BalrajSidhu7ਪਰ ਲੁਧਿਆਣੇ ਵਾਲੇ ਇਸ ਡੇਰੇ ਦਾ ਕੰਮ ਕਾਫੀ ਦੇਰ ਤੋਂ ਠੰਢਾ ਚੱਲ ਰਿਹਾ ਸੀ ...
(17 ਫਰਵਰੀ 2019)

 

ਇਹ ਗੱਲ ਲੁਧਿਆਣੇ ਲਾਗੇ ਦੇ ਇੱਕ ਡੇਰੇ ਦੀ ਹੈ ...

ਅੱਜ ਕਲ੍ਹ ਪੰਜਾਬ ਵਿੱਚ ਪਾਖੰਡੀ ਡੇਰਿਆਂ ਦੀ ਭਰਮਾਰ ਹੈ। ਹਰ ਪਿੰਡ, ਸ਼ਹਿਰ, ਮੁਹੱਲੇ ਵਿੱਚ ਧੜਾ ਧੜ ਡੇਰੇ ਖੁੱਲ੍ਹ ਰਹੇ ਹਨ। ਪੜ੍ਹੇ ਲਿਖੇ, ਕਰੋੜਪਤੀ ਵਪਾਰੀ, ਨੇਤਾ, ਅਫਸਰ, ਮੋਹਤਬਰ, ਅਭਿਨੇਤਾ ਅਤੇ ਸਿਆਣੇ ਬਿਆਣੇ ਲੋਕ ਅਨਪੜ੍ਹ, ਨਸ਼ਈ, ਵਿਸ਼ਈ, ਲਾਲਚੀ, ਮੂਰਖ ਤੇ ਮਣ ਮਣ ਦੀਆਂ ਗਾਲ੍ਹਾਂ ਦੇਣ ਵਾਲੇ ਬਾਬਿਆਂ ਦੇ ਪੈਰ ਚੱਟਦੇ ਫਿਰਦੇ ਹਨ। ਵਹਿਮ ਭਰਮ ਸਾਡੇ ਵਿੱਚ ਬਚਪਨ ਤੋਂ ਹੀ ਕੁੱਟ ਕੁੱਟ ਕੇ ਭਰ ਦਿੱਤੇ ਜਾਂਦੇ ਹਨ। ਇਸ ਤੋਂ ਫਾਇਦਾ ਉਠਾਉਣ ਲਈ ਚਲਾਕ ਬਾਬੇ ਅਨੇਕਾਂ ਕਰਤਬ ਕਰਦੇ ਹਨ।

ਕਈ ਲੋਕਾਂ ਨੂੰ ਲੁੱਟਣ ਲਈ ਚੌਂਕੀਆਂ ਲਗਾ ਕੇ ਪੁੱਛਾਂ ਦੇਂਦੇ ਹਨ, ਕਈਆਂ ਵਿੱਚ ਬਾਬਾ ਜਾਂ ਦੇਵੀ ਆਉਂਦੀ ਹੈ ਤੇ ਕਈ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀਆਂ ਨੂੰ ਡਾਂਗ ਫੇਰ ਕੇ ਭੂਤ ਕੱਢਣ ਦਾ ਢੌਂਗ ਰੱਚਦੇ ਹਨ। ਕਈ ਪਾਪੀ ਤਾਂਤਰਿਕ ਤਾਂ ਕਸ਼ਟ ਟਾਲਣ ਦੇ ਨਾਮ ’ਤੇ ਬੱਚਿਆਂ ਦੀ ਬਲੀ ਤੱਕ ਦਿਵਾ ਦਿੰਦੇ ਹਨ।

ਅਨੇਕਾਂ ਥਾਵਾਂ ’ਤੇ ਪੁਰਾਣੇ ਦਰਖਤਾਂ ਅਤੇ ਖੰਡਰਾਂ ਨੂੰ ਪੱਕੇ ਕਿਹਾ ਜਾਂਦਾ ਹੈ, ਮਤਲਬ ਕਿ ਉੱਥੇ ਭੂਤਾਂ ਦਾ ਵਾਸ ਹੈ। ਵਹਿਮ ਇੰਨਾ ਵਧ ਗਿਆ ਹੈ ਕਿ ਭਾਵੇਂ ਮਕਾਨ ਡਿੱਗ ਜਾਵੇ, ਕੋਈ ਡਰ ਦਾ ਮਾਰਾ ਛੱਤ ’ਤੇ ਉੱਗਿਆ ਪਿੱਪਲ ਨਹੀਂ ਪੁੱਟਦਾ। ਘਟੀਆ ਤੋਂ ਘਟੀਆ ਬਾਬੇ ਦੇ ਡੇਰੇ ਅੱਗੇ ਵੀ ਲਾਲ-ਪੀਲੀਆਂ ਬੱਤੀਆਂ ਵਾਲੀਆਂ ਗੱਡੀਆਂ ਖੜ੍ਹੀਆਂ ਰਹਿੰਦੀਆਂ ਸਨ। ਕਈ ਅਫਸਰ ਤੇ ਨੇਤਾ ਤਾਂ ਉਹਨਾਂ ਨੂੰ ਪੁੱਛੇ ਬਗੈਰ ਬਾਥਰੂਮ ਵੀ ਨਹੀਂ ਜਾਂਦੇ। ਉਹਨਾਂ ਦੀਆਂ ਭਵਿੱਖਬਾਣੀਆਂ ਇਲਾਹੀ ਹੁਕਮ ਸਮਝੇ ਜਾਂਦੇ ਸਨ। ਪੰਜਾਬ ਦੀ ਬਦਕਿਸਮਤੀ ਹੈ ਕਿ ਇੱਥੇ ਧਾਰਮਿਕ ਕੁਰੀਤੀਆਂ, ਵਹਿਮ ਭਰਮ, ਕਰਮ ਕਾਂਡ ਅਤੇ ਪਾਖੰਡਾਂ ਵਿੱਚ ਦਿਨੋ ਦਿਨ ਇਜ਼ਾਫਾ ਹੀ ਹੋ ਰਿਹਾ ਹੈ। ਸਾਡੇ ਨੇਤਾ ਹੀ ਵੋਟਾਂ ਦੀ ਖਾਤਰ ਬਾਬਿਆਂ ਦੇ ਡੇਰਿਆਂ ਨੂੰ ਵੜ੍ਹਾਵਾ ਦੇ ਰਹੇ ਹਨ। ਕੋਈ ਕਿਸੇ ਬਾਬੇ ਦੇ ਗੋਡੇ ਘੁੱਟੀ ਜਾਂਦਾ ਹੈ ਤੇ ਕੋਈ ਕਿਸੇ ਦੇ। ਹਰੇਕ ਸਾਧ-ਬਾਬਾ ਆਪਣੇ ਡੇਰੇ ਨੂੰ ਚਮਕਾਉਣ ਖਾਤਰ ਕਿਸੇ ਨਾ ਕਿਸੇ ਚਮਤਕਾਰ ਜਾਂ ਵੱਡੇ ਵੀ.ਆਈ.ਪੀ. ਚੇਲੇ ਦੀ ਭਾਲ ਵਿੱਚ ਰਹਿੰਦਾ ਹੈ।

ਵੈਸੇ ਤਾਂ ਬਹੁਤੇ ਬਾਬਿਆਂ ਨੇ ਅਜਿਹੇ ਚੇਲੇ ਅਤੇ ਔਰਤਾਂ ਰੱਖੀਆਂ ਹੁੰਦੀਆਂ ਜੋ ਬਾਬੇ ਦੀਆਂ ਰਿਧੀਆਂ ਸਿਧੀਆਂ ਬਾਰੇ ਅਫਵਾਹਾਂ ਫੈਲਾ ਕੇ ਡੇਰੇ ਦੀ ਦੁਕਾਨਦਾਰੀ ਚਲਾਉਣ ਲਈ ਭੋਲੇ ਭਾਲੇ ਲੋਕਾਂ ਨੂੰ ਫਸਾਉਂਦੇ ਹਨ ਪਰ ਲੁਧਿਆਣੇ ਵਾਲੇ ਇਸ ਡੇਰੇ ਦਾ ਕੰਮ ਕਾਫੀ ਦੇਰ ਤੋਂ ਠੰਢਾ ਚੱਲ ਰਿਹਾ ਸੀ। ਕਈ ਸਾਲ ਬਾਅਦ ਬਣੇ ਡੇਰੇ ਸੇਲ ਪੱਖੋਂ ਉਸ ਤੋਂ ਬਹੁਤ ਅੱਗੇ ਲੰਘ ਗਏ ਸਨ। ਇੱਕ ਦਿਨ ਬਾਬਾ ਆਪਣੀ ਕੁਟੀਆ ਵਿੱਚ ਬੈਠਾ ਇੱਕ ਸ਼ਰਧਾਲੂ ਬੀਬੀ ਨੂੰ ਪੁੱਤਰ ਰਤਨ ਦੀ ਦਾਤ ਦੇਣ ਲਈ ਤਾਬੀਜ਼ ਤਿਆਰ ਕਰ ਰਿਹਾ ਸੀ ਕਿ ਉਸ ਦਾ ਵੱਡਾ ਚੇਲਾ ਸ਼ਿੰਦਾ ਭੱਜਾ ਭੱਜਾ ਆਇਆ। ਜੋਸ਼ ਕਾਰਨ ਉਸ ਦੇ ਮੂੰਹ ਵਿੱਚੋਂ ਸ਼ਬਦ ਨਹੀਂ ਨਿਕਲ ਰਹੇ ਸਨ, “ਬਾਬਾ ਜੀ, ਬਾਬਾ ਜੀ, ਅੱਜ ਤਾਂ ਕਮਾਲ ਈ ਹੋ ਗਈ। ਹੁਣੇ ਹੁਣੇ ਦੋਵਾਂ ਲੱਤਾਂ ਤੋਂ ਅਪਾਹਜ ਇੱਕ ਵਿਅਕਤੀ ਆਪਣੇ ਡੇਰੇ ਆਇਆ। ਉਸ ਨੇ ਦਰਬਾਰ ਦੇ ਚੁਬੱਚੇ ਵਿੱਚ ਪੈਰ ਧੋਤੇ ਤੇ ਫਾਹੁੜੀਆਂ ਭਵਾਂ ਕੇ ਪਰ੍ਹਾਂ ਮਾਰੀਆਂ ...।”

ਬਾਬੇ ਦਾ ਚਿਹਰਾ ਖੁਸ਼ੀ ਨਾਲ ਲਾਲ ਹੋ ਗਿਆ। ਉਹ ਭੁੜਕ ਕੇ ਉੱਠਿਆ, “ਚਮਤਕਾਰ! ਚਮਤਕਾਰ! ਸਵਾਦ ਆ ਗਿਆ। ਮੈਨੂੰ ਵਿਖਾ ਕਿੱਥੇ ਆ ਉਹ? ਹੁਣ ਚੱਲੂ ਆਪਣਾ ਡੇਰਾ। ਇਸ ਗੱਲ ਦਾ ਸੰਗਤ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰੋ।”

ਜਦੋਂ ਦੋਵੇਂ ਭੱਜ ਕੇ ਚੁਬੱਚੇ ਲਾਗੇ ਪਹੁੰਚੇ ਤਾਂ ਉਹ ਵਿਅਕਤੀ ਧੌਣ ਪਰਨੇ ਚੌਫਾਲ ਡਿੱਗਾ ਪਿਆ ਸੀ। ਲੋਕ ਉਸ ਵਿਅਕਤੀ ਦੇ ਮੂੰਹ ਵਿੱਚ ਪਾਣੀ ਪਾ ਰਹੇ ਸਨ। ਬਾਬੇ ਨੇ ਕੱਸ ਕੇ ਇੱਕ ਕਰਾਰੀ ਚੁਪੇੜ ਚੇਲੇ ਦੇ ਮਾਰੀ, ਕਿਉਂਕਿ ਉਸ ਨੇ ਸਮਝਿਆ ਸੀ ਸ਼ਾਇਦ ਲੰਗੜਾ ਵਿਅਕਤੀ ਡੇਰੇ ਦੇ ਚਮਤਕਾਰੀ ਪਾਣੀ ਤੋਂ ਪੈਰ ਧੋ ਕੇ ਠੀਕ ਹੋ ਗਿਆ ਹੈ।

*****

(1487)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author