“ਕੁਝ ਦਿਨਾਂ ਤੋਂ ਕਈ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਜਿਹਨਾਂ ਨੇ ਬਲਦੀ ਉੱਤੇ ਤੇਲ ਪਾਉਣ ...”
(1 ਜੁਲਾਈ 2019)
ਅਮਰੀਕਾ ਅਤੇ ਇਰਾਨ ਦੇ ਰਾਜਨੀਤਕ ਸਬੰਧਾਂ ਵਿੱਚ ਦਿਨੋ ਦਿਨ ਤਲਖੀ ਵਧਦੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਜ਼ਿਆਦਤੀ ਵਾਲੀਆਂ ਨੀਤੀਆਂ ਕਾਰਨ ਦੋਵੇਂ ਦੇਸ਼ ਜੰਗ ਦੀ ਕਗਾਰ ’ਤੇ ਪਹੁੰਚ ਗਏ ਹਨ। ਅਮਰੀਕਾ ਦੁਆਰਾ ਇਰਾਨ ’ਤੇ ਲਗਾਈਆਂ ਗਈਆਂ ਅਨੇਕਾਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਇਰਾਨ ਝੁਕਣ ਲਈ ਤਿਆਰ ਨਹੀਂ। ਅਮਰੀਕਾ ਅਤੇ ਇਰਾਨ ਦੇ ਰਿਸ਼ਤੇ ਮੁੱਢ ਤੋਂ ਅਜਿਹੇ ਨਹੀਂ ਸਨ। ਇਰਾਨ ਦੇ ਸ਼ਾਹ, ਰਜ਼ਾ ਸ਼ਾਹ ਪਹਿਲਵੀ ਨਾਲ ਅਮਰੀਕਾ ਦੇ ਸਬੰਧ ਬਹੁਤ ਨਿੱਘੇ ਸਨ। ਸ਼ੀਤ ਯੁੱਧ ਦੌਰਾਨ ਇਰਾਨ ਅਮਰੀਕਾ ਦਾ ਬੇਹੱਦ ਵਿਸ਼ਵਾਸਯੋਗ ਸਾਥੀ ਸੀ। ਸੋਵੀਅਤ ਸੰਘ ਨਾਲ ਸੈਂਕੜੇ ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੋਣ ਕਾਰਨ ਅਮਰੀਕਾ ਇਰਾਨ ਦੀ ਧਰਤੀ ਨੂੰ ਸੋਵੀਅਤ ਸੰਘ ਦੇ ਖਿਲਾਫ ਜਸੂਸੀ ਅਭਿਆਨ ਚਲਾਉਣ ਲਈ ਵਰਤਦਾ ਸੀ।
1979 ਦੀ ਇਸਲਾਮਿਕ ਕ੍ਰਾਂਤੀ ਕਾਰਨ ਸਭ ਕੁਝ ਬਦਲ ਗਿਆ। ਸ਼ਾਹ ਦਾ ਤਖਤਾ ਪਲਟ ਕੇ ਆਇਤੁੱਲਾ ਖੋਮੈਨੀ ਇਰਾਨ ਦਾ ਮਾਲਕ ਬਣ ਗਿਆ। ਖੋਮੈਨੀ ਸ਼ਾਹ ਅਤੇ ਅਮਰੀਕਾ ਨੂੰ ਬੇਹੱਦ ਨਫਰਤ ਕਰਦਾ ਸੀ। ਡਰਦਾ ਮਾਰਾ ਸ਼ਾਹ ਪਰਿਵਾਰ ਸਮੇਤ ਅਮਰੀਕਾ ਭੱਜ ਗਿਆ। ਇਰਾਨ ਨੇ ਅਮਰੀਕਾ ਤੋਂ ਮੰਗ ਕੀਤੀ ਕਿ ਸ਼ਾਹ ਅਤੇ ਇਸਦੇ ਸਾਥੀਆਂ ਦਾ ਜੋ ਅਰਬਾਂ ਡਾਲਰ ਅਮਰੀਕਾ ਦੀਆਂ ਬੈਂਕਾਂ ਵਿੱਚ ਪਿਆ ਹੈ, ਉਹ ਵਾਪਸ ਕੀਤਾ ਜਾਵੇ ਤੇ ਸ਼ਾਹ ਨੂੰ ਇਰਾਨ ਦੇ ਹਵਾਲੇ ਕੀਤਾ ਜਾਵੇ। ਅਮਰੀਕਾ ਨੇ ਇਸ ਗੱਲ ’ਤੇ ਕੋਈ ਗੌਰ ਨਾ ਕੀਤਾ। ਇਸ ਕਾਰਨ ਖਿਝੇ ਹੋਏ ਖੋਮੈਨੀ ਦੀ ਸ਼ਹਿ ’ਤੇ ਸਾਰੇ ਅੰਤਰਰਾਸ਼ਟਰੀ ਅਸੂਲਾਂ ਨੂੰ ਛਿੱਕੇ ਟੰਗ ਕੇ, 4 ਨਵੰਬਰ 1979 ਨੂੰ ਇਰਾਨੀ ਵਿਦਿਆਰਥੀਆਂ ਨੇ ਅਮਰੀਕੀ ਦੂਤਘਰ ’ਤੇ ਹਮਲਾ ਕਰ ਦਿੱਤਾ ਤੇ 52 ਅਮਰੀਕੀ ਡਿਪਲੋਮੈਟਾਂ ਨੂੰ ਬੰਦੀ ਬਣਾ ਲਿਆ। ਦੁਨੀਆਂ ਵਿੱਚ ਹਜ਼ਾਰਾਂ ਸਾਲਾਂ ਤੋਂ ਇਹ ਅਲਿਖਤ ਪਰੰਪਰਾ ਚੱਲਦੀ ਆ ਰਹੀ ਹੈ ਕਿ ਜੰਗਾਂ ਯੁੱਧਾਂ ਦੌਰਾਨ ਵੀ ਰਾਜਦੂਤਾਂ ਨੂੰ ਕੁਝ ਨਹੀਂ ਕਿਹਾ ਜਾਂਦਾ। ਇਹ ਗਲਤ ਕੰਮ ਕਰ ਕੇ ਇਰਾਨ ਨੇ ਸਾਰੇ ਸੰਸਾਰ ਨੂੰ ਆਪਣਾ ਦੁਸ਼ਮਣ ਬਣਾ ਲਿਆ। ਡਿਪਲੋਮੈਟਾਂ ਨੂੰ 444 ਦਿਨ ਬੰਦੀ ਬਣਾ ਕੇ ਰੱਖਿਆ ਗਿਆ। ਇਸ ਦੌਰਾਨ 24 ਅਪਰੈਲ 1980 ਨੂੰ ਅਮਰੀਕਾ ਵੱਲੋਂ ਬੰਦੀਆਂ ਨੂੰ ਛੁਡਾਉਣ ਲਈ ਕੀਤਾ ਗਿਆ ਇੱਕ ਫੌਜੀ ਉਪਰੇਸ਼ਨ ਰੇਗਿਸਤਾਨ ਵਿੱਚ ਹੈਲੀਕਾਪਟਰਾਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਅਸਫਲ ਹੋ ਗਿਆ। ਇਸ ਵਿੱਚ 8 ਅਮਰੀਕੀ ਕਮਾਂਡੋ ਮਾਰੇ ਗਏ। ਮਜਬੂਰ ਹੋ ਕੇ ਅਮਰੀਕਾ ਨੂੰ ਇਰਾਨ ਦੀਆਂ ਜ਼ਿਆਦਾਤਰ ਮੰਗਾਂ ਮੰਨਣੀਆਂ ਪਈਆਂ।
20 ਜਨਵਰੀ 1981 ਨੂੰ ਅਲਜੀਰੀਆ ਵਿੱਚ ਹੋਏ ਸਮਝੌਤੇ ਅਧੀਨ ਇਰਾਨ ਨੇ ਅਮਰੀਕਾ ਦੇ ਸਾਰੇ ਡਿਪਲੋਮੈਟ ਰਿਹਾ ਕਰ ਦਿੱਤੇ। ਪਰ ਇਰਾਨ ਦੀ ਇਸ ਕਰਤੂਤ ਕਾਰਨ ਉਸ ਦੀ ਅਮਰੀਕਾ ਨਾਲ ਸਦਾ ਲਈ ਦੁਸ਼ਮਣੀ ਪੈਦਾ ਹੋ ਗਈ।
ਇਸ ਤੋਂ ਇਲਾਵਾ ਅਮਰੀਕਾ ਅਤੇ ਇਰਾਨ ਦੀ ਦੁਸ਼ਮਣੀ ਦੇ ਹੋਰ ਵੀ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਹੈ ਇਰਾਨ ਅਤੇ ਅਮਰੀਕਾ ਦੇ ਦੁੰਮਛੱਲੇ ਸਾਊਦੀ ਅਰਬ ਦੀ ਸਖਤ ਦੁਸ਼ਮਣੀ। ਸਾਊਦੀ ਅਰਬ ਕੱਟੜ ਸੁੰਨੀ ਦੇਸ਼ ਹੈ ਤੇ ਇਰਾਨ ਸ਼ੀਆ। ਮੱਧ ਪੂਰਬ ਵਿੱਚ ਸਿਰਫ ਇਰਾਨ, ਇਰਾਕ ਅਤੇ ਬਹਿਰੀਨ ਹੀ ਸ਼ੀਆ ਬਹੁ ਗਿਣਤੀ ਵਾਲੇ ਦੇਸ਼ ਹਨ। ਸਾਊਦੀ ਅਰਬ ਅਤੇ ਇਰਾਨ ਦੋਵੇਂ ਇਸਲਾਮੀ ਦੇਸ਼ਾਂ ਦੀ ਅਗਵਾਈ ਕਰਨਾ ਚਾਹੁੰਦੇ ਹਨ। ਸਾਊਦੀ ਅਰਬ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਕਿ ਇਰਾਨ ਅਰਬ ਦੇਸ਼ਾਂ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰੇ।
ਇਸ ਤੋਂ ਇਲਾਵਾ ਇਰਾਨ ਮੱਕੇ ਉੱਤੇ ਸਾਊਦੀ ਅਰਬ ਦੇ ਕੰਟਰੋਲ ਦੇ ਵੀ ਸਖਤ ਖਿਲਾਫ ਹੈ। ਉਹ ਚਾਹੁੰਦਾ ਹੈ ਕਿ ਕਾਅਬਾ (ਮੱਕਾ) ਇੱਕ ਅੰਤਰਰਾਸ਼ਟਰੀ ਇਸਲਾਮੀ ਹੱਜ਼ ਕਮੇਟੀ ਦੇ ਅਧੀਨ ਹੋਵੇ। 1987 ਵਿੱਚ ਇਰਾਨੀ ਹੱਜ ਯਾਤਰੀਆਂ ਨੇ ਕਾਅਬਾ ਉੱਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਇਸ ਕਾਰਨ ਹੋਈ ਪੁਲਿਸ ਫਾਇਰਿੰਗ ਨਾਲ 400 ਇਰਾਨੀ ਮਾਰੇ ਗਏ ਸਨ। ਜ਼ਿਆਦਾਤਰ ਅਰਬ ਦੇਸ਼ ਅਮਰੀਕਾ ਦੇ ਪਿਛਲੱਗ ਹਨ। ਵਿਕੀਲੀਕਸ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਚਾਹੁੰਦੇ ਹਨ ਅਮਰੀਕਾ ਇਰਾਨ ਨੂੰ ਤਬਾਹ ਕਰ ਦੇਵੇ। ਇਰਾਨ ਸ਼ੀਆ ਦੇਸ਼ਾਂ ਦੀ ਮਦਦ ਕਰਦਾ ਹੈ ਤੇ ਸਾਊਦੀ ਅਰਬ ਸੁੰਨੀਆਂ ਦੀ। ਇਸੇ ਕਾਰਨ ਯਮਨ ਵਿੱਚ ਇਰਾਨ ਸ਼ੀਆ ਹਾਊਥੀ ਬਾਗੀਆਂ ਦੀ ਮਦਦ ਕਰ ਰਿਹਾ ਹੈ ਤੇ ਸਾਊਦੀ ਅਰਬ ਸੁੰਨੀ ਯਮਨ ਸਰਕਾਰ ਦੀ। ਇਸ ਤੋਂ ਇਲਾਵਾ ਇਰਾਨ ਬਹਿਰੀਨ ਵਿੱਚ ਸੁੰਨੀ ਬਾਦਸ਼ਾਹ ਹੱਮਾਦ ਦੇ ਖਿਲਾਫ ਬਹੁਗਿਣਤੀ ਸ਼ੀਆ ਪਰਜਾ ਦੀ ਮਦਦ ਕਰ ਰਿਹਾ ਹੈ। ਭਾਵੇਂ 2011-2012 ਵਿੱਚ ਸਾਊਦੀ ਅਰਬ ਦੀ ਮਦਦ ਨਾਲ ਇਹ ਬਗਾਵਤ ਦਬਾ ਦਿੱਤੀ ਗਈ, ਪਰ ਅੱਗ ਅਜੇ ਵੀ ਸੁਲਗ ਰਹੀ ਹੈ, ਜੋ ਕਿਸੇ ਵੇਲੇ ਵੀ ਭਾਂਬੜ ਬਣ ਸਕਦੀ ਹੈ।
15 ਮਾਰਚ 2011 ਨੂੰ ਸੀਰੀਆ ਵਿੱਚ ਅਮਰੀਕਾ ਦੀ ਸ਼ਹਿ ’ਤੇ ਬਗਾਵਤ ਹੋ ਗਈ। ਉੱਥੇ ਸਿਰਫ ਇਰਾਨ ਅਤੇ ਰੂਸ ਦੀ ਮਦਦ ਕਾਰਨ ਹੀ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ਬਚ ਸਕੀ। ਅਮਰੀਕਾ ਨੇ ਇਰਾਨ ਨੂੰ ਪਿੱਛੇ ਹਟ ਜਾਣ ਲਈ ਲੱਖ ਧਮਕੀਆਂ ਦਿੱਤੀਆਂ, ਪਰ ਉਹ ਡਟਿਆ ਰਿਹਾ। ਇਸ ਤੋਂ ਇਲਾਵਾ ਇਰਾਨ ਅਮਰੀਕਾ ਦੇ ਸਭ ਤੋਂ ਨਜ਼ਦੀਕੀ ਸਾਥੀ ਇਜ਼ਰਾਈਲ ਦਾ ਵੀ ਕੱਟੜ ਦੁਸ਼ਮਣ ਹੈ। ਉਹ ਇਜ਼ਰਾਈਲ ਦੇ ਖਿਲਾਫ ਲੈਬਨਾਨ ਵਿੱਚ ਸ਼ੀਆ ਅੱਤਵਾਦੀ ਜਥੇਬੰਦੀ ਹਿਜ਼ਬੁਲਾ ਅਤੇ ਗਾਜ਼ਾ ਪੱਟੀ ਵਿੱਚ ਹੱਮਾਸ ਦੀ ਖੁੱਲ੍ਹ ਕੇ ਹਥਿਆਰਾਂ ਅਤੇ ਪੈਸੇ ਨਾਲ ਮਦਦ ਕਰ ਰਿਹਾ ਹੈ। ਇਸੇ ਕਾਰਨ ਇਜ਼ਰਾਈਲ ਨੂੰ ਸੰਨ 2000 ਵਿੱਚ ਲੈਬਨਾਨ ਤੋਂ ਭੱਜਣਾ ਪਿਆ। ਗਾਜ਼ਾ ਪੱਟੀ ਤੋਂ ਹੱਮਾਸ ਵੱਲੋਂ ਦਾਗੇ ਜਾ ਰਹੇ ਇਰਾਨ ਦੇ ਬਣੇ ਰਾਕਟ ਇਜ਼ਰਾਈਲ ਦੀ ਰਾਜਧਾਨੀ ਯੋਰੂਸ਼ਲਮ ਤੱਕ ਪਹੁੰਚ ਰਹੇ ਹਨ। ਦੁਖੀ ਹੋਏ ਇਜ਼ਰਾਈਲ ਨੇ 2010 ਤੋਂ 2012 ਦੇ ਦਰਮਿਆਨ ਇਰਾਨ ਦੇ ਚਾਰ ਚੋਟੀ ਦੇ ਐਟਮੀ ਵਿਗਿਆਨੀਆਂ ਦੇ ਕਤਲ ਕਰਵਾ ਦਿੱਤੇ।
1979 ਤੋਂ ਲੈ ਕੇ ਹੁਣ ਤੱਕ ਸਾਰੇ ਅਮਰੀਕੀ ਰਾਸ਼ਟਰਪਤੀਆਂ ਨੇ ਇਰਾਨ ਉੱਤੇ ਵੱਧ ਤੋਂ ਵੱਧ ਆਰਥਿਕ ਅਤੇ ਸੈਨਿਕ ਪਾਬੰਦੀਆਂ ਲਗਾਈਆਂ ਹਨ। ਇਰਾਨ ਦੀ ਸਾਰੀ ਆਰਥਿਕਤਾ ਤੇਲ ਦੀ ਬਰਾਮਦ ਉੱਤੇ ਨਿਰਭਰ ਕਰਦੀ ਹੈ, ਅਮਰੀਕਾ ਉਸ ਦੀ ਇਸੇ ਸ਼ਾਹ ਰਗ ਨੂੰ ਵੱਢਣਾ ਚਾਹੁੰਦਾ ਹੈ। ਰਾਸ਼ਟਰਪਤੀ ਬਰਾਕ ਉਬਾਮਾ ਦੇ ਵੇਲੇ ਇਰਾਨ ਨੂੰ ਕੁਝ ਸੌਖਾ ਸਾਹ ਆਇਆ। ਉਹ ਇਰਾਨ ਨਾਲ ਸਬੰਧ ਸੁਧਾਰਨ ਦਾ ਇੱਛੁਕ ਸੀ, ਇਸ ਲਈ ਉਸ ਨੇ ਇਰਾਨ ਨੂੰ ਕਈ ਛੋਟਾਂ ਦਿੱਤੀਆਂ। ਇਰਾਨ ਨੇ ਵੀ ਉਸ ਦੀ ਗੱਲ ਮੰਨ ਲਈ ਤੇ 14 ਜੁਲਾਈ 2015 ਨੂੰ ਡੈਨਮਾਰਕ ਦੀ ਰਾਜਧਾਨੀ ਕੌਪਨਹੈਗਨ ਵਿੱਚ ਅਮਰੀਕਾ, ਇੰਗਲੈਂਡ, ਰੂਸ, ਫਰਾਂਸ, ਚੀਨ ਅਤੇ ਜਰਮਨੀ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਐਟਮੀ ਸੰਧੀ ਉੱਤੇ ਦਸਤਖਤ ਕਰ ਦਿੱਤੇ। ਇਸ ਸੰਧੀ ਕਾਰਨ ਉਬਾਮਾ ਪ੍ਰਸ਼ਾਸਨ ਨੇ ਇਰਾਨ ਦੇ ਖਿਲਾਫ ਜ਼ਿਆਦਾਤਰ ਪਾਬੰਦੀਆਂ ਚੁੱਕ ਲਈਆਂ। ਇਰਾਨ ਨੇ ਵੀ ਮੰਨ ਲਿਆ ਕਿ ਉਹ ਐਟਮੀ ਪ੍ਰੋਗਰਾਮ ਨੂੰ ਸਿਰਫ ਉਦਯੋਗਿਕ ਕੰਮਾਂ ਲਈ ਵਰਤੇਗਾ ਅਤੇ ਅੰਤਰਰਾਸ਼ਟਰੀ ਨਿਰੀਖਕਾਂ ਨੂੰ ਉਸ ਦੇ ਪਲਾਂਟਾਂ ਦਾ ਕਿਸੇ ਵੇਲੇ ਵੀ ਨਿਰੀਖਣ ਕਰਨ ਦਾ ਅਧਿਕਾਰ ਹੋਵੇਗਾ।
ਇਸ ਸੰਧੀ ਕਾਰਨ ਇੱਕ ਵਾਰ ਤਾਂ ਇਹ ਲੱਗਣ ਲੱਗਾ ਕਿ ਹੁਣ ਅਮਰੀਕਾ-ਇਰਾਨ ਸਬੰਧਾਂ ਵਿੱਚ ਸਥਿਰਤਾ ਆ ਜਾਵੇਗੀ। ਪਰ ਡੌਨਲਡ ਟਰੰਪ ਦੇ ਰਾਸ਼ਟਰਪਤੀ ਬਣਦੇ ਸਾਰ ਹੀ ਸਥਿੱਤੀਆਂ ਬਦਲ ਗਈਆਂ। ਉਹ ਇਜ਼ਰਾਈਲ ਅਤੇ ਸਾਊਦੀ ਅਰਬ ਦੇ ਬੇਹੱਦ ਪ੍ਰਭਾਵ ਹੇਠ ਹੈ ਤੇ ਇਰਾਨ ਨੂੰ ਧਮਕਾਉਣ ਦਾ ਕੋਈ ਮੌਕਾ ਨਹੀਂ ਛੱਡਦਾ। ਉਸ ਦੀਆਂ ਨੀਤੀਆਂ ਨੇ ਇਰਾਨ ਅਤੇ ਅਮਰੀਕਾ ਨੂੰ ਯੁੱਧ ਦੇ ਕਗਾਰ ’ਤੇ ਪਹੁੰਚਾ ਦਿੱਤਾ ਹੈ। ਮਈ 2018 ਨੂੰ ਟਰੰਪ ਨੇ ਇਰਾਨ ਨਾਲ ਐਟਮੀ ਸੰਧੀ ਨੂੰ ਭੰਗ ਕਰ ਦਿੱਤਾ। ਬਦਲੇ ਵਿੱਚ ਇਰਾਨ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਹੁਣ ਪ੍ਰਮਾਣੂ ਹਥਿਆਰਾਂ ਦੇ ਪੱਧਰ ਦਾ ਯੂਰੇਨੀਅਮ ਤਿਆਰ ਕਰਨ ਲਈ ਅਜ਼ਾਦ ਹੈ। ਟਰੰਪ ਨੇ 4 ਨਵੰਬਰ 2018 ਨੂੰ ਇਰਾਨ ਦੇ ਖਿਲਾਫ ਆਰਥਿਕ ਪਾਬੰਦੀਆਂ ਦੁਬਾਰਾ ਲਗਾ ਦਿੱਤੀਆਂ ਤੇ ਹੋਰ ਸਖਤ ਕਰ ਦਿੱਤੀਆਂ। ਰੂਸ, ਚੀਨ ਅਤੇ ਯੂਰਪੀਅਨ ਯੂਨੀਅਨ ਦੇ ਸਖਤ ਵਿਰੋਧ ਦੇ ਬਾਵਜੂਦ ਟਰੰਪ ਨੇ ਐਲਾਨ ਕੀਤਾ ਕਿ ਇਰਾਨ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਭਾਰਤ, ਚੀਨ, ਜਪਾਨ, ਦੱਖਣੀ ਕੋਰੀਆ ਅਤੇ ਤੁਰਕੀ ਨੂੰ ਇਰਾਨ ਤੋਂ ਇੱਕ ਸਾਲ ਦੀ ਤੇਲ ਖਰੀਦਣ ਦੀ ਛੋਟ ਮਿਲੀ ਸੀ ਜੋ 1 ਮਈ 2019 ਨੂੰ ਖਤਮ ਹੋ ਗਈ ਹੈ। ਟਰੰਪ ਨੇ ਇਹ ਛੋਟ ਵਧਾਉਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਹੈ। ਇਹਨਾਂ ਪਾਬੰਦੀਆਂ ਕਾਰਨ ਇਰਾਨ ਦੀ ਆਰਥਿਕਤਾ ਉੱਤੇ ਮਾਰੂ ਪ੍ਰਭਾਵ ਪਿਆ ਹੈ। ਦੇਸ਼ ਵਿੱਚ ਜ਼ਰੂਰੀ ਸਮਾਨ ਅਤੇ ਦਵਾਈਆਂ ਦੀ ਕਿੱਲਤ ਪੈਦਾ ਹੋ ਗਈ ਹੈ। ਇਰਾਨੀ ਕਰੰਸੀ ਰਿਆਲ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੋਈ ਕੀਮਤ ਨਹੀਂ ਰਹੀ।
ਕੁਝ ਦਿਨਾਂ ਤੋਂ ਕਈ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਜਿਹਨਾਂ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਹੈ। 12 ਮਈ ਨੂੰ ਤੋੜ ਭੰਨ ਦੀ ਕਾਰਵਾਈ ਕਾਰਨ ਸਾਊਦੀ ਅਰਬ ਦੇ ਦੋ ਜਹਾਜ਼ਾਂ ਸਮੇਤ ਚਾਰ ਤੇਲ ਟੈਂਕਰ ਉਮਾਨ ਦੀ ਖਾੜੀ ਵਿੱਚ ਨੁਕਸਾਨੇ ਗਏ। 15 ਜੂਨ ਨੂੰ ਦੁਬਾਰਾ ਉਮਾਨ ਦੀ ਖਾੜੀ ਵਿੱਚ ਦੋ ਤੇਲ ਟੈਂਕਰ ਨੁਕਸਾਨੇ ਗਏ। ਅਮਰੀਕਾ ਅਤੇ ਸਾਊਦੀ ਅਰਬ ਨੇ ਇਸਦਾ ਇਲਜ਼ਾਮ ਇਰਾਨ ’ਤੇ ਲਗਾਇਆ ਹੈ। 20 ਜੂਨ ਨੂੰ ਇਰਾਨ ਦੀ ਫੌਜ ਨੇ ਆਪਣੇ ਖੇਤਰ ਵਿੱਚ ਉੱਡ ਰਹੇ ਇੱਕ ਅਮਰੀਕੀ ਡਰੋਨ ਨੂੰ ਡੇਗ ਗਿਰਾਇਆ। ਅਮਰੀਕਾ ਨੇ ਇਹ ਕਹਿ ਕੇ ਕਿ ਇਹ ਡਰੋਨ ਅੰਤਰਰਾਸ਼ਟਰੀ ਖੇਤਰ ਵਿੱਚ ਉੱਡ ਰਿਹਾ ਸੀ, ਇਰਾਨ ਉੱਤੇ ਹਮਲਾ ਕਰਨ ਦੀ ਧਮਕੀ ਦਿੱਤੀ। ਇਰਾਨ ਨੇ ਵੀ ਅਰਬ ਦੇਸ਼ਾਂ ਦਾ ਗਲਾ ਘੁੱਟਣ ਲਈ ਹੋਰਮਜ਼ ਦੀ ਖਾੜੀ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ। ਹਾਲਾਤ ਬੇਹੱਦ ਧਮਾਕਾਖੇਜ਼ ਬਣੇ ਹੋਏ ਹਨ। ਅਮਰੀਕਾ ਦੇ ਅਨੇਕਾਂ ਜੰਗੀ ਜਹਾਜ਼ ਅਤੇ ਦੋ ਲੱਖ ਦੇ ਲਗਭਗ ਸੈਨਿਕ ਇਰਾਨ ਦੀ ਖਾੜੀ ਅਤੇ ਨਜ਼ਦੀਕੀ ਅਰਬ ਦੇਸ਼ਾਂ ਵਿੱਚ ਤਾਇਨਾਤ ਹਨ। ਅਜੇ ਤੱਕ ਕਿਸੇ ਵੀ ਦੇਸ਼ ਨੇ ਇਰਾਨ ਨੂੰ ਸਿੱਧੀ ਹਮਾਇਤ ਨਹੀਂ ਦਿੱਤੀ, ਇਸਦੇ ਬਾਵਜੂਦ ਇਰਾਨ ਝੁਕਣ ਲਈ ਤਿਆਰ ਨਹੀਂ ਹੈ। ਇਸੇ ਦੌਰਾਨ ਟਰੰਪ ਦਾ ਬਿਆਨ ਆਇਆ ਹੈ ਕਿ ਮੈਂ ਮਨੁੱਖੀ ਜਾਨਾਂ ਦੇ ਨੁਕਸਾਨ ਹੋਣ ਦੇ ਡਰੋਂ ਫਿਲਹਾਲ ਇਰਾਨ ਉੱਤੇ ਹਮਲੇ ਦੀ ਆਗਿਆ ਨਹੀਂ ਦੇ ਰਿਹਾ।
ਦੋਵਾਂ ਦੇਸ਼ਾਂ ਦਰਮਿਆਨ ਧਮਕੀਆਂ ਦਾ ਦੌਰ ਜਾਰੀ ਹੈ। ਸ਼ਾਇਦ ਹੌਲੀ ਹੌਲੀ ਯੂ.ਐਨ.ਓ., ਯੂਰਪੀਅਨ ਯੂਨੀਅਨ, ਚੀਨ ਜਾਂ ਰੂਸ ਵਰਗਾ ਕੋਈ ਦੇਸ਼ ਇਸ ਮਾਮਲੇ ਵਿੱਚ ਦਖਲ ਅੰਦਾਜ਼ੀ ਕਰੇ ਤੇ ਸੰਸਾਰ ਇੱਕ ਹੋਰ ਖਾੜੀ ਜੰਗ ਤੋਂ ਬਚ ਜਾਵੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1650)
(ਸਰੋਕਾਰ ਨਾਲ ਸੰਪਰਕ ਲਈ: