“ਹੁਣ ਤੱਕ ਸੈਂਕੜੇ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਸਭ ਤੋਂ ਤਰਸਯੋਗ ...”
(4 ਸਤੰਬਰ 2019)
ਲੋਕਾਂ ਦਾ ਲਹੂ ਪੀਣ ਲਈ ਪੰਜਾਬ ਵਿੱਚ ਕੋਈ ਨਾ ਸਮੱਸਿਆ ਪੈਦਾ ਹੋ ਹੀ ਜਾਂਦੀ ਹੈ। ਪੈਪਸੂ (1948 ਤੋਂ 1956) ਵੇਲੇ ਮਾਲਵੇ ਵਿੱਚ ਖੂੰਖਾਰ ਡਾਕੂਆਂ ਦੇ ਗੈਂਗ ਲੋਕਾਂ ਨੂੰ ਲੁੱਟਦੇ ਹੁੰਦੇ ਸਨ। ਇਸ ਤੋਂ ਬਾਅਦ ਨਕਸਲਬਾੜੀ (1967 ਤੋਂ 1970-71) ਆਏ ਜਿਹਨਾਂ ਨੇ ਕਈ ਸਾਲ ਲੋਕਾਂ ਨੂੰ ਗਧੀ ਗੇੜ ਪਾਈ ਰੱਖਿਆ। ਉਹ ਵੱਡੇ ਜਗੀਰਦਾਰਾਂ ਅਤੇ ਸਰਮਾਏਦਾਰਾਂ ਦਾ ਕਤਲ ਕਰਦੇ ਸਨ। ਫਿਰ ਪੰਜਾਬ ਦਾ ਸਭ ਤੋਂ ਵੱਡਾ ਖੂਨੀ ਦੌਰ ਅੱਤਵਾਦ ਸ਼ੁਰੂ ਹੋਇਆ। ਹਜ਼ਾਰਾਂ ਬੇਗੁਨਾਹ ਪੰਜਾਬੀ ਇਸ ਕਾਲੇ ਸਮੇਂ ਦੀ ਭੇਂਟ ਚੜ੍ਹ ਗਏ। 1993 ਤੋਂ ਬਾਅਦ ਅਮਨ ਸ਼ਾਂਤੀ ਪਰਤੀ ਤਾਂ ਨਸ਼ੇ ਦੇ ਸਮੱਗਲਰਾਂ ਅਤੇ ਗੁੰਡਾ ਗੈਂਗਾਂ (ਗੈਂਗਸਟਰ) ਦੀ ਨਵੀਂ ਬਿਮਾਰੀ ਪੰਜਾਬ ਨੂੰ ਆਣ ਚੰਬੜੀ। ਖੈਰ ਹੌਲੀ ਹੌਲੀ ਬਹੁਤੇ ਗੈਂਗਸਟਰ ਜਾਂ ਤਾਂ ਮਾਰੇ ਜਾ ਚੁੱਕੇ ਹਨ ਜਾਂ ਗ੍ਰਿਫਤਾਰ ਕਰ ਲਏ ਗਏ। ਪਰ ਹੁਣ ਇੱਕ ਅਜਿਹਾ ਚੁੱਪ ਚੁਪੀਤਾ ਦੁਸ਼ਮਣ ਸੜਕਾਂ ਉੱਤੇ ਦਨਦਨਾਉਂਦਾ ਫਿਰ ਰਿਹਾ ਹੈ ਜਿਸਦੇ ਅੱਗੇ ਪੁਲਿਸ ਅਤੇ ਸਰਕਾਰ ਦੇ ਵੀ ਹੱਥ ਖੜ੍ਹੇ ਹੋ ਗਏ ਹਨ। ਅਖਬਾਰਾਂ ਵਿੱਚ ਰੋਜ਼ਾਨਾ ਦੋ ਚਾਰ ਲੋਕਾਂ ਦੇ ਅਵਾਰਾਂ ਪਸ਼ੂਆਂ ਕਾਰਨ ਮਾਰੇ ਜਾਣ ਦੀਆਂ ਖਬਰਾਂ ਛਪ ਰਹੀਆਂ ਹਨ।
ਪੰਜਾਬ ਦੀਆਂ ਸੜਕਾਂ ਉੱਤੇ ਘੁੰਮਣ ਵਾਲੇ ਅਵਾਰਾ ਪਸ਼ੂਆਂ ਵਿੱਚ 90% ਗਿਣਤੀ ਕੁੱਤਿਆਂ, ਫੰਡਰ ਗਾਵਾਂ ਅਤੇ ਸਾਹਨਾਂ ਦੀ ਹੈ। ਪਹਿਲਾਂ ਸ਼ਹਿਰਾਂ-ਪਿੰਡਾਂ ਵਿੱਚ ਸੈਰ ਕਰਨ ਜਾਂ ਖੇਤਾਂ ਵੱਲ ਜਾਣ ਲੱਗੇ ਲੋਕ ਛੋਟਾ ਮੋਟਾ ਡੰਡਾ ਜਾਂ ਛੜੀ ਲੈ ਕੇ ਜਾਂਦੇ ਸੀ ਕਿ ਜੇ ਕੁੱਤਾ ਪੈ ਗਿਆ ਤਾਂ ਡਰਾ ਕੇ ਭਜਾ ਦਿਆਂਗੇ। ਪਰ ਹੁਣ ਅਵਾਰਾ ਸਾਹਨਾਂ ਉੱਤੇ ਕਿਸੇ ਡੰਡੇ ਦਾ ਕੀ, ਡਾਂਗ ਦਾ ਵੀ ਅਸਰ ਨਹੀਂ ਹੁੰਦਾ। ਉਹ ਜਿਸ ਨੂੰ ਚਾਹੁਣ ਸਿੰਗਾਂ ਉੱਤੇ ਚੁੱਕ ਲੈਂਦੇ ਹਨ। ਸੋਸ਼ਲ ਮੀਡੀਆ ਉੱਤੇ ਇਹਨਾਂ ਵੱਲੋਂ ਕਤਲ ਕੀਤੇ ਅਨੇਕਾਂ ਲੋਕਾਂ ਦੀਆਂ ਵੀਡੀਓ ਵਾਇਰਲ ਹੋਈਆਂ ਹਨ। ਪਿੱਛੇ ਜਿਹੇ ਸੁਨਾਮ ਵਿੱਚ ਇੱਕ ਹੋਮ ਗਾਰਡ ਦੇ ਜਵਾਨ ਨੂੰ ਸਾਹਨ ਨੇ ਪਟਕਾ ਦਿੱਤਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜੇ ਇਨਸਾਨ ਨੂੰ ਕੁੱਤਾ ਜਾਂ ਸੱਪ ਵੱਢ ਲਵੇ ਤਾਂ ਉਸ ਨੂੰ ਮਿੰਟਾਂ ਵਿੱਚ ਮਾਰ ਮੁਕਾ ਦਿੱਤਾ ਜਾਂਦਾ ਹੈ। ਪਰ ਸਿਤਮ ਇਹ ਹੈ ਕਿ ਧਾਰਮਿਕ ਪ੍ਰਤੀਕਿਰਿਆ ਤੋਂ ਡਰਦੇ ਮਾਰੇ ਕੋਈ ਖੂਨੀ ਸਾਹਨ ਨੂੰ ਮਾਰਨ ਬਾਰੇ ਕੀ, ਕੁੱਟਣ ਬਾਰੇ ਵੀ ਨਹੀਂ ਸੋਚ ਸਕਦਾ। ਇਹਨਾਂ ਜਾਨਵਰਾਂ ਦੀ ਰਾਖੀ ਲਈ ਬਹੁਤ ਸਾਰੇ ਦਲ ਬਣੇ ਹੋਏ ਹਨ ਜੋ ਗਾਵਾਂ ਸਾਹਨਾਂ ਨੂੰ ਬਚਾਉਣ ਦੇ ਨਾਮ ਉੱਤੇ ਕਿਸੇ ਉੱਪਰ ਵੀ ਹਮਲਾ ਕਰ ਕੇ ਕਤਲ ਤੱਕ ਕਰ ਦਿੰਦੇ ਹਨ। ਇਹਨਾਂ ਤੋਂ ਡਰਦੇ ਮਾਰੇ ਤਾਂ ਹੁਣ ਮਿਊਂਸਪਲ ਕਮੇਟੀਆਂ ਦੇ ਕਰਮਚਾਰੀ ਵੀ ਗਾਵਾਂ ਨੂੰ ਗਊਸ਼ਾਲਾ ਜਮ੍ਹਾਂ ਕਰਾਉਣ ਲਈ ਗੱਡੀਆਂ ਵਿੱਚ ਲੱਦਣ ਤੋਂ ਡਰਦੇ ਹਨ ਕਿ ਕਿਤੇ ਗਊ ਰੱਖਿਅਕ ਦਲ ਬੁੱਚੜ ਸਮਝ ਕੇ ਹਮਲਾ ਨਾ ਕਰ ਦੇਣ। ਇਸ ਕਾਰਨ ਹੀ ਪੰਜਾਬ ਵਿੱਚ ਦੁਧਾਰੂ ਪਸ਼ੂਆਂ ਦਾ ਵਪਾਰ ਤਬਾਹ ਹੋਣ ਕੰਢੇ ਹੈ, ਵਪਾਰੀ ਪੰਜਾਬ ਵੱਲ ਮੂੰਹ ਨਹੀਂ ਕਰਦੇ।
ਸ਼ਹਿਰਾਂ ਵਿੱਚ ਅਵਾਰਾ ਜਾਨਵਰਾਂ ਦੇ ਝੁੰਡਾਂ ਦੇ ਝੁੰਡ ਫਿਰਦੇ ਹਨ। ਇਹ ਗਰਮੀਆਂ ਵਿੱਚ ਗੱਡੀਆਂ ਲੰਘਣ ਨਾਲ ਵਗਣ ਵਾਲੀ ਹਵਾ ਕਾਰਨ ਰਾਤ ਨੂੰ ਸੜਕਾਂ ਉੱਤੇ ਬੈਠ ਜਾਂਦੇ ਹਨ। ਸਭ ਤੋਂ ਖਤਰਨਾਕ ਕਾਲੀਆਂ ਗਾਵਾਂ ਹਨ, ਜੋ ਹਨੇਰੇ ਵਿੱਚ ਨਾ ਦਿਸਣ ਕਾਰਨ ਅਨੇਕਾਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਹੁਣ ਤੱਕ ਸੈਂਕੜੇ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਸਭ ਤੋਂ ਤਰਸਯੋਗ ਹਾਲਤ ਦੋ ਪਹੀਆ ਵਾਹਨਾਂ ਵਾਲਿਆਂ ਦੀ ਹੈ। ਜਾਂ ਤਾਂ ਉਹਨਾਂ ਦੇ ਟਾਇਰਾਂ ਵਿੱਚ ਕੁੱਤਾ ਆ ਫਸਦਾ ਹੈ ਜਾਂ ਗਾਂ ਅੱਗੇ ਆ ਜਾਂਦੀ ਹੈ, ਦੋਵਾਂ ਹਾਲਤਾਂ ਵਿੱਚ ਮੌਤ ਨਿਸ਼ਚਤ ਹੈ। ਸਾਹਨਾਂ ਦੀ ਸਭ ਤੋਂ ਬੁਰੀ ਆਦਤ ਹੈ ਕਿ ਇਹ ਇੱਕ ਦੂਸਰੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ। ਜਦੋਂ ਵੀ ਆਹਮਣਾ ਸਾਹਮਣਾ ਹੁੰਦਾ ਹੈ, ਆਪਸ ਵਿੱਚ ਭਿੜ ਪੈਂਦੇ ਹਨ। ਉਸ ਵੇਲੇ ਜੋ ਵੀ ਵਿਅਕਤੀ, ਬੱਚਾ, ਵਹੀਕਲ ਅਤੇ ਰੇਹੜੀ ਵਿੱਚ ਆ ਜਾਵੇ, ਦਰੜੀ ਜਾਂਦੀ ਹੈ। ਇਸੇ ਕਾਰਨ ਗਊਸ਼ਾਲਾ ਵਾਲੇ ਸਾਹਨਾਂ ਨੂੰ ਨਹੀਂ ਰੱਖਦੇ। ਵੈਸੇ ਵੀ ਬਹੁਤੀਆਂ ਗਊਸ਼ਾਲਾ ਡੇਅਰੀ ਫਾਰਮਾਂ ਵਿੱਚ ਤਬਦੀਲ ਹੋ ਗਈਆਂ ਹਨ। ਉਹ ਵੀ ਦੁਧਾਰੂ ਗਾਂਵਾਂ ਰੱਖਣ ਨੂੰ ਤਰਜ਼ੀਹ ਦਿੰਦੇ ਹਨ ਤੇ ਫੰਡਰ ਗਾਂਵਾਂ ਨੂੰ ਡੰਡੇ ਮਾਰ ਕੇ ਭਜਾ ਦਿੰਦੇ ਹਨ। ਦੁੱਧ ਵਾਲੀਆਂ ਗਊਆਂ ਨੂੰ ਹੋਰ ਪੱਠੇ ਪੈਂਦੇ ਹਨ ਤੇ ਫੰਡਰਾਂ ਨੂੰ ਹੋਰ। ਇਸੇ ਕਾਰਨ ਅਨੇਕਾਂ ਗਊਸ਼ਾਲਾਂ ਵਿੱਚ ਥੋਕ ਦੇ ਭਾਅ ਗਾਵਾਂ ਮਰਨ ਦੀ ਖਬਰ ਆਉਂਦੀ ਰਹਿੰਦੀ ਹੈ।
ਵੈਸੇ ਭਾਰਤ ਵਿੱਚ ਗਾਵਾਂ ਦੀ ਰਾਖੀ ਲਈ ਹਜ਼ਾਰਾਂ ਕਥਿਤ ਜਥੇਬੰਦੀਆਂ ਕੰਮ ਕਰ ਰਹੀਆਂ ਹਨ। ਪਰ ਉਹ ਸਿਰਫ ਉਦੋਂ ਸਰਗਰਮ ਹੁੰਦੀਆਂ ਹਨ ਜਦੋਂ ਗਾਵਾਂ ਨੂੰ ਵਪਾਰੀਆਂ ਜਾਂ ਬੁੱਚੜਾਂ ਦੁਆਰਾ ਟਰੱਕਾਂ ਵਿੱਚ ਲੱਦ ਲਿਆ ਜਾਂਦਾ ਹੈ। ਭਾਰਤ ਦੇ ਕਈ ਸੂਬਿਆਂ ਵਿੱਚ ਅਜਿਹੀਆਂ ਅਨੇਕਾਂ ਜਥੇਬੰਦੀਆਂ ਦੁਆਰਾ ਵਪਾਰੀਆਂ ਤੋਂ ਪੈਸੇ ਵਸੂਲਣ ਦੇ ਮਾਮਲੇ ਸਾਹਮਣੇ ਆਏ ਹਨ। ਪਰ ਜਦੋਂ ਉਹੋ ਗਾਂਵਾਂ ਗੰਦ ਮੰਦ ਵਿੱਚ ਮੂੰਹ ਮਾਰਦੀਆਂ ਹਨ, ਰੇਹੜੀਆਂ ਤੋਂ ਸਬਜ਼ੀ-ਫਲ ਖਾਣ ਕਾਰਨ ਲੋਕਾਂ ਤੋਂ ਡੰਡੇ ਖਾਂਦੀਆਂ ਹਨ, ਪਲਾਸਟਿਕ ਖਾ ਕੇ ਮੌਤ ਦੇ ਮੂੰਹ ਜਾ ਪੈਂਦੀਆਂ ਹਨ ਤਾਂ ਇਹ ਜਥੇਬੰਦੀਆਂ ਘੂਕ ਸੁੱਤੀਆਂ ਰਹਿੰਦੀਆਂ ਹਨ। ਉਹ ਕਦੇ ਵੀ ਅਵਾਰਾ ਗਾਵਾਂ ਲਈ ਪੱਠਿਆਂ, ਸ਼ੈਲਟਰ ਜਾਂ ਦਵਾਈ ਆਦਿ ਦਾ ਪ੍ਰਬੰਧ ਨਹੀਂ ਕਰਦੇ। ਅਜਿਹੀਆਂ ਅਨੇਕਾਂ ਗਾਵਾਂ ਸੜਕਾਂ ਉੱਤੇ ਜ਼ਖਮੀ ਅਤੇ ਬੁਰੀ ਹਾਲਤ ਵਿੱਚ ਘੁੰਮ ਰਹੀਆਂ ਹਨ।
ਪਿੰਡਾਂ ਵਿੱਚ ਤਾਂ ਹਾਲਤ ਤਾਂ ਹੋਰ ਵੀ ਖਰਾਬ ਹਨ। ਰਾਤ ਨੂੰ ਅਵਾਰਾ ਪਸ਼ੂਆਂ ਦੇ ਝੁੰਡ ਖੇਤਾਂ ਉੱਤੇ ਹਮਲਾ ਕਰ ਦਿੰਦੇ ਹਨ। ਹਰੇ ਭਰੇ ਖੇਤ ਸਵੇਰ ਨੂੰ ਗੜੇਮਾਰੀ ਦਾ ਨਜ਼ਾਰਾ ਪੇਸ਼ ਕਰਦੇ ਹਨ। ਪਿੱਛੇ ਜਿਹੇ ਇਸੇ ਕਾਰਨ ਅੰਮ੍ਰਿਤਸਰ ਨਜ਼ਦੀਕ ਦੋ ਜਥੇਬੰਦੀਆਂ ਵਿੱਚ ਖੂਨੀ ਝੜਪ ਹੋਈ ਸੀ। ਲੋਕਾਂ ਨੂੰ ਲੱਖਾਂ ਰੁਪਏ ਖਰਚ ਕੇ ਖੇਤਾਂ ਦੇ ਦੁਆਲੇ ਕੰਢਿਆਲੀ ਤਾਰ ਲਗਾਉਣੀ ਤੇ ਰਾਖੇ ਰੱਖਣੇ ਪੈ ਰਹੇ ਹਨ। ਇਸ ਕਾਰਨ ਪਿੰਡਾਂ ਵਿੱਚ ਝਗੜੇ ਹੋ ਰਹੇ ਹਨ। ਇੱਕ ਪਿੰਡ ਵਾਲੇ ਆਪਣੇ ਅਵਾਰਾ ਪਸ਼ੂ ਦੂਸਰੇ ਪਿੰਡ ਵਿੱਚ ਉਤਾਰ ਆਉਂਦੇ ਹਨ ਤੇ ਦੂਸਰੇ ਪਿੰਡ ਵਾਲੇ ਇਸ ਪਿੰਡ ਵਿੱਚ। ਰਾਖੇ ਵੀ ਪਸ਼ੂ ਹੱਕ ਕੇ ਦੂਸਰੇ ਦੇ ਖੇਤਾਂ ਵੱਲ ਕਰ ਦਿੰਦੇ ਹਨ। ਵੈਸੇ ਵੇਖਿਆ ਜਾਵੇ ਤਾਂ ਇਹ ਅਵਾਰਾ ਪਸ਼ੂ ਛੱਡਣ ਦਾ ਜ਼ਿੰਮੇਵਾਰ ਵੀ ਪੇਂਡੂ ਖੇਤਰ ਹੀ ਹੈ ਕਿਉਂਕਿ ਜਿਆਦਾਤਰ ਡੇਅਰੀਆਂ ਪਿੰਡਾਂ ਵਿੱਚ ਹਨ। ਜਿੰਨਾ ਚਿਰ ਗਾਂਵਾਂ ਦੁੱਧ ਦਿੰਦੀਆਂ ਹਨ, ਚੋਈ ਜਾਂਦੇ ਹਨ ਤੇ ਜਦੋਂ ਦੁੱਧੋਂ ਭੱਜ ਗਈਆਂ, ਡੰਡਾ ਮਾਰ ਕੇ ਘਰੋਂ ਬਾਹਰ ਕੱਢ ਦਿੰਦੇ ਹਨ। ਵਲੈਤੀ ਗਾਵਾਂ ਦੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਉਹ ਪੰਜਾਬ ਦੀ ਗਰਮੀ ਮੁਤਾਬਕ ਨਹੀਂ ਢਲ ਸਕੀਆਂ ਤੇ ਨਾ ਹੀ ਲੋਕ ਇਹਨਾਂ ਨੂੰ ਦੁੱਧ ਦੀ ਮਿਕਦਾਰ ਦੇ ਹਿਸਾਬ ਖੁਰਾਕ ਪਾਉਂਦੇ ਹਨ। ਇਸ ਲਈ 3-4 ਸੂਏ ਦੇਣ ਤੋਂ ਬਾਅਦ ਇਹ ਫੰਡਰ ਹੋ ਜਾਂਦੀਆਂ ਹਨ। ਇਸ ਮੁੱਦੇ ਉੱਤੇ ਸਭ ਤੋਂ ਵੱਧ ਰੌਲਾ ਕਿਸਾਨ ਜਥੇਬੰਦੀਆਂ ਪਾਉਂਦੀਆਂ ਹਨ ਪਰ ਕਿਸਾਨਾਂ ਨੂੰ ਪਸ਼ੂ ਅਵਾਰਾ ਛੱਡਣ ਤੋਂ ਰੋਕਣ ਲਈ ਪ੍ਰੇਰਿਤ ਨਹੀਂ ਕਰਦੀਆਂ। ਇਹ ਰਿਵਾਜ਼ ਆਮ ਹੀ ਹੈ ਕਿ ਗਾਂ ਸੂਣ ਉੱਤੇ ਵੱਛੀ ਰੱਖ ਲਈ ਜਾਂਦੀ ਹੈ ਤੇ ਵੱਛੇ ਨੂੰ ਆਵਾਰਾ ਛੱਡ ਦਿੱਤਾ ਜਾਂਦਾ ਹੈ। ਉਹੀ ਬਾਅਦ ਵਿੱਚ ਸਾਹਨ ਬਣ ਕੇ ਲੋਕਾਂ ਨੂੰ ਢੁੱਡਾਂ ਮਾਰਦਾ ਫਿਰਦਾ ਹੈ। ਦੁਧਾਰੂ ਪਸ਼ੂ ਨੂੰ ਫੰਡਰ ਹੋਣ ਉੱਤੇ ਅਵਾਰਾ ਛੱਡਣ ਵਾਲੇ ਵਿਅਕਤੀ ਨੂੰ ਭਾਰੀ ਜ਼ੁਰਮਾਨੇ ਅਤੇ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ।
ਇਸ ਮੁਸੀਬਤ ਦਾ ਹੱਲ ਕੱਢਣ ਲਈ ਸਰਕਾਰ ਅਤੇ ਮਿਊਂਸਪਲ ਕਮੇਟੀਆਂ ਵੀ ਬਹੁਤੀਆਂ ਗੰਭੀਰ ਨਹੀਂ ਹਨ। ਸਰਕਾਰ ਤੋਂ ਇਲਾਵਾ ਅਨੇਕਾਂ ਸ਼ਹਿਰਾਂ ਵੱਲੋਂ ਹਰ ਸਾਲ ਕਰੋੜਾਂ ਰੁਪਏ ਗਊ ਸੈੱਸ ਉਗਰਾਹਿਆ ਜਾ ਰਿਹਾ ਹੈ। ਪਰ ਅਵਾਰਾ ਪਸ਼ੂਆਂ ਦੀ ਸਮੱਸਿਆ ਅਜੇ ਵੀ ਜਿਉਂ ਦੀ ਤਿਉਂ ਹੈ। ਇਸ ਟੈਕਸ ਦਾ ਸਹੀ ਉਪਯੋਗ ਕਰ ਕੇ ਲੋਕਾਂ ਦਾ ਸਾਹ ਸੌਖਾ ਕਰਨਾ ਚਾਹੀਦਾ ਹੈ। ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਮੁਤਾਬਕ ਹੀ ਗਊਸ਼ਾਲਾ ਨੂੰ ਗਰਾਂਟ ਦਿੱਤੀ ਜਾਣੀ ਚਾਹੀਦੀ ਹੈ। ਜੇ ਉਹ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਰੱਖ ਹੀ ਨਹੀਂ ਰਹੇ ਤਾਂ ਫਿਰ ਗਰਾਂਟ ਦੇਣ ਦਾ ਕੀ ਫਾਇਦਾ? ਇਸ ਤੋਂ ਇਲਾਵਾ ਸਾਹਨਾਂ-ਢੱਠਿਆਂ ਦੀਆਂ ਅਲੱਗ ਗਊਸ਼ਾਲਾ ਬਣਾਉਣੀਆਂ ਚਾਹੀਦੀਆਂ ਹਨ ਜਿੱਥੇ ਇਹ ਇੱਕ ਦੂਸਰੇ ਨਾਲ ਨਾ ਭਿੜਨ। ਬਿਸ਼ਨੋਈਆਂ ਦੇ ਖੇਤਰ ਵਿੱਚ ਹਿਰਨ ਅਤੇ ਨੀਲ ਗਾਵਾਂ ਅਜ਼ਾਦ ਘੁੰਮਦੀਆਂ ਹਨ। ਉਹ ਨਾ ਤਾਂ ਇਹਨਾਂ ਨੂੰ ਆਪ ਮਾਰਦੇ ਹਨ ਤੇ ਨਾ ਕਿਸੇ ਨੂੰ ਮਾਰਨ ਦਿੰਦੇ ਹਨ। ਇਸੇ ਤਰ੍ਹਾਂ ਗਊ ਰਕਸ਼ਕ ਜਥੇਬੰਦੀਆਂ ਨੂੰ ਆਪਣੇ ਹਰ ਮੈਂਬਰ ਦੇ ਘਰ 2-2, 4-4 ਗਾਵਾਂ ਬੰਨ੍ਹ ਕੇ ਸੇਵਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਆਪਣੇ ਆਪ ਖਤਮ ਹੋ ਜਾਵੇਗੀ। ਪੰਜਾਬ ਵਿੱਚ ਸਰਕਾਰੀ ਜ਼ਮੀਨ ਬਹੁਤ ਹੀ ਘੱਟ ਹੈ ਪਰ ਜੰਗਲੀ ਰੱਖਾਂ ਕਾਫੀ ਹਨ। ਅਵਾਰਾ ਪਸ਼ੂ ਰੱਖਣ ਲਈ ਸਰਕਾਰੀ ਰੱਖਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿੱਥੇ ਉਹ ਆਪਣੀ ਜ਼ਿੰਦਗੀ ਅਰਾਮ ਨਾਲ ਕੱਟਣ। ਇਸ ਤੋਂ ਇਲਾਵਾ ਡੇਅਰੀ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਪਸ਼ੂਆਂ ਨੂੰ ਫੰਡਰ ਹੋਣ ਤੋਂ ਬਾਅਦ ਬੇਰਹਿਮੀ ਨਾਲ ਘਰੋਂ ਨਾ ਕੱਢਣ। ਜਿਵੇਂ ਅਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰਦੇ ਹਾਂ, ਇਸੇ ਤਰ੍ਹਾਂ ਦੁੱਧੋਂ ਭੱਜੇ ਜਾਨਵਰ ਦੀ ਸੇਵਾ ਕਰੀਏ। ਇਸ ਨਾਲ ਸਮੱਸਿਆ ਤੋਂ ਵੀ ਨਿਜ਼ਾਤ ਮਿਲੇਗੀ ਤੇ ਸਾਡੀ ਧਾਰਮਿਕ ਆਸਥਾ ਮੁਤਾਬਕ ਪੁੰਨ ਵੀ ਖੱਟਾਂਗੇ।
**
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1757)
(ਸਰੋਕਾਰ ਨਾਲ ਸੰਪਰਕ ਲਈ: