁਣ ਛਾਣ ਤੋਂ ਬਾਅਦ ਤਿਆਰ ਕੀਤੀਆਂ ਜਾਂਦੀਆਂ ਹਨ ਕਿ ਅੱਜ ਤਕ ਕਿਸੇ ਕੰਪਨੀ ਨੇ ਇਹਨਾਂ ਦੇ ਖਿਲਾਫ ਅਦਾਲਤ ਵਿੱਚ ਜਾਣ ਦੀ ਹਿੰਮਤ ਨਹੀਂ ਕੀਤੀਜੇ ਕਿਸੇ ਨੇ ਕੀਤੀ ਵੀ ਤਾਂ ਉਸ ਦੇ ਅਨੇਕਾਂ ਹੋਰ ਪੋਲ ਖੁੱਲ੍ਹ ਗਏ ਹਨ

ਇੱਕ ਹਫਤਾ ਪਹਿਲਾਂ ਤਕ ਭਾਰਤ ਵਿੱਚ ਕੋਈ ਨੇਥਨ ਐਂਡਰਸਨ ਅਤੇ ਹਿੰਡਨਬਰਗ ਦਾ ਨਾਮ ਤਕ ਨਹੀਂ ਸੀ ਜਾਣਦਾਨੇਥਨ ਐਂਡਰਸਨ ਦਾ ਜਨਮ ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਸ਼ਹਿਰ ਹਾਰਟਫੋਰਡ ਦੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ ਇਜ਼ਰਾਈਲ ਚਲਾ ਗਿਆ ਤੇ ਕੁਝ ਸਾਲਾਂ ਤਕ ਯੋਰੂਸ਼ਲਮ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਐਂਬੂਲੈਂਸ ਚਲਾਉਂਦਾ ਰਿਹਾ ਉੱਥੋਂ ਵਾਪਸ ਆ ਕੇ ਉਸ ਨੇ ਯੂਨੀਵਰਸਿਟੀ ਆਫ ਕਨੈਕਟੀਕਟ ਤੋਂ ਇੰਟਰਨੈਸ਼ਨਲ ਬਿਜ਼ਨਸ ਵਿੱਚ ਡਿਗਰੀ ਹਾਸਲ ਕੀਤੀ ਤੇ ਇੱਕ ਵਿੱਤੀ ਖੋਜ ਕੰਪਨੀ ਫੈਕਟਸੈੱਟ ਵਿੱਚ ਬਤੌਰ ਡਾਟਾ ਐਨੇਲੈਸਟ ਨੌਕਰੀ ਸ਼ੁਰੂ ਕਰ ਦਿੱਤੀਇਹ ਕੰਪਨੀ ਵੀ ਛੋਟੇ ਪੱਧਰ ’ਤੇ ਵਿੱਤੀ ਘੁਟਾਲਿਆਂ ਦੀ ਖੋਜਬੀਨ ਦਾ ਕੰਮ ਕਰਦੀ ਸੀ ਇੱਥੇ ਕੰਮ ਕਰਦੇ ਸਮੇਂ ਉਸ ਨੂੰ ਅਪਾਰ ਤਜਰਬਾ ਹਾਸਲ ਹੋਇਆ ਤੇ ਉਸ ਦਾ ਮਨ ਇਸ ਕੰਮ ਵਿੱਚ ਪੂਰੀ ਤਰ੍ਹਾਂ ਨਾਲ ਖੁੱਭ ਗਿਆਇਸ ਕੰਪਨੀ ਵਿੱਚ ਛੇ ਸਾਲ ਕੰਮ ਕਰਨ ਤੋਂ ਬਾਅਦ ਉਸ ਨੇ 2017 ਵਿੱਚ ਆਪਣੀ ਅਲੱਗ ਕੰਪਨੀ ਖੋਲ੍ਹ ਲਈ ਤੇ ਜਲਦੀ ਹੀ ਅਮਰੀਕੀ ਬਿਜ਼ਨਸ ਸੰਸਾਰ ਵਿੱਚ ਇੱਕ ਵੱਡਾ ਨਾਮ ਬਣ ਗਿਆਹੈਰਾਨੀ ਦੀ ਗੱਲ ਹੈ ਕਿ ਉਸ ਦੀ ਕੰਪਨੀ ਵਿੱਚ ਉਸ ਸਮੇਤ ਸਿਰਫ ਦਸ ਕਰਮਚਾਰੀ ਕੰਮ ਕਰਦੇ ਹਨ ਤੇ ਇਹ ਇੱਕ ਕਮਰੇ ਦੇ ਦਫਤਰ ਤੋਂ ਆਪਣਾ ਸਾਰਾ ਕੰਮ ਕਾਜ ਚਲਾਉਂਦੀ ਹੈ

ਨੇਥਨ ਐਂਡਰਸਨ ਨੇ ਆਪਣੀ ਕੰਪਨੀ ਦਾ ਨਾਮ ਹਾਈਡਰੋਜਨ ਗੈਸ ਦੇ ਵਿਸ਼ਾਲ ਗੁਬਾਰੇ ਦੀ ਮਦਦ ਨਾਲ ਉੱਡਣ ਵਾਲੇ ਜਰਮਨੀ ਨਿਰਮਿਤ ਹਿੰਡਨਬਰਗ ਏਅਰਸ਼ਿੱਪ ਦੇ ਨਾਮ ’ਤੇ ਰੱਖਿਆ ਹੈ ਜੋ 6 ਮਈ 1937 ਨੂੰ ਅਮਰੀਕਾ ਦੇ ਮਾਨਚੈਸਟਰ ਸ਼ਹਿਰ (ਨਿਊ ਜਰਸੀ ਸਟੇਟ) ਦੇ ਨੇਵਲ ਏਅਰਪੋਰਟ ’ਤੇ ਉੱਤਰਦੇ ਸਮੇਂ ਹਾਈਡਰੋਜਨ ਗੈਸ ਨੂੰ ਅੱਗ ਲੱਗ ਜਾਣ ਕਾਰਨ ਤਬਾਹ ਹੋ ਗਿਆ ਸੀਇਸ ਹਾਦਸੇ ਕਾਰਨ 35 ਯਾਤਰੀ ਮਾਰੇ ਗਏ ਸਨ ਤੇ 45 ਦੇ ਕਰੀਬ ਜ਼ਖਮੀ ਹੋਏ ਸਨਬਾਅਦ ਵਿੱਚ ਹੋਈ ਜਾਂਚ ਪੜਤਾਲ ਵਿੱਚ ਇਹ ਹਾਦਸਾ ਪੂਰੀ ਤਰ੍ਹਾਂ ਨਾਲ ਇਨਸਾਨੀ ਅਣਗਹਿਲੀ ਕਾਰਨ ਹੋਇਆ ਪਾਇਆ ਗਿਆ ਸੀਨੇਥਨ ਦਾ ਕਹਿਣਾ ਹੈ ਕਿ ਧੋਖੇਬਾਜ਼ ਕੰਪਨੀਆਂ ਵੀ ਨਿਵੇਸ਼ਕਾਂ ਨੂੰ ਠੱਗਣ ਲਈ ਹਿੰਡਨਬਰਗ ਵਰਗੇ ਵਿਸ਼ਾਲ ਤੇ ਝੂਠੇ ਸੁਪਨੇ ਵਿਖਾਉਂਦੀਆਂ ਹਨ ਜੋ ਬਾਅਦ ਵਿੱਚ ਹਿੰਡਨਬਰਗ ਵਾਂਗ ਫਟ ਕੇ ਲੱਖਾਂ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਸਵਾਹ ਕਰ ਦਿੰਦੇ ਹਨ ਤੇ ਕੰਪਨੀਆਂ ਕਾਨੂੰਨੀ ਦਾਅ ਪੇਚਾਂ ਦਾ ਸਹਾਰਾ ਲੈ ਕੇ ਸਾਫ ਬਚ ਨਿਕਲਦੀਆਂ ਹਨਹਿੰਡਨਬਰਗ ਕੰਪਨੀ ਦੀ ਵੈੱਬਸਾਈਟ ਦੇ ਮੁਤਾਬਕ ਉਹ ਹੁਣ ਤਕ ਵਿਸ਼ਵ ਭਰ ਦੀਆਂ 17 ਕੰਪਨੀਆਂ ਦੇ ਗਲਤ ਕੰਮਾਂ ਦਾ ਭਾਂਡਾ ਫੋੜ ਕੇ ਉਹਨਾਂ ਦੇ ਕਾਲੇ ਕਾਰਨਾਮੇ ਦੁਨੀਆਂ ਦੇ ਸਾਹਮਣੇ ਲਿਆ ਚੁੱਕੀ ਹੈ

ਹਿੰਡਨਬਰਗ ਕੰਪਨੀ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਧੀਰਜ ਵਾਲਾ ਅਤੇ ਅੱਤ ਆਧੁਨਿਕ ਹੈਜਿਸ ਸ਼ੱਕੀ ਕੰਪਨੀ ਦੀ ਉਸ ਨੇ ਜਾਂਚ ਕਰਨੀ ਹੋਵੇ, ਉਸ ਨੂੰ ਪਤਾ ਲੱਗੇ ਬਗੈਰ ਬਹੁਤ ਹੀ ਇਹ ਕੰਪਨੀ ਗੁੱਪ-ਚੁੱਪ ਤਰੀਕੇ ਉਸ ਦੇ ਵਹੀ ਖਾਤੇ ਅਤੇ ਕੰਮ ਕਰਨ ਦੇ ਤਰੀਕਿਆਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੰਦੀ ਹੈਇਸ ਕੰਮ ਵਿੱਚ ਇਸਦੀ ਸਭ ਤੋਂ ਵੱਧ ਮਦਦ ਖੋਜੀ ਪੱਤਰਕਾਰ, ਕੰਪਨੀ ਤੋਂ ਨਰਾਜ਼ ਅਤੇ ਬਰਤਰਫ ਕੀਤੇ ਹੋਏ ਕਰਮਚਾਰੀ ਅਤੇ ਹੋਰ ਘਰ ਦੇ ਭੇਤੀ ਕਰਦੇ ਹਨਅਡਾਨੀ ਗਰੁੱਪ ਬਾਰੇ ਹਿੰਡਨਬਰਗ ਦਾ ਦਾਅਵਾ ਹੈ ਕਿ ਉਸ ਦੀ ਜਾਂਚ ਪੜਤਾਲ ਵਾਸਤੇ ਉਸ ਨੇ ਤਿੰਨ ਸਾਲ ਖਰਚ ਕੀਤੇ ਹਨ

ਅਡਾਨੀ ਗਰੁੱਪ ਤੋਂ ਇਲਾਵਾ ਉਸ ਦੀਆਂ ਸਭ ਤੋਂ ਪ੍ਰਸਿੱਧ ਵਿੱਤੀ ਬੇਨਿਯਮੀ ਖੋਜਾਂ ਵਿੱਚ ਬਿਜਲਈ ਗੱਡੀਆਂ ਬਣਾਉਣ ਵਾਲੀ ਨਿਕੋਲਾ ਕੰਪਨੀ ਅਤੇ ਦਵਾਈਆਂ ਬਣਾਉਣ ਵਾਲੀ ਕਲੋਵ ਹੈਲਥ ਕੰਪਨੀ ਸ਼ਾਮਲ ਹਨਨਿਕੋਲਾ ਕੰਪਨੀ ਦਾਅਵਾ ਕਰਦੀ ਸੀ ਕਿ ਉਹ ਹਾਈਡਰੋਜ਼ਨ ਅਤੇ ਇਲੈਕਟਰਿਕ ਫਿਊਲ ਸੈੱਲ ਦੁਆਰਾ ਚੱਲਣ ਵਾਲੀਆਂ ਜ਼ੀਰੋ ਪ੍ਰਦੂਸ਼ਣ ਗੱਡੀਆਂ ਤਿਆਰ ਕਰਦੀ ਹੈਉਸ ਬਾਰੇ ਡੂੰਘਾਈ ਨਾਲ ਜਾਂਚ ਪੜਤਾਲ ਕਰ ਕੇ ਹਿੰਡਨਬਰਗ ਨੇ ਸਤੰਬਰ 2020 ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਕਿ ਨਿਕੋਲਾ ਕੰਪਨੀ ਇੱਕ ਬਹੁਤ ਵੱਡੇ ਫਰਾਡ ਤੋਂ ਇਲਾਵਾ ਕੁਝ ਨਹੀਂ ਹੈਇਸ਼ਤਿਹਾਰੀ ਵੀਡੀਓ ਵਿੱਚ ਜਿਸ ਬਿਜਲਈ ਟਰੱਕ ਨੂੰ ਬਹੁਤ ਤੇਜ਼ੀ ਨਾਲ ਦੌੜਦਾ ਹੋਇਆ ਵਿਖਾਇਆ ਗਿਆ ਸੀ, ਅਸਲ ਵਿੱਚ ਉਹ ਢਲਾਣ ਤੋਂ ਥੱਲੇ ਵੱਲ ਜਾ ਰਿਹਾ ਸੀਹੋਰ ਤਾਂ ਹੋਰ, ਉਹ ਟਰੱਕ ਨਿਕੋਲਾ ਕੰਪਨੀ ਦਾ ਹੈ ਹੀ ਨਹੀਂ ਸੀ, ਸਗੋਂ ਜਨਰਲ ਮੋਟਰ ਦਾ ਬਣਿਆ ਹੋਇਆ ਸੀ ਤੇ ਉਸ ਉੱਤੇ ਸਿਰਫ ਨਿਕੋਲਾ ਦਾ ਲੋਗੋ ਚੇਪਿਆ ਹੋਇਆ ਸੀਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਿਕੋਲਾ ਕੰਪਨੀ ਲਗਾਤਾਰ ਨਿਵੇਸ਼ਕਾਂ ਅਤੇ ਸ਼ੇਅਰ ਹੋਲਡਰਾਂ ਨੂੰ ਧੋਖਾ ਦੇ ਰਹੀ ਹੈ ਜਿਸ ਵਿੱਚ ਉਸ ਦਾ ਚੇਅਰਮੈਨ ਟਰੈਵਰ ਮਿਲਟਨ ਪੂਰੀ ਤਰ੍ਹਾਂ ਨਾਲ ਸ਼ਾਮਲ ਹੈਇਸ ਰਿਪੋਰਟ ਦੇ ਪ੍ਰਕਾਸ਼ਿਤ ਹੁੰਦੇ ਸਾਰ ਨਿਕੋਲਾ ਦੇ ਸ਼ੇਅਰ 40% ਤਕ ਡਿਗ ਪਏ ਤੇ ਉਸ ਦੇ ਖਿਲਾਫ ਅਮਰੀਕੀ ਨਿਆਂ ਵਿਭਾਗ ਦੀ ਜਾਂਚ ਪੜਤਾਲ ਖੁੱਲ੍ਹ ਗਈਪਹਿਲਾਂ ਤਾਂ ਚੇਅਰਮੈਨ ਨੇ ਕਾਫੀ ਰੌਲਾ ਗੌਲਾ ਪਾਇਆ ਪਰ ਬਾਅਦ ਵਿੱਚ ਉਸ ਨੇ ਆਪਣਾ ਗੁਨਾਹ ਮੰਨ ਲਿਆ ਤੇ ਚੇਅਰਮੈਨ ਦੀ ਪਦਵੀ ਤੋਂ ਅਸਤੀਫਾ ਦੇ ਦਿੱਤਾਪੜਤਾਲ ਵਿੱਚ ਉਹ ਦੋਸ਼ੀ ਪਾਇਆ ਗਿਆ ਤੇ ਦਸ ਲੱਖ ਡਾਲਰ ਦਾ ਜੁਰਮਾਨਾ ਭੁਗਤਣਾ ਪਿਆਦਸੰਬਰ 2022 ਵਿੱਚ ਇੱਕ ਅਦਾਲਤ ਨੇ ਵੀ ਉਸ ਨੂੰ ਸਾਰੇ ਇਲਜ਼ਾਮਾਂ ਵਿੱਚ ਦੋਸ਼ੀ ਪਾਇਆ ਹੈ ਤੇ ਜਲਦੀ ਹੀ ਉਹ ਜੇਲ੍ਹ ਯਾਤਰਾ ’ਤੇ ਜਾ ਰਿਹਾ ਹੈਹਿੰਡਨਬਰਗ ਦੇ ਇੰਕਸ਼ਾਫ ਤੋਂ ਬਾਅਦ ਨਿਕੋਲਾ ਦੁਬਾਰਾ ਆਪਣੇ ਪੈਰਾਂ ’ਤੇ ਖੜ੍ਹੀ ਨਹੀਂ ਹੋ ਸਕੀ

ਫਰਵਰੀ 2021 ਵਿੱਚ ਹਿੰਡਨਬਰਗ ਨੇ ਹੈਲਥਕੇਅਰ ਕੰਪਨੀ ਕਲੋਵਰ ਹੈਲਥ ਦੇ ਖਿਲਾਫ ਰਿਪੋਰਟ ਛਾਇਆ ਕੀਤੀ ਸੀ ਕਿ ਉਸ ਨੇ ਆਪਣੇ ਨਿਵੇਸ਼ਕਾਂ ਨੂੰ ਇਹ ਗੱਲ ਲੁਕਾ ਕੇ ਧੋਖਾ ਦਿੱਤਾ ਹੈ ਕਿ ਉਸ ਦੇ ਖਿਲਾਫ ਅਮਰੀਕਾ ਦੇ ਵਣਜ ਵਿਭਾਗ ਵੱਲੋਂ ਵਿੱਤੀ ਬੇਨਿਯਮੀਆਂ ਦੀ ਜਾਂਚ ਪੜਤਾਲ ਚੱਲ ਰਹੀ ਹੈਇਸ ਤੋਂ ਇਲਾਵਾ ਉਸ ਨੇ ਇਸ ਕੰਪਨੀ ਦੀਆਂ ਹੋਰ ਵੀ ਅਨੇਕਾਂ ਗੜਬੜੀਆਂ ਨੂੰ ਸਾਹਮਣੇ ਲਿਆਂਦਾ ਜਿਸ ਕਾਰਨ ਇਹ ਕੰਪਨੀ ਵੀ ਰਾਤੋ ਰਾਤ ਬਰਬਾਦੀ ਦੇ ਕੰਢੇ ਪਹੁੰਚ ਗਈ

ਇਸ ਤੋਂ ਇਲਾਵਾ ਉਹ ਡਰਾਫਕਿੰਗ, ਆਰਮਟ ਟੈਕਨੋਲਾਜੀ, ਮੁੱਲਾਨ, ਚੀਨੀ ਕੰਪਨੀ ਬਲਾਕਚੇਨ ਅਤੇ ਕ੍ਰਿਪਟੋ ਕਰੰਸੀ ਐੱਸ.ਓ.ਐੱਸ. ਆਦਿ ਦੇ ਖਿਲਾਫ ਜਾਂਚ ਪੜਤਾਲ ਕਰ ਚੁੱਕੀ ਹੈ, ਜੋ ਹਰ ਵਾਰ ਸਹੀ ਪਾਈ ਗਈਹਿੰਡਨਬਰਗ ਇਹ ਕੰਮ ਕੋਈ ਸਮਾਜ ਸੇਵਾ ਲਈ ਜਾਂ ਮੁਫਤ ਵਿੱਚ ਨਹੀਂ ਕਰਦਾਜਦੋਂ ਉਹ ਕਿਸੇ ਕੰਪਨੀ ਦੀਆਂ ਵਿੱਤੀ ਗੜਬੜੀਆਂ ਸਾਹਮਣੇ ਲਿਆਉਂਦਾ ਹੈ ਤਾਂ ਇੱਕ ਜਾਸੂਸੀ ਕੰਪਨੀ ਵਜੋਂ ਕੰਮ ਕਰਦਾ ਹੈਕਈ ਵਾਰ ਨਿਵੇਸ਼ਕ ਉਸ ਨੂੰ ਇਹ ਕੰਮ ਕਰਨ ਲਈ ਕਹਿੰਦੇ ਹਨ ਤਾਂ ਜੋ ਉਹ ਕਿਸੇ ਖਾਸ ਕੰਪਨੀ ਵਿੱਚ ਪੈਸਾ ਲਗਾਉਣ ਜਾਂ ਨਾਇਸ ਕੰਮ ਦੀ ਉਹ ਮੋਟੀ ਫੀਸ ਵਸੂਲਦਾ ਹੈਇਸ ਤੋਂ ਇਲਾਵਾ ਕਿਸੇ ਕੰਪਨੀ ਦੀ ਗੜਬੜੀ ਸਾਹਮਣੇ ਲਿਆਉਣ ’ਤੇ ਉਸ ਨੂੰ ਅਮਰੀਕੀ ਵਿੱਤ ਵਿਭਾਗ ਵੱਲੋਂ ਮੋਟੀ ਰਾਸ਼ੀ ਕਮਿਸ਼ਨ ਦੇ ਤੌਰ ’ਤੇ ਮਿਲਦੀ ਹੈਅੱਜ ਕੱਲ੍ਹ ਉਹ ਟੈਥਰ ਨਾਮਕ ਕ੍ਰਿਪਟੋ ਕਰੰਸੀ ਕੰਪਨੀ ਦੇ ਪਿੱਛੇ ਪਿਆ ਹੋਇਆ ਹੈਅਕਤੂਬਰ 2022 ਵਿੱਚ ਉਸ ਨੇ ਟੈਥਰ ਦੀ ਕਿਸੇ ਠੋਸ ਵਿੱਤੀ ਗੜਬੜੀ ਦੀ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਅਮਰੀਕਨ ਡਾਲਰ (ਕਰੀਬ 83 ਲੱਖ ਰੁਪਏ) ਇਨਾਮ ਦੇਣ ਦੀ ਘੋਸ਼ਣਾ ਕੀਤੀ ਸੀਇਸ ਤੋਂ ਪਤਾ ਲਗਦਾ ਹੈ ਕਿ ਇਸ ਕੰਮ ਵਿੱਚ ਹਿੰਡਨਬਰਗ ਨੂੰ ਕਿੰਨੀ ਕਮਾਈ ਹੋ ਰਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3788)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author