“ਤੁਸੀਂ ਸ਼ਾਇਦ ਸਮਝੇ ਨਹੀਂ, ਪੰਜਾਹ ਹਜ਼ਾਰ ਰੁਪਇਆ ਨਹੀਂ, ਪੰਜਾਹ ਹਜ਼ਾਰ ਡਾਲਰ ...”
(9 ਜੁਲਾਈ 2020)
ਪੰਜਾਬੀਆਂ ਨੇ ਸਾਰੇ ਸੰਸਾਰ ਵਿੱਚ ਸਫਲਤਾ ਦੇ ਝੰਡੇ ਗੱਡ ਰੱਖੇ ਹਨ। ਪੱਛਮੀ ਦੇਸ਼ਾਂ ਵਿੱਚ ਖਾਸ ਤੌਰ ’ਤੇ ਅਲੌਕਿਕ ਸਫਲਤਾ ਪ੍ਰਾਪਤ ਕੀਤੀ ਹੈ। ਵਪਾਰ, ਸਿਆਸਤ, ਖੇਤੀਬਾੜੀ ਅਤੇ ਵੱਡੀਆਂ ਤੋਂ ਵੱਡੀਆਂ ਸਰਕਾਰੀ ਨੌਕਰੀਆਂ ਆਦਿ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਸਾਡੇ ਪ੍ਰਵਾਸੀ ਸੱਜਣ ਭਾਵੇਂ ਕਿਤੇ ਵੀ ਬੈਠੇ ਹੋਣ, ਉਹ ਪੰਜਾਬ ਨੂੰ ਨਹੀਂ ਭੁੱਲ ਸਕੇ। ਉਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਜੱਦੀ ਪਿੰਡਾਂ ਦੇ ਵਿਕਾਸ ਵਿੱਚ ਅਥਾਹ ਯੋਗਦਾਨ ਪਾਇਆ ਹੈ। ਕਈ ਪਿੰਡ ਤਾਂ ਚੰਡੀਗੜ੍ਹ ਵਰਗੇ ਬਣਾ ਛੱਡੇ ਹਨ, ਲੋਕ ਦੂਰ ਦੂਰ ਤੋਂ ਵੇਖਣ ਲਈ ਆਉਂਦੇ ਹਨ। ਪਰ ਅਨੇਕਾਂ ਅਜਿਹੇ ਵੀ ਹਨ ਜੋ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਨਹੀਂ ਛੱਡ ਸਕੇ। ਕੈਨੇਡਾ ਵਿੱਚ ਡਰੱਗ ਦੇ ਧੰਦਿਆਂ ਵਿੱਚ ਲੱਗੇ ਪੰਜਾਬੀਆਂ ਨੇ ਭਾਈਚਾਰੇ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸੇ ਕਾਰਨ ਅਮਰੀਕਾ-ਕੈਨੇਡਾ ਬਾਰਡਰ ’ਤੇ ਪੰਜਾਬੀ ਟਰੱਕ ਡਰਾਈਵਰਾਂ ਦੀ ਖਾਸ ਤੌਰ ’ਤੇ ਸਖਤ ਤਲਾਸ਼ੀ ਲਈ ਜਾਂਦੀ ਹੈ। ਹਫਤੇ ਦੋ ਹਫਤੇ ਬਾਅਦ ਕਿਸੇ ਨਾ ਕਿਸੇ ਪੰਜਾਬੀ ਮਾਲਕੀ ਵੱਲੇ ਟਰੱਕ ਵਿੱਚੋਂ ਕੁਵਿੰਟਲਾਂ ਦੇ ਹਿਸਾਬ ਕੋਕੀਨ-ਹੈਰੋਇਨ ਆਦਿ ਪਕੜੇ ਜਾਣ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹੀ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇਹ ਡਰੱਗ ਸਮਗਲਰ ਭਰਾ ਮਾਰੂ ਜੰਗ ਵਿੱਚ ਵੀ ਰੁਝ੍ਹੇ ਹੋਏ ਹਨ। ਇਸ ਜੰਗ ਵਿੱਚ ਪੰਜਾਬ ਵਿੱਚ ਅੱਤਵਾਦ ਤੋਂ ਬਾਅਦ ਸਭ ਤੋਂ ਵੱਧ ਪੰਜਾਬੀ ਮਾਰੇ ਜਾ ਚੁੱਕੇ ਹਨ।
ਕਈ ਪ੍ਰਵਾਸੀਆਂ ਦਾ ਤਾਂ ਮਨ ਭਾਉਂਦਾ ਕੰਮ ਹੀ ਸਿਆਲਾਂ ਵਿੱਚ ਪੰਜਾਬ ਆ ਕੇ ਮੋਟੀਆਂ ਛਾਪਾਂ ਛੱਲੇ ਪਾ ਕੇ ਲੋਕਾਂ ਦਾ ਕਲੇਜਾ ਸਾੜਨਾ ਅਤੇ ਪਿੰਡ ਦੀ ਘਟੀਆ ਸਿਆਸਤ ਵਿੱਚ ਟੰਗ ਫਸਾਉਣੀ ਬਣ ਚੁੱਕਾ ਹੈ। ਪੰਚਾਇਤਾਂ ਦੀ ਇਲੈੱਕਸ਼ਨ ਵੇਲੇ ਅਜਿਹੇ ਵਿਅਕਤੀ ਖਾਸ ਤੌਰ ’ਤੇ ਪੰਜਾਬ ਪਹੁੰਚਦੇ ਹਨ। ਇਸੇ ਕਾਰਨ ਕਈ ਪ੍ਰਵਾਸੀ ਥਾਣਾ ਕਚਹਿਰੀਆਂ ਦੇ ਚੱਕਰਾਂ ਵਿੱਚ ਫਸੇ ਹੋਏ ਹਨ। ਕਈ ਪ੍ਰਵਾਸੀ ਅਜਿਹੇ ਵੀ ਹਨ ਜੋ ਸਾਲ ਦੋ ਸਾਲ ਬਾਅਦ ਆ ਕੇ ਆਪਣੇ ਚਾਚੇ ਤਾਇਆਂ ਜਾਂ ਸਕੇ ਭਰਾਵਾਂ ਨਾਲ ਜ਼ਮੀਨ ਜਾਇਦਾਦ ਕਾਰਨ ਝਗੜੇ ਕਰਦੇ ਹਨ। ਕਈ ਸਾਲ ਪਹਿਲਾਂ ਮੈਂ ਮਜੀਠਾ ਸਬ ਡਵੀਜ਼ਨ ਦਾ ਡੀ.ਐੱਸ.ਪੀ. ਲੱਗਾ ਹੋਇਆ ਸੀ ਤਾਂ ਥਾਣਾ ਝੰਡੇਰ ਦੇ ਇੱਕ ਪਿੰਡ ਵਿੱਚ ਦੋ ਬਜ਼ੁਰਗ ਸਕੇ ਭਰਾ ਜ਼ਮੀਨ ਦੇ ਝਗੜੇ ਕਾਰਨ ਆਪਸ ਵਿੱਚ ਲੜਨ ਲਈ ਹੀ ਹਰ ਸਾਲ ਪਿੰਡ ਪਹੁੰਚਦੇ ਸਨ। ਉਨ੍ਹਾਂ ਦੇ ਬੱਚਿਆਂ ਦਾ ਕੈਨੇਡਾ ਵਿੱਚ ਚੰਗਾ ਕਾਰੋਬਾਰ ਸੀ ਤੇ ਆਪਸ ਵਿੱਚ ਬਹੁਤ ਪਿਆਰ ਸੀ। ਪਰ ਦੋਵੇਂ ਬਜ਼ੁਰਗ ਐਨੇ ਸੜੀਅਲ ਅਤੇ ਜ਼ਿੱਦੀ ਸਨ ਕਿ ਸਾਰਾ ਸਿਆਲ ਥਾਣੇ ਕਚਹਿਰੀ ਹੀ ਵਿੱਚ ਲੰਘਾ ਦਿੰਦੇ ਸਨ। ਜਦੋਂ ਉਹ ਉੱਥੋਂ ਜਹਾਜ਼ ਚੜ੍ਹਦੇ ਤਾਂ ਉਨ੍ਹਾਂ ਦੇ ਲੜਕੇ ਝੰਡੇਰ ਥਾਣੇ ਅਤੇ ਡੀ.ਐੱਸ.ਪੀ. ਨੂੰ ਫੋਨ ਕਰ ਦਿੰਦੇ ਕਿ ਬਾਪੂ ਹੁਣੀ ਆ ਰਹੇ ਹਨ, ਇਨ੍ਹਾਂ ਨੂੰ ਟਾਲੀ ਜਾਇਉ ਪਰ ਕ੍ਰਿਪਾ ਕਰ ਕੇ ਕੋਈ ਪਰਚਾ ਵਗੈਰ ਨਾ ਕੱਟ ਦੇਣਾ। ਇਹ ਸਲਾਨਾ ਲੜਾਈ ਉਨ੍ਹਾਂ ਦਾ ਪਸੰਦੀਦਾ ਟਾਈਮ ਪਾਸ ਸੀ। ਦੋਵੇਂ ਭਰਾ ਇੱਕ ਦੂਸਰੇ ਨੂੰ ਅਜਿਹੀਆਂ ਸੜੀਆਂ ਤੇ ਗੰਦੀਆਂ ਗਾਲ੍ਹਾਂ ਕੱਢਦੇ ਕਿ ਕੱਟੜ ਦੁਸ਼ਮਣ ਵੀ ਨਹੀਂ ਕੱਢਦੇ ਹੋਣੇ। ਪਿੰਡ ਦੇ ਮੁਫਤਖੋਰਾਂ ਵਾਸਤੇ ਦੋ ਚਾਰ ਮਹੀਨੇ ਵਧੀਆ ਮੀਟ ਸ਼ਰਾਬ ਦਾ ਪ੍ਰਬੰਧ ਹੋ ਜਾਂਦਾ ਸੀ।
ਇਸੇ ਤਰ੍ਹਾਂ ਖੰਨਾ ਪੁਲਿਸ ਜ਼ਿਲ੍ਹੇ ਵਿੱਚ ਇੱਕ ਬਹੁਤ ਵੱਡਾ ਪਿੰਡ ਹੈ ਜਿਸ ਨੂੰ ਵਲੈਤੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਉੱਥੇ ਦੇ ਦੋ ਪ੍ਰਵਾਸੀ ਘਰਾਂ ਦਾ ਆਪਸ ਵਿੱਚ ਐਵੇਂ ਕਨਾਲ ਕੁ ਜਗ੍ਹਾ ਪਿੱਛੇ ਕਈ ਸਾਲਾਂ ਤੋਂ ਝਗੜਾ ਚੱਲਦਾ ਆ ਰਿਹਾ ਸੀ। ਇੱਕ ਪਾਰਟੀ ਕੈਨੇਡਾ ਦੀ ਸੀ ਤੇ ਦੂਸਰੀ ਅਮਰੀਕਾ ਦੀ। ਮੇਰਾ ਖਿਆਲ ਹੈ ਕਿ ਜਿੰਨਾ ਪੈਸਾ ਉਹ ਇਸ ਜਗ੍ਹਾ ਦੀ ਖਾਤਰ ਥਾਣੇ ਕਚਹਿਰੀਆਂ ਵਿੱਚ ਫੂਕ ਚੁੱਕੇ ਸਨ, ਉੰਨੇ ਦੀ ਤਾਂ ਉਸ ਜ਼ਮਾਨੇ ਵਿੱਚ ਦਸ ਏਕੜ ਜ਼ਮੀਨ ਮੁੱਲ ਆ ਜਾਣੀ ਸੀ। ਪਰ ਸਿਰਫ ਫੋਕੀ ਹੈਂਕੜਬਾਜ਼ੀ ਅਤੇ ਡਾਲਰਾਂ ਦਾ ਰੋਅਬ ਦਿਖਾਉਣ ਦੀ ਖਾਤਰ ਉਹ ਕਿਸੇ ਰਾਜ਼ੀਨਵੇਂ ’ਤੇ ਨਹੀਂ ਸਨ ਪਹੁੰਚ ਸਕੇ। ਨਾ ਉਹ ਪੰਚਾਇਤ ਦੀ ਮੰਨਦੇ ਸਨ ਤੇ ਨਾ ਕਿਸੇ ਮੋਹਤਬਰ ਦੀ। ਇੱਕ ਵਾਰ ਸਬੰਧਿਤ ਥਾਣੇ ਦਾ ਐੱਸ.ਐੱਚ.ਓ. ਅਜਿਹਾ ਥਾਣੇਦਾਰ ਆ ਲੱਗਾ ਜੋ ਕਿ ਦੋਵਾਂ ਦਾ ਹੀ ਗੂੜ੍ਹਾ ਮਿੱਤਰ ਸੀ। ਉਹ ਇੰਡੀਆ ਆਉਣ ਲੱਗਿਆਂ ਉਸ ਲਈ ਸਕਾਚ, ਜੈਕਟਾਂ ਜਾਂ ਬੂਟ ਲਿਆਉਣੇ ਕਦੇ ਨਹੀਂ ਸੀ ਭੁੱਲਦੇ। ਥਾਣੇਦਾਰ ਦੀ ਪੋਸਟਿੰਗ ਦੀ ਖਬਰ ਸੁਣਦੇ ਸਾਰ ਦੋਵਾਂ ਨੂੰ ਚਾਅ ਚੜ੍ਹ ਗਿਆ। ਉਨ੍ਹਾਂ ਨੇ ਜ਼ਮੀਨ ਦਾ ਕਬਜ਼ਾ ਆਪਣੇ ਹੱਕ ਵਿੱਚ ਕਰਾਉਣ ਲਈ ਥਾਣੇਦਾਰ ਕੋਲ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ, ਇੱਕ ਕਹੇ ਮੇਰੇ ਹੱਕ ਵਿੱਚ ਕਰ ਤੇ ਦੂਸਰਾ ਕਹੇ ਮੇਰੇ ਹੱਕ ਵਿੱਚ ਕਰ। ਉਨ੍ਹਾਂ ਨੇ ਵੱਧ ਚੜ੍ਹ ਕੇ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਮੁੱਛ ਦਾ ਸਵਾਲ ਸੀ। ਦੋਵੇਂ ਆਪਣੇ ਆਪ ਨੂੰ ਧੰਨਾ ਸੇਠ ਤੇ ਦੂਸਰੀ ਪਾਰਟੀ ਨੂੰ ਨੰਗ ਸਾਬਤ ਕਰਨ ਦੀ ਭਰਪੂਰ ਕੋਸ਼ਿਸ਼ ਕਰ ਰਹੇ ਸਨ। ਅਮਰੀਕਾ ਵਾਲੇ ਕਹਿਣ ਕਿ ਅਸੀਂ ਟਰਾਂਸਪੋਟਰ ਹਾਂ ਤੇ ਕੈਨੇਡਾ ਵਾਲੇ ਨੰਗ ਸੜਕਾਂ ’ਤੇ ਰੇਹੜੀ ਲਗਾ ਕੇ ਪੁਰਾਣੇ ਕੱਪੜੇ ਵੇਚਦੇ ਹਨ। ਕੈਨੇਡਾ ਵਾਲੇ ਕਹਿਣ ਕਿ ਸਾਡਾ ਗਾਰਮੈਂਟ ਦਾ ਇੰਪੋਰਟ ਐਕਸਪੋਰਟ ਦਾ ਕੰਮ ਹੈ ਤੇ ਅਮਰੀਕਾ ਵਾਲੇ ਟਰੱਕਾਂ ਵਿੱਚ ਕੋਕੀਨ ਢੋਹੰਦੇ ਹਨ।
ਥਾਣੇਦਾਰ ਧਰਮ ਸੰਕਟ ਵਿੱਚ ਪੈ ਗਿਆ। ਦੋਵੇਂ ਉਸ ਦੀਆਂ ਮੁਰਗੀਆਂ ਸਨ, ਉਹ ਕਿਸੇ ਨੂੰ ਵੀ ਨਰਾਜ਼ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ। ਦੋਵਾਂ ਪਾਰਟੀਆਂ ਨੇ ਉਸ ਦਾ ਦਰਵਾਜ਼ਾ ਵੱਢ ਕੇ ਖਾ ਲਿਆ। ਵਿਚਾਰਾ ਟੈਨਸ਼ਨ ਵਿੱਚ ਆ ਗਿਆ, ਸਮਝ ਨਾ ਆਵੇ ਕੀ ਕਰੇ ਤੇ ਕੀ ਨਾ ਕਰੇ। ਇੱਕ ਦਿਨ ਅਮਰੀਕਾ ਵਾਲੇ ਇਲਾਕੇ ਦੇ ਐੱਮ.ਐੱਲ.ਏ. ਦਾ ਫੋਨ ਕਰਵਾ ਕੇ ਆਏ ਤੇ ਉਸ ਦੇ ਦਫਤਰ ਵਿੱਚ ਪਥੱਲਾ ਮਾਰ ਕੇ ਬੈਠ ਗਏ ਕਿ ਅੱਜ ਤਾਂ ਉਹ ਗੱਲ ਕਿਸੇ ਤਣ ਪੱਤਣ ਲਗਾ ਕੇ ਹੀ ਜਾਣਗੇ। ਥਾਣੇਦਾਰ ਨੇ ਚਾਹ ਤੇ ਬਿਸਕੁਟ ਮੰਗਵਾ ਲਏ ਤੇ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਿਆ। ਉਹ ਸਮਝ ਗਿਆ ਕਿ ਅੱਜ ਤਾਂ ਇੱਕ ਨਾਲ ਵਿਗਾੜਨੀ ਹੀ ਪੈਣੀ ਹੈ। ਜੇ ਇਨ੍ਹਾਂ ਦੀ ਮਦਦ ਨਾ ਕੀਤੀ ਤਾਂ ਮੁਲਹਜ਼ੇਦਾਰੀ ਤਾਂ ਖਤਮ ਹੋ ਹੀ ਜਾਵੇਗੀ, ਕਿਤੇ ਐੱਮ.ਐੱਲ.ਏ. ਵੀ ਨਰਾਜ਼ ਹੋ ਕੇ ਬਦਲੀ ਨਾ ਕਰਵਾ ਦੇਵੇ। ਅਮਰੀਕਾ ਵਾਲੇ ਨੇ ਚਾਹ ਸੁੜਕਦੇ ਹੋਏ ਥਾਣੇਦਾਰ ਨੂੰ ਕਿਹਾ ਕਿ ਭਾਜੀ ਸੇਵਾ ਦੱਸੋ, ਸਵੇਰੇ ਅਸੀਂ ਵੱਟ ਪਾਉਣੀ ਹੀ ਪਾਉਣੀ ਹੈ। ਥਾਣੇਦਾਰ ਨੇ ਹੌਲੀ ਜਿਹੀ ਅਵਾਜ਼ ਵਿੱਚ ਪੰਜਾਹ ਹਜ਼ਾਰ ਮੰਗ ਲਿਆ। ਅਮਰੀਕਾ ਵਾਲੇ ਨੇ ਇਹ ਸਮਝ ਕੇ ਕਿ ਸ਼ਾਇਦ ਇਸ ਨੇ ਪੰਜਾਹ ਹਜ਼ਾਰ ਰੁਪਇਆ ਮੰਗਿਆ ਹੈ, ਵਿੰਗਾ ਜਿਹਾ ਮੂੰਹ ਬਣਾ ਕੇ ਕਿਹਾ ਬੱਸ, ਐਨੇ ਹੀ? ਥਾਣੇਦਾਰ ਨੇ ਨਾਰਦ ਮੁਨੀ ਦੇ ਸਟਾਈਲ ਵਿੱਚ ਗੱਲ ਸਾਫ ਕੀਤੀ ਕਿ ਤੁਸੀਂ ਸ਼ਾਇਦ ਸਮਝੇ ਨਹੀਂ, ਪੰਜਾਹ ਹਜ਼ਾਰ ਰੁਪਇਆ ਨਹੀਂ, ਪੰਜਾਹ ਹਜ਼ਾਰ ਡਾਲਰ। ਅਮਰੀਕਾ ਵਾਲੇ ਦੇ ਸੁਣ ਕੇ ਡੇਲੇ ਬਾਹਰ ਨੂੰ ਆ ਗਏ। ਉਸ ਨੂੰ ਉੱਥੂ ਛਿੜ ਗਿਆ ਤੇ ਚਾਹ ਬਿਸਕੁਟ ਸੰਘ ਵਿੱਚ ਫਸ ਗਏ। ਪੰਜਾਹ ਹਜ਼ਾਰ ਡਾਲਰ ਉਸ ਸਮੇਂ ਦੀ ਕੀਮਤ ਦੇ ਮੁਤਾਬਕ ਵੀਹ-ਪੱਚੀ ਲੱਖ ਰੁਪਏ ਦੇ ਬਰਾਬਰ ਸਨ। ਵਲੈਤੀਏ ਨੂੰ ਸਿਆਲ ਵਿੱਚ ਹੀ ਮੁੜ੍ਹਕਾ ਆ ਗਿਆ ਤੇ ਇਹ ਕਹਿੰਦਾ ਹੋਇਆ ਚਾਹ ਵਿੱਚੇ ਛੱਡ ਕੇ ਥਾਣੇ ਵਿੱਚੋਂ ਖਿਸਕ ਗਿਆ ਕਿ ਭਾਜੀ ਗੱਲ ਈ ਕੋਈ ਨਹੀਂ, ਸਵੇਰੇ ਆਉਂਦੇ ਹਾਂ। ਸਵੇਰੇ ਕਿਸ ਨੇ ਆਉਣਾ ਸੀ? ਪਿੰਡ ਜਾ ਕੇ ਉਹ ਸਿੱਧਾ ਕੈਨੇਡਾ ਵਾਲਿਆਂ ਦੇ ਘਰ ਗਿਆ ਤੇ ਆਪਣੇ ਨਾਲ ਹੋਈ ਜੱਗੋਂ ਤੇਰ੍ਹਵੀਂ ਬਾਰੇ ਦੱਸ ਕੇ ਜ਼ਮੀਨ ਅੱਧੋ ਅੱਧ ਕਰ ਕੇ ਰਾਜ਼ੀਨਾਵਾਂ ਕਰ ਲਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2244)
(ਸਰੋਕਾਰ ਨਾਲ ਸੰਪਰਕ ਲਈ: