“ਅਜਿਹੇ ਕਾਰੋਬਾਰੀ ਕਿਸਮ ਦੇ ਜ਼ਿਆਦਾਤਰ ਵਿਆਹਾਂ ਦਾ ਅੰਜਾਮ ...”
(22 ਨਵੰਬਰ 2019)
ਭਾਰਤ ਅਤੇ ਵਿਸ਼ੇਸ਼ ਤੌਰ ਉੱਤੇ ਪੰਜਾਬ ਵਿੱਚ ਦਹੇਜ਼ ਦੀ ਲਾਹਨਤ ਇੱਕ ਅਜਿਹੀ ਵਾਇਰਸ ਦਾ ਰੂਪ ਧਾਰਨ ਕਰ ਚੁੱਕੀ ਹੈ ਜਿਸਦਾ ਨੇੜ ਭਵਿੱਖ ਵਿੱਚ ਕੋਈ ਇਲਾਜ ਨਜ਼ਰ ਨਹੀਂ ਆਉਂਦਾ। ਵਿਆਹਾਂ ਦੇ ਖਰਚਿਆਂ ਨੇ ਲੋਕਾਂ ਦਾ ਧੂੰਆਂ ਕੱਢ ਛੱਡਿਆ ਹੈ। ਲੜਕੀ ਵਾਲੇ ਇੱਕ ਵਿਆਹ ਤੋਂ ਬਾਅਦ ਕਈ ਸਾਲ ਤੱਕ ਕਰਜ਼ੇ ਲਾਹੁੰਦੇ ਮਰ ਜਾਂਦੇ ਹਨ। ਵਿਆਹ ਦਾ ਫੰਕਸ਼ਨ ਵੀ ਇੱਕ ਨਹੀਂ, ਸਗੋਂ ਚਾਰ ਚਾਰ ਹੋਣ ਲੱਗ ਪਏ ਹਨ। ਪਹਿਲਾਂ ਸ਼ਗਨ, ਲੇਡੀਜ਼ ਸੰਗੀਤ, ਸ਼ਾਦੀ ਅਤੇ ਫਿਰ ਰਿਸੈਪਸ਼ਨ। 10-15 ਲੱਖ ਤਾਂ ਇਕੱਲੇ ਮੈਰਿਜ਼ ਪੈਲੇਸ ਵਾਲੇ ਹੀ ਲੈ ਲੈਂਦੇ ਹਨ। ਇੱਕ ਮੱਧ ਵਰਗੀ ਪਰਿਵਾਰ ਨੂੰ ਵੀ ਲੜਕੀ ਦਾ ਵਿਆਹ ਇੱਕ ਕਰੋੜ ਦੇ ਲਾਗੇ ਚਾਗੇ ਪੈ ਜਾਂਦਾ ਹੈ। ਕਰਜ਼ੇ ਉੱਤੇ ਲੈ ਕੇ ਟਰੈਕਟਰ ਵੇਚਣਾ, ਲਿਮਟਾਂ ਤੋਂ ਪੈਸੇ ਚੁੱਕਣਾ ਤੇ ਆੜ੍ਹਤੀਆਂ ਦੇ ਤਰਲੇ ਕੱਢਣੇ ਪੈਂਦੇ ਹਨ। ਫਿਰ ਕਈ ਸਾਲਾਂ ਤੱਕ ਮੋਟਾ ਵਿਆਜ ਭਰਦੇ ਹਨ ਤੇ ਕਈ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਸਪਰੇਅ ਪੀ ਕੇ ਸਾਰੀਆਂ ਮੁਸੀਬਤਾਂ ਤੋਂ ਛੁਟਕਾਰਾ ਪਾ ਜਾਂਦੇ ਹਨ।
ਲੋਕਾਂ ਨੂੰ ਇਸ ਮੁਸੀਬਤ ਤੋਂ ਬਚਾਉਣ ਦਾ ਕੰਮ ਭਾਰਤ ਜਾਂ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਸੀ, ਪਰ ਇਹਨਾਂ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ ਦਹੇਜ਼ ਵਿਰੋਧੀ ਕਾਨੂੰਨ ਬਣਾ ਕੇ ਹੀ ਆਪਣੀ ਜ਼ਿੰਮੇਵਾਰੀ ਤੋਂ ਮੁਕਤੀ ਪ੍ਰਾਪਤ ਕਰ ਲਈ ਹੈ। ਰੱਬ ਭਲਾ ਕਰੇ ਆਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਦਾ, ਜਿਹਨਾਂ ਨੇ ਆਈਲੈਟਸ ਰਾਹੀਂ ਪੀ.ਆਰ. ਦੇਣ ਦੀ ਸ਼ੁਰੂਆਤ ਕਰ ਕੇ ਹਜ਼ਾਰਾਂ ਗਰੀਬ ਮਾਪਿਆਂ ਦੀਆਂ ਹੋਣਹਾਰ ਧੀਆਂ ਦੀ ਕਿਸਮਤ ਖੋਲ੍ਹ ਦਿੱਤੀ ਹੈ। ਆਈਲੈਟਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਗਲੈਂਡ ਨੇ 1989 ਵਿੱਚ ਸ਼ੁਰੂ ਕੀਤੀ ਸੀ ਜੋ ਹੌਲੀ ਹੌਲੀ ਉਪਰੋਕਤ ਅੰਗਰੇਜ਼ੀ ਭਾਸ਼ੀ ਚਾਰ ਦੇਸ਼ਾਂ ਨੇ ਵੀ ਅਪਣਾ ਲਈ। ਇੰਗਲੈਂਡ ਦਾ ਟੈੱਸਟ ਜ਼ਿਆਦਾ ਸਖਤ ਹੋਣ ਕਾਰਨ ਬਹੁਤੇ ਲੋਕ ਪਾਸ ਨਹੀਂ ਸਨ ਕਰ ਸਕਦੇ। ਇਸ ਲਈ ਸੰਨ 2000 ਤੋਂ ਬਾਅਦ ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਕੈਨੇਡਾ ਨੇ ਆਈਲੈਟਸ ਟੈਸਟ ਸੌਖੇ ਕਰ ਦਿੱਤੇ ਤਾਂ ਪੰਜਾਬੀਆਂ ਨੇ ਇਹਨਾਂ ਦੇਸ਼ਾਂ ਵੱਲ ਵਹੀਰਾਂ ਘੱਤ ਦਿੱਤੀਆਂ। ਜਿਸ ਕੋਲ ਵੀ 25-30 ਲੱਖ ਦਾ ਪ੍ਰਬੰਧ ਹੈ (ਚਾਹੇ ਜ਼ਮੀਨ ਵੇਚ ਕੇ ਹੋਵੇ) ਤੇ ਬੱਚਾ 6-7 ਬੈਂਡ ਲੈਣ ਜੋਗਾ ਹੋਵੇ, ਉਹ ਇਹਨਾਂ ਦੇਸ਼ਾਂ ਵਿੱਚ ਪਹੁੰਚ ਗਿਆ ਹੈ।
ਕੈਨੇਡਾ ਸਰਕਾਰ ਇਸ ਸਬੰਧੀ ਕੁਝ ਜ਼ਿਆਦਾ ਹੀ ਨਰਮ ਹੋਣ ਕਾਰਨ ਸਭ ਤੋਂ ਵਧ ਪੰਜਾਬੀ ਵਿਦਿਆਰਥੀ ਉੱਥੇ ਜਾਣ ਨੂੰ ਪਹਿਲ ਦਿੰਦੇ ਹਨ। ਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਇਹ ਰੁਝਾਨ ਸੰਨ 2001 ਤੋਂ ਬਾਅਦ ਸ਼ੁਰੂ ਹੋਇਆ ਹੈ ਤੇ ਹਰ ਸਾਲ ਇਹ ਗਿਣਤੀ ਵਧਦੀ ਹੀ ਜਾ ਰਹੀ ਹੈ। 2018 ਦੌਰਾਨ ਕੈਨੇਡਾ ਵਿੱਚ ਕੁਲ ਸੰਸਾਰ ਤੋਂ 5 ਲੱਖ ਵਿਦਿਆਰਥੀ ਆਏ ਜਿਹਨਾਂ ਵਿੱਚੋਂ 125000 ਪੰਜਾਬੀ ਸਨ ਅਤੇ ਸਿਰਫ 24000 ਪੰਜਾਬੀ ਬਾਕੀ ਚਾਰ ਦੇਸ਼ਾਂ ਵਿੱਚ ਗਏ। ਜੇ ਇੱਕ ਵਿਦਿਆਰਥੀ ਦਾ ਖਰਚ ਔਸਤਨ ਵੀਹ-ਬਾਈ ਲੱਖ ਰੁਪਏ ਵੀ ਲਗਾਈਏ ਤਾਂ ਪੰਜਾਬੀ 27000 ਕਰੋੜ ਰੁਪਇਆ ਸਲਾਨਾ ਸਿਰਫ ਕੈਨੇਡਾ ਨੂੰ ਹੀ ਦੇ ਰਹੇ ਹਨ। ਇਸ ਸਾਲ ਇਹ ਰਕਮ ਦੋ-ਚਾਰ ਸੌ ਕਰੋੜ ਹੋਰ ਵਧ ਜਾਣ ਦੀ ਉਮੀਦ ਹੈ। ਆਈਲੈਟਸ ਦੇ ਇਸ ਵਪਾਰ ਨੇ ਲੱਖਾਂ ਲੋਕਾਂ ਨੂੰ ਰੋਟੀ ਵਿੱਚ ਪਾਇਆ ਹੋਇਆ ਹੈ। ਕੋਚਿੰਗ ਸੈਂਟਰ, ਟਰੈਵਲ ਏਜੰਟ, ਮਨੀ ਐਕਸਚੇਂਜ, ਏਅਰ ਲਾਈਨਾਂ ਅਤੇ ਕੈਨੇਡਾ ਵਿੱਚ ਖੁੰਬਾਂ ਵਾਂਗ ਖੁੱਲ੍ਹੇ ਦੋ-ਦੋ ਕਮਰਿਆਂ ਦੇ ਡਿਪਲੋਮਾ ਕਾਲਜ ਰੱਜ ਕੇ ਇਸ ਗੰਗਾ ਵਿੱਚ ਹੱਥ ਧੋ ਰਹੇ ਹਨ। ਵਿਦਿਆਰਥੀਆਂ ਦੇ ਦਾਖਲਿਆਂ ਵਾਲੇ ਮਹੀਨਿਆਂ ਸਮੇਂ ਏਅਰਲਾਈਨਾਂ ਦਾ ਕਿਰਾਇਆ ਡਬਲ ਹੋ ਜਾਂਦਾ ਹੈ। ਇੱਧਰ ਪੰਜਾਬ ਦੇ ਕਾਲਜਾਂ-ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੇ ਲਾਲੇ ਪਏ ਹੋਏ ਹਨ ਤੇ ਕਲਾਸ ਰੂਮ ਵਿਦਿਆਰਥੀਆਂ ਬਿਨਾਂ ਭਾਂ ਭਾਂ ਕਰ ਰਹੇ ਹਨ। ਹਰ ਕੋਈ ਪਲੱਸ ਟੂ ਕਰ ਕੇ ਬਾਹਰ ਨੂੰ ਭੱਜ ਰਿਹਾ ਹੈ। ਬਹੁਤੇ ਸਕੂਲਾਂ ਕਾਲਜਾਂ ਨੇ ਦੁਖੀ ਹੋ ਕੇ ਖੁਦ ਹੀ ਆਈਲੈਟਸ ਕੋਚਿੰਗ ਕੋਰਸ ਸ਼ੁਰੂ ਕਰ ਦਿੱਤੇ ਹਨ। ਅੱਜ ਸੰਸਾਰ ਦੇ 140 ਦੇਸ਼ਾਂ ਦੇ 35 ਲੱਖ ਵਿਦਿਆਰਥੀ ਹਰ ਸਾਲ ਆਈਲੈਟਸ ਦਾ ਪੇਪਰ ਦਿੰਦੇ ਹਨ ਤੇ ਇਸ ਲਈ ਵਿਸ਼ਵ ਪੱਧਰ ਉੱਤੇ 1110 ਸੈਂਟਰ ਬਣੇ ਹੋਏ ਹਨ।
ਪੰਜਾਬ ਵਿੱਚ ਵੰਡ ਦਰ ਵੰਡ ਹੋਣ ਕਾਰਨ ਜ਼ਮੀਨਾਂ ਬਹੁਤ ਘੱਟ ਰਹਿ ਗਈਆਂ ਹਨ ਤੇ ਜ਼ਿਆਦਾਤਰ ਲੋਕ ਵੱਧ ਤੋਂ ਵੱਧ 10-12 ਕਿੱਲਿਆਂ ਦੇ ਮਾਲਕ ਹਨ। ਆਈਲੈਟਸ ਦਾ ਰਿਵਾਜ਼ ਸ਼ੁਰੂ ਹੋਣ ਤੋਂ ਪਹਿਲਾਂ 5-7 ਕਿੱਲਿਆਂ ਵਾਲਾ ਵੀ ਦਹੇਜ਼ ਵਿੱਚ ਕਾਰ ਭਾਲਦਾ ਸੀ, ਸਰਕਾਰੀ ਮੁਲਾਜ਼ਮਾਂ ਦੀ ਤਾਂ ਬੋਲੀ ਹੀ 20 ਲੱਖ ਤੋਂ ਉੱਪਰ ਸ਼ੁਰੂ ਹੁੰਦੀ ਸੀ। ਪਰ ਸੱਚੇ ਪਾਤਸ਼ਾਹ ਨੇ ਅੱਜ ਹੋਣਹਾਰ ਲੜਕੀਆਂ ਦੇ ਹੱਥਾਂ ਵਿੱਚ ਆਈਲੈਟਸ ਨਾਮ ਦਾ ਅਜਿਹਾ ਹਥਿਆਰ ਪਕੜਾ ਦਿੱਤਾ ਹੈ ਕਿ 6-7 ਬੈਂਡ ਆਉਂਦੇ ਸਾਰ ਵੱਡੇ ਤੋਂ ਵੱਡੇ ਧਨਾਢ ਵੀ ਗਰੀਬ ਘਰਾਂ ਦੀਆਂ ਲੜਕੀਆਂ ਦੇ ਤਰਲੇ ਕੱਢਣ ਲੱਗ ਪੈਂਦੇ ਹਨ। ਜ਼ਾਤ ਪਾਤ ਵਰਗੇ ਕਲੰਕ ਨੂੰ ਮਿਟਾਉਣ ਦਾ ਜਿਹੜਾ ਕੰਮ ਸਾਡੇ ਧਾਰਮਿਕ ਰਹਿਨੁਮਾ ਨਹੀਂ ਕਰ ਸਕੇ, ਉਸ ਆਈਲੈਟਸ ਨੇ ਕਰ ਵਿਖਾਇਆ ਹੈ। ਵਿਆਹ ਵੇਲੇ ਸਿਰਫ ਬੈਂਡ ਵੇਖੇ ਜਾਂਦੇ ਹਨ, ਜ਼ਾਤ ਪਾਤ ਕੋਈ ਨਹੀਂ ਪੁੱਛਦਾ। ਪੰਜਾਬ ਵਿੱਚ ਵੇਖੀਏ ਤਾਂ ਪਹਿਲੀ ਜ਼ਮਾਤ ਤੋਂ ਲੈ ਕੇ ਬੀ.ਏ., ਐੱਮ.ਏ. ਤੱਕ ਦੇ ਇਮਤਿਹਾਨਾਂ ਵਿੱਚ ਕੁੜੀਆਂ ਦੀ ਝੰਡੀ ਹੈ। ਮੈਡੀਕਲ, ਆਈ.ਆਈ.ਟੀ. ਅਤੇ ਇੰਜੀਨੀਅਰਿੰਗ ਆਦਿ ਵਿੱਚ ਹਰ ਸਾਲ ਕੁੜੀਆਂ ਹੀ ਟਾਪ ਕਰ ਰਹੀਆਂ ਹਨ। ਪੰਜਾਬ ਦੇ ਲਾਡਲੇ ਤੇ ਪੋਲੜ ਮੁੰਡਿਆਂ ਦੇ ਮਨਾਂ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਪੜ੍ਹਨ ਦੀ ਕੀ ਜ਼ਰੂਰਤ ਹੈ? ਪਿਉ ਕੋਲ ਵਾਧੂ ਪੈਸੇ ਹਨ, 6 ਬੈਂਡ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਤਾਂ ਚਲੇ ਹੀ ਜਾਣਾ ਹੈ। ਇਹ ਢੀਠ ਅਤੇ ਨਿਕੰਮੇ ਆਈਲੈਟਸ ਪਾਸ ਕਰਨ ਜੋਗੇ ਵੀ ਨਹੀਂ ਰਹੇ। ਵੱਡੇ ਵੱਡੇ ਲੈਂਡਲਾਰਡ ਹੁਣ ਦਾਜ ਲੈਣ ਦੀ ਬਜਾਏ 50-50 ਲੱਖ ਰੁਪਇਆ ਕੁੜੀ ਵਾਲਿਆਂ ਨੂੰ ਦੇਣ ਲਈ ਚੁੱਕੀ ਫਿਰਦੇ ਹਨ ਕਿ ਕਿਸੇ ਤਰ੍ਹਾਂ ਮੁੰਡਾ ਬਾਹਰ ਚਲਾ ਜਾਵੇ। ਇੱਥੋਂ ਤੱਕ ਕਿ ਵਿਆਹ ਦਾ ਸਾਰਾ ਖਰਚਾ ਵੀ ਮੁੰਡੇ ਵਾਲੇ ਹੀ ਕਰਦੇ ਹਨ।
ਪਰ ਅਜਿਹੇ ਕਾਰੋਬਾਰੀ ਕਿਸਮ ਦੇ ਜ਼ਿਆਦਾਤਰ ਵਿਆਹਾਂ ਦਾ ਅੰਜਾਮ ਠੀਕ ਨਹੀਂ ਨਿਕਲਦਾ। ਲੜਕੀ ਅਤੇ ਲੜਕੇ ਦੇ ਮਨ ਆਪਸ ਵਿੱਚ ਨਹੀਂ ਭਿੱਜਦੇ, ਉਹ ਪਿਆਰ ਹੀ ਨਹੀਂ ਪਨਪਦਾ ਜੋ ਅਸਲੀ ਵਿਆਹ ਕਾਰਨ ਪਨਪਣਾ ਚਾਹੀਦਾ ਹੈ। ਦੋਵਾਂ ਦੇ ਦਿਲਾਂ ਵਿੱਚ ਇੱਕ ਗੁੱਝਾ ਡਰ ਬੈਠਾ ਹੁੰਦਾ ਹੈ ਕਿ ਸਾਡਾ ਵਿਆਹ ਇੱਕ ਸੌਦੇਬਾਜ਼ੀ ਅਧੀਨ ਹੋਇਆ ਹੈ। ਬਹੁਤੇ ਲੜਕਿਆਂ ਨੇ ਪਹਿਲਾਂ ਹੀ ਸਕੀਮ ਲਗਾਈ ਹੁੰਦੀ ਹੈ ਕਿ ਕੈਨੇਡਾ ਵਿੱਚ ਪੱਕੇ ਹੁੰਦੇ ਸਾਰ ਉਡਾਰੀ ਮਾਰ ਜਾਣੀ ਹੈ ਤੇ ਪਿਛਲਾ ਘਾਟਾ ਪੂਰਾ ਕਰਨ ਲਈ ਪੰਜਾਬ ਜਾ ਕੇ ਮੋਟਾ ਦਹੇਜ਼ ਲੈ ਕੇ ਦੁਬਾਰਾ ਵਿਆਹ ਕਰਵਾਉਣਾ ਹੈ। ਪੰਜਾਬ ਵਿੱਚ ਤਾਂ ਕੈਨੇਡਾ ਦੇ ਨਾਮ ਉੱਤੇ ਭਾਵੇਂ 100 ਸਾਲ ਦਾ ਬੁੱਢਾ ਵਿਆਹ ਲਉ। ਲੜਕੀ ਨੂੰ ਵੀ ਪਤਾ ਹੁੰਦਾ ਹੈ ਕਿ ਇਸ ਨੇ ਮੇਰੇ ਨਾਲ ਸਿਰਫ ਬਾਹਰ ਆਉਣ ਖਾਤਰ ਵਿਆਹ ਕਰਵਾਇਆ ਹੈ। ਕਈ ਵਾਰ ਲੜਕੀਆਂ ਵੀ ਬਾਹਰ ਪਹੁੰਚ ਕੇ ਲੜਕੇ ਨੂੰ ਪੇਪਰ ਨਹੀਂ ਭੇਜਦੀਆਂ। ਅਗਲਾ ਲੜਕੀ ਨੂੰ ਵਿਦੇਸ਼ ਭੇਜਣ ਦੇ ਪੈਸੇ ਵੀ ਖਰਚ ਬੈਠਦਾ ਹੈ ਤੇ ਹੱਥ ਵੀ ਕੁਝ ਨਹੀਂ ਆਉਂਦਾ। ਪੁਲਿਸ ਕੋਲ ਰੋਜ਼ਾਨਾ ਅਜਿਹੀਆਂ ਸੈਂਕੜੇ ਦਰਖਾਸਤਾਂ ਪਹੁੰਚ ਰਹੀਆਂ ਹਨ ਜਿਸ ਵਿੱਚ ਲੜਕੀ ਵਾਲੇ, ਲੜਕੇ ਵਾਲਿਆਂ ਉੱਤੇ ਦਹੇਜ਼ ਮੰਗਣ ਦਾ ਇਲਜ਼ਾਮ ਲਗਾ ਰਹੇ ਹਨ ਤੇ ਲੜਕੇ ਵਾਲੇ, ਲੜਕੀ ਵਾਲਿਆਂ ਉੱਤੇ 35-40 ਲੱਖ ਦੀ ਠੱਗੀ ਮਾਰਨ ਦਾ। ਇਸ ਲਈ ਅਜਿਹੇ ਵਪਾਰਿਕ ਰਿਸ਼ਤੇ ਕਾਇਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਸਮਾਜਿਕ ਮਰਿਆਦਾਵਾਂ ਨੂੰ ਭੰਗ ਨਹੀਂ ਕਰਨਾ ਚਾਹੀਦਾ। ਪਰਿਵਾਰ ਵਾਲਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਲੜਕਾ ਇੱਥੇ ਆਈਲੈਟਸ ਪਾਸ ਨਹੀਂ ਕਰ ਸਕਦਾ, ਉਹ ਕੈਨੇਡਾ ਜਾ ਕੇ ਵੀ ਕੀ ਸ਼ੇਰ ਮਾਰ ਲਵੇਗਾ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1818)
(ਸਰੋਕਾਰ ਨਾਲ ਸੰਪਰਕ ਲਈ: