“ਕੁਝ ਸਵੈ ਘੋਸ਼ਿਤ ਵਿਦਵਾਨ ਅਜਿਹੀਆਂ ਬਿਨ ਸਿਰ ਪੈਰ ਦੀਆਂ ਗੱਲਾਂ ...”
(11 ਨਵੰਬਰ 2019)
ਥੋੜ੍ਹੇ ਦਿਨਾਂ ਤੋਂ ਇੱਕ ਫੋਟੋ ਸੋਸ਼ਲ ਮੀਡੀਆ ਉੱਤੇ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਇੱਕ ਗਰੀਬ ਬੱਚੀ ਅਯੁੱਧਿਆ ਦੇ ਰਿਕਾਰਡ ਤੋੜੂ ਦੀਵਿਆਂ ਦਾ ਬਚਿਆ ਖੁਚਿਆ ਤੇਲ ਇਕੱਠਾ ਕਰ ਰਹੀ ਹੈ। ਬੁਰੀ ਤਰ੍ਹਾਂ ਡਰੀ ਹੋਈ ਮਾਸੂਮ ਫੋਟੋਗਰਾਫਰ ਵੱਲ ਇਸ ਤਰ੍ਹਾਂ ਵੇਖ ਰਹੀ ਹੈ ਜਿਵੇਂ ਕੋਈ ਬਹੁਤ ਵੱਡਾ ਅਪਰਾਧ ਕਰਦੀ ਹੋਈ ਪਕੜੀ ਗਈ ਹੋਵੇ। ਇਹ ਵੀ ਸ਼ੁਕਰ ਹੈ ਕਿ ਭਲੇਮਾਣਸ ਪੱਤਰਕਾਰ ਦੀ ਨਿਗ੍ਹਾ ਉਸ ਉੱਤੇ ਪਈ, ਜੇ ਕਿਤੇ ਕਿਸੇ ਧਰਮ ਦੇ ਠੇਕੇਦਾਰ ਦੇ ਅੜਿੱਕੇ ਆ ਜਾਂਦੀ ਤਾਂ ਸ਼ਾਇਦ ਵਿਚਾਰੀ ਨੂੰ ਦੇਸ਼ ਧ੍ਰੋਹੀ, ਧਰਮ ਧ੍ਰੋਹੀ ਕਹਿ ਕੇ ਮੌਬ ਲਿੰਚਿੰਗ ਰਾਹੀਂ ਧਰਮਰਾਜ ਦੀ ਕਚਹਿਰੀ ਵੱਲ ਤੋਰ ਦਿੱਤਾ ਜਾਂਦਾ। ਪਤਾ ਨਹੀਂ ਵਿਚਾਰੀ ਆਪਣੇ ਰੁੱਖੇ ਵਾਲਾਂ ਨੂੰ ਤੇਲ ਨਾਲ ਚੋਪੜਨਾ ਚਾਹੁੰਦੀ ਸੀ ਜਾਂ ਘਰ ਜਾ ਕੇ ਦਾਲ ਸਬਜ਼ੀ ਪਕਾਉਣੀ? ਉਸ ਅਣਜਾਣ ਨੂੰ ਕੀ ਪਤਾ ਕਿ ਇਹ ਦੀਵੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣ ਲਈ ਬਾਲੇ ਗਏ ਹਨ, ਨਾ ਕਿ ਉਸ ਵਰਗੇ ਕਿਸੇ ਗਰੀਬ ਦੇ ਕੰਮ ਆਉਣ ਲਈ।
26 ਅਕਤੂਬਰ ਨੂੰ, ਦੀਵਾਲੀ ਤੋਂ ਇੱਕ ਦਿਨ ਪਹਿਲਾਂ ਵਿਸ਼ਵ ਰਿਕਾਰਡ ਬਣਾਉਣ ਲਈ ਅਯੁੱਧਿਆ ਵਿਖੇ ਯੂ.ਪੀ. ਸਰਕਾਰ ਵੱਲੋਂ 6 ਲੱਖ ਦੀਵੇ ਬਾਲੇ ਗਏ ਜਿਹਨਾਂ ਲਈ 130 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਜੇ ਇੱਕ ਦੀਵੇ ਵਿੱਚ 30-35 ਮਿਲੀਲੀਟਰ ਸਰ੍ਹੋਂ ਦਾ ਤੇਲ ਵੀ ਪੈਂਦਾ ਹੋਵੇ ਤਾਂ 6 ਲੱਖ ਦੀਵਿਆਂ ਦੁਆਰਾ ਕਰੀਬ 18 ਹਜ਼ਾਰ ਲੀਟਰ ਤੇਲ ਫੂਕ ਦਿੱਤਾ ਗਿਆ, ਜਿਸ ਕਾਰਨ ਹਜ਼ਾਰਾਂ ਟਨ ਜ਼ਹਿਰੀਲੀਆਂ ਗੈਸਾਂ ਭਾਰਤ ਦੇ ਪਹਿਲਾਂ ਤੋਂ ਹੀ ਪਲੀਤ ਵਾਤਾਵਰਣ ਵਿੱਚ ਮਿਲ ਗਈਆਂ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦਾ ਨੁਮਾਇੰਦਾ ਵੀ ਕੋਈ ਮਹਾਂ ਮੂਰਖ ਹੀ ਹੋਣਾ ਜਿਸ ਨੇ ਅਜਿਹੇ ਪ੍ਰਦੂਸ਼ਣ ਫੈਲਾਉਣ ਵਾਲੇ ਤਮਾਸ਼ੇ ਦਾ ਵੀ ਸਰਟੀਫਿੇਟ ਜਾਰੀ ਕਰ ਦਿੱਤਾ।
ਜੇ ਆਪਾਂ ਇੱਕ ਗਰੀਬ ਪਰਿਵਾਰ ਦੀ ਰਸੋਈ ਦੀ ਖਰਚਾ ਪੰਜ ਲੀਟਰ ਸਰ੍ਹੋਂ ਦਾ ਤੇਲ ਮਾਹਵਾਰ ਵੀ ਲਗਾਈਏ ਤਾਂ ਘੱਟੋ ਘੱਟ 300 ਪਰਿਵਾਰਾਂ ਨੂੰ ਇੱਕ ਸਾਲ ਵਾਸਤੇ ਮੁਫਤ ਤੇਲ ਦਿੱਤਾ ਜਾ ਸਕਦਾ ਸੀ। ਇਹ ਸਾਰੀ ਫਜ਼ੂਲ ਖਰਚੀ ਉਸ ਸੂਬੇ ਵਿੱਚ ਹੋ ਰਹੀ ਹੈ, ਜਿਸ ਦੀ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਵੀ ਪੈਸਾ ਨਹੀਂ। ਇਸ ਸਾਲ ਇਸ ਕੰਮ ਲਈ 130 ਕਰੋੜ ਰੁਪਏ ਖਰਚੇ ਗਏ ਜੋ ਪਿਛਲੇ ਸਾਲ ਦੇ ਬਜਟ (25 ਕਰੋੜ) ਤੋਂ ਪੰਜ ਗੁਣਾ ਵਧ ਹਨ। ਇਸ ਹਿਸਾਬ ਨਾਲ ਅਗਲੇ ਸਾਲ ਇਹ ਰਾਸ਼ੀ 500 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ। ਯੂ.ਪੀ. ਸਰਕਾਰ ਦਾ ਹਾਲ ਇਹ ਹੈ ਕਿ ਖਜ਼ਾਨਾ ਖਾਲੀ ਹੋਣ ਕਾਰਨ 25 ਹਜ਼ਾਰ ਹੋਮਗਾਰਡ ਦੇ ਜਵਾਨ ਡਿਸਮਿਸ ਕਰ ਦਿੱਤੇ ਹਨ ਤੇ ਉੱਤਰ ਪ੍ਰਦੇਸ਼ ਕਰਮਚਾਰੀ ਕਲਿਆਣ ਨਿਗਮ ਵਰਗੇ ਕਈ ਸਰਕਾਰੀ ਅਦਾਰੇ ਬੰਦ ਕਰ ਦਿੱਤੇ ਗਏ। ਸਾਲ ਖਤਮ ਹੋਣ ਉੱਤੇ ਹੈ, ਪਰ ਪਹਿਲੀ ਤੋਂ ਅੱਠਵੀਂ ਕਲਾਸ ਦੇ ਲੱਖਾਂ ਗਰੀਬ ਵਿਦਿਆਰਥੀਆਂ ਨੂੰ ਅਜੇ ਤੱਕ ਕਿਤਾਬਾਂ ਨਹੀਂ ਨਸੀਬ ਨਹੀਂ ਹੋਈਆਂ। 133 ਕਰੋੜ ਰੁਪਏ ਨਾਲ ਤਾਂ 133 ਕਿ.ਮੀ. ਵਧੀਆ ਪੱਕੀਆਂ ਸੜਕਾਂ ਬਣ ਸਕਦੀਆਂ ਸਨ। ਇਹੀ ਪੈਸਾ ਜੇ ਅਯੁੱਧਿਆ ਦੇ ਵਿਕਾਸ ਲਈ ਖਰਚਿਆ ਜਾਂਦਾ ਤਾਂ ਪ੍ਰਭੂ ਨੇ ਸੱਚਮੁੱਚ ਪ੍ਰਸੰਨ ਹੋ ਜਾਣਾ ਸੀ। ਨਰ ਸੇਵਾ, ਨਰਾਇਣ ਸੇਵਾ।
ਇਸੇ ਤਰ੍ਹਾਂ ਹੁਣ ਦਰਬਾਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਦੇ ਜਨਮ ਦਿਵਸ ਮੌਕੇ ਦੇਸੀ ਘਿਉ ਦੇ ਇੱਕ ਲੱਖ ਦੀਵੇ ਬਾਲੇ ਜਾਣ ਦਾ ਪ੍ਰੋਗਰਾਮ ਬਣ ਰਿਹਾ ਹੈ ਜਿਸ ਕਾਰਨ ਕਰੀਬ 3000 ਲੀਟਰ ਦੇਸੀ ਘਿਉ ਫੂਕ ਦਿੱਤਾ ਜਾਵੇਗਾ। ਸਾਡੇ ਰਹਿਨਨੁਮਾ ਲੋਕਾਂ ਨੂੰ ਇਸ ਗੱਲ ਨਾਲ ਭ੍ਰਮਿਤ ਕਰਦੇ ਹਨ ਕਿ ਦੇਸੀ ਘਿਉ ਦੇ ਦੀਵੇ ਬਾਲਣ ਨਾਲ ਵਾਤਾਵਰਣ ਸ਼ੁੱਧ ਅਤੇ ਸੁਗੰਧਿਤ ਹੁੰਦਾ ਹੈ। ਪਰ ਅਸਲੀਅਤ ਇਹ ਹੈ ਕਿ ਇੱਕ ਲੱਖ ਦੀਵਿਆਂ ਦੇ ਧੂੰਏਂ ਕਾਰਨ ਪਹਿਲਾਂ ਤੋਂ ਹੀ ਪਰਦੂਸ਼ਣ ਦੀ ਮਾਰ ਝੱਲ ਰਿਹਾ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਸਗੋਂ ਹੋਰ ਪ੍ਰਦੂਸ਼ਿਤ ਹੋਵੇਗਾ। ਵੇਖਿਆ ਜਾਵੇ ਤਾਂ 3000 ਲੀਟਰ ਦੇਸੀ ਘਿਉ ਸੈਂਕੜੇ ਗਰੀਬਾਂ ਦੇ ਕੰਮ ਆ ਸਕਦਾ ਹੈ। ਫੂਕਣ ਦੀ ਬਜਾਏ ਇਸ ਨੂੰ ਯਤੀਮਖਾਨਿਆਂ, ਬਿਰਧ ਘਰਾਂ, ਵਿਧਵਾ ਆਸ਼ਰਮਾਂ ਅਤੇ ਪਿੰਗਲਵਾੜਿਆਂ ਨੂੰ ਭੇਂਟ ਕਰ ਦਿੱਤਾ ਜਾਵੇ ਤਾਂ ਜੋ ਬੇਕਾਰ ਸੜਨ ਦੀ ਬਜਾਏ ਇਹ ਕਿਸੇ ਦੇ ਕੰਮ ਆ ਸਕੇ। ਗਰੀਬ ਘਰਾਂ ਦੇ ਅਜਿਹੇ ਵਧੀਆ ਖਿਡਾਰੀਆਂ ਨੂੰ ਦੇ ਦਿੱਤਾ ਜਾਵੇ ਜੋ ਚੰਗੀ ਖੁਰਾਕ ਦੀ ਘਾਟ ਕਾਰਨ ਅੱਗੇ ਨਹੀਂ ਵਧ ਰਹੇ। ਇੰਨੀ ਮਾਤਰਾ ਵਿੱਚ ਦੇਸੀ ਘਿਉ ਅੱਗ ਦੇ ਹਵਾਲੇ ਕਰ ਦੇਣਾ ਪਤਾ ਨਹੀਂ ਕਿਸ ਦੀ ਸੋਚ ਦਾ ਨਤੀਜਾ ਹੈ?
ਸਾਡੇ ਲੋਕਾਂ ਨੂੰ ਬਹੁਤ ਵੱਡਾ ਵਹਿਮ ਹੈ ਕਿ ਸਰ੍ਹੋਂ ਦੇ ਤੇਲ ਜਾਂ ਦੇਸੀ ਘਿਉ ਦੇ ਸੜਨ ਨਾਲ ਵਾਤਾਵਾਰਣ ਸ਼ੁੱਧ ਹੁੰਦਾ ਹੈ। ਕੁਝ ਸਵੈ ਘੋਸ਼ਿਤ ਵਿਦਵਾਨ ਅਜਿਹੀਆਂ ਬਿਨ ਸਿਰ ਪੈਰ ਦੀਆਂ ਗੱਲਾਂ ਨੂੰ ਹਵਾ ਦਿੰਦੇ ਰਹਿੰਦੇ ਹਨ। ਕੈਮਿਸਟਰੀ ਦਾ ਅਟੱਲ ਸਿਧਾਂਤ ਹੈ ਕਿ ਕਿਸੇ ਵੀ ਵਸਤੂ ਦੇ ਸੜਨ ਨਾਲ ਕਾਰਬਨ ਡਾਈਆਕਸਾਈਡ ਅਤੇ ਹੋਰ ਗੈਸਾਂ ਪੈਦਾ ਹੁੰਦੀਆਂ ਹਨ ਤੇ ਆਕਸੀਜਨ ਨਸ਼ਟ ਹੁੰਦੀ ਹੈ। ਗਿਆਨਹੀਣ ਲੋਕਾਂ ਦੇ ਕਹਿਣ ਦੇ ਉਲਟ, ਘਿਉ ਦੇ ਸੜਨ ਨਾਲ ਵੀ ਇਹੀ ਕੁਝ ਹੁੰਦਾ ਹੈ। ਕਿਸੇ ਪ੍ਰਕਾਰ ਦੀ ਸੁਗੰਧ ਜਾਂ ਆਕਸੀਜਨ ਪੈਦਾ ਹੋਣ ਦੀ ਬਜਾਏ, ਕਾਰਬਨ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਅਲਕੋਹਲ, ਹਾਈਡਰੋਕਾਰਬਨ, ਫੈਟੀ ਐਸਿਡ ਅਤੇ ਪੰਜ ਛੇ ਤਰ੍ਹਾਂ ਦੇ ਹੋਰ ਹਾਨੀਕਾਰਕ ਰਸਾਇਣ ਪੈਦਾ ਹੁੰਦੇ ਹਨ। ਇਹ ਵੀ ਵਾਤਾਵਰਣ ਨੂੰ ਉੰਨਾ ਹੀ ਪਲੀਤ ਕਰਦਾ ਹੈ, ਜਿੰਨਾ ਕੋਈ ਹੋਰ ਬਾਲਣ। ਜਿਹੜੇ ਲੋਕ ਵੇਦਾਂ ਵਿੱਚ ਲਿਖੀਆਂ ਗੱਲਾਂ ਦਾ ਹਵਾਲਾ ਦਿੰਦੇ ਹਨ, ਉਹ ਭੁੱਲ ਜਾਂਦੇ ਹਨ ਕਿ ਵੈਦਿਕ ਕਾਲ ਵਿੱਚ ਕਿਸੇ ਨੂੰ ਆਕਸੀਜਨ ਬਾਰੇ ਗਿਆਨ ਨਹੀਂ ਸੀ। ਆਕਸੀਜਨ ਦੀ ਖੋਜ ਤਾਂ ਸਵੀਡਨ ਦੇ ਵਿਗਿਆਨੀ ਕਾਰਲ ਵਿਲਹੈਲਮ ਸ਼ੀਲੇ ਨੇ 1771 ਈਸਵੀ ਵਿੱਚ ਕੀਤੀ ਸੀ ਤੇ 1777 ਈਸਵੀ ਵਿੱਚ ਇਸਦਾ ਨਾਮਕਰਨ ਫਰਾਂਸੀਸੀ ਵਿਗਿਆਨੀ ਐਨਟੋਨੀ ਲੈਵੋਜ਼ੀਅਰ ਵੱਲੋਂ ਕੀਤਾ ਗਿਆ। ਗਿਆਨ ਪੱਖੋਂ ਕੋਰੇ ਅਤੇ ਕੱਚ ਘਰੜ ਧਾਰਮਿਕ ਲੋਕਾਂ ਦੀਆਂ ਮੂਰਖਾਨਾ ਗੱਲਾਂ ਸਿਰਫ ਭਾਰਤ ਵਿੱਚ ਪ੍ਰਵਾਨ ਹੋ ਸਕਦੀਆਂ ਹਨ, ਪੱਛਮੀ ਦੇਸ਼ਾਂ ਵਿੱਚ ਨਹੀਂ।
ਪਰ ਵਹਿਮੀ ਬੰਦੇ ਦਾ ਕੋਈ ਇਲਾਜ ਨਹੀਂ। ਅਨਪੜ੍ਹ ਵਿਅਕਤੀ ਜੇ ਅੰਧ ਵਿਸ਼ਵਾਸੀ ਹੋਵੇ ਤਾਂ ਸਰ ਸਕਦਾ ਹੈ, ਪਰ ਪੜ੍ਹਿਆ ਲਿਖਿਆ ਅੰਧ ਵਿਸ਼ਵਾਸੀ ਸਭ ਤੋਂ ਵਧ ਖਤਰਨਾਕ ਹੁੰਦਾ ਹੈ। ਜਿਸ ਦੇਸ਼ ਦੇ ਲੀਡਰ, ਵਿਗਿਆਨੀ, ਡਾਕਟਰ ਅਤੇ ਅਧਿਆਪਕ ਅੰਧ ਵਿਸ਼ਵਾਸੀ ਹੋਣ, ਉਸਦਾ ਭਵਿੱਖ ਮਾੜਾ ਹੀ ਮਾੜਾ ਹੈ। ਸਾਡੇ ਵਿਗਿਆਨੀ ਤਾਂ ਐਨੇ ਵਹਿਮੀ ਹਨ ਕਿ ਚੰਦਰ ਯਾਨ ਛੱਡਣ ਤੋਂ ਪਹਿਲਾਂ ਇਸਰੋ ਦਾ ਚੇਅਰਮੈਨ ਮੰਦਰਾਂ ਵਿੱਚ ਜਾ ਕੇ ਪੂਜਾ ਅਰਚਨਾ ਕਰ ਰਿਹਾ ਸੀ ਤੇ ਦੇਸ਼ ਦਾ ਰੱਖਿਆ ਮੰਤਰੀ ਰਾਫੇਲ ਜਹਾਜ਼ ਉੱਤੇ ਨਾਰੀਅਲ ਫੋੜ ਕੇ ਸਾਰੇ ਵਿਸ਼ਵ ਸਾਹਮਣੇ ਮਜ਼ਾਕ ਦਾ ਪਾਤਰ ਬਣ ਗਿਆ ਹੈ। ਪਰ ਮੰਤਰ ਤੰਤਰ ਫੇਲ ਹੋ ਗਏ ਤੇ ਸਾਇੰਸ ਦੀ ਬਜਾਏ ਦੈਵੀ ਮਦਦ ਵਿੱਚ ਯਕੀਨ ਰੱਖਣ ਵਾਲੇ ਇਸਰੋ ਚੇਅਰਮੈਨ ਦਾ ਚੰਦਰ ਯਾਨ ਅਸਫਲ ਹੋ ਗਿਆ। ਇਸ ਲਈ ਜ਼ਰੂਰੀ ਹੈ ਕਿ ਗਿਆਨ ਦੀ ਬੱਤੀ ਬਾਲੀਏ। ਜੋ ਵਸਤੂ ਜਿਸ ਕੰਮ ਲਈ ਬਣੀ ਹੈ, ਉਸ ਦੀ ਉਸੇ ਕੰਮ ਲਈ ਵਰਤੋਂ ਕਰੀਏ। ਸਰ੍ਹੋਂ ਦੇ ਤੇਲ ਨੂੰ ਤੜਕਾ ਲਗਾਉਣ ਅਤੇ ਘਿਉ ਨੂੰ ਸਿਹਤ ਬਣਾਉਣ ਲਈ ਇਸਤੇਮਾਲ ਕੀਤਾ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1805)
(ਸਰੋਕਾਰ ਨਾਲ ਸੰਪਰਕ ਲਈ: