BalrajSidhu7ਡੌਲੀ? … ਇਹ ਭਾਜੀ ਇਸ ਤਰ੍ਹਾਂ ਨਹੀਂ ਆਉਂਦੀ। ਇਸ ਨੂੰ ਪਟਿਆਲੇ ਤੋਂ ਸਪੈਸ਼ਲ ਬੁਲਾਉਣਾ ਪੈਂਦਾ ਆ ...
(17 ਅਕਤੂਬਰ 2016)


ਰਵੀਕਿਰਨ ਉਰਫ ਰਵੀ ਦੀ ਉਮਰ ਬਾਈ ਤੇਈ ਸਾਲ ਦੀ ਹੋ ਗਈ ਤਾਂ ਘਰ ਵਾਲੇ ਉਸ ਦੀ ਮੰਗਣੀ ਕਰ ਕੇ ਵਿਆਹ ਕਰਨ ਦੀਆਂ ਤਿਆਰੀਆਂ ਕਰਨ ਲੱਗੇ। ਖਾਂਦੇ ਪੀਂਦੇ ਪਰਿਵਾਰ ਦਾ ਇਕੱਲਾ ਮੁੰਡਾ ਹੋਣ ਕਾਰਨ ਸਾਰੇ ਟੱਬਰ ਦੇ ਮੂੰਹ ’ਤੇ ਇੱਕ ਹੀ ਗੱਲ ਸੀ ਕਿ ਵਿਆਹ ਪੂਰਾ ਘੈਂਟ ਕਰਨਾ
, ਸਾਰੇ ਪਿੰਡ ਵਿੱਚ ਬਹਿਜਾ ਬਹਿਜਾ ਕਰਵਾ ਦੇਣੀ ਆਂ ਤੇ ਸ਼ਰੀਕਾਂ ਦੀ ਹਿੱਕ ’ਤੇ ਦੀਵਾ ਬਾਲਣਾ ਈ ਬਾਲਣਾ। ਕਰਦੇ ਵੀ ਕਿਉਂ ਨਾ? ਸਾਰਾ ਟੱਬਰ ਸਰਕਾਰੀ ਨੌਕਰੀ ’ਤੇ ਲੱਗਾ ਹੋਇਆ ਸੀ। ਮਾਂ ਟੀਚਰ ਤੇ ਪਿਉ ਜਗਤਾਰ ਸਿੰਘ ਪੂਰਾ ਖਰਲ ਕੀਤਾ ਹੋਇਆ ਸਰਕਾਰੀ ਅਫਸਰ। ਹਲਵਾਈ, ਸੁਨਿਆਰੇ, ਕੱਪੜੇ, ਗਹਿਣੇ ਆਦਿ ਦਾ ਕੰਮ ਮੁਕਾਉਣ ਤੋਂ ਬਾਅਦ ਕਿਸੇ ਨੇ ਸਲਾਹ ਦਿੱਤੀ ਕਿ ਜਲਦੀ ਜਲਦੀ ਆਰਕੈਸਟਰਾ ਵਾਲੇ ਵੀ ਕਰ ਲਉ। ਲੇਟ ਹੋਗੇ ਤਾਂ ਕਈ ਵਾਰ ਚੰਗਾ ਗਰੁੱਪ ਨਹੀਂ ਮਿਲਦਾ ਹੁੰਦਾ।

ਜਗਤਾਰ ਸਿੰਘ ਅਗਲੇ ਦਿਨ ਹੀ ਰਵੀ ਦੇ ਮਾਮੇ ਗੁਰਜੰਟ ਨੂੰ ਨਾਲ ਲੈ ਕੇ ਇੱਕ ਮਸ਼ਹੂਰ ਗਰੁੱਪ ਦੇ ਦਫਤਰ ਜਾ ਵੜਿਆ। ਗਰੁੱਪ ਵਾਲਿਆਂ ਦਾ ਰੋਜ਼ ਦਾ ਕੰਮ ਸੀ ਅਜਿਹੇ ਮੂਰਖਾਂ ਨੂੰ ਮੁੱਛਣਾ। ਉਹਨਾਂ ਟੋਹ ਲਿਆ ਕਿ ਪਾਰਟੀ ਪੂਰੀ ਗਰਮ ਹੈ। ਉਹ ਐਵੇਂ ਜਾਣ ਕੇ ਉਸ ਤਰੀਖ ਨੂੰ ਵਿਹਲੇ ਨਾ ਹੋਣ ਦਾ ਬਹਾਨਾ ਜਿਹਾ ਮਾਰ ਕੇ ਟਾਲ਼ ਮਟੋਲ਼ ਕਰਨ ਲੱਗੇ। ਪਰ ਕੁਝ ਦੇਰ ਤਰਲੇ ਮਿੰਨਤਾਂ ਕਰਵਾ ਕੇ ਮੰਨ ਗਏ। ਉਹਨਾਂ ਨੇ ਪੁਰਾਣੇ ਪ੍ਰੋਗਰਾਮਾਂ ਦੀਆਂ ਵੀਡੀਉ ਚਲਾ ਕੇ ਜਗਤਾਰ ਸਿੰਘ ਹੁਰਾਂ ਨੂੰ ਰੱਜ ਕੇ ਅੱਧ ਨੰਗੀਆਂ ਕੁੜੀਆਂ ਦੇ ਡਾਂਸ ਦੇ ਦਰਸ਼ਨ ਕਰਵਾਏ। ਜਗਤਾਰ ਸਿੰਘ ਤੇ ਗੁਰਜੰਟ ਨੇ ਸਵਾਦ ਲੈ ਲੈ ਕੇ ਵੀਡੀਉ ਵੇਖੀਆਂ। ਜਗਤਾਰ ਬੋਲਿਆ,ਭਾਜੀ ਪੈਸੇ ਕਿੰਨੇ ਲੱਗਣਗੇ?”

ਗਰੁੱਪ ਦਾ ਮਾਲਕ ਛਟੱਲੀ ਰਾਮ ਥੋੜ੍ਹਾ ਜਿਹਾ ਰੋਅਬ ਨਾਲ ਕਹਿਣ ਲੱਗਾ,ਦਸ ਹਜ਼ਾਰ ਹਰ ਕੁੜੀ ਦਾ। ਸੱਤ ਕੁੜੀਆਂ ਨੇ ਤੇ ਕੁੱਲ ਹੋਇਆ ਸੱਤਰ ਹਜ਼ਾਰ। ਜੇ ਪੈਸੇ ਘੱਟ ਖਰਚਣੇ ਹਨ ਤਾਂ ਕੁੜੀਆਂ ਘੱਟ ਆਉਣਗੀਆਂ। ਵੇਖ ਲਿਉ, ਫਿਰ ਠੁੱਕ ਜਿਹਾ ਨਹੀਂ ਬੱਝਣਾ।”

ਮਸਤ ਹੋਇਆ ਗੁਰਜੰਟ ਬੋਲਿਆ,ਯਾਰ ਆਹ ਜਿਹੜੀ ਸਭ ਤੋਂ ਲੰਮੀ, ਛੱਮਕ ਛੱਲੋ ਜਿਹੀ ਆ, ਇਹ ਜਰੂਰ ਲੈ ਕੇ ਆਇਉ।”

ਵੈਸੇ ਤਾਂ ਉਹ ਕੁੜੀ ਗਰੁੱਪ ਦਾ ਹਿੱਸਾ ਹੀ ਸੀ ਪਰ ਛਟੱਲੀ ਨੂੰ ਘੁਣਤਰ ਸੁੱਝ ਗਈ, “ਡੌਲੀ? … ਇਹ ਭਾਜੀ ਇਸ ਤਰ੍ਹਾਂ ਨਹੀਂ ਆਉਂਦੀ। ਇਸ ਨੂੰ ਪਟਿਆਲੇ ਤੋਂ ਸਪੈਸ਼ਲ ਬੁਲਾਉਣਾ ਪੈਂਦਾ ਆ। ਇਹਦਾ ’ਕੱਲੀ ਦਾ ਖਰਚਾ ਤੀਹ ਹਜ਼ਾਰ ਅਲੱਗ ਆ।”

ਗੁਰਜੰਟ ਉਸ ਦੇ ਠੁਮਕਿਆਂ ’ਤੇ ਮਰਿਆ ਪਿਆ ਸੀ। ਨਾਲੇ ਪੈਸੇ ਤਾਂ ਜਗਤਾਰ ਦੇ ਲੱਗਣੇ ਸਨ, ਬੁਰਜੰਟ ਕਹਿਣ ਲੱਗਾ, “ਕੋਈ ਨਹੀਂ ... ਇਹਨੂੰ ਤਾਂ ਜਰੂਰ ਲੈ ਕੇ ਆਇਉ। ਪੈਸੇ ਦੀ ਕੋਈ ਪ੍ਰਵਾਹ ਨਹੀਂ। ਪੁੱਤ ਕਿਹੜਾ ਨਿੱਤ ਵਿਆਹੁਣੇ ਆ।”

ਉਹ ਬੁਕਿੰਗ ਦੀ ਪੰਜਾਹ ਹਜ਼ਾਰ ਸਾਈ ਦੇ ਕੇ ਇੰਜ ਚਾਈਂ ਚਾਈਂ ਬਾਹਰ ਨਿਕਲੇ ਕਿ ਜਿਵੇਂ ਪਾਕਿਸਤਾਨ ਦੇ ਖਿਲਾਫ ਕੋਈ ਗੁਪਤ ਐਕਸ਼ਨ ਸਿਰੇ ਚਾੜ੍ਹਿਆ ਹੋਵੇ।

ਵਿਆਹ ਦੇ ਦਿਨ ਨੇੜੇ ਆ ਗਏ। ਰਵੀ ਦੀ ਦਾਦੀ ਥੋੜ੍ਹੀ ਧਾਰਮਿਕ ਖਿਆਲਾਂ ਦੀ ਸੀ। ਉਹ ਵਾਰ ਵਾਰ ਕਹਿਣ ਲੱਗੀ,ਘਰੇ ਅਖੰਡ ਪਾਠ ਤਾਂ ਕਰਵਾ ਲਉ। ਦਸ ਦਿਨ ਤਾਂ ਰਹਿਗੇ ਵਿਆਹ ਵਿਚ ਸਾਰੇ।”

ਜਗਤਾਰ ਸਿੰਘ ਉਸ ਨੂੰ ਖਿਝ ਕੇ ਪਿਆ,ਕਰ ਲੈਨੇ ਆਂ ’ਖੰਡ ਪਾਠ। ਕਿਤੇ ਭੱਜਾ ਜਾਂਦਾ? ਬਥੇਰੇ ਬਾਬੇ ਤੁਰੇ ਫਿਰਦੇ ਆ। ਜਿਹਨੂੰ ਮਰਜ਼ੀ ਫੜ ਲਾਂਗੇ।”

ਅਖੀਰ ਜਦੋਂ ਦਿਨ ਐਨ ਸਿਰ ’ਤੇ ਆ ਗਏ ਤਾਂ ਜਗਤਾਰ ਸਿੰਘ ਪਹੁੰਚ ਗਿਆ ਗੁਰਦਵਾਰੇ ਦੇ ਬਹੁਤ ਹੀ ਭਜਨੀਕ ਅਤੇ ਭਲੇਮਾਣਸ ਗ੍ਰੰਥੀ ਸਿੰਘ ਕੋਲ। ਜਗਤਾਰ ਸਿੰਘ ਬਹੁਤ ਹੀ ਬਦਤਮੀਜ਼ੀ ਤੇ ਹੰਕਾਰ ਨਾਲ ਗ੍ਰੰਥੀ ਸਿੰਘ ਨੂੰ ਬੋਲਿਆ,ਬਾਬਾ, ਪਾਠ ਦਾ ਕੀ ਚੱਲਦਾ ਅੱਜਕਲ?”

ਭਾਈ ਜੀ ਵਿਚਾਰੇ ਉਸ ਦੇ ਅੱਗੇ ਸ਼ਰਾਫਤ ਕਾਰਨ ਇੰਜ ਹੱਥ ਬੰਨ੍ਹੀ ਖੜ੍ਹੇ ਸਨ ਜਿਵੇਂ ਕਿਸੇ ਭੱਠੇ ਦੇ ਬੰਧੂਆ ਮਜ਼ਦੂਰ ਹੋਣ,ਸਰਦਾਰ ਜੀ, ਇਕਵੰਜਾ ਸੌ ਭੇਟਾ ਚੱਲਦੀ ਹੈ, ਬਾਕੀ ਤੁਹਾਡੀ ਜੋ ਸ਼ਰਧਾ ਦੇ ਦਿਉ।”

ਜਗਤਾਰ ਸਿੰਘ ਨੂੰ ਜਿਵੇਂ ਠੂੰਹੇਂ ਨੇ ਡੰਗ ਮਾਰਿਆ ਹੋਵੇ, “ਹੈਂ ... ਐਨੇ ਪੈਸੇ? ਤੇ ਕੀਰਤਨ ਦੇ ਕਿੰਨੇ?”

ਭਾਈ ਜੀ ਬੋਲੇ, “ਜੇ ਦੋ ਕੀਰਤਨੀਏਂ ਆਉਣਗੇ ਤਾਂ ਹਜ਼ਾਰ ਰੁਪਏ ਤੇ ਜੇ ਤਿੰਨ ਬੁਲਾਉਣੇ ਆ ਤਾਂ ਪੰਦਰਾਂ ਸੌ।”

ਜਗਤਾਰ ਸਿੰਘ ਟੇਢੀ ਜਿਹੀ ਮੁਸਕਾਨ ਨਾਲ ਢੀਠਾਂ ਵਾਂਗ ਬੋਲਿਆ,ਲੈ, ਤਿੰਨ ਕੀ ਕਰਨੇ ਆ? ਘੰਟਾ ਢੋਲਕੀ ਈ ਖੜਕਾਉਣੀ ਆ। ਤੁਸੀਂ ਦੋ ਈ ਆ ਜਿਉ। ਨਾਲੇ ਗੱਲ ਸੁਣ, ਸਾਡੇ ਕੋਲ ਟਾਈਮ ਹੈਨੀ। ਤੂੰ ਠੇਕਾ ਈ ਕਰਲੈ। ਦੇਗ ਦੂਗ ਵਾਲਾ ਬੰਦਾ ਵੀ ਆਪਣਾ ਈ ਲੈ ਆਈਂ।”

ਵਿਚਾਰੇ ਭਾਈ ਸਾਹਿਬ ਨੇ ਕੀ ਕਹਿਣਾ ਸੀ ਅਜਿਹੇ ਬੁੱਗ ਇਨਸਾਨ ਨੂੰਉਹ ਬੋਲਿਆ, “ਚਲੋ ਠੀਕ ਆ ਭਾਈ। ਤੁਸੀਂ ਉੱਕਾ ਪੁੱਕਾ ਦਸ ਹਜਾਰ ਦੇ ਦਿਉ।”

ਜਗਤਾਰ ਸਿੰਘ ਚਿੱਬਾ ਜਿਹਾ ਮੂੰਹ ਬਣਾ ਕੇ ਬੋਲਿਆ,ਹੱਦ ਹੋਗੀ! ਦਸ ਹਜਾਰ ਕਾਹਦਾ? ਲੁੱਟ ਮਚਾਈ ਆ। ਅੱਠ ਲੈਣਾ ਤਾਂ ਗੱਲ ਕਰ, ਨਹੀਂ ਪ੍ਰਧਾਨ ਨਾਲ ਗੱਲ ਕਰ ਲੈਨੇ ਆਂ।”

ਭਾਈ ਜੀ ਵਿਚਾਰੇ ਦੁਖੀ ਮਨ ਨਾਲ ਕਹਿਣ ਲੱਗੇ,ਠੀਕ ਆ ਭਾਈ। ਜਿਵੇਂ ਤੁਹਾਡੀ ਇੱਛਾ।”

ਆਰਕੈਸਟਰੇ ਵਾਲਿਆਂ ਨੂੰ ਲੱਖ ਰੁਪਏ ਦੇਣ ਵਾਲੇ ਜਗਤਾਰ ਸਿੰਘ ਨੂੰ ਇਹ ਅੱਠ ਹਜ਼ਾਰ ਵੀ ਜ਼ਿਆਦਾ ਲੱਗ ਰਿਹਾ ਸੀ, “ਚੰਗਾ ਫਿਰ ਟਾਈਮ ਨਾਲ ਆਜੀਂ। ਤੂੰ ਆਪੇ ਸਾਂਭਣਾ ਸਭ ਕੁਝ। ਅਸੀਂ ਤਾਂ ਖਾਣ ਪੀਣ ਵਾਲੇ ਬੰਦੇ ਆਂ।”

ਅੱਠ ਹਜਾਰ ਰੁਪਏ ਭਾਈ ਜੀ ਵੱਲ ਸੁੱਟ ਕੇ ਉਹ ਬਾਹਰ ਨਿਕਲ ਗਿਆ ਜਿਵੇਂ ਗਲ਼ ਪਿਆ ਕੋਈ ਸਿਆਪਾ ਮੁਕਾਇਆ ਹੁੰਦਾ ਹੈ।

ਘਰ ਜਾ ਕੇ ਜਗਤਾਰ ਸਿੰਘ ਆਪਣੀ ਬਹਾਦਰੀ ਦੱਸਣ ਲੱਗਾ,ਅੱਜ ਪਾਠੀ ਦੀ ਰੇਲ ਬਣਾ ’ਤੀ। ਨਾਲੇ ਰੇਟ ਘੱਟ ਕੀਤਾ ਨਾਲੇ ਸਾਰਾ ਪੰਗਾ ਉਹਦੇ ਗਲ਼ ਪਾ ’ਤਾ। ਆਪਾਂ ਨੂੰ ਹੁਣ ਕੋਈ ਟੈਨਸ਼ਨ ਨਹੀਂ ’ਖੰਡ ਪਾਠ ਦੀ।”

ਇਹ ਸੁਣ ਕੇ ਸਾਰੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ।

ਪੋਤੇ ਦੇ ਵਿਆਹ ਦੇ ਚਾਅ ਵਿਚ ਉੱਡਦੀ ਫਿਰਦੀ ਰਵੀ ਦੀ ਦਾਦੀ ਪੁੱਤਰ ਦੇ ਮੂੰਹੋਂ ਕੁਲੱਛਣੇ ਬੋਲ ਸੁਣ ਕੇ ਥਾਂਹੇਂ ਗੁੰਮਸੁੰਮ ਹੋ ਗਈ।

*****

(465)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author