BalrajSidhu7ਸਾਰੇ ਪਾਸਿਆਂ ਤੋਂ ਹਤਾਸ਼ ਸਾਹਿਬ ਘਰ ਵਿੱਚ ਸਾਹਬੀ ਘੋਟਣ ਦੀ ਕੋਸ਼ਿਸ਼ ...
(1 ਦਸੰਬਰ 2017)

 

30-35 ਸਾਲ ਦੀ ਪ੍ਰਸ਼ਾਸਨਿਕ ਸੇਵਾ ਤੋਂ ਬਾਅਦ ਕੜਕ ਅਫਸਰ ਦੇ ਤੌਰ ’ਤੇ ਮਸ਼ਹੂਰ ਸਾਹਿਬ ਜੀ ਆਖਰਕਾਰ ਰਿਟਾਇਰ ਹੋ ਗਏ। ਉਸ ਬਾਰੇ ਮਸ਼ਹੂਰ ਸੀ ਕਿ ਸਾਰੀ ਨੌਕਰੀ ਦੌਰਾਨ ਵਾਹ ਲਗਦਿਆਂ ਉਸ ਨੇ ਕਦੇ ਕਿਸੇ ਦਾ ਕੰਮ ਸਿਰੇ ਨਹੀਂ ਸੀ ਚੜ੍ਹਨ ਦਿੱਤਾ। ਬਲਕਿ ਚੰਗੇ ਭਲੇ ਹੋ ਰਹੇ ਕੰਮ ਵਿੱਚ ਅਜਿਹਾ ਫਾਨਾ ਫਸਾਉਂਦਾ ਕਿ ਅਗਲੇ ਦੀਆਂ ਗੇੜੇ ਮਾਰ ਮਾਰ ਕੇ ਜੁੱਤੀਆਂ ਘਸ ਜਾਂਦੀਆਂ। ਚੰਡੀਗੜ੍ਹ ਵਿਚਲਾ ਦੋ ਕਨਾਲ ਦਾ ਸਰਕਾਰੀ ਬੰਗਲਾ ਤੇ ਉਸ ਦਾ ਹਰਿਆ ਭਰਿਆ ਬਗੀਚਾ, ਰਸੋਈਏ, ਚਪੜਾਸੀ, ਡਰਾਈਵਰ, ਮਾਲੀ, ਰੀਡਰ, ਸਟੈਨੋ, ਗੰਨਮੈਨਾਂ ਦੀ ਧਾੜ ਅਤੇ ਬਿਨਾਂ ਨਾਗਾ ਸਲਾਮਾਂ ਠੋਕਣ ਵਾਲੀ ਚਮਚਿਆਂ ਦੀ ਭੀੜ ਇੱਕ ਦਮ ਸਾਥ ਛੱਡ ਗਈ। ਹਾਲਾਂਕਿ ਵਿਦਾਇਗੀ ਦਾ ਇਹ ਦਿਨ ਭਰਤੀ ਹੋਣ ਵਾਲੇ ਦਿਨ ਤੋਂ ਹੀ ਤੈਅ ਸੀ, ਪਰ ਸਾਹਬ ਜੀ ਨੂੰ ਇੰਜ ਲੱਗਾ ਜਿਵੇਂ ਅਸਮਾਨ ਸਿਰ ’ਤੇ ਆਣ ਡਿੱਗਾ ਹੋਵੇ।

ਸੇਵਾ ਮੁਕਤੀ ਤੋਂ ਬਾਅਦ ਵਿਹਲਾ ਬੈਠਾ ਸਾਹਿਬ ਹੈਰਾਨ ਪਰੇਸ਼ਾਨ ਹੋ ਗਿਆ ਪਰ ਦਿਲ ਵਿੱਚ ਉਮੀਦ ਦਾ ਦੀਵਾ ਅਜੇ ਵੀ ਟਿਮਟਮਾ ਰਿਹਾ ਸੀ। ਉਸ ਨੂੰ ਸਾਰੀ ਨੌਕਰੀ ਇਹ ਵਹਿਮ ਰਿਹਾ ਕਿ ਉਹ ਗਿਆਨ ਦਾ ਸਾਗਰ ਹੈ ਤੇ ਉਸ ਤੋਂ ਬਗੈਰ ਮਹਿਕਮਾ ਅਤੇ ਸਰਕਾਰ ਨਹੀਂ ਚੱਲ ਸਕਦੀ। ਹੋਰ ਕੁਝ ਨਹੀਂ ਤਾਂ ਤਰਲੇ ਮਿੰਨਤਾਂ ਕਰ ਕੇ ਸਰਕਾਰ ਉਸ ਦੇ ਅਣਮੋਲ ਤਜ਼ਰਬੇ ਦਾ ਲਾਭ ਉਠਾਉਣ ਲਈ ਉਸ ਨੂੰ ਕਿਸੇ ਕਮਿਸ਼ਨ ਦਾ ਚੇਅਰਮੈਨ ਬਣਨ ਲਈ ਤਾਂ ਮਨਾ ਹੀ ਲਏਗੀ। ਰੋਜ਼ਾਨਾ ਸੈਂਕੜੇ ਲੋਕ ਆਉਣਗੇ ਸਲਾਹ ਮਸ਼ਵਰੇ ਲੈਣ ਲਈ। ਘੰਟਾ ਦੋ ਘੰਟੇ ਬਾਹਰ ਇੰਤਜ਼ਾਰ ਕਰਾਉਣ ਤੋਂ ਬਾਅਦ ਮਿਲਿਆ ਕਰਾਂਗਾ। ਸਾਹਿਬ ਮਾਰਗ ਦਰਸ਼ਨ ਦੇਣ ਲਈ ਤੱਤਪਰ, ਉਮੀਦ ਭਰੀਆਂ ਅੱਖਾਂ ਨਾਲ ਰਸਤਾ ਨਿਹਾਰਦਾ ਹੈ। ਪਰ ਅਫਸੋਸ! ਕੋਈ ਵੀ ਉਸ ਦੇ ਨਜ਼ਦੀਕ ਨਹੀਂ ਫਟਕਦਾ। ਦੁਖਿਆਰੀ ਸ਼ਾਮ ਤੋਂ ਬਾਅਦ ਉਦਾਸੀ ਭਰੀ ਸਵੇਰ ਚਲੀ ਆਉਂਦੀ ਹੈ। ਦਿਨ, ਹਫਤੇ ਅਤੇ ਮਹੀਨੇ ਬੀਤਣ ਤੋਂ ਬਾਅਦ ਮਰਗ ਦਰਸ਼ਕ ਬਣਨ ਦੀ ਉਮੀਦ ਆਖਰ ਖਤਮ ਹੋ ਜਾਂਦੀ ਹੈ।

ਨਿਰਾਸ਼ਾ ਦੇ ਭੰਵਰ ਵਿੱਚ ਗੋਤੇ ਖਾਂਦਾ ਸਾਹਿਬ ਬੇਚੈਨ ਹੋ ਜਾਂਦਾ ਹੈ। ਸਵੇਰੇ ਪੜ੍ਹੇ ਜਾ ਚੁੱਕੇ ਅਖਬਾਰ ਨੂੰ ਦੋਹਰੀ ਤੀਹਰੀ ਵਾਰ ਪੜ੍ਹਦਾ ਹੈ। ਖਾਮੋਸ਼ ਪਏ ਮੋਬਾਇਲ ਫੋਨ ਨੂੰ ਵਾਰ ਵਾਰ ਸਕਰੀਨ ਆਨ ਕਰ ਕੇ ਵੇਖਦਾ ਹੈ ਕਿਤੇ ਕੋਈ ਕਾਲ ਮਿੱਸ ਤਾਂ ਨਹੀਂ ਹੋ ਗਈ। ਪਤਨੀ ਕੋਲ ਫੋਨ ਖਰਾਬ ਹੋਣ ਦਾ ਸ਼ੱਕ ਜਾਹਰ ਕਰਦਾ ਹੈ। ਅਖੀਰ ਆਕੜ ਜੇਬ ਵਿੱਚ ਰੱਖ ਕੇ ਆਪ ਹੀ ਪੁਰਾਣੇ ਸੰਗੀ ਸਾਥੀਆਂ ਅਤੇ ਰਿਸ਼ਤੇਦਾਰਾਂ ਨੂੰ ਫੋਨ ਲਗਾਉਂਦਾ ਹੈ। ਲਗਾਤਾਰ ਵੱਜਦੀ ਘੰਟੀ ਸੁਣ ਕੇ ਦੁਖੀ ਹੁੰਦਾ ਹੈ। ਕੋਈ ਫੋਨ ਨਹੀਂ ਉਠਾਉਂਦਾ। ਕਲੋਨੀ, ਬਜ਼ਾਰ, ਪਾਰਕ ਅਤੇ ਅਬਾਦੀ ਵਿੱਚ ਕਿਸੇ ਜਾਣੇ ਪਹਿਚਾਣੇ ਚਿਹਰੇ ਨੂੰ ਤਲਾਸ਼ਣ ਦੀ ਬੇਕਾਰ ਕੋਸ਼ਿਸ਼ ਕਰਦਾ ਹੈ। ਕਦੇ ਕਿਸੇ ਦਾ ਕੰਮ ਸਵਾਰਿਆ ਹੋਵੇ ਤਾਂ ਕੋਈ ਲੱਭੇ।

ਹੁਣ ਕਾਰ ਦਾ ਦਰਵਾਜ਼ਾ ਖੁਦ ਖੋਹਲਣਾ ਪੈਂਦਾ ਹੈ ਤੇ ਖੁਦ ਹੀ ਚਲਾਉਣੀ ਪੈਂਦੀ ਹੈ। 15-20 ਹਜ਼ਾਰ ਦੀ ਤਨਖਾਹ ’ਤੇ ਪ੍ਰਾਈਵੇਟ ਡਰਾਈਵਰ ਕੌਣ ਰੱਖੇ? ਪੈਟਰੌਲ ਪੰਪ ’ਤੇ ਤੇਲ ਪਵਾਉਣ ਸਮੇਂ ਬਟੂਆ ਖੋਲ੍ਹਣ ਲੱਗਿਆਂ ਉਸ ਦਾ ਕਲੇਜਾ ਮੂੰਹ ਨੂੰ ਆਉਂਦਾ ਹੈ। 35 ਸਾਲਾਂ ਦੌਰਾਨ ਉਹ ਤਾਂ ਭੁੱਲ ਹੀ ਗਿਆ ਸੀ ਕਿ ਤੇਲ ਮੁੱਲ ਮਿਲਦਾ ਹੈ ਅਤੇ ਐਨਾ ਮਹਿੰਗਾ ਹੋ ਗਿਆ ਹੈ। ਹੁਣ ਸ਼ਾਪਿੰਗ ਕਰਨ ਤੋਂ ਬਾਅਦ ਬਿੱਲ ਖੁਦ ਚੁਕਾਉਣਾ ਪੈਂਦਾ ਹੈ, ਕਿਸੇ ਅਸਾਮੀ ਵੱਲ ਨਹੀਂ ਭੇਜ ਸਕਦੇ। ਥਿਏਟਰ ਦੇ ਸਾਹਮਣੇ ਲੱਗੀ ਲੰਬੀ ਲਾਈਨ ਉਸ ਨੂੰ ਪਰੇਸ਼ਾਨ ਕਰਦੀ ਹੈ। ਟਰੇਨ ਵਿੱਚ ਸਫਰ ਕਰਦੇ ਸਮੇਂ ਆਪਣਾ ਬੈਗ ਖੁਦ ਘਸੀਟਣਾ ਪੈਂਦਾ ਹੈ।

ਪਾਰਕ ਵਿੱਚ ਟਹਿਲਦੇ ਸਮੇਂ ਕਿਸੇ ਪੁਰਾਣੇ ਮਾਤਹਿਤ ਨੂੰ ਅੱਖ ਬਚਾ ਕੇ ਦੂਸਰੇ ਪਾਸੇ ਮੁੜਦਾ ਵੇਖ ਕੇ ਪਰੇਸ਼ਾਨ ਹੋ ਜਾਂਦਾ ਹੈ। ਵਿਚਾਰਾ ਭੁੱਲ ਜਾਂਦਾ ਹੈ ਕਿ ਉਸ ਨੇ ਕਦੇ ਕਿਸੇ ਅਧੀਨ ਕਰਮਚਾਰੀ ਨੂੰ ਚੰਗੀ ਰਿਪੋਰਟ ਨਹੀਂ ਸੀ ਦਿੱਤੀ। ਛੋਟੀ ਜਿਹੀ ਗਲਤੀ ਹੋਣ ’ਤੇ ਫਾਈਲ ਮੂੰਹ ’ਤੇ ਮਾਰਦਾ ਸੀ। ਭਾਰੀ ਮਨ ਅਤੇ ਭਾਰੀ ਕਦਮਾਂ ਨਾਲ ਉਹ ਘਰ ਪਰਤ ਆਉਂਦਾ ਹੈ। ਉਸ ਨੂੰ ਲੱਗਦਾ ਹੈ ਕਿ ਦੁਨੀਆਂ ਉਸਦੀ ਉਮੀਦ ਤੋਂ ਪਹਿਲਾਂ ਹੀ ਬਦਲ ਗਈ ਹੈ। ਬੇਚੈਨ ਸਾਹਿਬ ਹੁਣ ਮਿਲਣਸਾਰ ਹੋਣ ਦੀ ਕੋਸ਼ਿਸ਼ ਕਰਦਾ ਹੈ। ਕਿਸੇ ਨਜ਼ਦੀਕੀ ਤੋਂ ਨਜ਼ਦੀਕੀ ਰਿਸ਼ਤੇਦਾਰ ਦੀ ਖੁਸ਼ੀ ਗਮੀ ਵਿੱਚ ਸ਼ਾਮਲ ਨਾ ਹੋਣ ਵਾਲਾ ਸਾਹਿਬ ਹੁਣ ਮੁੰਡਨ ਅਤੇ ਤੇਹਰਵੀਂ ਤੱਕ ਦੇ ਸੱਦੇ ਦੀ ਇੱਜ਼ਤ ਕਰਨ ਲੱਗਾ ਹੈ। ਹਰੇਕ ਜਾਣ ਪਹਿਚਾਣ ਵਾਲੇ ਦਾ ਜਨਮ ਦਿਨ ਵੀ ਯਾਦ ਆ ਗਿਆ ਹੈ ਤੇ ਵਧਾਈ ਦੇਣੀ ਵੀ। ਆਦਤ ਨਹੀਂ ਸੀ, ਇਸ ਲਈ ਕੰਮ ਬਹੁਤ ਅਜੀਬ ਲੱਗਦਾ ਹੈ ਸਾਹਿਬ ਨੂੰ। ਪਰ ਵਿਹਲਾ ਵਿਚਾਰਾ ਕਰੇ ਵੀ ਕੀ?

ਇਸ ਸਭ ਦੇ ਬਾਵਜੂਦ ਸਾਹਿਬ ਦੀ ਬੇਚੈਨੀ ਵਧਦੀ ਹੀ ਜਾ ਰਹੀ ਹੈ। ਦੁਨੀਆਂ ਨੂੰ ਬਦਲਦੇ ਵੇਖ ਸਾਹਿਬ ਦਾ ਮਨ ਖਰਾਬ ਹੋ ਜਾਂਦਾ ਹੈ। ਉਸ ਦੇ ਸਾਹਮਣੇ ਮੰਗਤਿਆਂ ਵਾਂਗ ਤਰਲੇ ਕੱਢਣ ਵਾਲੇ ਰਿਸ਼ਤੇਦਾਰ ਹੁਣ ਵੇਖ ਕੇ ਮੂੰਹ ਘੁਮਾ ਲੈਂਦੇ ਹਨ। ਕਿਸੇ ਦਾ ਕੰਮ ਜੋ ਨਹੀਂ ਸੀ ਸਵਾਰਿਆ ਕਦੇ। ਆਸ ਲੈ ਕੇ ਆਏ ਰਿਸ਼ਤੇਦਾਰਾਂ ਨੂੰ ਰਾਤ ਕਿਸੇ ਸਰਾਂ ਵਿੱਚ ਠਹਿਰਨਾ ਪੈਂਦਾ ਸੀ। ਹੁਣ ਤਾਂ ਉਹ ਪਿੱਠ ਪਿੱਛੇ ਚੱਲਿਆ ਕਾਰਤੂਸ ਕਹਿ ਦੇਂਦੇ ਹਨ। ਹੁਣ ਤਾਂ ਕਰਿਆਨੇ ਵਾਲੇ ਤੱਕ ਦਾ ਵਿਹਾਰ ਬਦਲ ਗਿਆ ਹੈ, ਪਹਿਲਾਂ ਜਿੰਨੀ ਇੱਜ਼ਤ ਨਹੀਂ ਦੇਂਦਾ। ਸਾਹਿਬ ਹੁਣ ਅਧਿਆਤਮਕ ਦੁਨੀਆਂ ਵਿੱਚ ਘੁਸਣ ਦੀ ਕੋਸ਼ਿਸ਼ ਕਰਨ ਲੱਗਦਾ ਹੈ। ਆਸਥਾ ਅਤੇ ਸੰਸਕਾਰ ਚੈਨਲ ਵੇਖਦਾ ਹੈ। ਪਰ ਜਦੋਂ ਵੀ ਮੰਦਰ-ਗੁਰਦਵਾਰੇ ਜਾਂਦਾ ਹੈ, ਧਿਆਨ ਨਹੀਂ ਲੱਗਦਾ। ਮਨ ਵਿੱਚ ਅਚਾਨਕ ਪੁਰਾਣਾ ਦਫਤਰ ਸਮੇਤ ਚਪਰਾਸੀਆਂ-ਰੀਡਰਾਂ ਦੇ ਘੁਸ ਆਉਂਦਾ ਹੈ। ਨਿਮਰਤਾ ਨਾਲ ਦੂਹਰੇ ਹੁੰਦੇ ਅਫਸਰ ਤੇ ਅਸਾਮੀਆਂ ਆ ਵੜਦੀਆਂ ਹਨ। ਸਾਹਿਬ ਧਾਰਮਿਕ ਹੋਣ ਦੀ ਨਾਕਾਮ ਕੋਸ਼ਿਸ਼ ਕਰਦਾ ਹੈ। ਜਲਦ ਹੀ ਸਮਝ ਜਾਂਦਾ ਹੈ ਕਿ ਧਰਮ ਕਰਮ ਉਸ ਵਰਗੇ ਇਨਸਾਨ ਦੇ ਵੱਸ ਦੀ ਗੱਲ ਨਹੀਂ।

ਹੈਰਾਨ ਪਰੇਸ਼ਾਨ ਸਾਹਿਬ ਵਾਲ ਡਾਈ ਕਰਨਾ ਛੱਡ ਚੁੱਕਾ ਹੈ। ਘਰੇ ਆ ਕੇ ਟਸ਼ਨੇ ਪਸ਼ਨੇ ਲਾਉਣ ਤੇ ਕੁੱਲ ਜਹਾਨ ਦੀਆਂ ਚੁਗਲੀਆਂ ਮਾਰਨ ਵਾਲਾ ਸਰਕਾਰੀ ਨਾਈ ਕਦੋਂ ਦਾ ਰਸਤਾ ਭੁੱਲ ਗਿਆ ਹੈ। ਤੇਜ਼ੀ ਨਾਲ ਬੁੱਢਾ ਹੋ ਰਿਹਾ ਸਾਹਿਬ ਪਹਿਲਾਂ ਨਾਲੋਂ ਵੀ ਜ਼ਿਆਦਾ ਚਿੜਚਿੜਾ ਹੋ ਗਿਆ ਹੈ। ਸਾਰੇ ਪਾਸਿਆਂ ਤੋਂ ਹਤਾਸ਼ ਸਾਹਿਬ ਘਰ ਵਿੱਚ ਸਾਹਬੀ ਘੋਟਣ ਦੀ ਕੋਸ਼ਿਸ਼ ਕਰਦਾ ਹੈ ਪਰ ਮੂੰਹ ਦੀ ਖਾਂਦਾ ਹੈ। ਰੋਜ ਦੀ ਚਿਕ ਚਿਕ ਤੋਂ ਦੁਖੀ ਬੇਟਾ ਕੰਨੀ ਕੱਟ ਜਾਂਦਾ ਹੈ। ਪੋਤੇ ਪੋਤਰੀਆਂ ਵੀ ਦੂਰ ਭੱਜਦੇ ਹਨ। ਸਾਰੀ ਉਮਰ ਦੀ ਅੱਕੀ ਸੜੀ ਪਤਨੀ ਉਸ ਨੂੰ ਨਾਕਾਬਲੇ ਬਰਦਾਸ਼ਤ ਘੋਸ਼ਿਤ ਕਰ ਦੇਂਦੀ ਹੈ। ਬਹੁਤ ਲਾਡ ਪਿਆਰ ਨਾਲ ਪਾਲਿਆ ਵਿਦੇਸ਼ੀ ਨਸਲ ਦਾ ਮਹਿੰਗਾ ਕੁੱਤਾ ਵੀ ਸਾਹਿਬ ਨੂੰ ਵੇਖ ਕੇ ਪਲੰਗ ਥੱਲੇ ਘੁਸ ਜਾਂਦਾ ਹੈ।

ਇਸੇ ਤਰ੍ਹਾਂ ਕੁੜ੍ਹਦਾ ਹੈ ਨੌਕਰੀ ਦੌਰਾਨ ਬਾਅਦ ਸਾਰਿਆਂ ਨੂੰ ਤੰਗ ਕਰਨ ਵਾਲਾ, ਕਿਸੇ ਦਾ ਭਲਾ ਨਾ ਕਰਨ ਵਾਲਾ, ਸਭਨਾਂ ਦੀ ਬੇਇੱਜ਼ਤੀ ਕਰਨ ਵਾਲਾ ਤੇ ਆਪਣੇ ਆਪ ਨੂੰ ਰੱਬ ਸਮਝਣ ਵਾਲਾ ਹਰ ਅਫਸਰ। ਖੁਦ ਵੀ ਦੁਖੀ ਰਹਿੰਦਾ ਹੈ ਤੇ ਆਸ ਪਾਸ ਵਾਲਿਆਂ ਨੂੰ ਵੀ ਦੁਖੀ ਕਰਦਾ ਹੈ। ਰਿਟਾਇਰ ਸਾਹਿਬ ਹੋਰ ਕਰ ਵੀ ਕੀ ਸਕਦਾ ਹੈ? ਜਦ ਤੱਕ ਜਿਉਂਦਾ ਹੈ, ਇਹੋ ਕੁਝ ਕਰਦਾ ਰਹੇਗਾ। ਜੈਸੇ ਕੋ ਤੈਸਾ! ਜੋ ਬੀਜੋਗੇ, ਉਹੀ ਵੱਢੋਗੇ। ਪਹਿਲਾਂ ਇਹ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ, ਹੁਣ ਲੋਕ ਨਹੀਂ ਕਰਦੇ।

 ਜੇ ਸੇਵਾ ਮੁਕਤੀ ਤੋਂ ਬਾਅਦ ਸੁਖ ਲੈਣਾ ਹੈ ਤਾਂ ਸਮੇਂ ਰਹਿੰਦੇ ਸੁਧਾਰ ਜ਼ਰੂਰੀ ਹੈ। ਸਾਹਬੀ ਛੱਡ ਕੇ ਮਾਨਵਤਾ ਅਪਣਾਉਣੀ ਚਾਹੀਦੀ ਹੈ। ਵੱਧ ਤੋਂ ਵੱਧ ਦੋਸਤ ਬਣਾਉ, ਆਪਣਿਆਂ ਨੂੰ ਵਕਤ ਦਿਉ ਤੇ ਬੇਗਾਨਿਆਂ ਦੇ ਕੰਮ ਆਉ। ਸਾਹਬੀ ਪਕੜੀ ਰੱਖੋਗੇ ਤਾਂ ਜ਼ਿੰਦਗੀ ਛੁੱਟ ਜਾਵੇਗੀ। ਬਾਕੀ ਆਪਣੀ ਮਰਜ਼ੀ ਹੈ, ਪਰ ਰਿਟਾਇਰ ਸਭ ਨੇ ਹੋਣਾ ਹੈ।

*****

(915)

ਆਪਣੇ ਵਿਚਾਰ ਸਾਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author