“ਉਸ ਨੇ ਹਰਿਆਣਾ ਅਤੇ ਪੰਜਾਬ ਦੇ ਪਿੰਡਾਂ ਵਿੱਚ ਆਪਣੇ ਏਜੰਟ ਛੱਡੇ ਹੋਏ ਹਨ ਜੋ ਬਕਾਇਦਾ ਕੈਂਪ ਲਗਾ ਕੇ ...”
(26 ਅਗਸਤ 2023)
ਕੁਝ ਦਿਨ ਪਹਿਲਾਂ ਪੰਜਾਬ ਦਾ ਇੱਕ ਨੌਜਵਾਨ ਡੌਂਕੀ ਰੂਟ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦਾ ਹੋਇਆ ਮੈਕਸੀਕੋ ਵਿੱਚ ਅਨੇਕਾਂ ਹੋਰ ਮੁਸਾਫਰਾਂ ਸਮੇਤ ਬੱਸ ਹਾਦਸੇ ਵਿੱਚ ਮਾਰਿਆ ਗਿਆ ਹੈ। ਪੰਜਾਬੀਆਂ ਨੂੰ ਅਮਰੀਕਾ ਅਤੇ ਯੂਰਪੀਨ ਦੇਸ਼ਾਂ ਵਿੱਚ ਦੋ ਨੰਬਰ ਰਾਹੀਂ ਪਹੁੰਚਾਉਣ ਖਾਤਰ ਠੱਗ ਏਜੰਟ ਹਮੇਸ਼ਾ ਨਵੇਂ ਤੋਂ ਨਵੇਂ ਰੂਟ ਲੱਭਦੇ ਰਹਿੰਦੇ ਹਨ। ਦੱਖਣੀ ਅਮਰੀਕਾ ਮਹਾਂਦੀਪ ਤੋਂ ਵਾਇਆ ਮੈਕਸੀਕੋ, ਅਮਰੀਕਾ (ਯੂ.ਐੱਸ.ਏ) ਪਹੁੰਚਾਉਣ ਵਾਲਾ ਡੌਂਕੀ ਰੂਟ ਇਨ੍ਹਾਂ ਦੀ ਨਵੀਨਤਮ ਖੋਜ ਹੈ। ਇਸ ਕੰਮ ਵਿੱਚ ਏਜੰਟ ਐਨਾ ਪੈਸਾ ਰੋਲ ਰਹੇ ਹਨ ਕਿ ਪੱਟੀ ਨੇੜਲੇ ਇੱਕ ਪਿੰਡ ਦੇ ਠੱਗ ਏਜੰਟ ਨੇ ਤਾਂ ਅਮਰੀਕਾ ਜਾਣ ਦੇ ਚਾਹਵਾਨ ਸ਼ਿਕਾਰਾਂ ਨੂੰ ਫਸਾਉਣ ਲਈ ਆਪਣੀ ਆਲੀਸ਼ਾਨ ਕੋਠੀ ਉੱਪਰ ਸਟੈਚੂ ਆਫ ਲਿਬਰਟੀ ਦੀ ਵਿਸ਼ਾਲ ਮੂਰਤੀ ਬਣਾਈ ਹੋਈ ਹੈ ਤਾਂ ਜੋ ਦੂਰ ਤੋਂ ਹੀ ਉਸ ਦੇ ਮਕਾਨ ਦਾ ਪਤਾ ਲੱਗ ਜਾਵੇ।
2021 ਤੋਂ ਲੈ ਕੇ ਹੁਣ ਤਕ 20 ਹਜ਼ਾਰ ਦੇ ਕਰੀਬ ਭਾਰਤੀ (ਅੱਧੇ ਤੋਂ ਵੱਧ ਪੰਜਾਬੀ) ਇਸ ਰੂਟ ਰਾਹੀਂ ਅਮਰੀਕਾ ਵਿੱਚ ਘੁਸਣ ਦੀ ਕੋਸ਼ਿਸ਼ ਕਰਦੇ ਹੋਏ ਅਮਰੀਕੀ ਕਸਟਮ ਅਤੇ ਬਾਰਡਰ ਪੁਲਿਸ ਨੇ ਕਾਬੂ ਕੀਤੇ ਹਨ ਜਿਨ੍ਹਾਂ ਨੂੰ ਕਈ ਮਹੀਨੇ ਹਵਾਲਾਤ ਵਿੱਚ ਰੱਖਣ ਤੋਂ ਬਾਅਦ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ। ਇਸ ਸਾਲ ਹੁਣ ਤਕ ਮੈਕਸੀਕੋ ਵੀ ਅਜਿਹੇ 411 ਪੰਜਾਬੀਆਂ ਨੂੰ ਡੀਪੋਰਟ ਕਰ ਚੁੱਕਾ ਹੈ। ਪਹਿਲਾਂ ਮੈਕਸੀਕੋ ਆਪਣੇ ਦੇਸ਼ ਵਿੱਚੋਂ ਗੁਜ਼ਰਨ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਵੱਲੋਂ ਅੱਖਾਂ ਮੀਟ ਛੱਡਦਾ ਸੀ, ਪਰ ਪਿਛਲੇ ਸਾਲ ਅਮਰੀਕਾ ਵੱਲੋਂ ਉਸ ਦੀ ਆਰਥਿਕ ਸਹਾਇਤਾ ਬੰਦ ਕਰ ਦੇਣ ਦੀ ਸਖਤ ਧਮਕੀ ਤੋਂ ਬਾਅਦ ਉਸ ਦੀ ਪੁਲਿਸ ਅਤੇ ਕਸਟਮ ਵਿਭਾਗ ਵੀ ਚੁਸਤ ਹੋ ਗਏ ਹਨ।
ਹੁਣ ਤਾਂ ਭਾਰਤ ਤੋਂ ਦੱਖਣੀ ਅਮਰੀਕੀ ਦੇਸ਼ਾਂ ਨੂੰ ਜਾਣ ਵਾਲੀਆਂ ਫਲਾਈਟਾਂ ਨੂੰ ਵੀ ਡੌਂਕੀ ਫਲਾਈਟਾਂ ਕਿਹਾ ਜਾਣ ਲੱਗਾ ਹੈ। ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਧੱਕਣ ਤੋਂ ਪਹਿਲਾਂ ਕਈ ਦੇਸ਼ਾਂ ਵਿੱਚ ਘੁਮਾਇਆ ਜਾਂਦਾ ਹੈ ਤਾਂ ਜੋ ਸ਼ੱਕ ਨਾ ਪਵੇ। ਇਹ ਉਹ ਗੈਰ ਕਾਨੂੰਨੀ ਪ੍ਰਵਾਸੀ ਹੁੰਦੇ ਹਨ, ਜਿਨ੍ਹਾਂ ਦਾ ਅਮਰੀਕਾ ਦਾ ਵੀਜ਼ਾ ਵੱਖ ਵੱਖ ਕਾਰਨਾਂ ਕਰ ਕੇ ਰੱਦ ਹੋ ਚੁੱਕਾ ਹੁੰਦਾ ਹੈ। ਠੱਗ ਏਜੰਟ ਇਨ੍ਹਾਂ ਤੋਂ ਇਸ ਕੰਮ ਲਈ ਵੀਹ ਲੱਖ ਤੋਂ ਲੈ ਕੇ ਪੰਜਾਹ ਲੱਖ ਤਕ ਦੀ ਮੋਟੀ ਫੀਸ ਵਸੂਲਦੇ ਹਨ। ਇਸ ਫੀਸ ਵਿੱਚ ਜਹਾਜ਼ ਦੀਆਂ ਟਿਕਟਾਂ, ਰਿਹਾਇਸ਼ ਅਤੇ ਟੈਕਸੀਆਂ ਆਦਿ ਦਾ ਕਿਰਾਇਆ ਸ਼ਾਮਲ ਹੁੰਦਾ ਹੈ। ਇਹ ਪੈਸਾ ਭਾਰਤ ਤੋਂ ਲੈ ਕੇ ਮੈਕਸੀਕੋ ਤਕ ਦੇ ਅਨੇਕਾਂ ਏਜੰਟਾਂ ਵਿੱਚ ਵੰਡਿਆ ਜਾਂਦਾ ਹੈ। ਮੰਨੋ ਜੇ ਇੱਕ ਏਜੰਟ ਨੇ ਇੱਕ ਮਹੀਨੇ ਵਿੱਚ ਦਸ ਬੰਦੇ ਵੀ ਅਮਰੀਕਾ ਵਿੱਚ ਧੱਕ ਦਿੱਤੇ ਤਾਂ ਸਾਰੇ ਖਰਚੇ ਕੱਢ ਕੇ ਉਸ ਦੇ ਤਿੰਨ ਤੋਂ ਚਾਰ ਕਰੋੜ ਰੁਪਏ ਅਰਾਮ ਨਾਲ ਬਚ ਜਾਂਦੇ ਹਨ। ਜਦੋਂ ਕਿਸੇ ਪਿੰਡ ਦੇ ਦੋ ਚਾਰ ਮੁੰਡੇ ਡੌਂਕੀ ਮਾਰ ਕੇ ਅਮਰੀਕਾ ਪਹੁੰਚ ਕੇ ਸੋਸ਼ਲ ਮੀਡੀਆ ’ਤੇ ਸੈਲਫੀਆਂ ਪਾ ਦਿੰਦੇ ਹਨ ਤਾਂ ਸਾਰੇ ਪਿੰਡ ਦੇ ਬਾਪਾਂ ਦੇ ਭਾਅ ਦੀ ਬਣ ਜਾਂਦੀ ਹੈ। ਵਿਹਲੜ ਮੁੰਡੇ ਪਿਉ ਦੇ ਗੱਲ ’ਗੂਠਾ ਦੇ ਦਿੰਦੇ ਹਨ ਕਿ ਹੁਣੇ ਦੋ ਕਿੱਲੇ ਵੇਚ ਕੇ ਆ।
ਇਹ ਸਫਰ ਪੁਰਾਣੇ ਸਮੇਂ ਦੀ ਹਰਦਵਾਰ ਯਾਤਰਾ ਤੋਂ ਵੀ ਵੱਧ ਖਤਰਨਾਕ ਹੈ। ਪਹੁੰਚ ਗਏ ਤਾਂ ਪਹੁੰਚ ਗਏ, ਨਹੀਂ ਸਾਲਾਂ ਤਕ ਲਾਸ਼ਾਂ ਪਨਾਮਾ ਦੇ ਜੰਗਲਾਂ ਅਤੇ ਐਰੀਜ਼ੋਨਾ ਅਤੇ ਕੈਲੋਫੋਰਨੀਆਂ ਦੇ ਰੇਤਥਲਿਆਂ ਵਿੱਚ ਸੜਦੀਆਂ ਰਹਿੰਦੀਆਂ ਹਨ। ਸਫਰ ਦੌਰਾਨ ਜਿਹੜਾ ਵੀ ਪ੍ਰਵਾਸੀ ਬਿਮਾਰੀ ਜਾਂ ਸੱਪ ਆਦਿ ਦੇ ਕੱਟਣ ਕਾਰਨ ਮਰ ਜਾਵੇ, ਏਜੰਟ ਉਸ ਦੀ ਲਾਸ਼ ਧੂਹ ਕੇ ਖੱਡਾਂ ਵਿੱਚ ਸੁੱਟ ਦਿੰਦੇ ਹਨ ਤਾਂ ਜੋ ਅਗਲੇ ਆਉਣ ਵਾਲੇ ਗਰੁੱਪ ਨੂੰ ਇਹ ਦ੍ਰਿਸ਼ ਦਿਖਾਈ ਨਾ ਦੇਵੇ ਤੇ ਉਨ੍ਹਾਂ ਦਾ ਧੰਦਾ ਅਰਾਮ ਨਾਲ ਚੱਲਦਾ ਰਹੇ। ਰਸਤੇ ਵਿੱਚ ਕਈ ਵਾਰ ਸਥਾਨਕ ਬਦਮਾਸ਼ ਪ੍ਰਵਾਸੀਆਂ ਦੀ ਲੁੱਟ ਮਾਰ ਕਰ ਲੈਂਦੇ ਹਨ ਤੇ ਵਿਰੋਧ ਕਰਨ ’ਤੇ ਕਤਲ ਵੀ ਕਰ ਦਿੰਦੇ ਹਨ। ਔਰਤਾਂ ਨਾਲ ਬਲਾਤਕਾਰ ਹੋਣਾ ਆਮ ਜਿਹੀ ਗੱਲ ਹੈ। ਅਸਲ ਵਿੱਚ ਬਦਮਾਸ਼ਾਂ ਨੂੰ ਪਤਾ ਲੱਗ ਗਿਆ ਹੈ ਕਿ ਇਸ ਰਸਤੇ ਜਾਣ ਵਾਲੇ ਭਾਰਤੀਆਂ ਕੋਲ ਕਾਫੀ ਪੈਸਾ ਤੇ ਸੋਨਾ ਹੁੰਦਾ ਹੈ।
ਇਹ ਖਤਰਨਾਕ ਸਫਰ ਜ਼ਿਆਦਾਤਰ ਕੋਲੰਬੀਆ ਦੇਸ਼ ਤੋਂ ਸ਼ੁਰੂ ਹੁੰਦਾ ਹੈ। ਦੱਖਣੀ ਅਮਰੀਕਾ ਦੇ ਦੇਸ਼ ਗਰੀਬ ਹਨ ਤੇ ਇਨ੍ਹਾਂ ਦਾ ਵੀਜ਼ਾ ਬਹੁਤ ਹੀ ਅਸਾਨੀ ਨਾਲ ਆਨਲਾਈਨ ਹੀ ਮਿਲ ਜਾਂਦਾ ਹੈ। ਕੋਲੰਬੀਆ ਵਿੱਚ ਏਜੰਟ ਦੇ ਬੰਦੇ ਇਨ੍ਹਾਂ ਦੇ 10-0, 15-15 ਦੇ ਗਰੁੱਪ ਬਣਾ ਕੇ ਟੈਕਸੀਆਂ ਜਾਂ ਪੈਦਲ ਤੋਰ ਕੇ ਪਨਾਮਾ ਦੇਸ਼ ਪਾਰ ਕਰਵਾਉਂਦੇ ਹਨ ਜਿਸ ਦੌਰਾਨ ਛੇ ਜੰਗਲ ਪਾਰ ਕਰਨੇ ਪੈਂਦੇ ਹਨ। ਰਸਤੇ ਵਿੱਚ ਸਿਰਫ ਗੁਜ਼ਾਰੇ ਜੋਗਾ ਪਾਣੀ ਅਤੇ ਖਾਣਾ ਦਿੱਤਾ ਜਾਂਦਾ ਹੈ। ਬਿਮਾਰ ਹੋਣ ’ਤੇ ਕੋਈ ਦਵਾਈ ਦਾ ਪ੍ਰਬੰਧ ਨਹੀਂ ਹੈ ਤੇ ਕਈ ਵਾਰ ਬਿਮਾਰ ਨੂੰ ਉਸ ਦੇ ਹਾਲ ’ਤੇ ਛੱਡੇ ਕੇ ਗਰੁੱਪ ਅੱਗੇ ਲੰਘ ਜਾਂਦਾ ਹੈ। ਪਨਾਮਾ ਤੋਂ ਗਰੁੱਪ ਨੂੰ ਅੱਗੇ ਕੋਸਟਾਰੀਕਾ ਦੇਸ਼ ਦੇ ਜੰਗਲ ਪਾਰ ਕਰ ਕੇ ਮੈਕਸੀਕੋ ਵਿੱਚ ਪ੍ਰਵੇਸ਼ ਕਰਵਾਇਆ ਜਾਂਦਾ ਹੈ, ਜਿੱਥੋਂ ਅਮਰੀਕਾ ਦੀ ਡੌਂਕੀ ਮਾਰੀ ਜਾਂਦੀ ਹੈ। ਇਹ ਡੌਂਕੀ ਮੈਕਸੀਕੀ-ਅਮਰੀਕੀ ਬਾਰਡਰ ’ਤੇ ਲੱਗੀ ਕੰਢਿਆਲੀ ਤਾਰ ਉੱਪਰ ਦੀ ਟੱਪ ਕੇ ਜਾਂ ਮਨੁੱਖੀ ਤਸਕਰਾਂ ਦੁਆਰਾ ਖੋਦੀਆਂ ਹੋਈਆਂ ਸੁਰੰਗਾਂ ਵਿੱਚੋਂ ਦੀ ਰੀਂਗ ਕੇ ਮੁਕੰਮਲ ਹੁੰਦੀ ਹੈ। ਏਜੰਟਾਂ ਦੁਆਰਾ ਪਰਵਾਸੀਆਂ ਦੀ ਅਮਰੀਕਾ ਵਿੱਚ ਵੜਦੇ ਸਮੇਂ ਦੀ ਵੀਡੀਓ ਬਣਾ ਕੇ ਉਸ ਦੇ ਪਰਿਵਾਰ ਨੂੰ ਭੇਜ ਦਿੱਤੀ ਜਾਂਦੀ ਹੈ ਤੇ ਬਕਾਇਆ ਫੀਸ ਲੈ ਲਈ ਜਾਂਦੀ ਹੈ।
ਅਮਰੀਕਾ ਵਿੱਚ ਵੜਦੇ ਸਾਰ ਪਰਵਾਸੀ ਪਕੜਿਆ ਜਾਵੇ ਜਾਂ ਐਰੀਜ਼ੋਨਾ ਦਾ ਮਾਰੂਥਲ ਪਾਰ ਕਰਦੇ ਸਮੇਂ ਭੁੱਖ ਪਿਆਸ ਨਾਲ ਮਰ ਜਾਵੇ, ਏਜੰਟ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਜਿਹਨਾਂ ਪਰਵਾਸੀਆਂ ਦੇ ਰਿਸ਼ਤੇਦਾਰ ਜਾਂ ਦੋਸਤ ਆਦਿ ਅਮਰੀਕਾ ਵਿੱਚ ਸੈੱਟ ਹਨ, ਉਹ ਤਾਂ ਉਨ੍ਹਾਂ ਨੂੰ ਸਾਂਭ ਲੈਂਦੇ ਹਨ, ਪਰ ਲਾਵਾਰਿਸਾਂ ਦੀ ਬਹੁਤ ਬੁਰੀ ਹਾਲਤ ਹੁੰਦੀ ਹੈ। ਦਸ ਪੰਦਰਾਂ ਸਾਲ ਤਕ ਲੁਕ ਛਿਪ ਕੇ ਰਹਿਣਾ ਤੇ ਦੋ ਨੰਬਰ ਵਿੱਚ ਕੰਮ ਕਰਨਾ ਪੈਂਦਾ ਹੈ, ਪਰ ਪੱਕੇ ਹੋਣ ਦੀ ਫਿਰ ਵੀ ਕੋਈ ਗਰੰਟੀ ਨਹੀਂ ਹੈ। ਅਜਿਹੇ ਨਜਾਇਜ਼ ਪਰਵਾਸੀਆਂ ਦਾ ਸਟੋਰਾਂ ਅਤੇ ਫਾਰਮਾਂ ਵਾਲੇ ਰੱਜ ਕੇ ਸ਼ੋਸ਼ਣ ਕਰਦੇ ਹਨ ਤੇ ਅੱਧ ਨਾਲੋਂ ਵੀ ਘੱਟ ਮਜ਼ਦੂਰੀ ਦਿੰਦੇ ਹਨ। ਮੇਰਾ ਇੱਕ ਵਾਕਿਫ ਬੰਦਾ ਬਹੁਤ ਸਾਲ ਪਹਿਲਾਂ ਇਸੇ ਤਰ੍ਹਾਂ ਅਮਰੀਕਾ ਗਿਆ ਸੀ। ਪਿੱਛੋਂ ਉਸ ਦੀ ਧੀ ਜਵਾਨ ਹੋ ਕੇ ਵਿਆਹੀ ਵੀ ਗਈ, ਪਰ ਉਹ ਹੁਣ ਤਕ ਵਾਪਸ ਨਹੀਂ ਆ ਸਕਿਆ। ਪਹਿਲਾਂ ਪੰਜਾਬੀ ਆਪਣੇ ਆਪ ਨੂੰ ਖਾਲਿਸਤਾਨ ਸਮਰਥਕ ਹੋਣ ਕਾਰਨ ਪੁਲਿਸ ਤੋਂ ਜਾਨ ਦਾ ਖਤਰਾ ਦੱਸ ਕੇ ਗਰੀਨ ਕਾਰਡ ਹਾਸਲ ਕਰ ਲੈਂਦੇ ਸਨ ਪਰ ਹੁਣ ਅਮਰੀਕੀ ਇੰਮੀਗਰੇਸ਼ਨ ਵਾਲੇ ਵੀ ਇਨ੍ਹਾਂ ਚਾਲਾਂ ਨੂੰ ਸਮਝ ਗਏ ਹਨ। ਹੁਣ ਤਾਂ ਪੰਜਾਬ ਦੇ ਪ੍ਰਸਿੱਧ ਖਾਲਿਸਤਾਨ ਸਮਰਥਕ ਕੱਟੜਵਾਦੀ ਨੇਤਾ ਦੀ ਚਿੱਠੀ ਵੀ ਕਿਸੇ ਕੰਮ ਨਹੀਂ ਆਉਂਦੀ।
ਇਸ ਕੰਮ ਵਿੱਚ ਕਿੰਨਾ ਪੈਸਾ ਬਣਦਾ ਹੈ, ਇਸ ਸਬੰਧੀ ਦਿੱਲੀ ਦੇ ਇੱਕ ਠੱਗ ਏਜੰਟ ਗਿਰੀਸ਼ ਭੰਡਾਰੀ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਾ ਹੈ। ਉਹ ਆਪਣੇ ਸ਼ਿਕਾਰਾਂ ਨੂੰ ਸ਼ਾਰਜਾਹ, ਆਜ਼ਰਬਾਈਜਾਨ, ਤੁਰਕੀ, ਪਨਾਮਾ, ਅਲ ਸੈਲਵਾਡੋਰ ਅਤੇ ਮੈਕਸੀਕੋ ਆਦਿ ਰਾਹੀਂ ਅਮਰੀਕਾ ਭੇਜਦਾ ਸੀ। ਛਾਪੇ ਦੌਰਾਨ ਪੁਲਿਸ ਨੂੰ ਉਸ ਦੇ ਦਫਤਰ ਵਿੱਚੋਂ ਅਮਰੀਕਾ ਜਾਣ ਦੇ ਚਾਹਵਾਨਾਂ ਦੇ 180 ਪਾਸਪੋਰਟ ਮਿਲੇ ਹਨ, ਜਿਨ੍ਹਾਂ ਵਿੱਚ 112 ਪੰਜਾਬ ਦੇ ਹਨ। ਇਸ ਤੋਂ ਇਲਾਵਾ ਉਸ ਦੇ ਮੋਬਾਇਲ ਵਿੱਚੋਂ ਪਰਵਾਸੀਆਂ ਦੀਆਂ ਅਮਰੀਕਾ ਵਿੱਚ ਪ੍ਰਵੇਸ਼ ਕਰਦੇ ਸਮੇਂ ਦੀਆਂ 913 ਵੀਡੀਓ ਮਿਲੀਆਂ ਹਨ ਜੋ ਪਿਛਲੇ ਚਾਰ ਸਾਲਾਂ ਦੇ ਸਮੇਂ ਦੀਆਂ ਹਨ। ਸੋਚਣ ਵਾਲੀ ਗੱਲ ਹੈ ਕਿ ਉਹ ਇਸ ਧੰਦੇ ਤੋਂ ਹੁਣ ਤਕ ਕਿੰਨਾ ਪੈਸਾ ਕਮਾ ਚੁੱਕਾ ਹੋਵੇਗਾ। ਉਸ ਨੇ ਹਰਿਆਣਾ ਅਤੇ ਪੰਜਾਬ ਦੇ ਪਿੰਡਾਂ ਵਿੱਚ ਆਪਣੇ ਏਜੰਟ ਛੱਡੇ ਹੋਏ ਹਨ ਜੋ ਬਕਾਇਦਾ ਕੈਂਪ ਲਗਾ ਕੇ ਲੋਕਾਂ ਨੂੰ ਡੌਂਕੀ ਮਾਰਨ ਲਈ ਉਤਸ਼ਾਹਿਤ ਕਰਦੇ ਹਨ। ਪਿੰਡ ਦਾ ਜਿਹੜਾ ਵੀ ਬੰਦਾ ਉਸ ਨੂੰ ਸ਼ਿਕਾਰ ਫਸਾ ਕੇ ਦਿੰਦਾ ਸੀ, ਉਸ ਨੂੰ ਇੱਕ ਲੱਖ ਰੁਪਏ ਪ੍ਰਤੀ ਵਿਅਕਤੀ ਕਮਿਸ਼ਨ ਦਿੱਤਾ ਜਾਂਦਾ ਸੀ। ਉਸ ਦੇ ਭੇਜੇ ਬੰਦਿਆਂ ਵਿੱਚੋਂ ਹੁਣ ਤਕ ਚਾਰ ਬੰਦੇ ਰਸਤੇ ਵਿੱਚ ਗਾਇਬ ਹੋ ਚੁੱਕੇ ਹਨ ਜਿਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ। ਹਿਸਾਰ ਦੇ ਇੱਕ ਅਜਿਹੇ ਹੀ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਉਹ ਪਕੜਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਐਨੇ ਵੱਡੇ ਫਰਾਡੀਏ ਦੀ ਸਿਰਫ ਦੋ ਹਫਤਿਆਂ ਵਿੱਚ ਜ਼ਮਾਨਤ ਹੋ ਗਈ ਹੈ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਦਿੱਲੀ ਦੇ ਬਦਨਾਮ ਗੈਂਗਸਟਰ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀਪਕ ਪਾਹਲ ਨੂੰ ਵੀ ਇਸ ਨੇ ਹੀ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਹ 19 ਜੂਨ ਨੂੰ ਭਾਰਤੀ ਖੁਫੀਆ ਏਜੰਸੀਆਂ, ਮੈਕਸੀਕੋ ਪੁਲਿਸ ਅਤੇ ਸੀ.ਆਈ.ਏ. ਦੇ ਸਹਿਯੋਗ ਨਾਲ ਮੈਕਸੀਕੋ ਦੇ ਕੈਨਕਮ ਹਵਾਈ ਅੱਡੇ ’ਤੇ ਅਮਰੀਕਾ ਦੀ ਫਲਾਈਟ ਵਿੱਚ ਬੈਠਣ ਲੱਗਾ ਪਕੜਿਆ ਗਿਆ। ਇਸ ਸਬੰਧੀ ਡੁੰਘਾਈ ਨਾਲ ਤਫਤੀਸ਼ ਹੋਣੀ ਚਾਹੀਦੀ ਹੈ ਕਿ ਇਹ ਠੱਗ ਏਜੰਟ ਦੇਸ਼ ਦੇ ਹੋਰ ਕਿੰਨੇ ਦੁਸ਼ਮਣਾਂ ਨੂੰ ਸੁਰੱਖਿਅਤ ਵਿਦੇਸ਼ਾਂ ਵਿੱਚ ਪਹੁੰਚਾ ਚੁੱਕਾ ਹੈ।
ਡੌਂਕੀ ਰੂਟ ਬਾਲੀਵੁੱਡ ਤਕ ਪ੍ਰਸਿੱਧ ਹੋ ਗਿਆ ਹੈ। ਇਸ ਵਿਸ਼ੇ ’ਤੇ ਪ੍ਰਸਿੱਧ ਡਾਇਰੈਕਟਰ ਰਾਜ ਕੁਮਾਰ ਹੀਰਾਨੀ ਸ਼ਾਹਰੁਖ ਖਾਨ ਨੂੰ ਲੈ ਕੇ ਡੌਂਕੀ ਨਾਮਕ ਫਿਲਮ ਬਣਾ ਰਹੇ ਹਨ। ਇਸ ਫਿਲਮ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਕਹਾਣੀ ਵਿਖਾਈ ਜਾਣੀ ਹੈ, ਜੋ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਪਹੁੰਚ ਜਾਂਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4176)
(ਸਰੋਕਾਰ ਨਾਲ ਸੰਪਰਕ ਲਈ: (