“ਇਹਨਾਂ ਹਥਿਆਰਾਂ ਦਾ ਮਕਸਦ ਪੰਜਾਬ ਅਤੇ ਕਸ਼ਮੀਰ ਵਿੱਚ ਅੱਤਵਾਦ ਨੂੰ ਦੁਬਾਰਾ ...”
(10 ਅਕਤੂਬਰ 2019)
ਭਾਰਤੀ ਸੁਰੱਖਿਆ ਦਸਤੇ ਉਦੋਂ ਹੈਰਾਨ ਪਰੇਸ਼ਾਨ ਰਹਿ ਗਏ ਜਦੋਂ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਅਤੇ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਨੇ ਚੀਨੀ ਡਰੋਨਾਂ ਦੀ ਮਦਦ ਨਾਲ ਤਰਨ ਤਾਰਨ ਜ਼ਿਲ੍ਹੇ ਦੇ ਬਾਰਡਰ ਏਰੀਆ ਵਿੱਚ 5 ਏ.ਕੇ. 47 ਰਾਈਫਲਾਂ, ਚਾਰ ਪਿਸਤੌਲ 30 ਬੋਰ, ਏ.ਕੇ. 47 ਦੇ 24 ਮੈਗਜ਼ੀਨ, 544 ਗੋਲੀਆਂ, 9 ਹੈਂਡ ਗਰਨੇਡ, 5 ਸੈਟੇਲਾਈਟ ਫੋਨ, ਦੋ ਅਤਿ ਆਧੁਨਿਕ ਵਾਇਰਲੈੱਸ ਸੈੱਟ ਅਤੇ ਦਸ ਲੱਖ ਰੁਪਏ ਦੀ ਜਾਅਲ਼ੀ ਭਾਰਤੀ ਕਰੰਸੀ ਸੁੱਟੀ। ਇਹ ਡਰੋਨ ਇੱਕ ਵਾਰ ਵਿੱਚ 10 ਕਿੱਲੋ ਤੱਕ ਭਾਰ ਲਿਜਾਣ ਦੇ ਸਮਰੱਥ ਦੱਸੇ ਜਾਂਦੇ ਹਨ ਤੇ ਇੱਕ ਏ.ਕੇ. 47 ਦਾ ਭਾਰ ਮੈਗਜ਼ੀਨ ਤੋਂ ਬਗੈਰ ਸਾਢੇ ਤਿੰਨ ਕਿੱਲੋ ਹੁੰਦਾ ਹੈ। ਇਹਨਾਂ ਡਰੋਨਾਂ ਨੇ ਭਾਰਤੀ ਖੁਫੀਆ ਏਜੰਸੀਆਂ, ਰਾਡਾਰਾਂ ਅਤੇ ਬੀ.ਐੱਸ.ਐੱਫ. ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਅੱਠ ਦਿਨ ਵਿੱਚ ਦਸ ਉਡਾਣਾਂ ਬਾਰਡਰ ਦੇ ਆਰ ਪਾਰ ਭਰੀਆਂ। ਇਹਨਾਂ ਹਥਿਆਰਾਂ ਦਾ ਮਕਸਦ ਪੰਜਾਬ ਅਤੇ ਕਸ਼ਮੀਰ ਵਿੱਚ ਅੱਤਵਾਦ ਨੂੰ ਦੁਬਾਰਾ ਸੁਰਜੀਤ ਕਰਨਾ ਸੀ। ਇਹ ਖਤਰਨਾਕ ਸਾਜਸ਼ ਉਦੋਂ ਸਾਹਮਣੇ ਆਈ ਜਦੋਂ 22 ਸਤੰਬਰ ਨੂੰ ਪੰਜਾਬ ਪੁਲਿਸ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਧੀ ਦਰਜ਼ਨ ਦੇ ਕਰੀਬ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹਥਿਆਰ ਅਤੇ ਗੋਲੀ ਸਿੱਕੇ ਦੇ ਨਾਲ ਨਾਲ ਦੋ ਡਰੋਨ ਵੀ ਬਰਾਮਦ ਕਰ ਲਏ। ਇਸ ਕਾਂਡ ਕਾਰਨ ਚੌਕਸ ਹੋਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਖਬਰਦਾਰ ਕਰਨ ਅਤੇ ਸਖਤ ਕਦਮ ਚੁੱਕਣ ਲਈ ਪੱਤਰ ਲਿਖਿਆ ਹੈ।
ਬਿਨਾਂ ਪਾਇਲਟ ਤੋਂ ਰਿਮੋਟ ਕੰਟਰੋਲ ਨਾਲ ਉੱਡਣ ਵਾਲਾ ਡਰੋਨ ਇੱਕ ਦੋ ਧਾਰੀ ਤਲਵਾਰ ਹੈ। ਇਹ ਤੇਜ਼ੀ ਨਾਲ ਵਿਕਸਤ ਹੋ ਰਹੀ ਤਕਨੀਕ ਹੈ ਜਿਸਦੇ ਸੁਰੱਖਿਆ, ਉਦਯੋਗ, ਖੇਤੀਬਾੜੀ ਅਤੇ ਹੋਰ ਸੈਂਕੜੇ ਖੇਤਰਾਂ ਵਿੱਚ ਅਣਗਿਣਤ ਫਾਇਦੇ ਹਨ। ਪਰ ਹੁਣ ਸਮਾਜ ਵਿਰੋਧੀ ਅਨਸਰਾਂ ਦੇ ਹੱਥਾਂ ਵਿੱਚ ਆ ਜਾਣ ਕਾਰਨ ਇਹ ਕਈ ਦੇਸ਼ਾਂ ਦੀ ਸੁਰੱਖਿਆ ਲਈ ਹੀ ਗੰਭੀਰ ਖਤਰਾ ਸਾਬਤ ਹੋ ਰਿਹਾ ਹੈ। ਡਰੋਨਾਂ ਦੀ ਸ਼ੁਰੂਆਤੀ ਵਰਤੋਂ ਦੂਸਰੇ ਦੇਸ਼ ਦੀ ਜਸੂਸੀ ਕਰਨ ਲਈ ਕੀਤੀ ਜਾਂਦੀ ਸੀ। ਪਰ ਇਹਨਾਂ ਦੇ ਨਿਰਮਾਣ ਉੱਤੇ ਕੋਈ ਪਾਬੰਦੀ ਨਾ ਹੋਣ ਕਾਰਨ ਹੁਣ ਅਨੇਕਾਂ ਦੇਸ਼ ਇਸ ਨੂੰ ਧੜਾਧੜ ਬਣਾ ਰਹੇ ਹਨ। ਅਮਰੀਕਾ ਦੇ ਪਰੀਡੇਟਰ ਅਤੇ ਰੈਪਟਰ ਵਰਗੇ ਕਰੋੜਾਂ ਡਾਲਰ ਦੇ ਵਿਸ਼ਾਲਕਾਈ ਮਿਲਟਰੀ ਡਰੋਨਾਂ ਦੇ ਨਾਲ ਨਾਲ ਕੁਝ ਹਜ਼ਾਰਾਂ ਰੁਪਏ ਵਿੱਚ ਵਿਕਣ ਵਾਲੇ ਚੀਨ ਦੇ ਬਣੇ ਡਰੋਨ ਘਰ ਘਰ ਪਹੁੰਚ ਗਏ ਹਨ। ਬੱਚਿਆਂ ਦੇ ਖਿਡੌਣਿਆਂ ਦੇ ਰੂਪ ਵਿੱਚ ਵੇਚੇ ਜਾ ਰਹੇ ਡਰੋਨ ਹਰ ਮੱਧਵਰਗੀ ਦੀ ਪਹੁੰਚ ਵਿੱਚ ਹਨ। ਪਿਛਲੇ ਸਾਲ ਖਿਡੌਣਾ ਡਰੋਨਾਂ ਵੱਲੋਂ ਵਿਘਨ ਪਾਉਣ ਕਾਰਨ ਇੰਗਲੈਂਡ ਦਾ ਹੀਥਰੋ ਹਵਾਈ ਅੱਡਾ ਕਈ ਘੰਟੇ ਲਈ ਬੰਦ ਕਰਨਾ ਪਿਆ ਸੀ। ਡਰੋਨਾਂ ਦੀ ਤਕਨੀਕ ਵਿੱਚ ਦਿਨੋਂ ਦਿਨ ਸੁਧਾਰ ਹੋ ਰਿਹਾ ਹੈ। ਕਈ ਕਈ ਘੰਟੇ ਦੀ ਉਡਾਣ ਸਮਰੱਥਾ, ਸੈਂਕੜੇ ਕਿ.ਮੀ. ਦੀ ਰੇਂਜ, ਜੀ.ਪੀ.ਐੱਸ. ਅਤੇ ਕੈਮਰਾ ਤਾਂ ਆਮ ਜਿਹੀ ਗੱਲ ਹੋ ਗਈ ਹੈ। ਆਪਣੀ ਪਲਾਸਟਿਕ ਬਾਡੀ, ਹਾਈ ਪਾਵਰ ਬੈਟਰੀਆਂ ਅਤੇ ਛੋਟੇ ਅਕਾਰ ਕਾਰਨ ਰਵਾਇਤੀ ਰਾਡਾਰਾਂ ਵਾਸਤੇ ਇਹਨਾਂ ਦੀ ਟੋਹ ਲਗਾਉਣੀ ਲਗਭਗ ਨਾਮੁਮਕਿਨ ਹੈ। ਮਾਡਰਨ ਰਾਡਾਰ ਪੰਛੀਆਂ ਆਦਿ ਵਰਗੀਆਂ ਹਾਨੀ ਰਹਿਤ ਵਸਤਾਂ ਦੀ ਟੋਹ ਲਗਾਉਣ ਲਈ ਡਿਜ਼ਾਈਨ ਨਹੀਂ ਕੀਤੇ ਜਾਂਦੇ। ਛੋਟੇ ਸਾਈਜ਼ ਦੇ ਹੋਣ ਕਾਰਨ ਡਰੋਨ ਰਾਡਾਰ ਉੱਤੇ ਪੰਛੀਆਂ ਵਾਂਗ ਦਿਖਾਈ ਦਿੰਦੇ ਹਨ ਤੇ ਕੋਈ ਇਹਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ। ਮੈਕਸੀਕਨ ਸਮਗਲਰ ਡਰੋਨਾਂ ਦੀ ਮਦਦ ਨਾਲ ਅਮਰੀਕੀ ਸਰਹੱਦ ਅੰਦਰ ਧੜੱਲੇ ਨਾਲ ਡਰੱਗਜ਼ ਸਪਲਾਈ ਕਰ ਰਹੇ ਹਨ। ਬਦਨਾਮ ਇਰਾਕੀ ਅੱਤਵਾਦੀ ਜਥੇਬੰਦੀ ਆਈ.ਐੱਸ.ਆਈ.ਐੱਸ. ਇਸਦਾ ਇਸਤੇਮਾਲ ਇਰਾਕੀ-ਸੀਰੀਆਈ ਫੌਜਾਂ ਉੱਪਰ ਬੰਬ ਸੁੱਟਣ ਵਾਸਤੇ ਕਰਦੀ ਸੀ। ਭਾਰਤ ਵਿੱਚ ਕਈ ਬਦਮਾਸ਼ ਇਸਦੀ ਵਰਤੋਂ ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥ ਪਹੁੰਚਾਉਣ ਲਈ ਕਰ ਰਹੇ ਹਨ।
ਇਸ ਵੇਲੇ ਸੁਰੱਖਿਆਂ ਏਜੰਸੀਆਂ ਦੀ ਨੀਂਦ ਇਸ ਮਸਲੇ ਨੇ ਸਭ ਤੋਂ ਵੱਧ ਉਡਾਈ ਹੋਈ ਹੈ ਕਿ ਕਿਤੇ ਅੱਤਵਾਦੀ ਡਰੋਨਾਂ ਨੂੰ ਵੀ.ਆਈ.ਪੀ. ਜਾਂ ਫੌਜੀ ਟਿਕਾਣਿਆਂ ਉੱਤੇ ਹਮਲੇ ਕਰਨ ਲਈ ਨਾ ਵਰਤਣ ਲੱਗ ਪੈਣ। ਆਮ ਦੁਕਾਨਾਂ ਤੋਂ ਮਿਲਣ ਵਾਲੇ ਡਰੋਨਾਂ ਵਿੱਚ ਥੋੜ੍ਹਾ ਬਹੁਤ ਬਦਲਾਅ ਕਰ ਕੇ ਅਰਾਮ ਨਾਲ ਇਹ ਕੰਮ ਸਿਰੇ ਚੜ੍ਹਾਇਆ ਜਾ ਸਕਦਾ ਹੈ। ਜੇ ਡਰੋਨ ਸਾਢੇ ਤਿੰਨ ਕਿੱਲੋ ਦੀ ਅਸਾਲਟ ਚੁੱਕ ਕੇ ਬਾਰਡਰ ਪਾਰ ਕਰ ਸਕਦਾ ਹੈ ਤਾਂ ਉਹ ਬਾਰੂਦ ਵੀ ਲਿਜਾ ਸਕਦਾ ਹੈ।
ਹਿੰਦ-ਪਾਕਿ ਬਾਰਡਰ ਦੁਨੀਆਂ ਦੀ ਸਭ ਤੋਂ ਖਤਰਨਾਕ ਅੰਤਰਰਾਸ਼ਟਰੀ ਸਰਹੱਦ ਹੈ। ਭਾਰਤ ਸਿਰ ਤੋੜ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਅਜੇ ਤੱਕ ਪਾਕਿਸਤਾਨ ਤੋਂ ਆਉਣ ਵਾਲੇ ਖੂੰਖਾਰ ਅੱਤਵਾਦੀਆਂ, ਹਥਿਆਰਾਂ, ਨਸ਼ਿਆਂ ਅਤੇ ਜਾਅਲੀ ਕਰੰਸੀ ਨੂੰ ਨੱਥ ਨਹੀਂ ਪਾ ਸਕਿਆ, ਉੱਪਰੋਂ ਇਹ ਨਵੀਂ ਮੁਸੀਬਤ ਗਲੇ ਆ ਪਈ ਹੈ। ਪੰਜਾਬ ਦੇ ਪੱਧਰੇ ਇਲਾਕੇ ਦੀ ਗੱਲ ਹੋਰ ਹੈ, ਪਰ ਕਸ਼ਮੀਰ ਵਰਗੇ ਜੰਗਲੀ-ਪਹਾੜੀ ਜਾਂ ਰਾਜਸਥਾਨ-ਗੁਜਰਾਤ ਦੇ ਮਾਰੂਥਲਾਂ ਵਿੱਚ ਡਰੋਨ ਲੱਭਣੇ ਹੋਰ ਵੀ ਮੁਸ਼ਕਲ ਹਨ। ਇਸ ਆਫਤ ਨੇ ਤਾਂ ਭਾਰਤ-ਪਾਕਿਸਤਾਨ ਬਾਰਡਰ ਉੱਤੇ ਲੱਗੀ ਕੰਢਿਆਲੀ ਤਾਰ ਨੂੰ ਵੀ ਬੇਅਰਥ ਕਰ ਕੇ ਰੱਖ ਦਿੱਤਾ ਹੈ। 14 ਸਤੰਬਰ 2019 ਨੂੰ ਯਮਨ ਦੇ ਹਾਊਥੀ ਬਾਗੀਆਂ ਨੇ ਸਾਊਦੀ ਅਰਬ ਦੀ ਸਭ ਤੋਂ ਵੱਡੀ ਰਿਫਾਇਨਰੀ (ਆਰੈਮਕੋ, ਅਬਾਇਕ ਸ਼ਹਿਰ) ਨੂੰ ਡਰੋਨਾਂ ਰਾਹੀਂ ਮਿਜ਼ਾਈਲਾਂ ਦਾਗ ਕੇ ਸਖਤ ਨੁਕਸਾਨ ਪਹੁੰਚਾਇਆ ਜਿਸ ਕਾਰਨ ਸਾਊਦੀ ਅਰਬ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਝੱਲਣਾ ਪਿਆ ਹੈ। ਅਬਾਇਕ, ਯਮਨ ਦੀ ਸਰਹੱਦ ਤੋਂ ਕੋਈ 1000 ਕਿ.ਮੀ. ਦੂਰ ਹੈ। ਜੇ ਯਮਨ ਵਰਗੇ ਗਰੀਬ ਦੇਸ਼ ਦੇ ਬਾਗੀਆਂ ਕੋਲ ਇੰਨੀ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਡਰੋਨ ਆ ਸਕਦੇ ਹਨ ਤਾਂ ਪਾਕਿਸਤਾਨ ਤਾਂ ਫਿਰ ਕਾਫੀ ਵਿਕਸਿਤ ਦੇਸ਼ ਹੈ, ਉਸ ਨੂੰ ਤਾਂ ਕਸ਼ਮੀਰ ਵਿੱਚ ਹਮਲੇ ਕਰਨ ਲਈ ਅੱਤਵਾਦੀ ਬਾਰਡਰ ਪਾਰ ਭੇਜਣ ਦੀ ਜ਼ਰੂਰਤ ਹੀ ਨਹੀਂ ਪੈਣੀ।
ਡਰੋਨਾਂ ਦੀ ਸਭ ਤੋਂ ਪਹਿਲਾਂ ਖੋਜ 1916 ਈਸਵੀ ਵਿੱਚ ਇੰਗਲੈਂਡ ਦੇ ਵਿਗਿਆਨੀ ਆਰਕੀਬਾਲਡ ਮੌਂਟਗੋਮਰੀ ਲੋਅ ਨੇ ਕੀਤੀ ਸੀ। ਪਹਿਲੇ, ਦੂਸਰੇ ਵਿਸ਼ਵ ਯੁੱਧ ਅਤੇ ਸ਼ੀਤ ਯੁੱਧ ਦੌਰਾਨ ਜਸੂਸੀ ਅਤੇ ਦੁਸ਼ਮਣ ਦੇ ਮੋਰਚਿਆਂ ਦੀ ਟੋਹ ਲੈਣ ਲਈ ਇਹਨਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਹੌਲੀ ਹੌਲੀ ਡਰੋਨਾਂ ਦੇ ਡਿਜ਼ਾਈਨ ਵਿਕਸਿਤ ਹੁੰਦੇ ਗਏ। ਹੁਣ ਕੁਝ ਗਰਾਮਾਂ ਦੇ ਖਿਡੌਣਿਆਂ ਤੋਂ ਲੈ ਕੇ ਹਜ਼ਾਰਾਂ ਕਿੱਲੋ ਦੇ ਮਿਲਟਰੀ ਡਰੋਨ ਉਪਲਬਧ ਹਨ। ਸੰਸਾਰ ਦੇ ਸਭ ਤੋਂ ਵੱਧ ਆਧੁਨਿਕ ਤੇ ਮਿਜ਼ਾਈਲਾਂ ਨਾਲ ਲੈਸ ਮਿਲਟਰੀ ਡਰੋਨ ਅਮਰੀਕਾ, ਇਜ਼ਰਾਈਲ, ਇੰਗਲੈਂਡ, ਰੂਸ ਅਤੇ ਚੀਨ ਕੋਲ ਹਨ। ਅਮਰੀਕਾ ਨੇ ਵੀਅਤਨਾਮ, ਅਫਗਾਨਿਸਤਾਨ, ਸੀਰੀਆ, ਇਰਾਕ ਅਤੇ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਅੱਤਵਾਦੀਆਂ ਦੇ ਅੱਡੇ ਤਬਾਹ ਕਰਨ ਲਈ ਡਰੋਨਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਮਿਲਟਰੀ ਡਰੋਨ ਲਗਭਗ ਬੇਅਵਾਜ਼ ਹੁੰਦਾ ਹੈ ਤੇ 450 ਕਿ.ਮੀ. ਘੰਟਾ ਤੱਕ ਦੀ ਸਪੀਡ ਨਾਲ ਇੰਨੀ ਉਚਾਈ ਉੱਤੇ (30000 ਫੁੱਟ) ਉੱਡਦਾ ਹੈ ਕਿ ਦਿਖਾਈ ਨਹੀਂ ਦਿੰਦਾ। ਇਸਦਾ ਉਡਾਣ ਸਮਾਂ 14 ਘੰਟੇ ਤੇ ਰੇਂਜ 2000 ਕਿ.ਮੀ ਤੋਂ ਵੀ ਵੱਧ ਹੋ ਸਕਦੀ ਹੈ। ਪਾਕਿਸਤਾਨੀ, ਅਫਗਾਨੀ ਅਤੇ ਅਰਬ ਅੱਤਵਾਦੀਆਂ ਦੇ ਮਨਾਂ ਵਿੱਚ ਹਰ ਵੇਲੇ ਧੁੜਕੂ ਲੱਗਾ ਰਹਿੰਦਾ ਹੈ ਕਿ ਪਤਾ ਨਹੀਂ ਕਿਹੜੇ ਵੇਲੇ ਨੀਲੇ ਅਸਮਾਨ ਤੋਂ ਮਿਜ਼ਾਈਲ ਸਿਰ ਵਿੱਚ ਆਣ ਵੱਜਣੀ ਹੈ। ਅਮਰੀਕੀ ਫੌਜ ਕੋਲ ਇਸ ਵੇਲੇ ਛੋਟੇ ਵੱਡੇ ਮਿਲਾ ਕੇ 10000 ਤੋਂ ਵੱਧ ਡਰੋਨ ਹਨ।
ਪਰ ਇਸ ਮੌਕੇ ਮਿਲਟਰੀ ਡਰੋਨਾਂ ਨਾਲੋਂ ਜ਼ਿਆਦਾ ਖਤਰਾ ਭਾਰਤ ਨੂੰ ਸਿਵਲ ਡਰੋਨਾਂ ਤੋਂ ਹੈ। ਇਸ ਵੇਲੇ ਚੀਨ ਦਾ ਸੰਸਾਰ ਦੀ 75% ਸਿਵਲ ਡਰੋਨ ਮਾਰਕੀਟ ਉੱਤੇ ਕਬਜ਼ਾ ਹੈ। ਬਜ਼ਾਰ ਵਿੱਚੋਂ ਅਸਾਨੀ ਨਾਲ ਹਰੇਕ ਸਾਈਜ਼ ਤੇ ਪਾਵਰ ਦੇ ਡਰੋਨ ਕਾਨੂੰਨੀ ਤਰੀਕੇ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹਨਾਂ ਵਿੱਚ ਥੋੜ੍ਹਾ ਜਿਹਾ ਫੇਰ ਬਦਲ ਕਰ ਕੇ ਕਿਸੇ ਵੀ ਕਾਨੂੰਨੀ, ਗੈਰ ਕਾਨੂੰਨੀ ਗਤੀਵਿਧੀ ਲਈ ਵਰਤਿਆ ਜਾ ਸਕਦਾ ਹੈ। ਇੱਕ ਸਧਾਰਨ ਡਰੋਨ 15-20 ਕਿੱਲੋ ਵਜ਼ਨ ਅਸਾਨੀ ਨਾਲ ਲਿਜਾ ਸਕਦਾ ਹੈ। ਵੀ.ਆਈ.ਪੀ. ਦੀ ਸੁਰੱਖਿਆ ਵਾਸਤੇ ਸਭ ਤੋਂ ਵੱਡਾ ਖਤਰਾ ਇਹੀ ਹਨ। ਹੁਣ ਤੱਕ ਤਾਂ ਸੁਰੱਖਿਆ ਦਸਤਿਆਂ ਨੂੰ ਵੀ.ਆਈ.ਪੀ. ਦੇ ਆਲੇ ਦੁਆਲੇ ਅਤੇ ਐਂਟਰੀ ਗੇਟਾਂ ਉੱਤੇ ਹੀ ਨਿਗ੍ਹਾ ਰੱਖਣੀ ਪੈਂਦੀ ਸੀ, ਪਰ ਹੁਣ ਅਸਮਾਨ ਵੱਲ ਵੀ ਧਿਆਨ ਰੱਖਣਾ ਪਵੇਗਾ। ਪਰ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਜਿਹੜਾ ਡਰੋਨ ਰਾਡਾਰ ਦੀ ਪਕੜ ਵਿੱਚ ਨਹੀਂ ਆਉਂਦਾ, ਉਸ ਦੀ ਨਕਲੋ ਹਰਕਤ ਬਾਰੇ ਨੰਗੀ ਅੱਖ ਨਾਲ ਕਿਵੇਂ ਪਤਾ ਚੱਲ ਸਕੇਗਾ ਤੇ ਜੇ ਉਹ ਦਿਸ ਵੀ ਪਿਆ ਤਾਂ 50-60 ਕਿ.ਮੀ. ਦੀ ਸਪੀਡ ਨਾਲ ਆ ਰਹੇ ਡਰੋਨ ਨੂੰ ਤਬਾਹ ਕਿਵੇਂ ਕੀਤਾ ਜਾਵੇ? ਜ਼ਰੂਰੀ ਹੈ ਕਿ ਇਸ ਕੰਮ ਲਈ ਖਾਸ ਕਿਸਮ ਦੇ ਰਾਡਾਰ ਅਤੇ ਕਾਰਗਰ ਹਥਿਆਰ ਵਿਕਸਤ ਕੀਤੇ ਜਾਣ ਜੋ ਡਰੋਨ ਦਾ ਦੂਰ ਤੋਂ ਹੀ ਪਤਾ ਲਗਾ ਕੇ ਤਬਾਹ ਕਰ ਦੇਣ। ਪਾਕਿਸਤਾਨ ਦੀਆਂ ਇਹਨਾਂ ਨੀਚ ਹਰਕਤਾਂ ਕਾਰਨ ਭਾਰਤ ਦੇ ਬਾਰਡਰ ਨਾਲ ਲੱਗਦੇ ਹਵਾਈ ਅੱਡਿਆਂ, ਛਾਉਣੀਆਂ ਤੇ ਹੋਰ ਨਾਜ਼ਕ ਤੇ ਅਹਿਮ ਸਥਾਨਾਂ ਦੀ ਸੁਰੱਖਿਆ ਭਾਰੀ ਖਤਰੇ ਵਿੱਚ ਪੈ ਗਈ ਹੈ।
ਭਾਰਤ ਨੂੰ ਇਸਦਾ ਮੁਕਾਬਲਾ ਕਰਨ ਲਈ ਸਮਾਂ ਰਹਿੰਦੇ ਸਖਤ ਕਦਮ ਉਠਾਉਣੇ ਪੈਣਗੇ। ਇਹ ਬਹੁਤ ਹੀ ਜ਼ਰੂਰੀ ਹੈ ਕਿ ਖਾਸ ਹਾਈ ਸਕਿਉਰਟੀ ਸਥਾਨਾਂ ਨੂੰ ਨੋ ਡਰੋਨ ਫਲਾਇੰਗ ਜ਼ੋਨ ਘੋਸ਼ਿਤ ਕੀਤਾ ਜਾਵੇ ਤੇ ਬਾਰਡਰ ਦੇ ਨਾਲ ਨਾਲ ਰਿਮੋਟ ਸਿਗਨਲ ਜਾਮ ਕਰਨ ਵਾਲੇ ਯੰਤਰ ਲਗਾਏ ਜਾਣ। ਸਾਰੇ ਸਿਵਲੀਅਨ ਡਰੋਨ ਲਾਇਸੰਸੀ ਹਥਿਆਰਾਂ ਦੀ ਤਰ੍ਹਾਂ ਪੁਲਿਸ ਥਾਣਿਆਂ ਵਿੱਚ ਦਰਜ ਕਰਵਾਏ ਜਾਣ ਤੇ ਉਡਾਣ ਲਈ ਅਗਾਊਂ ਇਜਾਜ਼ਤ ਲੈਣੀ ਪਵੇ। ਵਿਆਹਾਂ ਸ਼ਾਦੀਆਂ ਵਿੱਚ ਤਾਂ ਫੋਟੋਗਰਾਫਰ ਹੀ ਵੀਡੀਓ ਬਣਾਉਣ ਲਈ ਡਰੋਨ ਉਡਾਈ ਫਿਰਦੇ ਹਨ। ਪਿਛਲੀ ਸਰਕਾਰ ਦਾ ਇੱਕ ਸੀਨੀਅਰ ਮੰਤਰੀ ਵਿਆਹ ਸਮਾਗਮ ਵਿੱਚ ਇੱਕ ਡਰੋਨ ਹਾਦਸੇ ਤੋਂ ਬਹੁਤ ਮੁਸ਼ਕਲ ਨਾਲ ਬਚਿਆ ਸੀ। ਗੈਰ ਤਜ਼ਰਬਾਕਾਰ ਫੋਟੋਗਰਾਫਰ ਵੱਲੋਂ ਉਡਾਇਆ ਜਾ ਰਿਹਾ ਡਰੋਨ ਉਸ ਦੀ ਕੁਰਸੀ ਦੇ ਬਿਲਕੁਲ ਨਜ਼ਦੀਕ ਡਿੱਗਾ ਸੀ। ਸਿਆਣੇ ਕਹਿੰਦੇ ਹਨ ਕਿ ਇਲਾਜ ਨਾਲੋਂ ਪ੍ਰਹੇਜ਼ ਚੰਗਾ ਹੁੰਦਾ ਹੈ। ਇਸ ਲਈ ਇਸ ਭਵਿੱਖੀ ਆਫਤ ਤੋਂ ਬਚਣ ਲਈ ਪਹਿਲਾਂ ਹੀ ਪ੍ਰਬੰਧ ਕਰ ਲੈਣੇ ਚਾਹੀਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1765)
(ਸਰੋਕਾਰ ਨਾਲ ਸੰਪਰਕ ਲਈ: