BalrajSidhu7ਪ੍ਰਬੰਧਕਾਂ ਨੇ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਦਾ ਪੂਰਾ ਪਲੈਨ ਬਣਾਇਆ ...
(11 ਮਈ 2018)

 

ਕਰੀਬ 23-24 ਸਾਲ ਪਹਿਲਾਂ ਪੰਜਾਬ ਵਿੱਚ ਇੱਕ ਵਹਿਮ ਬਹੁਤ ਜ਼ੋਰ ਨਾਲ ਚੱਲਿਆ ਸੀ ਕਿ ਜਗ੍ਹਾ ਜਗ੍ਹਾ ’ਤੇ ਬਾਜ਼ ਪੰਛੀ ਆਣ ਕੇ ਲੋਕਾਂ ਨੂੰ ਦਰਸ਼ਨ ਦੇ ਰਿਹਾ ਹੈ। ਹਾਲਾਂਕਿ ਬਾਜ਼ ਪੰਜਾਬ ਵਿੱਚ ਬਹੁਤ ਘੱਟ ਪਾਇਆ ਜਾਂਦਾ ਹੈ। ਇਹ ਇੱਕ ਸ਼ਿਕਾਰੀ ਪੰਛੀ ਹੈ ਜੋ ਹਿਮਾਲੀਆ ਦੇ ਉੱਚੇ ਠੰਢੇ ਪਹਾੜਾਂ ਦੇ ਜੰਗਲਾਂ ਵਿੱਚ ਰਹਿੰਦਾ ਤੇ ਸ਼ਿਕਾਰ ਕਰਦਾ ਹੈ। ਇਹ ਸਰਦੀਆਂ ਵਿੱਚ ਨੀਵੇਂ ਪਹਾੜਾਂ ਵੱਲ ਆ ਜਾਂਦਾ ਹੈ ਪਰ ਮੈਦਾਨਾਂ ਵੱਲ ਬਹੁਤ ਹੀ ਘੱਟ, ਕਦੇ ਭੁੱਲਿਆ ਚੁੱਕਿਆ ਹੀ ਆਉਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਵੱਡੇ ਲੋਕ ਜੋ ਬਾਜ਼ ਰੱਖਦੇ ਸਨ, ਉਹ ਸ਼ਿਕਾਰੀਆਂ ਕੋਲੋਂ ਖਰੀਦੇ ਹੋਏ ਜਾਂ ਕਿਸੇ ਦੁਆਰਾ ਭੇਂਟ ਕੀਤੇ ਹੋਏ ਹੁੰਦੇ ਸਨ। ਬਾਜ਼ ਭੇਂਟ ਕਰਨਾ ਬਹੁਤ ਵੱਡੀ ਗੱਲ ਸਮਝੀ ਜਾਂਦੀ ਸੀ ਕਿਉਂਕਿ ਇਹ ਬਹੁਤ ਮਹਿੰਗਾ ਤੋਹਫਾ ਸੀ। ਸ਼ਿਕਾਰੀ ਬਾਜ਼ ਦੇ ਛੋਟੇ ਬੱਚਿਆਂ ਨੂੰ ਆਪਣੀ ਜਾਨ ’ਤੇ ਖੇਡ ਕੇ ਆਲ੍ਹਣੇ ਤੋਂ ਚੁੱਕ ਲਿਆਉਂਦੇ ਸਨ ਤੇ ਟਰੇਂਡ ਕਰ ਕੇ ਬਹੁਤ ਮਹਿੰਗਾ ਵੇਚਦੇ ਸਨ।

ਹੁਣ ਪੰਜਾਬ ਦੇ ਲੋਕਾਂ ਨੇ ਕਦੇ ਬਾਜ਼ ਤਾਂ ਵੇਖਿਆ ਨਹੀਂ ਸੀ। ਬੱਸ ਮਹਾਂਪੁਰਖਾਂ ਦੀਆਂ ਪੇਟਿੰਗਾਂ ਵੇਖ ਕੇ ਇੱਕ ਤਸਵੀਰ ਮਨ ਵਿੱਚ ਬਣਾਈ ਹੋਈ ਸੀ। ਜਦੋਂ ਚਲਾਕ ਲੋਕਾਂ ਨੇ ਅਫਵਾਹ ਫੈਲਾ ਦਿੱਤੀ ਤਾਂ ਪਿੱਛਲੱਗਾਂ ਨੂੰ ਹਰੇਕ ਚੀਲ੍ਹ, ਚਿੜ੍ਹੀਮਾਰ ਤੇ ਮਿਲਦਾ ਜੁਲਦਾ ਪੰਛੀ ਬਾਜ਼ ਦਿਖਾਈ ਦੇਣ ਲੱਗਾ। ਜਿਸ ਪਾਸੇ ਵੀ ਬਾਜ਼ ਬੈਠਾ ਹੋਣ ਦੀ ਅਫਵਾਹ ਫੈਲਦੀ, ਲੋਕ ਵਹੀਰਾਂ ਘੱਤ ਕੇ ਉਸ ਦਰਖਤ ਜਾਂ ਬਿਜਲੀ ਦੇ ਖੰਭੇ-ਤਾਰਾਂ ਨੂੰ ਘੇਰਾ ਪਾ ਲੈਂਦੇ। ਪੰਛੀ ਵਿਚਾਰਾ ਹਜ਼ੂਮ ਵੇਖ ਕੇ ਜਾਂ ਤਾਂ ਡਰ ਦਾ ਮਾਰਾ ਉੱਡ ਜਾਂਦਾ ਜਾਂ ਹਮਲਾ ਕਰਨ ਦੀ ਮੁਦਰਾ ਵਿੱਚ ਆ ਜਾਂਦਾ। ਅਗਲੇ ਦਿਨ ਖਬਰ ਛਪਦੀ ਕਿ ਫਲਾਣੇ ਥਾਂ ’ਤੇ ਬਾਜ਼ ਸਾਹਿਬ ਪਰਗਟ ਹੋਏ ਜੋ ਖੰਭ ਖਿਲਾਰ ਕੇ ਤੇ ਸਿਰ ਹਿਲਾ ਕੇ ਭਗਤਾਂ ਦੇ ਸਤਿਕਾਰ ਦਾ ਜਵਾਬ ਦਿੰਦੇ ਸਨ। ਇਸ ਤੋਂ ਬਾਅਦ ਤਾਂ ਸ਼ਿਕਾਰੀਆਂ ਦੀਆਂ ਪੌਂ ਬਾਰਾਂ ਹੋ ਗਈਆਂ। ਸਕੀਮੀਆਂ ਨੇ ਕਿਸੇ ਤਰ੍ਹਾਂ ਪ੍ਰਬੰਧ ਕਰ ਕੇ ਧਾਰਮਿਕ ਸਥਾਨਾਂ ਵਿੱਚ ਬਾਜ਼ ਬਿਠਾਉਣੇ ਸ਼ੁਰੂ ਕਰ ਦਿੱਤੇ। ਜਿਸ ਧਾਰਮਿਕ ਸਥਾਨ ਵਿੱਚ ਬਾਜ਼ ਆ ਜਾਂਦਾ, ਉੱਥੇ ਅੰਧ ਭਗਤਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਤੇ ਮਾਇਆ ਦੇ ਢੇਰ। ਬਾਜ਼ ਦੀ ਰਾਖੀ ਲਈ ਪੁਲਿਸ ਗਾਰਦ ਵੀ ਲਗਾਉਣੀ ਪੈਂਦੀ। ਵਿਚਾਰੇ ਮਾਸ ਖਾਣੇ ਪੰਛੀ ਅੱਗੇ ਭਾਂਤ ਭਾਂਤ ਦੀਆਂ ਮਠਿਆਈਆਂ ਪਰੋਸ ਦਿੱਤੀਆਂ ਜਾਂਦੀਆਂ। ਪਤਾ ਨਹੀਂ ਇਹ ਲੋਕ ਪੰਛੀ ਨੂੰ ਕੀ ਨਸ਼ਾ ਖਵਾਉਂਦੇ, ਉਹ ਉੱਡਦਾ ਹੀ ਨਾ। ਸਗੋਂ ਸਿਰ ਸੁੱਟ ਕੇ ਬੈਠਾ ਰਹਿੰਦਾ। ਪੰਜ ਸੱਤ ਦਿਨ ਮਾਇਆ ਦੇ ਢੇਰ ਲਗਵਾ ਕੇ ਬਾਜ਼ ਸਾਹਿਬ ਗੁਪਤ ਹੋ ਜਾਂਦੇ। ਹੁਣ ਲੋਕਾਂ ਨੂੰ ਕੋਈ ਪੁੱਛੇ ਕਿ ਬਾਜ਼ (ਜੇ ਅਸਲੀ ਵੀ ਹੋਵੇ) ਨੇ ਪੈਸੇ ਕੀ ਕਰਨੇ ਹਨ?

ਇਸੇ ਸਮੇਂ ਵਗਦੀ ਗੰਗਾ ਵਿੱਚ ਹੱਥ ਧੋਣ ਲਈ ਇੱਕ ਡੇਰੇ ਦੇ ਪ੍ਰਬੰਧਕਾਂ ਨੇ ਚੀਲ੍ਹ ਵਰਗਾ ਪੰਛੀ ਡੇਰੇ ਵਿੱਚ ਲਿਆ ਬਿਠਾਇਆ ਤੇ ਸਪੀਕਰ ਵਿੱਚ ਅਨਾਊਂਸਮੈਂਟ ਕਰ ਦਿੱਤੀ। ਬੱਸ ਲੋਕ ਧਾ ਕੇ ਪੈ ਗਏ। ਸਬੰਧਤ ਐੱਸ.ਐੱਚ.ਓ. ਨੂੰ ਵੀ ਬਾਜ਼ ਦੀ ਸਕਿਉਰਟੀ ਦਾ ਫਿਕਰ ਪੈ ਗਿਆ। ਉਸ ਨੇ ਫਟਾਫਟ ਮੁਨਸ਼ੀ  ਨੂੰ ਗਾਰਦ ਲਗਾਉਣ ਦਾ ਹੁਕਮ ਚੜ੍ਹ ਦਿੱਤਾ। ਅਜਿਹੀਆਂ ਗਾਰਦਾਂ ’ਤੇ ਬਹੁਤਾ ਉਹ ਵਿਅਕਤੀ ਲਗਾਏ ਜਾਂਦੇ ਹਨ ਜੋ ਹੋਰ ਕਿਤੇ ਫਿੱਟ ਨਹੀਂ ਬੈਠਦੇ। ਮੁਨਸ਼ੀ ਨੇ ਜਦੋਂ ਹੋਰ ਕੋਈ ਨਾ ਲੱਭਾ ਤਾਂ ਮਹਾਂ ਸ਼ਰਾਬੀ ਹੌਲਦਾਰ ਮੇਜਰ ਬੱਗੇ (ਨਾਮ ਬਦਲਿਆ ਹੋਇਆ) ਨੂੰ ਚਾਰ ਸਿਪਾਹੀ ਦੇ ਕੇ ਡੇਰੇ ਵੱਲ ਤੋਰ ਦਿੱਤਾ। ਹਾੜ੍ਹ ਦੇ ਮਹੀਨੇ ਦੀ ਗਰਮੀ ਵਿੱਚ ਮੁਨਸ਼ੀ ਨੂੰ ਗਾਹਲਾਂ ਦਿੰਦਾ ਵਿਚਾਰਾ ਬੱਗਾ ਡੇਰੇ ਪਹੁੰਚ ਗਿਆ। ਪਹਿਲਾਂ ਤਾਂ ਜਾ ਕੇ ਲੋਕਾਂ ਦੀ ਲਾਈਨਾਂ ਲਗਾਈਆਂ ਤੇ ਫਿਰ ਲੰਗਰ ਪਰਸ਼ਾਦੇ ਛਕ ਕੇ ਡਿਊਟੀ ’ਤੇ ਡਟ ਗਏ। ਉਸ ਦੇ ਢਿੱਡ ਦੇ ਕੀੜੇ ਰਾਤ ਨੂੰ ਸ਼ਰਾਬ ਮੰਗਣ ਪਰ ਉਹ ਲੋਕਾਂ ਤੋਂ ਡਰਦਾ ਪੀਵੇ ਨਾ। ਉਸ ਨੇ ਸੋਚਿਆ ਕਿ ਆਪੇ ਕੱਲ੍ਹ ਨੂੰ ਬਾਜ਼ ਉੱਡ ਜਾਵੇਗਾ ਤੇ ਆਪਾਂ ਠੇਕੇ ਪਹੁੰਚ ਜਾਵਾਂਗੇ। ਪਰ ਪ੍ਰਬੰਧਕਾਂ ਨੇ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਦਾ ਪੂਰਾ ਪਲੈਨ ਬਣਾਇਆ ਹੋਇਆ ਸੀ। ਪਤਾ ਨਹੀਂ ਪੰਛੀ ਨੂੰ ਉਹ ਕੀ ਚਾਰਦੇ ਸਨ ਕਿ ਪੰਛੀ ਸਾਰਾ ਦਿਨ ਸਿਰ ਸੁੱਟੀ ਊਂਘਦਾ ਰਹਿੰਦਾ।

ਬੱਗੇ ਨੂੰ ਤਿੰਨ ਚਾਰ ਦਿਨ ਮੌਤ ਵਾਂਗ ਲੰਘੇ। ਉੱਧਰੋਂ ਮੁਨਸ਼ੀ ਥਾਣੇ ਨਾ ਵੜਨ ਦੇਵੇ ਕਿ ਤੁਸੀਂ ਹੀ ਡਿਊਟੀ ਕਰਨੀ ਹੈ, ਮੇਰੇ ਕੋਲ ਹੋਰ ਬੰਦੇ ਨਹੀਂ ਹੈਗੇ ਤੇ ਇੱਧਰ ਪੈੱਗ ਤੋਂ ਬਗੈਰ ਬੱਗੇ ਦਾ ਟਾਈਮ ਨਾ ਲੰਘੇ। ਤਿੰਨ ਚਾਰ ਦਿਨਾਂ ਬਾਅਦ ਅੱਕੇ ਹੋਏ ਸਿਪਾਹੀ ਬੱਗੇ ਨੂੰ ਕਹਿੰਦੇ ਕਿ ਚੀਫ ਕੁਝ ਕਰ, ਇਸ ਤਰ੍ਹਾਂ ਤਾਂ ਮਰਜਾਂ’ਗੇ ਆਪਾਂ। ਚੌਥੇ ਦਿਨ ਬੱਗੇ ਨੇ ਹਿੰਮਤ ਕੀਤੀ ਤੇ ਪਜਾਮਾ ਕੁੜਤਾ ਪਾ ਕੇ ਅੱਧੀ ਰਾਤ ਨੂੰ ਡੇਰੇ ਅੰਦਰ ਜਾ ਵੜਿਆ। ਉਹ ਹੌਲੀ ਜਿਹੀ ਪਕੜ ਕੇ ਪੰਛੀ ਨੂੰ ਬਾਹਰ ਲੈ ਆਇਆ ਤੇ ਦੋ ਤਿੰਨ ਵਾਰ ਅਸਮਾਨ ਵੱਲ ਉਛਾਲ ਕੇ ਉਡਾਉਣ ਦੀ ਕੋਸ਼ਿਸ਼ ਕੀਤੀ। ਪੰਛੀ ਪਹਿਲਾਂ ਹੀ ਅੱਧ ਮੋਇਆ ਹੋਇਆ ਪਿਆ ਸੀ, ਧਰਤੀ ’ਤੇ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਡਰਦੇ ਮਾਰੇ ਬੱਗਾ ਨੇ ਉਸ ਨੂੰ ਆਸਣ ’ਤੇ ਸੁਸ਼ੋਭਿਤ ਕਰ ਕੇ ਹੌਲੀ ਜਿਹੀ ਬਾਹਰ ਆ ਗਿਆ ਤੇ ਸਿਪਾਹੀਆਂ ਨੂੰ ਸਹੁੰ ਪਵਾ ਕੇ ਸਾਰੀ ਗੱਲ ਦੱਸ ਦਿੱਤੀ। ਸਿਪਾਹੀ ਵੀ ਸਿਆਪਾ ਮੁੱਕ ਗਿਆ ਜਾਣ ਕੇ ਖੁਸ਼ ਹੋ ਗਏ।

ਅਗਲੇ ਦਿਨ ਤੜਕੇ ਜਦੋਂ ਡੇਰੇ ਦੇ ਪ੍ਰਧਾਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਪੰਛੀ ਮਰਿਆ ਪਿਆ ਸੀ। ਪ੍ਰਧਾਨ ਨੇ ਇੱਕ ਦਮ ਸਪੀਕਰ ’ਤੇ ਬੋਲ ਦਿੱਤਾ ਕਿ ਬਾਜ਼ ਸਾਹਿਬ ਸਰੀਰ ਛੱਡ ਗਏ ਹਨ, ਜਨਤਾ ਜਲਦੀ ਜਲਦੀ ਤੋਂ ਜਲਦੀ ਡੇਰੇ ਪਹੁੰਚੇ।

ਪੰਛੀ ਦੇ ਕੋਈ ਖੂਨ ਨਾ ਨਿਕਲਿਆ ਹੋਣ ਕਰ ਕੇ ਕਿਸੇ ਨੂੰ ਸ਼ੱਕ ਨਾ ਪਿਆ। ਅਸਲ ਵਿੱਚ ਪੰਛੀ ਨੂੰ ਨਸ਼ਾ ਵਗੈਰਾ ਖਵਾਉਣ ਵਾਲੇ ਸਾਜ਼ਿਸ਼ੀ ਪ੍ਰਧਾਨ ਨੂੰ ਪਤਾ ਹੀ ਸੀ ਕਿ ਇਸ ਨੇ ਮਰ ਜਾਣਾ ਹੈ। ਪ੍ਰਧਾਨ ਨੇ ਉਸ ਪੰਛੀ ਦੀ ਮੌਤ ਤੋਂ ਵੀ ਲੱਖਾਂ ਰੁਪਈਆ ਕਮਾ ਲਿਆ। ਉਸ ਨੇ ਐਲਾਨ ਕਰ ਦਿੱਤਾ ਕਿ ਇਸ ਦੀ ਦੇਹ ਨੂੰ ਨਜ਼ਦੀਕੀ ਦਰਿਆ (ਜੋ 25 ਕਿਲੋਮੀਟਰ ਦੂਰ ਸੀ) ਵਿੱਚ ਜਲ ਪ੍ਰਵਾਹ ਕਰਨ ਲਈ ਲੈ ਕੇ ਜਾਣਾ ਹੈ। ਭਗਤਾਂ ਨੇ ਫੌਰਨ ਗੱਡੀਆਂ ਦੀਆਂ ਲਾਈਨਾਂ ਲਗਾ ਦਿੱਤੀਆਂ। ਪੰਛੀ ਦੀ ਦੇਹ ਨੂੰ ਬਕਾਇਦਾ ਇਸ਼ਨਾਨ ਕਰਵਾ ਕੇ, ਸੁੰਦਰ ਕੱਪੜੇ ਵਿੱਚ ਲਪੇਟ ਕੇ ਖੁੱਲ੍ਹੀ ਗੱਡੀ ਵਿੱਚ ਰੱਖਿਆ ਗਿਆ। ਰਸਤੇ ਵਿੱਚ ਖੜ੍ਹੇ ਲੋਕਾਂ ਨੇ ਗੱਡੀ ਮਾਇਆ ਨਾਲ ਭਰ ਦਿੱਤੀ। 25 ਕਿਲੋਮੀਟਰ ਦਾ ਸਫਰ ਬਾਰ੍ਹਾਂ ਘੰਟਿਆਂ ਵਿੱਚ ਪੂਰਾ ਹੋਇਆ। ਉੱਥੇ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਮੁਤਾਬਿਕ ਦੇਹ ਜਲ ਪ੍ਰਵਾਹ ਕਰ ਦਿੱਤੀ ਗਈ। ਬੱਗਾ ਹੌਲਦਾਰ ਅਤੇ ਪੂਰੀ ਗਾਰਦ ਆਪਣਾ ਹਾਸਾ ਅੰਦਰ ਦੱਬ ਕੇ ਸਾਰਾ ਰਸਤਾ ਦੇਹ ਦੀ ਸੁਰੱਖਿਆ ਕਰਨ ਲਈ ਨਾਲ ਰਹੀ।

*****

(1148)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author