“ਭਾਰਤ ਦੀ ਅਮਰੀਕਾ ਅਤੇ ਕੈਨੇਡਾ ਨਾਲ ਅਪਰਾਧੀਆਂ ਦੀ ਹਵਾਲਗੀ ਬਾਰੇ ਪੁਰਾਣੀ ਸੰਧੀ ਹੈ। ਪਰ ਅੱਜ ਤਕ ...”
(29 ਦਸੰਬਰ 2023)
ਇਸ ਸਮੇਂ ਪਾਠਕ: 435.
ਪਿਛਲੇ ਕੁਝ ਸਮੇਂ ਤੋਂ ਭਾਰਤ ਦੀ ਕੈਨੇਡਾ ਅਤੇ ਅਮਰੀਕਾ ਨਾਲ ਕੂਟਨੀਤਕ ਕਸ਼ੀਦਗੀ ਚੱਲ ਰਹੀ ਹੈ। ਭਾਰਤ ਵਿੱਚ ਕਈ ਮੁਕੱਦਮਿਆਂ ਵਿੱਚ ਨਾਮਜ਼ਦ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਜਰ ਦੀ 18 ਜੂਨ 2023 ਨੂੰ ਸਰੀ ਦੇ ਗੁਰਦਵਾਰਾ ਗੁਰੂ ਨਾਨਕ ਵਿਖੇ ਕੁਝ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਬੋਲਦੇ ਹੋਏ ਇਸ ਕਤਲ ਦਾ ਇਲਜ਼ਾਮ ਭਾਰਤੀ ਖੁਫੀਆ ਏਜੰਸੀਆਂ ’ਤੇ ਲਗਾ ਕੇ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਕੈਨੇਡਾ ਤੋਂ ਕੱਢ ਦਿੱਤਾ ਸੀ ਤੇ ਬਦਲੇ ਵਿੱਚ ਭਾਰਤ ਨੇ ਵੀ ਕੈਨੇਡਾ ਦੇ 41 ਡਿਪਲੋਮੈਟਾਂ ਨੂੰ ਭਾਰਤ ਤੋਂ ਬਾਹਰ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਸੀ। ਕੁਝ ਸਮੇਂ ਲਈ ਇਹ ਖਿੱਚੋਤਾਣ ਐਨਾ ਵਧ ਗਿਆ ਸੀ ਕਿ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਦੇ ਵੀਜ਼ੇ ਲਗਾਉਣੇ ਬੰਦ ਕਰ ਦਿੱਤੇ ਸਨ ਤੇ ਲੱਗੇ ਹੋਏ ਵੀਜ਼ੇ ਰੱਦ ਕਰ ਦਿੱਤੇ ਸਨ। ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਅਤੇ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਤੋਂ ਬਾਅਦ ਕੱਟੜਵਾਦੀਆਂ ਵੱਲੋਂ ਆਸਟਰੇਲੀਆ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਭਾਰਤੀ ਦੂਤਾਵਾਸਾਂ ’ਤੇ ਹਮਲੇ ਕੀਤੇ ਗਏ ਤੇ ਸਟਾਫ ਨੂੰ ਧਮਕਾਇਆ ਗਿਆ। ਕੁਝ ਹਫਤੇ ਪਹਿਲਾਂ ਨਿਊਯਾਰਕ ਦੇ ਇੱਕ ਗੁਰਦਵਾਰੇ ਵਿੱਚ ਦਰਸ਼ਣ ਕਰਨ ਲਈ ਗਏ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਕੁਝ ਕੱਟੜਪੰਥੀਆਂ ਵੱਲੋਂ ਤਲਖ ਕਲਾਮੀ ਕੀਤੀ ਗਈ।
ਨਿੱਜਰ ਦੇ ਕਤਲ ਸਬੰਧੀ ਕੈਨੇਡਾ ਨਾਲ ਵਿਵਾਦ ਅਜੇ ਹੱਲ ਨਹੀਂ ਹੋਇਆ ਕਿ ਅਮਰੀਕਾ ਨੇ ਵੀ ਭਾਰਤ ਉੱਤੇ ਇਲਜ਼ਾਮ ਲਗਾ ਦਿੱਤਾ ਕਿ ਉਸ ਨੇ ਵੱਖਵਾਦੀ ਜਥੇਬੰਦੀ ਸਿੱਖਜ਼ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਸੀ ਜੋ ਐੱਫ.ਬੀ.ਆਈ. ਨੇ ਨਾਕਾਮ ਕਰ ਦਿੱਤੀ ਹੈ। ਪੰਨੂ ਉਹ ਹੀ ਵਿਅਕਤੀ ਹੈ ਜੋ ਭੋਲੇ ਭਾਲੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਪੰਜਾਬ ਵਿੱਚ ਵੱਖ ਵੱਖ ਥਾਵਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖਵਾਉਂਦਾ ਹੈ, ਭਾਰਤ ਦੇ ਖਿਲਾਫ ਜ਼ਹਿਰ ਉਗਲਦਾ ਹੈ, ਅਧਿਕਾਰੀਆਂ ਨੂੰ ਧਮਕੀਆਂ ਦਿੰਦਾ ਹੈ ਤੇ ਪੱਛਮੀ ਦੇਸ਼ਾਂ ਵਿੱਚ ਕਥਿਤ ਖਾਲਿਸਤਾਨ ਦੀ ਸਥਾਪਤੀ ਬਾਰੇ ਰਿਫਰੈਂਡਮ ਕਰਵਾਉਂਦਾ ਹੈ। ਉਸ ਦੇ ਖਿਲਾਫ ਭਾਰਤ ਵਿੱਚ ਦੇਸ਼ ਧ੍ਰੋਹ ਅਤੇ ਹੋਰ ਦੋਸ਼ਾਂ ਸਬੰਧੀ ਅਨੇਕਾਂ ਮੁਕੱਦਮੇ ਦਰਜ਼ ਹਨ। ਉਸ ਨੇ ਅਫਗਾਨਿਸਤਾਨ ਦੇ ਤਾਲਿਬਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਰੂਸ ਅਤੇ ਚੀਨ ਦੇ ਰਾਸ਼ਟਰਪਤੀਆਂ ਨੂੰ ਕਈ ਚਿੱਠੀਆਂ ਲਿਖੀਆਂ ਹਨ ਕਿ ਸਿੱਖਾਂ ਦੀ ਖਾਲਿਸਤਾਨ ਬਣਾਉਣ ਵਾਸਤੇ ਫੌਜੀ ਮਦਦ ਕੀਤੀ ਜਾਵੇ। ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਨਿੱਜਰ ਦੇ ਕਾਤਲਾਂ ਬਾਰੇ ਸੂਚਨਾ ਅਮਰੀਕਾ ਨੇ ਹੀ ਦਿੱਤੀ ਸੀ। ਇੱਥੇ ਇਹ ਵਰਨਣਯੋਗ ਹੈ ਕਿ ਵਿਸ਼ਵ ਦੇ ਪੰਜ ਇੰਗਲਿਸ਼ ਭਾਸ਼ਾਈ ਦੇਸ਼ਾਂ ਨਿਊਜ਼ੀਲੈਂਡ, ਆਸਟਰੇਲੀਆ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀ ਜੁਰਮਾਂ ਸਬੰਧੀ ਸੂਚਨਾ ਅਦਾਨ ਪ੍ਰਦਾਨ ਕਰਨ ਦੀ ਵਿਵਸਥਾ, ਜਿਸ ਨੂੰ ਫਾਈਵ ਆਈਜ਼ ਅਲਾਇੰਸ ਕਿਹਾ ਜਾਂਦਾ ਹੈ, ਸਾਂਝੀ ਹੈ। ਇੱਕ ਦੇਸ਼ ਵਿੱਚ ਕੋਈ ਵਿਅਕਤੀ ਇੰਮੀਗਰੇਸ਼ਨ ਫਰਾਡ ਜਾਂ ਕੋਈ ਹੋਰ ਜੁਰਮ ਕਰੇ ਤਾਂ ਉਸ ਦੀ ਸੂਚਨਾ ਸਾਰੇ ਦੇਸ਼ਾਂ ਵਿੱਚ ਪਹੁੰਚ ਜਾਂਦੀ ਹੈ।
ਅਮਰੀਕਾ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਸਬੰਧ ਵਿੱਚ ਇੱਕ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਨਾਮਜ਼ਦ ਕੀਤਾ ਹੈ, ਜਿਸ ਨੂੰ ਉਸ ਦੀ ਬੇਨਤੀ ’ਤੇ ਚੈੱਕ ਰਿਪਬਲਿਕ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਗੁਪਤਾ ਦੀ ਅਮਰੀਕਾ ਨੂੰ ਹਵਾਲਗੀ ਬਾਬਤ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਉਸ ਨੇ ਭਾਰਤ ਦੀ ਕਿਸੇ ਖੁਫੀਆ ਏਜੰਸੀ ਦੇ ਇੱਕ ਉੱਚ ਅਧਿਕਾਰੀ ਦੇ ਕਹਿਣ ’ਤੇ ਇਹ ਸਾਜ਼ਿਸ਼ ਬਣਾਈ ਸੀ ਪਰ ਅਮਰੀਕਾ ਨੇ ਅਜੇ ਉਸ ਅਧਿਕਾਰੀ ਦਾ ਨਾਮ ਨਸ਼ਰ ਨਹੀਂ ਕੀਤਾ। ਭਾਰਤ ਨੇ ਇਸ ਸਬੰਧੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਪਰ ਇਹ ਮਾਮਲਾ ਕਾਫੀ ਨਾਜ਼ਕ ਹੈ ਜਿਸ ਕਾਰਨ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕਨਾਮਿਕ ਟਾਈਮਜ਼ ਅਖਬਾਰ ਨਾਲ ਇੰਟਰਵਿਊ ਸਮੇਂ ਕਿਹਾ ਹੈ ਕਿ ਜੇ ਸਾਡੇ ਕਿਸੇ ਨਾਗਰਿਕਾ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਅਸੀਂ ਉਸ ਬਾਰੇ ਕਾਰਵਾਈ ਕਰਨ ਲਈ ਤਿਆਰ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿਦੇਸ਼ਾਂ ਤੋਂ ਕਾਰਵਾਈਆਂ ਕਰ ਰਹੇ ਅੱਤਵਾਦੀ ਸੰਗਠਨਾਂ ਦੀਆਂ ਕਾਰਵਾਈਆਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ। ਪਰ ਹੈਰਾਨੀਜਨਕ ਗੱਲ ਇਹ ਹੈ ਕਿ ਭਾਰਤ ਜਦੋਂ ਵੀ ਅਜਿਹੇ ਕੱਟੜਵਾਦੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦਾ ਹੈ ਤਾਂ ਇਹ ਦੇਸ਼ ਉੱਥੇ ਵਿਚਾਰ ਪੇਸ਼ ਕਰਨ ਦੀ ਅਜ਼ਾਦੀ ਦੇ ਅਧਿਕਾਰ ਦਾ ਹਵਾਲਾ ਦੇ ਕੇ ਸੁਰਖਰੂ ਹੋ ਜਾਂਦੇ ਹਨ। ਕੈਨੇਡਾ ਤਾਂ ਹੁਣ ਤਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਨੂੰ ਵੀ ਨਹੀਂ ਲੱਭ ਸਕਿਆ।
ਭਾਰਤ ਦੀ ਅਮਰੀਕਾ ਅਤੇ ਕੈਨੇਡਾ ਨਾਲ ਅਪਰਾਧੀਆਂ ਦੀ ਹਵਾਲਗੀ ਬਾਰੇ ਪੁਰਾਣੀ ਸੰਧੀ ਹੈ। ਪਰ ਅੱਜ ਤਕ ਕਦੇ ਵੀ ਇਨ੍ਹਾਂ ਦੇਸ਼ਾਂ ਨੇ ਭਾਰਤ ਵੱਲੋਂ ਘੋਸ਼ਿਤ ਕਿਸੇ ਅੱਤਵਾਦੀ ਨੂੰ ਭਾਰਤ ਦੇ ਹਵਾਲੇ ਨਹੀਂ ਕੀਤਾ। ਪੱਛਮੀ ਦੇਸ਼ਾਂ ਵਿੱਚ ਰਹਿ ਰਹੇ ਵੱਖਵਾਦੀਆਂ ਨੇ ਭਾਰਤ ਦੇ ਖਿਲਾਫ ਕਈ ਗੰਭੀਰ ਅਪਰਾਧ ਕੀਤੇ ਹਨ ਪਰ ਕੈਨੇਡਾ ਅਤੇ ਅਮਰੀਕਾ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਹਮੇਸ਼ਾ ਗੁਰੇਜ਼ ਕਰਦੇ ਹਨ। ਉਨ੍ਹਾਂ ਦੀਆਂ ਖੁਫੀਆ ਏਜੰਸੀਆਂ ਦਾ ਸਾਰਾ ਧਿਆਨ ਤਾਲਿਬਾਨ, ਆਈ.ਐੱਸ, ਅਲ ਕਾਇਦਾ, ਹੱਮਾਸ, ਜੈਸ਼ੇ ਮੁਹੰਮਦ ਅਤੇ ਹਿਜ਼ਬੁੱਲਾ ਆਦਿ ਇਸਲਾਮੀ ਜਥੇਬੰਦੀਆਂ ਵੱਲ ਲੱਗਾ ਰਹਿੰਦਾ ਹੈ ਕਿਉਂਕਿ ਉਹ ਭਾਰਤ ਦੇ ਨਾਲ ਪੱਛਮੀ ਦੇਸ਼ਾਂ ਲਈ ਵੀ ਵੱਡਾ ਖਤਰਾ ਹਨ। ਕੈਨੇਡਾ ਦੀ ਧਰਤੀ ’ਤੇ ਭਾਰਤ ਦੇ ਵਿਰੁੱਧ ਕੀਤੀ ਗਈ ਸਭ ਤੋਂ ਵੱਡੀ ਅੱਤਵਾਦੀ ਘਟਨਾ 23 ਜੂਨ 1985 ਨੂੰ ਏਅਰ ਇੰਡੀਆ ਦੀਆਂ ਦੋ ਉਡਾਨਾਂ ਵਿੱਚ ਕੀਤੇ ਗਏ ਬੰਬ ਧਮਾਕੇ ਸਨ। ਉਨ੍ਹਾਂ ਵਿੱਚੋਂ ਇੱਕ ਟਾਈਮ ਬੰਬ ਟੋਕੀਉ ਏਅਰਪੋਰਟ ਦੇ ਕਾਰਗੋ ਏਰੀਆ ਵਿੱਚ ਉਸ ਵੇਲੇ ਫਟ ਗਿਆ ਸੀ ਜਦੋਂ ਜਹਾਜ਼ ਵਿੱਚੋਂ ਸਮਾਨ ਉਤਾਰਿਆ ਜਾ ਰਿਹਾ ਸੀ। ਇਸ ਧਮਾਕੇ ਕਾਰਨ ਦੋ ਜਪਾਨੀ ਵਰਕਰ ਮਾਰੇ ਗਏ ਸਨ। ਪਰ ਮੰਟਰੀਔਲ ਤੋਂ ਲੰਡਨ ਜਾ ਰਿਹਾ ਦੂਸਰਾ ਜਹਾਜ਼ (ਕਨਿਸ਼ਕ, ਫਲਾਈਟ ਨੰਬਰ 182) ਆਇਰਲੈਂਡ ਦੇ ਨਜ਼ਦੀਕ ਬੰਬ ਧਮਾਕੇ ਕਾਰਨ ਤਬਾਹ ਹੋ ਕੇ ਸਮੁੰਦਰ ਵਿੱਚ ਖਿੱਲਰ ਗਿਆ। ਅੱਤਵਾਦੀਆਂ ਦੀ ਇਸ ਵਹਿਸ਼ਿਆਨਾ ਕਰਤੂਤ ਕਾਰਨ ਸਾਰੇ 329 ਯਾਤਰੀ ਤੇ ਸਟਾਫ ਮਾਰਿਆ ਗਿਆ ਸੀ, ਜਿਨ੍ਹਾਂ ਵਿੱਚ 268 ਕੈਨੇਡਾ, 27 ਇੰਗਲੈਂਡ ਅਤੇ 24 ਭਾਰਤ ਦੇ ਨਾਗਰਿਕ ਸਨ। ਇਸ ਕੇਸ ਵਿੱਚ ਰਿਪੁਦਮਨ ਸਿੰਘ ਮਲਿਕ, ਅਜਾਇਬ ਸਿੰਘ ਬਾਗੜੀ, ਤਲਵਿੰਦਰ ਸਿੰਘ ਪਰਮਾਰ ਅਤੇ ਇੰਦਰਜੀਤ ਸਿੰਘ ਰਿਆਤ ਨਾਮਜ਼ਦ ਹੋਏ ਸਨ। 20 ਸਾਲ ਚੱਲੇ ਕੈਨੇਡਾ ਦੇ ਇਸ ਸਭ ਤੋਂ ਮਹਿੰਗੇ ਅਦਾਲਤੀ ਕੇਸ (ਸਰਕਾਰੀ ਖਰਚਾ 13 ਕਰੋੜ ਡਾਲਰ) ਵਿੱਚ ਸਿਰਫ ਇੰਦਰਜੀਤ ਸਿੰਘ ਰਿਆਤ ਨੂੰ 15 ਸਾਲ ਦੀ ਸਜ਼ਾ ਹੋਈ ਸੀ। ਰਿਪੁਦਮਨ ਸਿੰਘ ਮਲਿਕ ਅਤੇ ਅਜਾਇਬ ਸਿੰਘ ਬਾਗੜੀ ਬਰੀ ਹੋ ਗਏ ਸਨ ਤੇ ਤਲਵਿੰਦਰ ਸਿੰਘ ਪਰਮਾਰ (ਬੱਬਰ ਖਾਲਸਾ) 15 ਅਕਤੂਬਰ 1992 ਨੂੰ ਫਿਲੌਰ ਨੇੜੇ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਰਿਪੁਦਮਨ ਸਿੰਘ ਮਲਿਕ ਦਾ ਵੀ 14 ਜੁਲਾਈ 2022 ਨੂੰ ਸਰੀ ਵਿਖੇ ਕਤਲ ਕਰ ਦਿੱਤਾ ਗਿਆ ਹੈ।
1993 ਵਿੱਚ ਅਮਰੀਕਾ ਵਿਖੇ ਐੱਫ.ਬੀ.ਆਈ. ਨੇ ਭਜਨ ਸਿੰਘ ਭਿੰਡਰ ਨਾਮਕ ਇੱਕ ਕੱਟੜਵਾਦੀ ਨੂੰ ਗ੍ਰਿਫਤਾਰ ਕੀਤਾ ਸੀ ਜੋ ਪੰਜਾਬ ਦੇ ਅੱਤਵਾਦੀਆਂ ਲਈ ਰਾਈਫਲਾਂ, ਬੰਬ, ਰਾਕਟ ਲਾਂਚਰ ਅਤੇ ਸਟਿੰਗਰ ਮਿਜ਼ਾਈਲਾਂ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਸੀ। 2006 ਵਿੱਚ ਨਿਊਯਾਰਕ ਦੀ ਇੱਕ ਅਦਾਲਤ ਨੇ ਕੈਨੇਡਾ ਦੇ ਨਾਗਰਿਕ ਤੇ ਪਾਕਿਸਤਾਨੀ ਮੂਲ ਦੇ ਖਾਲਿਦ ਅਵਾਨ ਨੂੰ ਸਜ਼ਾ ਸੁਣਾਈ ਸੀ ਜੋ ਅੱਤਵਾਦੀ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ ਲਈ ਫੰਡ ਭੇਜਦਾ ਸੀ। ਜਨਵਰੀ 2022 ਵਿੱਚ ਜਰਮਨੀ ਦੀ ਪੁਲਿਸ ਨੇ ਜਸਵਿੰਦਰ ਸਿੰਘ ਮੁਲਤਾਨੀ ਨਾਮਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜਿਸਦਾ 23 ਦਸੰਬਰ 2021 ਨੂੰ ਲੁਧਿਆਣਾ ਕਚਹਿਰੀ ਵਿੱਚ ਹੋਏ ਬੰਬ ਧਮਾਕੇ ਵਿੱਚ ਹੱਥ ਸੀ। ਪਰ ਤਾਰਾਂ ਜੋੜਦੇ ਸਮੇਂ ਬੰਬ ਫਟ ਗਿਆ, ਜਿਸ ਕਾਰਨ ਮੁੱਖ ਮੁਲਜ਼ਿਮ ਮਾਰਿਆ ਗਿਆ ਸੀ ਤੇ 6 ਵਿਅਕਤੀ ਜ਼ਖਮੀ ਹੋਏ ਸਨ। ਮੁਲਤਾਨੀ ਵੀ ਗੁਰਪਤਵੰਤ ਪੰਨੂ ਦੇ ਵੱਖਵਾਦੀ ਗਰੁੱਪ ਸਿੱਖਜ਼ ਫਾਰ ਜਸਟਿਸ ਦਾ ਮੈਂਬਰ ਹੈ।
ਉਪਰੋਕਤ ਤੋਂ ਇਲਾਵਾ ਭਾਰਤ ਵੱਲੋਂ ਪੱਛਮੀ ਦੇਸ਼ਾਂ ਨੂੰ 2008 ਮੁੰਬਈ ਹਮਲੇ ਦੇ ਦੋਸ਼ੀ ਤਹੱਵਰ ਹੁਸੈਨ ਰਾਣਾ (ਕੈਨੇਡਾ) ਤੇ ਡੇਵਿਡ ਹੈਡਲੀ (ਅਮਰੀਕਾ) ਸਮੇਤ ਦਰਜ਼ਨਾਂ ਕੱਟੜਵਾਦੀਆਂ ਦੀ ਹਵਾਲਗੀ ਬਾਰੇ ਵਾਰ ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਦੇ ਕੰਨਾਂ ਉੱਤੇ ਜੂੰ ਨਹੀਂ ਸਰਕ ਰਹੀ। ਵੱਖਵਾਦੀ ਵਿਦੇਸ਼ਾਂ ਦੇ ਨਰਮ ਕਾਨੂੰਨਾਂ ਦਾ ਫਾਇਦਾ ਉਠਾ ਕੇ ਅੱਤਵਾਦੀ ਹਮਲਿਆਂ ਦੀ ਪਲੈਨਿੰਗ ਕਰਦੇ ਹਨ ਜਿਸਦਾ ਖਮਿਆਜ਼ਾ ਆਖਰ ਭਾਰਤ ਨੂੰ ਭੁਗਤਣਾ ਪੈਂਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਹੋਣ ਵਾਲੀ ਤਕਰੀਬਨ ਹਰੇਕ ਅੱਤਵਾਦੀ ਘਟਨਾ ਦੀ ਤਫਤੀਸ਼ ਵਿੱਚ ਪੰਨੂ ਦਾ ਨਾਮ ਜ਼ਰੂਰ ਆ ਰਿਹਾ ਹੈ।
ਪੰਜਾਬ ਵਿੱਚ ਅੱਤਵਾਦ ਭਾਵੇਂ ਖਤਮ ਹੋ ਚੁੱਕਾ ਹੈ, ਪਰ ਪੱਛਮੀ ਦੇਸ਼ਾਂ ਵਿੱਚ ਕੁਝ ਕੁ ਗਿਣਤੀ ਦੇ ਲੋਕ ਅਜੇ ਵੀ ਇਸਦੇ ਨਾਮ ’ਤੇ ਆਪਣੀ ਦੁਕਾਨਦਾਰੀ ਧੜੱਲੇ ਨਾਲ ਚਲਾ ਰਹੇ ਹਨ। ਉਹ ਇਸ ਸਬੰਧੀ ਬਿਆਨ, ਰੈਲੀਆਂ, ਇਸ਼ਤਿਹਾਰ, ਧਮਕੀਆਂ ਅਤੇ ਰਿਫਰੈਂਡਮ ਆਦਿ ਕੋਈ ਨਾ ਕੋਈ ਅੱਗ ਲਾਊ ਕਾਰਵਾਈ ਕਰਦੇ ਹੀ ਰਹਿੰਦੇ ਹਨ। ਪਰ ਚੰਗੀ ਗੱਲ ਇਹ ਹੈ ਕਿ ਵਿਦੇਸ਼ਾਂ ਵਿੱਚ ਵਸਣ ਵਾਲੇ ਜ਼ਿਆਦਾਤਰ ਭਾਰਤੀ ਤੇ ਖਾਸ ਤੌਰ ’ਤੇ ਪੰਜਾਬੀ ਸ਼ਾਂਤੀ ਪਸੰਦ ਹਨ, ਉਹ ਇਨ੍ਹਾਂ ਦੀਆਂ ਭੜਕਾਉੂ ਗੱਲਾਂ ਵਿੱਚ ਫਸਣ ਦੀ ਬਜਾਏ ਆਪਣੇ ਕੰਮਾਂਕਾਰਾਂ ਵਿੱਚ ਰੁੱਝੇ ਰਹਿੰਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4580)
(ਸਰੋਕਾਰ ਨਾਲ ਸੰਪਰਕ ਲਈ: (