BalrajSidhu7ਕੁਝ ਸਾਲਾਂ ਵਿੱਚ ਰਵੇਲ ਵੀ ਧੀਆਂ ਪੁੱਤਰਾਂ ਵਾਲਾ ਹੋ ਗਿਆ ...
(ਫਰਵਰੀ 10, 2016)

 

ਨਿਹਾਲਪੁਰੇ ਦਾ ਕਰਤਾਰ ਸਿੰਘ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਸੀ। ਘਰਵਾਲੀ ਹਰਜੀਤ ਵੀ ਪੜ੍ਹੀ ਲਿਖੀ ਤੇ ਸੁਚੱਜੀ ਔਰਤ ਸੀ। ਘਰ ਵਿੱਚ ਬੱਸ ਇੱਕ ਹੀ ਕਮੀ ਸੀ ਕਿ ਦੋ ਧੀਆਂ ਹੀ ਸਨ। ਦੋਵੇਂ ਜੀ ਲੜਕੇ ਵਾਸਤੇ ਤਰਸੇ ਪਏ ਸਨ। ਕੋਈ ਧਾਰਮਿਕ ਸਥਾਨ ਨਹੀਂ ਸੀ ਛੱਡਿਆ, ਜਿੱਥੇ ਮੱਥਾ ਨਾ ਰਗੜਿਆ ਹੋਵੇ। ਅਖੀਰ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਣ ਵਾਂਗ ਰੱਬ ਨੇ ਉਹਨਾਂ ਦੀ ਸੁਣ ਲਈ। ਚਾਹੇ ਤਰਸਾ ਕੇ ਹੀ, ਚੰਨ ਵਰਗਾ ਪੁੱਤਰ ਬਖਸ਼ ਦਿੱਤਾ। ਦੋਵੇਂ ਨਿਹਾਲ ਹੋ ਗਏ। ਮਸਾਂ ਮਸਾਂ ਖਾਨਦਾਨ ਦੀ ਵੇਲ ਅੱਗੇ ਵਧੀ ਹੋਣ ਕਾਰਨ ਲੜਕੇ ਦਾ ਨਾਮ ਰਵੇਲ ਸਿੰਘ ਰੱਖਿਆ ਗਿਆ। ਰਵੇਲ ਦੀ ਪਹਿਲੀ ਲੋਹੜੀ ਪਿੰਡ ਵਾਲੇ ਅਜੇ ਵੀ ਯਾਦ ਕਰਦੇ ਹਨ। ਨਿਹਾਲਪੁਰੇ ਤੋਂ ਦੂਰ ਦੂਰ ਤਕ ਸ਼ਰਾਬੀ ਡਿੱਗੇ ਪਏ ਸਨ। ਦੋ ਚਾਰ ਤਾਂ ਰੱਬ ਨੂੰ ਪਿਆਰੇ ਹੁੰਦੇ ਹੁੰਦੇ ਮਸੀਂ ਬਚੇ।

ਕਰਤਾਰ ਸਿੰਘ ਨੂੰ ਰੱਬ ਭੁੱਲ ਗਿਆ। ਔਲਾਦ ਅਤੇ ਜਾਇਦਾਦ ਦਾ ਹੰਕਾਰਿਆ ਹਰੇਕ ਨੂੰ ਟਿੱਚ ਜਾਨਣ ਲੱਗਾ। ਲਾਡ ਪਿਆਰ ਨਾਲ ਰਵੇਲ ਦੀ ਪਰਵਰਿਸ਼ ਕੀਤੀ ਗਈ। ਉਹ ਪੜ੍ਹਨ ਲਿਖਣ ਵਿੱਚ ਹੁਸ਼ਿਆਰ ਸੀ। ਉੱਚ ਵਿਦਿਆ ਪ੍ਰਾਪਤ ਕਰਕੇ ਚੰਗੀ ਨੌਕਰੀ ’ਤੇ ਲੱਗ ਗਿਆ। ਸਾਰੇ ਇਲਾਕੇ ਤੋਂ ਵਧਾਈਆਂ ਆਉਣ ਲੱਗੀਆਂ। ਰਿਸ਼ਤੇ ਵਾਲਿਆਂ ਨੇ ਗੇੜੇ ਮਾਰ ਮਾਰ ਕੇ ਦਰਵਾਜੇ ਨੀਵੇਂ ਕਰ ਦਿੱਤੇ। ਅਖੀਰ ਬਰਾਬਰ ਦੀ ਅਫਸਰ ਗੁਰਜੋਤ ਕੌਰ ਨੂੰਹ ਬਣ ਕੇ ਘਰ ਆ ਗਈ। ਕੁੜਮਾਂ ਨੇ ਦਹੇਜ ਨਾਲ ਘਰ ਭਰ ਦਿੱਤਾ। ਕਰਤਾਰ ਸਿੰਘ ਹੋਰ ਉੱਚਾ ਹੋ ਕੇ ਤੁਰਨ ਲੱਗਾ।

ਕੁਝ ਸਾਲਾਂ ਵਿੱਚ ਰਵੇਲ ਵੀ ਧੀਆਂ ਪੁੱਤਰਾਂ ਵਾਲਾ ਹੋ ਗਿਆ। ਉਸ ਨੇ ਪਿੰਡ ਛੱਡ ਕੇ ਸ਼ਹਿਰ ਕੋਠੀ ਪਾ ਲਈ। ਹੌਲੀ ਹੌਲੀ ਉਹ ਕਰਤਾਰ ਅਤੇ ਹਰਜੀਤ ਨੂੰ ਵੀ ਪਰਚਾ ਕੇ ਸ਼ਹਿਰ ਲੈ ਗਿਆ। ਕੁਝ ਪਿੰਡ ਦਾ ਉਦਰੇਵਾਂ ਅਤੇ ਕੁਝ ਉਮਰ ਦਾ ਤਕਾਜ਼ਾ, ਦੋਵਾਂ ਦੀ ਸਿਹਤ ਕਿਰਨ ਲੱਗੀ। ਰਵੇਲ ਨੇ ਘਰਵਾਲੀ ਨਾਲ ਸਲਾਹ ਕਰਕੇ ਮਿੱਠਾ ਪਿਆਰਾ ਬਣ ਕੇ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਮ ਕਰਵਾ ਲਈ।

ਕਿਸਾਨ ਦੀ ਵੁੱਕਤ ਜ਼ਮੀਨ ਨਾਲ ਹੀ ਹੁੰਦੀ ਹੈ। ਬੇਜ਼ਮੀਨੇ ਕਰਤਾਰ ਸਿੰਘ ਤੋਂ ਰਵੇਲ ਅਤੇ ਉਸ ਦੀ ਘਰਵਾਲੀ ਨੂੰ ਮੁਸ਼ਕ ਆਉਣ ਲੱਗਾ। ਸ਼ਹਿਰ ਦੇ ਜੰਮੇ ਪਲੇ ਪੋਤਰਾ ਪੋਤਰੀ ਤਾਂ ਪਹਿਲਾਂ ਹੀ ਦਾਦੇ ਦਾਦੀ ਦੇ ਆਉਣ ਤੋਂ ਦੁਖੀ ਸਨ। ਚਾਹੁੰਦੇ ਸਨ ਕਿ ਜਲਦੀ ਕਮਰਾ ਖਾਲੀ ਹੋਵੇ ਤੇ ਉਹ ਕਬਜ਼ਾ ਕਰਨ। ਅਖੀਰ ਉਹ ਦਿਨ ਵੀ ਆ ਗਿਆ। ਨਿਰਮੋਹੀ ਹੋ ਚੁੱਕੇ ਰਵੇਲ ਨੇ ਮਾਂ- ਬਾਪ ਨੂੰ ਬਿਰਧ ਘਰ ਛੱਡਣ ਦਾ ਫੈਸਲਾ ਕਰ ਲਿਆ। ਨੂੰਹ ਅਤੇ ਪੋਤਰੇ-ਪੋਤਰੀ ਨੇ ਚਾਈਂ ਚਾਈਂ ਦਾਦੇ-ਦਾਦੀ ਦਾ ਸਮਾਨ ਗੱਡੀ ਵਿੱਚ ਸੁੱਟਿਆ। ਰਵੇਲ ਨੇ ਗੱਡੀ ਤੋਰ ਲਈ ਤਾਂ ਗੁਰਜੋਤ ਨੇ ਕਮਰੇ ਨੂੰ ਚੰਗੀ ਤਰ੍ਹਾਂ ਧੁਆ ਕੇ ਡੈਟੋਲ ਨਾਲ ਪੋਚਾ ਮਰਵਾਇਆ, ਕਿਤੇ ਕੋਈ ਜਰਾਸੀਮ ਪਿੱਛੇ ਨਾ ਰਹਿ ਜਾਵੇ।

ਕਰਤਾਰ ਸਿੰਘ ਤੇ ਹਰਜੀਤ ਕੌਰ ਨੂੰ ਬਿਰਧ ਘਰ ਪਹੁੰਚ ਕੇ ਪਤਾ ਚੱਲਿਆ ਕਿ ਕੀ ਭਾਣਾ ਵਾਪਰ ਗਿਆ ਹੈ? ਉਹ ਆਪਣੀ ਜਾਚੇ ਧੀ ਨੂੰ ਮਿਲਣ ਜਾ ਰਹੇ ਸਨ। ਜਦੋਂ ਰਵੇਲ ਮਾਂ ਬਾਪ ਨੂੰ ਸਧਾਰਨ ਜਿਹੇ ਕਮਰੇ ਵਿੱਚ ਛੱਡ ਕੇ ਬੇਸ਼ਰਮਾਂ ਵਾਂਗ ਤੁਰ ਲੱਗਾ ਤਾਂ ਹਰਜੀਤ ਦੀਆਂ ਡਾਡਾਂ ਨਿਕਲ ਗਈਆਂ। ਉਹ ਰਵੇਲ ਨੂੰ ਕੋਸਣ ਲੱਗੀ ਕਿ ਤੂੰ ਜੰਮਦਾ ਕਿਉਂ ਨਾ ਮਰ ਗਿਆ। ਕਰਤਾਰ ਸਿੰਘ ਨੇ ਹੌਸਲਾ ਰੱਖਿਆ। ਅਸਲ ਵਿੱਚ ਉਸ ਨੂੰ ਪਹਿਲਾਂ ਹੀ ਖੁੜਕ ਗਈ ਸੀ ਕਿ ਇਹ ਭਾਣਾ ਵਾਪਰਨ ਵਾਲਾ ਹੈ। ਉਸ ਨੇ ਤੁਰੇ ਜਾਂਦੇ ਰਵੇਲ ਨੂੰ ਅਵਾਜ਼ ਮਾਰ ਕੇ ਬੁਲਾਇਆ। ਰਵੇਲ ਬੁੜਬੁੜ ਕਰਦਾ ਵਾਪਸ ਆਇਆ ਕਿ ਪਤਾ ਨਹੀਂ ਹੁਣ ਬੁੱਢੇ ਬੁੱਢੜੀ ਨੇ ਕੀ ਖੇਖਣ ਕਰਨੇ ਹਨ?

ਕਰਤਾਰ ਸਿੰਘ ਨੇ ਬਹੁਤ ਪਿਆਰ ਨਾਲ ਰਵੇਲ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, “ਪੁੱਤਰਾ, ਐਵੇਂ ਦਿਲ ’ਤੇ ਨਾ ਲਾਈਂ। ਇਹ ਜੋ ਤੂੰ ਸਾਡੇ ਨਾਲ ਕੀਤਾ ਹੈ, ਬਿਲਕੁਲ ਠੀਕ ਕੀਤਾ ਹੈ। ਅਸੀਂ ਇਸੇ ਦੇ ਹੱਕਦਾਰ ਹਾਂ। ਤੈਨੂੰ ਜੰਮਣ ਦੀ ਚਾਹ ਵਿੱਚ ਅਸੀਂ ਤਿੰਨ ਮਾਸੂਮ ਧੀਆਂ ਕੁੱਖ ਵਿੱਚ ਕਤਲ ਕਰਾਈਆਂ ਸਨ। ਕਾਨੂੰਨ ਨੂੰ ਨਹੀਂ ਪਤਾ ਲੱਗਾ, ਵੱਖਰੀ ਗੱਲ ਹੈ। ਪਰ ਰੱਬ ਤਾਂ ਵੇਖਦਾ ਸੀ। ਅਸੀਂ ਸਜ਼ਾ  ਦੇ ਹੱਕਦਾਰ ਸਾਂ, ਸਾਨੂੰ ਸਜ਼ਾ ਮਿਲ ਗਈ ਹੈ। ਇਸ ਵਿੱਚ ਤੇਰਾ ਕੋਈ ਕਸੂਰ ਨਹੀਂ ਹੈ।

ਇਹ ਸੁਣ ਕੇ ਰਵੇਲ ਦੇ ਕਦਮ ਮਣ ਮਣ ਪੱਕੇ ਦੇ ਹੋ ਗਏ। ਉਸ ਨੂੰ ਆਪਣਾ ਭਵਿੱਖ ਵੀ ਦਿਖਾਈ ਦੇਣ ਲੱਗਾ।

*****

(181)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author