“ਕਈ ਇਨਾਮੀ ਗੈਂਗਸਟਰਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਫੇਸਬੁੱਕ ਪੇਜ ਚੱਲ ਰਹੇ ਹਨ ਜਿਨ੍ਹਾਂ ਵਿੱਚ ...”
(21 ਮਾਰਚ 2022)
ਮਹਿਮਾਨ: 560.
ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਗੈਂਗਸਟਰ ਬਹੁਤ ਵਧ ਗਏ ਹਨ। ਇਸ ਵੇਲੇ ਛੋਟੇ ਵੱਡੇ ਮਿਲਾ ਕੇ ਬਦਮਾਸ਼ਾਂ ਦੇ 15-20 ਗੈਂਗ ਸਰਗਰਮ ਹਨ। ਇਨ੍ਹਾਂ ਦਾ ਮੁੱਖ ਧੰਦਾ ਕਤਲ, ਕੁੱਟਮਾਰ, ਫਿਰੌਤੀ, ਅਗਵਾ ਅਤੇ ਵਿਰੋਧੀ ਧੜੇ ਦੇ ਬਦਮਾਸ਼ਾਂ ਅਤੇ ਮੁਖਬਰਾਂ ਨੂੰ ਖਤਮ ਕਰਨਾ ਹੈ। ਵੱਡੇ ਗੈਂਗਸਟਰਾਂ ਵਿੱਚ ਵਿੱਕੀ ਗਾਊਂਡਰ, ਪ੍ਰੇਮਾ ਲਹੌਰੀਆ, ਸੁੱਖਾ ਕਾਹਲਵਾਂ, ਗੁਰਪ੍ਰੀਤ ਸਿੰਘ ਸੇਖੋਂ, ਤੀਰਥ ਸਿੰਘ ਢਿੱਲਵਾਂ, ਦਿਲਪ੍ਰੀਤ ਸਿੰਘ ਢਾਹਾਂ, ਕੁਲਪ੍ਰੀਤ ਸਿੰਘ ਨੀਟਾ ਦਿਉਲ, ਰਵੀਚਰਨ ਸਿੰਘ ਉਰਫ ਰਵੀ ਦਿਉਲ, ਗੁਰਬਖਸ਼ ਸੇਵੇਵਾਲਾ, ਦਵਿੰਦਰ ਬੰਬੀਹਾ, ਸ਼ੇਰਾ ਖੁੱਬਣ, ਜੈਪਾਲ ਭੁੱਲਰ, ਮੰਨਪ੍ਰੀਤ ਮੰਨਾ, ਪ੍ਰਭਦੀਪ ਸਿੰਘ, ਕਮਲਜੀਤ ਸਿੰਘ ਉਰਫ ਬੰਟੀ ਢਿੱਲੋਂ, ਜਸਪ੍ਰੀਤ ਸਿੰਘ ਉਰਫ ਜੰਪੀ ਡੌਨ, ਸਾਰਜ ਸਿੰਘ ਮਿੰਟੂ, ਜਸਵਿੰਦਰ ਰੌਕੀ, ਜਸਪ੍ਰੀਤ ਸਿੰਘ ਘਣਸ਼ਾਮਪੁਰਾ, ਹੈਰੀ ਚੱਠਾ, ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਆਦਿ ਦੇ ਨਾਮ ਆਉਂਦੇ ਹਨ। ਇਨ੍ਹਾਂ ਵਿੱਚੋਂ ਕਈ ਮੁਕਾਬਲਿਆਂ ਅਤੇ ਆਪਸੀ ਕਤਲੋਗਾਰਤ ਵਿੱਚ ਮਾਰੇ ਜਾ ਚੁੱਕੇ ਹਨ। ਕੁਝ ਜੇਲ੍ਹਾਂ ਵਿੱਚ ਬੰਦ ਹਨ, ਕੁਝ ਭਗੌੜੇ ਹਨ ਤੇ ਕਈ ਰਿੰਕੂ ਬੀਹਲਾ ਅਤੇ ਲਖਬੀਰ ਸਿੰਘ ਲੰਡੇ ਵਰਗੇ ਵਿਦੇਸ਼ਾਂ ਤੋਂ ਆਪਣੇ ਗੈਂਗ ਚਲਾ ਰਹੇ ਹਨ। ਕਈ ਵੱਡੇ ਗੈਂਗਸਟਰਾਂ ਦੇ ਗੈਂਗ ਉਨ੍ਹਾਂ ਦੇ ਮਰਨ ਜਾਂ ਫੜੇ ਜਾਣ ਤੋਂ ਬਾਅਦ ਵੀ ਸਰਗਰਮ ਹਨ। ਮਹੀਨੇ ਦਸਾਂ ਦਿਨਾਂ ਬਾਅਦ ਲਾਰੈਂਸ ਬਿਸ਼ਨੋਈ, ਦਵਿੰਦਰ ਬੰਬੀਹਾ ਅਤੇ ਜੱਗੂ ਭਗਵਾਨਪੁਰੀਏ ਆਦਿ ਗੈਂਗਾਂ ਦੀ ਸ਼ਮੂਲੀਅਤ ਕਿਸੇ ਨਾ ਕਿਸੇ ਅਪਰਾਧ ਵਿੱਚ ਸਾਹਮਣੇ ਆ ਹੀ ਜਾਂਦੀ ਹੈ। ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਵੱਖ ਵੱਖ ਤਰੀਕਿਆਂ ਰਾਹੀਂ ਆਪਣੇ ਗੁਰਗਿਆਂ ਨੂੰ ਵਾਰਦਾਤ ਕਰਨ ਲਈ ਹੁਕਮ ਭੇਜਦੇ ਰਹਿੰਦੇ ਹਨ। ਸੰਦੀਪ ਦਾ ਕਤਲ ਵੀ ਬਰੈਂਪਟਨ (ਕਨੇਡਾ) ਵਾਸੀ ਪੱਤਰਕਾਰ ਤੇ ਕਬੱਡੀ ਪ੍ਰਮੋਟਰ ਸਨੋਵਰ ਢਿੱਲੋਂ ਦੇ ਕਹਿਣ ’ਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਫਤਿਹ ਸਿੰਘ, ਕੌਸ਼ਲ ਚੌਧਰੀ, ਅਮਿਤ ਡਾਗਰ ਅਤੇ ਸਿਮਰਨਜੀਤ ਸਿੰਘ ਆਦਿ ਨੇ ਆਪਣੇ ਗੁਰਗਿਆਂ ਤੋਂ ਕਰਵਾਇਆ ਹੈ। ਸਨੋਵਰ ਸਿੰਘ ਨੇ ਇੱਕ ਕਬੱਡੀ ਕਲੱਬ ਬਣਇਆ ਹੋਇਆ ਹੈ ਤੇ ਉਹ ਦਬਾਅ ਪਾਉਂਦਾ ਸੀ ਕਿ ਸੰਦੀਪ ਨਾਲ ਸਬੰਧਿਤ ਪ੍ਰਸਿੱਧ ਖਿਡਾਰੀ ਉਸ ਦੇ ਕਲੱਬ ਵਾਸਤੇ ਖੇਡਣ।
ਫਿਰੌਤੀ ਉਗਰਾਹੁਣ ਲਈ ਗੈਂਗਸਟਰ ਸ਼ਿਕਾਰ ਨੂੰ ਪਹਿਲਾਂ ਵਿਦੇਸ਼ੀ ਨੰਬਰ ਵਾਲੇ ਮੋਬਾਇਲ ਤੋਂ ਧਮਕਾਉਂਦੇ ਹਨ ਤੇ ਫਿਰੌਤੀ ਨਾ ਮਿਲਣ ’ਤੇ ਉਸ ਦੇ ਘਰ ਜਾਂ ਵਪਾਰਿਕ ਅਦਾਰੇ ’ਤੇ ਫਾਇਰਿੰਗ ਕਰਵਾ ਦਿੰਦੇ ਹਨ। ਪੰਜਾਬ ਦੇ ਇੱਕ ਸਿੰਗਰ ਐਕਟਰ ਨਾਲ ਵੀ ਅਜਿਹਾ ਹੀ ਵਾਪਰਿਆ ਸੀ। ਪਹਿਲਾਂ ਉਸ ਨੂੰ ਪੈਸੇ ਦੇਣ ਲਈ ਧਮਕੀ ਭਰੇ ਫੋਨ ਕੀਤੇ ਗਏ ਤੇ ਬਾਅਦ ਵਿੱਚ ਉਸ ਦੀ ਕਾਰ ’ਤੇ ਗੋਲੀਆਂ ਚਲਾ ਕੇ ਜ਼ਖਮੀ ਕੀਤਾ ਗਿਆ। ਕੁਝ ਦਿਨ ਪਹਿਲਾਂ ਮੋਹਾਲੀ ਦੇ ਇੱਕ ਬੀਅਰ ਬਾਰ ਅਤੇ ਹੁਸ਼ਿਆਰਪੁਰ ਦੇ ਇੱਕ ਕਬੱਡੀ ਖਿਡਾਰੀ ਦੇ ਘਰ ’ਤੇ ਵੀ ਗੋਲੀਆਂ ਚਲਾਈਆਂ ਗਈਆਂ ਹਨ। ਫਿਰੌਤੀ ਦੀ ਮੰਗ ਪੂਰੀ ਨਾ ਹੋਣ ’ਤੇ ਕਈ ਵਿਅਕਤੀਆਂ ਨੂੰ ਕਤਲ ਤਕ ਵੀ ਕੀਤਾ ਜਾ ਚੁੱਕਾ ਹੈ। ਵਿਦੇਸ਼ਾਂ ਵਿੱਚ ਬੈਠੇ ਕੱਟੜਵਾਦੀ ਵੀ ਹੁਣ ਖੁਦ ਵਾਰਦਾਤਾਂ ਕਰਨ ਦੀ ਬਜਾਏ ਭਾੜੇ ਦੇ ਗੈਂਗਸਟਰਾਂ ਨੂੰ ਵਰਤਣ ਲੱਗ ਪਏ ਹਨ। ਕੁਝ ਸਾਲ ਪਹਿਲਾਂ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਗਾਉਣ ਤੇ ਦੰਗਿਆਂ ਦੀ ਅੱਗ ਵਿੱਚ ਝੋਕਣ ਖਾਤਰ ਇਨ੍ਹਾਂ ਕੱਟੜਪੰਥੀਆਂ ਨੇ ਗੈਂਗਸਟਰਾਂ ਰਾਹੀਂ ਵੱਖ ਵੱਖ ਧਰਮਾਂ ਦੇ ਆਗੂਆਂ ਨੂੰ ਕਤਲ ਕਰਵਾਇਆ ਸੀ। ਪਰ ਉਨ੍ਹਾਂ ਦੀ ਇਹ ਯੋਜਨਾ ਪੰਜਾਬੀਆਂ ਨੇ ਅਸਫਲ ਬਣਾ ਦਿੱਤੀ ਤੇ ਆਪਣਾ ਭਾਈਚਾਰਾ ਬਣਾਈ ਰੱਖਿਆ। ਕੁਝ ਦਿਨਾਂ ਬਾਅਦ ਇਹ ਭਾੜੇ ਦੇ ਕਾਤਲ ਵੀ ਪਕੜੇ ਗਏ ਸਨ।
ਗੈਂਗਸਟਰਾਂ ਦੁਆਰਾ ਪੰਜਾਬ ਵਿੱਚ ਕੀਤੀ ਗਈ ਸਭ ਤੋਂ ਵੱਡੀ ਵਾਰਦਾਤ ਸ਼ੌਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਕਤਲ ਹੈ। ਅੱਤਵਾਦ ਦੌਰਾਨ ਕਈ ਸਾਲਾਂ ਤਕ ਖਾੜਕੂ ਜਥੇਬੰਦੀਆਂ ਦਾ ਡਟ ਕੇ ਮੁਕਾਬਲਾ ਕਰਨ ਕਾਰਨ ਬਲਵਿੰਦਰ ਸਿੰਘ, ਉਸ ਦੀ ਪਤਨੀ, ਭਰਾ ਅਤੇ ਭਰਜਾਈ ਨੂੰ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਕੱਠੇ ਚਾਰ ਸ਼ੌਰਿਆ ਚੱਕਰ ਪ੍ਰਦਾਨ ਕੀਤੇ ਗਏ ਸਨ। ਜਿਹੜਾ ਕੰਮ ਪੰਜਾਬ ਦੀਆਂ ਸਾਰੀਆਂ ਖਾੜਕੂ ਜਥੇਬੰਦੀਆਂ ਮਿਲ ਕੇ ਨਹੀਂ ਸੀ ਕਰ ਸਕੀਆਂ, ਉਹ ਅਣਜਾਣ ਜਿਹੇ ਗੈਂਗਸਟਰਾਂ ਨੇ ਕਰ ਦਿੱਤਾ। ਗੈਂਗਸਟਰਾਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਸੀ ਕਿ ਉਹ ਕਿਸ ਹਸਤੀ ਨੂੰ ਕਤਲ ਕਰਨ ਜਾ ਰਹੇ ਹਨ। ਇਸ ਕਤਲ ਦੇ ਤਾਰ ਵੀ ਵਿਦੇਸ਼ਾਂ ਨਾਲ ਜੁੜੇ ਦੱਸੇ ਜਾਂਦੇ ਹਨ। ਗੈਂਗਸਟਰਾਂ ਦਾ ਨੈੱਟਵਰਕ ਬਹੁਤ ਵੱਡਾ ਹੈ ਤੇ ਇਨ੍ਹਾਂ ਦੇ ਗੁਰਗੇ ਥਾਂ ਥਾਂ ’ਤੇ ਬੈਠੇ ਹੋਏ ਹਨ। ਕਾਫੀ ਸਾਲ ਪਹਿਲਾਂ ਦੀ ਗੱਲ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਇੱਕ ਠੱਗ ਟਰੈਵਲ ਏਜੰਟ ਨੇ ਕਿਸੇ ਵਿਅਕਤੀ ਤੋਂ ਵਿਦੇਸ਼ ਭੇਜਣ ਲਈ ਪੈਸੇ ਲੈ ਲਏ। ਉਹ ਗਾਹਕ ਨੂੰ ਬਾਹਰ ਨਾ ਭੇਜ ਸਕਿਆ ਪਰ ਪੈਸੇ ਮੋੜਨ ਤੋਂ ਸਾਫ ਜਵਾਬ ਦੇ ਦਿੱਤਾ। ਪੈਸੇ ਲੈਣ ਵਾਲਾ ਬੰਦਾ ਕਿਸੇ ਗੈਂਗਸਟਰ ਦਾ ਵਾਕਿਫ ਸੀ ਤੇ ਉਸ ਨੇ ਗੈਂਗਸਟਰ ਦੀ ਏਜੰਟ ਨਾਲ ਫੋਨ ’ਤੇ ਗੱਲ ਕਰਵਾ ਦਿੱਤੀ। ਗੈਂਗਸਟਰ ਵੱਲੋਂ ਧਮਕੀਆਂ ਦੇਣ ’ਤੇ ਏਜੰਟ ਨੇ ਉਸ ਨੂੰ ਵੀ ਗਾਲ੍ਹਾਂ ਕੱਢ ਦਿੱਤੀਆਂ। ਫੋਨ ਕਾਲ ਤੋਂ ਸਿਰਫ 20 25 ਮਿੰਟ ਬਾਅਦ ਹੀ ਗੈਂਗਸਟਰ ਦੇ ਮੁਸ਼ਟੰਡੇ ਏਜੰਟ ਦੇ ਦਫਤਰ ਪਹੁੰਚ ਗਏ। ਦਫਤਰ ਦੀ ਭੰਨ ਤੋੜ ਕਰਨ ਤੋਂ ਇਲਾਵਾ ਏਜੰਟ ਦਾ ਵੀ ਰੱਜ ਕੇ ਕੁਟਾਪਾ ਕੀਤਾ ਤੇ ਦੁਬਾਰਾ ਉਸ ਦੀ ਗੈਂਗਸਟਰ ਨਾਲ ਗੱਲ ਕਰਵਾਈ ਗਈ। ਗੈਂਗਸਟਰ ਦੀ ਕਮਿਸ਼ਨ ਸਮੇਤ ਦੋ ਗੁਣਾ ਪੈਸੇ ਦੇ ਕੇ ਏਜੰਟ ਨੇ ਮਸਾਂ ਆਪਣੀ ਜਾਨ ਛੁਡਾਈ।
ਸੰਦੀਪ ਵਰਗੇ ਹੋਣਹਾਰ ਕਬੱਡੀ ਖਿਡਾਰੀ ਦਾ ਕਤਲ ਉਸ ਦੇ ਘਰ ਵਾਲਿਆਂ ਵਾਸਤੇ ਕਿਸੇ ਕਹਿਰ ਤੋਂ ਘੱਟ ਨਹੀਂ ਹੈ। ਆਮ ਘਰ ਤੋਂ ਉੱਠ ਕੇ ਐਨੀ ਵੱਡੀ ਪ੍ਰਸਿੱਧੀ ਹਾਸਲ ਕਰਨੀ ਕਿਸੇ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੈ। ਕਬੱਡੀ ਦੇ ਪ੍ਰਸਿੱਧ ਖਿਡਾਰੀਆਂ ਨੂੰ ਵਿਦੇਸ਼ੀ ਕਲੱਬਾਂ ਵੱਲੋਂ ਮਿਲਦੇ ਵਧੀਆ ਪੈਸੇ ਕਾਰਨ ਗੈਂਗਸਟਰ ਹੁਣ ਕਬੱਡੀ ਵਿੱਚ ਵੀ ਦਖਲਅੰਦਾਜ਼ੀ ਕਰਨ ਲੱਗ ਪਏ ਹਨ। ਮਾਲਵੇ ਵਿੱਚ ਅਜਿਹੇ ਕੁਝ ਕੇਸ ਸਾਹਮਣੇ ਆਏ ਹਨ ਕਿ ਗੈਂਗਸਟਰ ਵਿਦੇਸ਼ਾਂ ਦੇ ਟੂਰ ਲਗਾਉਣ ਵਾਲੇ ਕਈ ਖਿਡਾਰੀਆਂ ਤੋਂ ਲੱਤਾਂ ਤੋੜ ਕੇ ਕੈਰੀਅਰ ਖਰਾਬ ਕਰਨ ਦੀਆਂ ਧਮਕੀਆਂ ਦੇ ਕੇ ਪੈਸੇ ਬਟੋਰ ਚੁੱਕੇ ਹਨ। ਗੈਂਗਸਟਰਾਂ ਦੀ ਹਿੰਮਤ ਇਸ ਕਾਰਨ ਜ਼ਿਆਦਾ ਵਧ ਗਈ ਹੈ ਕਿਉਂਕਿ ਡਰਦੇ ਮਾਰੇ ਲੋਕ ਇਨ੍ਹਾਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਕਰਨ ਤੋਂ ਕਤਰਾਉਂਦੇ ਹਨ। ਅਦਾਲਤਾਂ ਵਿੱਚ ਵੀ ਪੀੜਤਾਂ ਵੱਲੋਂ ਗੈਂਗਸਟਰਾਂ ਦੇ ਖਿਲਾਫ ਗਵਾਹੀ ਨਾ ਦੇਣ ਕਾਰਨ ਇਹ ਜ਼ਿਆਦਾਤਰ ਮੁਕੱਦਮਿਆਂ ਵਿੱਚੋਂ ਬਰੀ ਹੋ ਜਾਂਦੇ ਹਨ। ਧਨੌਲੇ ਦੇ ਰਹਿਣ ਵਾਲੇ ਗੈਂਗਸਟਰ ਕਾਲੇ ਦੇ ਖਿਲਾਫ 40-45 ਦੇ ਕਰੀਬ ਫੌਜਦਾਰੀ ਮੁਕੱਦਮੇ ਦਰਜ਼ ਹਨ। ਪਰ ਗਵਾਹਾਂ ਨੂੰ ਡਰਾਉਣ ਧਮਕਾਉਣ ਕਾਰਨ ਉਹ ਤਕਰੀਬਨ ਸਾਰੇ ਮੁਕੱਦਮਿਆਂ ਵਿੱਚੋਂ ਬਰੀ ਹੋ ਚੁੱਕਾ ਹੈ। ਸਿਰਫ ਇੱਕ ਦੋ ਕੇਸਾਂ ਵਿੱਚ ਹੀ ਅੰਦਰ ਹੈ।
ਗੈਂਗਸਟਰਾਂ ਦੀ ਜ਼ਿੰਦਗੀ ਵੇਖਣ ਨੂੰ ਬਹੁਤ ਰੁਮਾਂਟਿਕ ਅਤੇ ਵਧੀਆ ਲਗਦੀ ਹੈ ਪਰ ਅਸਲ ਵਿੱਚ ਬਹੁਤ ਹੀ ਬੁਰੀ ਹੁੰਦੀ ਹੈ। ਹਰ ਵੇਲੇ ਪੁਲਿਸ ਦੀ ਗੋਲੀ ਦਾ ਡਰ ਸਤਾਉਂਦਾ ਰਹਿੰਦਾ ਹੈ। ਪੁਲਿਸ ਮੁਕਾਬਲੇ ਵਿੱਚ ਵਿੱਕੀ ਗਾਊਂਡਰ ਦੀ ਮੌਤ ਹੋਣ ਤੋਂ ਬਾਅਦ ਘੈਂਟ ਅਖਵਾਉਣ ਵਾਲੇ ਕਈ ਗੈਂਗਸਟਰਾਂ ਨੇ ਡਰਦੇ ਮਾਰੇ ਆਤਮ ਸਮਰਪਣ ਕਰ ਦਿੱਤਾ ਸੀ। ਜਵਾਨੀ ਵਿੱਚ ਵੈਸੇ ਵੀ ਆਦਮੀ ਨੂੰ ਲੜਨ ਖਹਿਣ ਦਾ ਬਹੁਤ ਚਾਅ ਹੁੰਦਾ ਹੈ। ਸਿਆਲ ਦੀਆਂ ਰਾਤਾਂ ਨੂੰ ਧੂਣੀਆਂ ’ਤੇ ਬੈਠ ਕੇ ਲੜਾਈ ਦੀਆਂ ਗੱਲਾਂ ਸੁਣਨੀਆਂ ਬਹੁਤ ਚੰਗੀਆਂ ਲੱਗਦੀਆਂ ਹਨ। ਅੰਗਰੇਜ਼ੀ ਦੀ ਇੱਕ ਕਹਾਵਤ ਹੈ ਕਿ ਜਿਸ ਨੇ ਕਦੇ ਜੰਗ ਵਿੱਚ ਭਾਗ ਨਹੀਂ ਲਿਆ, ਉਸ ਨੂੰ ਜੰਗ ਬਹੁਤ ਚੰਗੀ ਲਗਦੀ ਹੈ। ਨਵੇਂ ਰੰਗਰੂਟਾਂ ਨੂੰ ਫਸਾਉਣ ਲਈ ਗੈਂਗਸਟਰ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਵੀ ਕਰਨ ਲੱਗ ਪਏ ਹਨ। ਕਈ ਇਨਾਮੀ ਗੈਂਗਸਟਰਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਫੇਸਬੁੱਕ ਪੇਜ ਚੱਲ ਰਹੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਉਸਤਤ ਦੀਆਂ ਪੋਸਟਾਂ ਪਾਈਆਂ ਜਾਂਦੀਆਂ ਹਨ। ਪਰ ਪੰਜਾਬ ਦੇ ਜਵਾਨਾਂ ਨੂੰ ਚਾਹੀਦਾ ਹੈ ਕਿ ਇੱਜ਼ਤ ਵਾਲੀ ਜ਼ਿੰਦਗੀ ਬਤੀਤ ਕਰਨ ਲਈ ਇਨ੍ਹਾਂ ਬਦਮਾਸ਼ਾਂ ਤੋਂ ਦੂਰ ਹੀ ਰਹਿਣ। ਦੋ ਚਾਰ ਗੈਂਗਸਟਰਾਂ ਨੂੰ ਛੱਡ ਕੇ ਬਾਕੀਆਂ ਦੇ ਪਰਿਵਾਰਾਂ ਦੀ ਸਥਿਤੀ ਬਹੁਤ ਹੀ ਬੁਰੀ ਹੈ। ਜੇ ਕਿਸੇ ਨੂੰ ਮੇਰੀ ਗੱਲ ’ਤੇ ਸ਼ੱਕ ਹੋਵੇ ਤਾਂ ਜਾ ਕੇ ਵਿੱਕੀ ਗਾਊਂਡਰ ਦੇ ਘਰ ਦੀ ਹਾਲਤ ਵੇਖ ਲਵੇ। ਉਹ ਦਿਨ ਦੂਰ ਨਹੀਂ ਜਦੋਂ ਅੱਤਵਾਦ ਵਾਂਗ ਪੰਜਾਬ ਵਿੱਚੋਂ ਗੈਂਗਸਟਰ ਕਲਚਰ ਵੀ ਖਤਮ ਹੋ ਜਾਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3445)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)