BalrajSidhu7ਸ਼ੋਅਰੂਮ ਵਾਲੇ ਨੂੰ ਪਤਾ ਨਹੀਂ ਸੀ ਕਿ ਮੈਂ ਵੀ ਪੁਲਿਸ ਵਿੱਚ ...
(14 ਮਾਰਚ 2020)

 

ਪੰਜਾਬ ਸਰਕਾਰ ਦੀ ਨਵੀਂ ਪਾਲਿਸੀ ਅਨੁਸਾਰ ਸਰਕਾਰੀ ਮੁਲਾਜ਼ਮਾਂ ਦੀ ਰਿਟਾਇਮੈਂਟ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਕਾਰਨ ਹਜ਼ਾਰਾਂ ਮੁਲਾਜ਼ਮ 31 ਮਾਰਚ ਵਾਲੇ ਦਿਨ ਘਰਾਂ ਨੂੰ ਜਾ ਰਹੇ ਹਨ। ਇਸੇ ਤਰ੍ਹਾਂ ਸਾਡੇ ਮਹਿਕਮੇ ਦੇ ਵੀ ਕਈ ਅਫਸਰ ਤੇ ਮੁਲਾਜ਼ਮ ਰਿਟਾਇਰ ਹੋ ਗਏ ਹਨ। ਇੱਕ ਦਮ ਖਾਸ ਆਦਮੀ ਤੋਂ ਆਮ ਆਦਮੀ ਦੀ ਸ਼੍ਰੇਣੀ ਵਿੱਚ ਆਉਣ ਦਾ ਸਦਮਾ ਕਈਆਂ ਵਾਸਤੇ ਸਹਿਣਾ ਬਹੁਤ ਔਖਾ ਹੁੰਦਾ ਹੈ। ਮੇਰੇ ਵਰਗੇ ਦਫਤਰੀ ਪੋਸਟਾਂ ਉੱਤੇ ਲੱਗੇ ਮੁਲਾਜ਼ਮ ਤਾਂ ਇਸ ਨੂੰ ਝੱਲ ਜਾਂਦੇ ਹਨ, ਪਰ ਮਲਾਈਦਾਰ ਪੋਸਟ ਉੱਤੇ ਬੈਠੇ ਵਿਅਕਤੀ ਵਾਸਤੇ ਇਹ ਸਦਮਾ ਕਾਲੇ ਪਾਣੀ ਦੀ ਸਜ਼ਾ ਤੋਂ ਘੱਟ ਨਹੀਂ ਹੁੰਦਾ। ਇੱਕ ਦਮ ਹਰੇ ਭਰੇ ਬਗੀਚੇ ਵਾਲਾ ਸਰਕਾਰੀ ਬੰਗਲਾ, ਰਸੋਈਏ, ਚਪੜਾਸੀ, ਸਰਕਾਰੀ ਗੱਡੀ, ਮੁਫਤ ਦੇ ਬਿਜਲੀ-ਪਾਣੀ, ਡਰਾਈਵਰ, ਮਾਲੀ, ਰੀਡਰ, ਸਟੈਨੋ, ਗੰਨਮੈਨਾਂ ਦੀ ਧਾੜ ਅਤੇ ਬਿਨਾਂ ਨਾਗਾ ਸਲਾਮਾਂ ਠੋਕਣ ਵਾਲੀ ਚਮਚਿਆਂ ਦੀ ਭੀੜ ਇੱਕ ਦਮ ਸਾਥ ਛੱਡ ਜਾਂਦੀ ਹੈ।

ਸਾਰੀ ਉਮਰ ਐਸ਼ਾਂ ਲੁੱਟਣ ਵਾਲੇ ਕਈ ਅਫਸਰ ਰਿਟਾਇਰ ਹੋਣ ਉੱਤੇ ਐਨੇ ਹਿੱਲ ਜਾਂਦੇ ਹਨ ਕਿ ਅਜੀਬ ਹਰਕਤਾਂ ਕਰਨ ਲੱਗ ਜਾਂਦੇ ਹਨ। ਕਈ ਸਰਕਾਰੀ ਘਰ ਤੇ ਦਫਤਰ ਨੂੰ ਜਿੰਦਰਾ ਮਾਰ ਕੇ ਬੈਠ ਜਾਂਦੇ ਹਨ ਕਿ ਸਾਨੂੰ ਤਾਂ ਐਕਸਟੈਂਸ਼ਨ ਮਿਲ ਰਹੀ ਹੈ। ਕਈ ਸਾਲ ਪਹਿਲਾਂ ਮੋਗਾ ਜ਼ਿਲ੍ਹੇ ਤੋਂ ਰਿਟਾਇਰ ਹੋਏ ਇੱਕ ਅਜਿਹੇ ਹੀ ਅਫਸਰ ਦਾ ਸਮਾਨ ਪੁਲਿਸ ਨੂੰ ਕੁਝ ਮਹੀਨਿਆਂ ਬਾਅਦ ਬਾਹਰ ਸੁੱਟ ਕੇ ਘਰ ਖਾਲੀ ਕਰਾਉਣਾ ਪਿਆ ਸੀ। ਬਰਨਾਲੇ ਜ਼ਿਲ੍ਹੇ ਦਾ ਰਿਹਾਇਸ਼ੀ ਇੱਕ ਅਫਸਰ ਰਿਟਾਇਰ ਹੋਣ ਵੇਲੇ ਮਾਨਸਾ ਜ਼ਿਲ੍ਹੇ ਵਿਖੇ ਸਥਿੱਤ ਆਪਣੇ ਦਫਤਰ ਨੂੰ ਜਿੰਦਰਾ ਮਾਰ ਕੇ ਗਾਇਬ ਹੋ ਗਿਆ ਸੀ। ਨਵੇਂ ਆਏ ਡੀ.ਐੱਸ.ਪੀ. ਨੂੰ ਉਸ ਦਾ ਜਿੰਦਰਾ ਗਵਾਹਾਂ ਦੀ ਹਾਜ਼ਰੀ ਵਿੱਚ ਭੰਨ ਕੇ ਕੁਰਸੀ ਉੱਤੇ ਬੈਠਣਾ ਨਸੀਬ ਹੋਇਆ। ਕਈ ਬੇਸ਼ਰਮ ਵਿਅਕਤੀ ਤਾਂ ਜਾਂਦੇ ਸਮੇਂ ਦਫਤਰ ਤੋਂ ਏ.ਸੀ. ਅਤੇ ਕੁਰਸੀਆਂ ਤੱਕ ਚੁੱਕ ਕੇ ਲੈ ਜਾਂਦੇ ਹਨ।

ਪਟਿਆਲੇ ਜ਼ਿਲ੍ਹੇ ਨਾਲ ਸਬੰਧਿਤ ਇੱਕ ਮਸ਼ਹੂਰ ਇੰਸਪੈਕਟਰ ਤਾਂ ਰਿਟਾਇਰ ਹੋਣ ਤੋਂ ਬਾਅਦ ਵੀ ਕਈ ਦਿਨ ਖਨੌਰੀ ਥਾਣੇ ਵਿੱਚ ਐੱਸ.ਐੱਚ.ਓ. ਦੀ ਕੁਰਸੀ ਮੱਲ ਕੇ ਬੈਠਾ ਰਿਹਾ ਕਿ ਮੇਰੇ ਛੇ ਮਹੀਨੇ ਐਕਸਟੈਂਸ਼ਨ ਦੇ ਆਰਡਰ ਹੋ ਗਏ ਹਨ, ਬੱਸ ਪਹੁੰਚਣ ਹੀ ਵਾਲੇ ਹਨ। ਅਸਲੀ ਐੱਸ.ਐੱਚ.ਓ. ਵਿਚਾਰਾ ਮੁੰਸ਼ੀਆਂ ਕੋਲ ਬੈਠ ਕੇ ਡੰਗ ਟਪਾਉਂਦਾ ਰਿਹਾ। ਆਖਰ ਐੱਸ.ਐੱਸ.ਪੀ. ਨੇ ਖੁਦ ਜਾ ਕੇ ਧੱਕੇ ਮਾਰ ਕੇ ਉਸ ਨੂੰ ਥਾਣੇ ਤੋਂ ਬਾਹਰ ਕੱਢਿਆ। ਉਹ ਐਨਾ ਕਮੀਨਾ ਨਿਕਲਿਆ ਕਿ ਐਨੀ ਬੇਇੱਜ਼ਤੀ ਕਰਵਾ ਕੇ ਵੀ ਜਾਣ ਲੱਗਾ ਦਫਤਰ ਵਿੱਚੋਂ ਏ.ਸੀ. ਲਾਹ ਕੇ ਲੈ ਗਿਆ। ਕਈ ਮਨਹੂਸ ਅਫਸਰਾਂ ਨੂੰ ਤਾਂ ਸਮਾਨ ਘਰ ਲੈ ਕੇ ਜਾਣ ਲਈ ਨਾ ਕੋਈ ਗੱਡੀ ਦਿੰਦਾ ਹੈ ਤੇ ਨਾ ਹੀ ਵਿਦਾਇਗੀ ਪਾਰਟੀ। ਇਹ ਅਟੱਲ ਸੱਚਾਈ ਹੈ ਕਿ ਅਖੀਰ ਸਭ ਨੇ ਰਿਟਾਇਰ ਹੋਣਾ ਹੈ, ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਰਿਟਾਇਰਮੈਂਟ ਤੋਂ ਬਾਅਦ ਕਈ ਅਜਿਹੇ ਕੰਮ ਹਨ ਜੋ ਕਿਸੇ ਪੁਲਿਸ ਅਫਸਰ ਨੂੰ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ।

ਪੁਲਿਸ ਅਫਸਰ ਦੀ ਰਿਟਾਇਰਮੈਂਟ ਤੋਂ ਬਾਅਦ ਉਸ ਪ੍ਰਤੀ ਪਬਲਿਕ ਅਤੇ ਮੁਲਾਜ਼ਮਾਂ ਦਾ ਵਿਹਾਰ ਇੱਕ ਦਮ ਬਦਲ ਜਾਂਦਾ ਹੈ। ਅਜਿਹੇ ਮੁਲਾਜ਼ਮ, ਜਿਨ੍ਹਾਂ ਨੇ ਤੁਹਾਡੇ ਅਧੀਨ ਲੱਗ ਕੇ ਪੂਰੀ ਮੌਜ ਲੁੱਟੀ ਹੁੰਦੀ ਹੈ, ਅੱਖ ਬਚਾ ਕੇ ਲੰਘਣ ਲੱਗ ਜਾਂਦੇ ਹਨ ਕਿ ਕਿਤੇ ਕੋਈ ਵਗਾਰ ਹੀ ਨਾ ਪਾ ਦੇਵੇ। ਇਸ ਲਈ ਰਿਟਾਇਰਮੈਂਟ ਤੋਂ ਬਾਅਦ ਕਦੀ ਭੁੱਲ ਕੇ ਵੀ ਆਪਣੇ ਨਿੱਜੀ ਕੰਮ ਤੋਂ ਇਲਾਵਾ, ਬਿਨਾਂ ਮਤਲਬ ਚੌਧਰੀ ਬਣ ਕੇ ਥਾਣੇ ਨਹੀਂ ਜਾਣਾ ਚਾਹੀਦਾ। ਥਾਣੇ ਦੇ ਮੁਲਾਜ਼ਮ ਵੇਖ ਕੇ ਦੂਰੋਂ ਹੀ ਕਹਿਣਗੇ, “ਆ ਗਿਆ ਵਿਹਲੜ ਸਾਡੇ ਢਿੱਡ ਉੱਤੇ ਲੱਤ ਮਾਰਨ। ਆਪ ਇਹਨੇ ਸਾਰੀ ਉਮਰ ਨਹੀਂ ਬਖਸ਼ਿਆ ਕਿਸੇ ਨੂੰ।”

ਲੁਧਿਆਣੇ ਦਾ ਇੱਕ ਰਿਟਾਇਰਡ ਪੁਲਿਸ ਅਫਸਰ ਸਿਆਸਤ ਵਿੱਚ ਕਾਫੀ ਸਰਗਰਮ ਹੈ ਤੇ ਐੱਮ.ਐੱਲ.ਏ. ਦੀ ਟਿਕਟ ਵੀ ਭਾਲਦਾ ਰਿਹਾ ਹੈ। ਇੱਕ ਦਿਨ ਮੈਂ ਆਪਣੇ ਦੋਸਤ ਨਾਲ ਲੁਧਿਆਣੇ ਉਸ ਦੇ ਰਿਸ਼ਤੇਦਾਰ ਦੇ ਸ਼ੋਅਰੂਮ ਉੱਤੇ ਗਿਆ ਤਾਂ ਉਹ ਸਾਬਕਾ ਪੁਲਿਸ ਅਫਸਰ ਵੀ ਅੱਗੇ ਬੈਠਾ ਟਿੱਕੀਆਂ ਦੀ ਪਲੇਟ ਚਟਮ ਕਰ ਰਿਹਾ ਸੀ। ਸ਼ੋਅਰੂਮ ਵਾਲੇ ਨੂੰ ਪਤਾ ਨਹੀਂ ਸੀ ਕਿ ਮੈਂ ਵੀ ਪੁਲਿਸ ਵਿੱਚ ਹਾਂ। ਉਸ ਸਾਬਕਾ ਅਫਸਰ ਦੇ ਜਾਂਦੇ ਹੀ ਉਸ ਨੇ ਪੰਜਾਹ ਗਾਲ੍ਹਾਂ ਕੱਢੀਆਂ ਤੇ ਕਿਹਾ, “ਇਹ ਐਨਾ ਭੁੱਖੜ ਬੰਦਾ ਹੈ ਕਿ ਰੋਜ਼ ਬੇਸ਼ਰਮਾਂ ਵਾਂਗ ਬਿਨ ਬੁਲਾਏ ਟਿੱਕੀਆਂ ਸਮੋਸੇ ਖਾਣ ਆ ਬੈਠਦਾ ਹੈ।”

ਰਿਟਾਇਰਮੈਂਟ ਤੋਂ ਬਾਅਦ ਜੇ ਕਿਸੇ ਨੇ ਬਿਜ਼ਨਸ ਵੀ ਕਰਨਾ ਹੋਵੇ ਤਾਂ ਕੋਈ ਇੱਜ਼ਤ ਵਾਲਾ ਕੰਮ ਕਰਨਾ ਚਾਹੀਦਾ ਹੈ। ਕਦੇ ਵੀ ਝਗੜੇ ਵਾਲੀ ਜ਼ਮੀਨ ਜਾਇਦਾਦ ਦੇ ਮਾਮਲੇ ਵਿੱਚ ਟੰਗ ਨਹੀਂ ਫਸਾਉਣੀ ਚਾਹੀਦੀ। ਰੋਪੜ ਜ਼ਿਲ੍ਹੇ ਦੇ ਇੱਕ ਰਿਟਾਇਰ ਇੰਸਪੈਕਟਰ ਨੂੰ ਦੂਸਰੀ ਪਾਰਟੀ ਕੁੱਟ ਕੁੱਟ ਕੇ ਹੀ ਮਾਰ ਦੇਣ ਲੱਗੀ ਸੀ ਤੇ ਪੱਗਾਂ ਤਾਂ ਕਈਆਂ ਨੇ ਲੁਹਾਈਆਂ ਹਨ। ਸਨੌਰ ਦਾ ਇੱਕ ਮਸ਼ਹੂਰ ਇੰਸਪੈਕਟਰ ਰਿਟਾਇਰਮੈਂਟ ਤੋਂ ਬਾਅਦ ਫਾਇਨਾਂਸ ਦਾ ਕੰਮ ਕਰ ਰਿਹਾ ਹੈ। ਦੇਣਦਾਰਾਂ ਖਿਲਾਫ ਦਰਖਾਸਤਾਂ ਲੈ ਕੇ ਕਦੀ ਇੱਕ ਥਾਣੇ ਵਿੱਚ ਬੈਠਾ ਹੁੰਦਾ ਹੈ ਤੇ ਕਦੀ ਦੂਸਰੇ ਵਿੱਚ।

ਕਦੀ ਵੀ ਲੀਡਰਾਂ ਦੇ ਝਾਂਸੇ ਵਿੱਚ ਆ ਕੇ ਇਲੈੱਕਸ਼ਨ ਵਾਲਾ ਪੰਗਾ ਨਹੀਂ ਲੈਣਾ ਚਾਹੀਦਾ। ਬੜੇ ਬੜੇ ਸੀਨੀਅਰ ਅਫਸਰਾਂ ਨੇ ਇਸ ਕੰਮ ਵਿੱਚ ਫਸ ਕੇ ਬੇਇੱਜ਼ਤੀ ਕਰਵਾਈ ਹੈ। ਡਿਊਟੀ ਸਮੇਂ ਲੋਕ ਚਾਹੇ ਜੋ ਮਰਜ਼ੀ ਵਾਅਦੇ ਕਰਨ, ਪਰ ਰਿਟਾਇਰਮੈਂਟ ਤੋਂ ਬਾਅਦ ਵੋਟ ਕੋਈ ਨਹੀਂ ਪਾਉਂਦਾ। ਨਾ ਹੀ ਕਦੇ ਮੁਹੱਲੇ ਅਤੇ ਪਿੰਡ ਦੇ ਸਾਂਝੇ ਕੰਮਾਂ ਵਿੱਚ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਦਾ ਛੋਕਰਵਾਧਾ ਸਿਆਣੇ ਬਿਆਣੇ ਬੰਦੇ ਦੀ ਬੇਇੱਜ਼ਤੀ ਕਰਨ ਲੱਗਿਆਂ ਮਿੰਟ ਲਾਉਂਦਾ ਹੈ। ਮੂਸੇ ਵਾਲੇ ਦੇ ਗਾਣੇ ਸੁਣ ਸੁਣ ਕੇ ਜਣਾ ਖਣਾ ਆਪਣੇ ਆਪ ਨੂੰ ਵਿੱਕੀ ਗੌਂਡਰ ਸਮਝਣ ਲੱਗ ਪਿਆ ਹੈ। ਧੂਹ ਘਸੀਟੀ ਹੋਣ ਤੋਂ ਬਾਅਦ ਥਾਣੇ ਵਾਲੇ ਵੀ ਐੱਮ.ਐੱਲ.ਏ. ਦੇ ਡਰੋਂ ਰਿਟਾਇਰਡ ਪੁਲਿਸ ਵਾਲੇ ਦੀ ਨਹੀਂ ਸੁਣਦੇ। ਐੱਮ.ਐੱਲ.ਏ. ਨੇ ਤਾਂ ਆਪਣੇ ਵੋਟਰਾਂ ਦੀ ਹੀ ਮਦਦ ਕਰਨੀ ਹੁੰਦੀ ਹੈ।

ਰਿਟਾਇਰਮੈਂਟ ਤੋਂ ਪਹਿਲਾਂ ਵਾਹ ਲੱਗਦੀ ਕਦੀ ਵੀ ਆਪਣੀ ਰਿਹਾਇਸ਼ ਵਾਲੀ ਥਾਂ ਦੇ ਨੇੜੇ ਪੋਸਟਿੰਗ ਨਹੀਂ ਕਰਾਉਣੀ ਚਾਹੀਦੀ। ਨੌਕਰੀ ਦੌਰਾਨ ਕਿਸੇ ਨਾਲ ਚੰਗੀ ਕਰਨੀ ਪੈਂਦੀ ਹੈ ਤੇ ਕਿਸੇ ਨਾਲ ਮਾੜੀ। ਪਰ ਕਈ ਖੋਰੀ ਲੋਕ ਆਪਣੀ ਬੇਇੱਜ਼ਤੀ ਕਦੀ ਨਹੀਂ ਭੁੱਲਦੇ। ਮਲੋਟ ਦਾ ਇੱਕ ਅਫਸਰ ਉੱਥੋਂ ਦੇ ਹੀ ਇੱਕ ਥਾਣੇ ਵਿੱਚ ਕਈ ਸਾਲਾਂ ਤੱਕ ਤਾਇਨਾਤ ਰਿਹਾ ਹੈ। ਉਸ ਨੇ ਲਾਹ ਪਾਹ ਕਰਨ ਲੱਗਿਆਂ ਕਦੇ ਵੀ ਕਿਸੇ ਚੰਗੇ ਮਾੜੇ ਬੰਦੇ ਦਾ ਲਿਹਾਜ਼ ਨਹੀਂ ਕੀਤਾ। ਉਸ ਹੱਥੋਂ ਜ਼ਲੀਲ ਹੋਣ ਵਾਲੇ ਕਈ ਲਫੰਡਰ ਉਸ ਦੀ ਰਿਟਾਇਰਮੈਂਟ ਦੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਚਾਹੇ ਉਹ ਕੁਝ ਵੀ ਨਾ ਕਰਨ, ਪਰ ਦਿਲ ਵਿੱਚ ਅਜਿਹੇ ਮੂਰਖਾਂ ਦਾ ਡਰ ਤਾਂ ਬਣਿਆ ਹੀ ਰਹਿੰਦਾ ਹੈ।

ਰਿਟਾਇਰਮੈਂਟ ਤੋਂ ਬਾਅਦ ਕਾਰ ਦਾ ਦਰਵਾਜ਼ਾ ਖੁਦ ਖੋਲ੍ਹਣਾ ਪੈਂਦਾ ਹੈ ਤੇ ਚਲਾਉਣੀ ਵੀ ਖੁਦ ਹੀ ਪੈਂਦੀ ਹੈ। ਪੈਟਰੌਲ ਪੰਪ ਉੱਤੇ ਤੇਲ ਪਵਾਉਣ ਸਮੇਂ ਬਟੂਆ ਖੋਲ੍ਹਣ ਲੱਗਿਆਂ ਕਲੇਜਾ ਮੂੰਹ ਨੂੰ ਆਉਂਦਾ ਹੈ ਕਿਉਂਕਿ 35 ਸਾਲਾਂ ਦੌਰਾਨ ਇਹ ਤਾਂ ਭੁੱਲ ਹੀ ਜਾਈਦਾ ਹੈ ਕਿ ਤੇਲ ਮੁੱਲ ਮਿਲਦਾ ਹੈ ਤੇ ਐਨਾ ਮਹਿੰਗਾ ਵੀ ਹੋ ਗਿਆ ਹੈ। ਇੱਥੋਂ ਤੱਕ ਕਿ ਮੁਹੱਲੇ ਦੇ ਕਰਿਆਨੇ ਵਾਲੇ ਦਾ ਵੀ ਵਿਹਾਰ ਬਦਲ ਜਾਂਦਾ ਹੈ। ਨੌਕਰੀ ਸਮੇਂ ਰਿਸ਼ਤੇਦਾਰਾਂ ਨਾਲ ਵੀ ਵਿਹਾਰ ਠੀਕ ਰੱਖਣਾ ਚਾਹੀਦਾ ਹੈ। ਨਹੀਂ ਬਾਅਦ ਵਿੱਚ ਸਕੇ ਸਬੰਧੀ ਵੀ ਵੇਖ ਕੇ ਮੂੰਹ ਪਰ੍ਹਾਂ ਘੁਮਾਂ ਲੈਂਦੇ ਹਨ ਤੇ ਚੱਲਿਆ ਹੋਇਆ ਕਾਰਤੂਸ ਤੱਕ ਕਹਿ ਦਿੰਦੇ ਹਨਰਿਟਾਇਰਮੈਂਟ ਤੋਂ ਬਾਅਦ ਕਦੇ ਵੀ ਘਰ ਵਿੱਚ ਸਾਹਬੀ ਘੋਟਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਨਹੀਂ ਤਾਂ ਰੋਜ਼ ਦੀ ਚਿਕ ਚਿਕ ਤੋਂ ਦੁਖੀ ਹੋ ਕੇ ਪਤਨੀ, ਬੱਚੇ, ਪੋਤਰੇ ਪੋਤਰੀਆਂ ਤਾਂ ਦੂਰ ਭੱਜਣਗੇ ਹੀ, ਪਾਲਤੂ ਕੁੱਤਾ ਵੀ ਵੇਖ ਕੇ ਪਲੰਘ ਥੱਲੇ ਘੁਸ ਜਾਵੇਗਾ।

ਜੇ ਸੇਵਾ ਮੁਕਤੀ ਤੋਂ ਬਾਅਦ ਸੁਖ ਲੈਣਾ ਹੈ ਤਾਂ ਸਮੇਂ ਰਹਿੰਦੇ ਸੁਧਾਰ ਜ਼ਰੂਰੀ ਹੈ। ਸਾਹਬੀ ਛੱਡ ਕੇ ਮਾਨਵਤਾ ਅਪਣਾਉਣੀ ਚਾਹੀਦੀ ਹੈ। ਵੱਧ ਤੋਂ ਵੱਧ ਦੋਸਤ ਬਣਾਉ, ਆਪਣਿਆਂ ਨੂੰ ਵਕਤ ਦਿਉ ਤੇ ਬੇਗਾਨਿਆਂ ਦੇ ਕੰਮ ਆਉ। ਸਾਹਬੀ ਪਕੜੀ ਰੱਖੋਗੇ ਤਾਂ ਜ਼ਿੰਦਗੀ ਛੁੱਟ ਜਾਵੇਗੀ। ਬਾਕੀ ਸਭ ਦੀ ਆਪਣੀ ਆਪਣੀ ਮਰਜ਼ੀ ਹੈ, ਪਰ ਰਿਟਾਇਰ ਸਭ ਨੂੰ ਹੋਣਾ ਪੈਣਾ ਹੈ। ਯਾਦ ਰਹੇ, ਨੌਕਰੀ ਦੌਰਾਨ ਸਾਰਿਆਂ ਨੂੰ ਤੰਗ ਕਰਨ ਵਾਲਾ, ਕਿਸੇ ਦਾ ਭਲਾ ਨਾ ਕਰਨ ਵਾਲਾ, ਸਭਨਾਂ ਦੀ ਬੇਇੱਜ਼ਤੀ ਕਰਨ ਵਾਲਾ ਤੇ ਆਪਣੇ ਆਪ ਨੂੰ ਰੱਬ ਸਮਝਣ ਵਾਲਾ ਹਰ ਅਫਸਰ ਰਿਟਾਇਰਮੈਂਟ ਤੋਂ ਬਾਅਦ ਖੁਦ ਵੀ ਦੁਖੀ ਰਹਿੰਦਾ ਹੈ ਤੇ ਆਸ ਪਾਸ ਵਾਲਿਆਂ ਨੂੰ ਵੀ ਦੁਖੀ ਕਰਦਾ ਹੈ। ਕਿਉਂਕਿ ਕੁਦਰਤ ਦਾ ਅਟੱਲ ਨਿਯਮ ਹੈ, ਜੈਸਾ ਬੀਜੋਗੇ, ਵੈਸਾ ਵੱਢੋਗੇ। ਜੇ ਹੁਣ ਤੁਸੀਂ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ, ਬਾਅਦ ਵਿੱਚ ਲੋਕ ਨਹੀਂ ਕਰਨਗੇ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1993)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author