“ਟੋਨੀ ਅੱਜ ਵੀ ਇਹ ਸੋਚ ਕੇ ਕੰਬ ਉੱਠਦਾ ਹੈ ਕਿ ਜੇ ਉਸ ਨੇ ਉਸ ਦਿਨ ਕੋਲਡ ਡਰਿੰਕ ਦੀ ਪੂਰੀ ਬੋਤਲ ...”
(9 ਨਵੰਬਰ 2021)
ਚੋਰਾਂ ਬਦਮਾਸ਼ਾਂ ਵੱਲੋਂ ਲੁੱਟ ਖੋਹ ਲਈ ਵਰਤੇ ਜਾਂਦੇ ਤਰੀਕਿਆਂ ਵਿੱਚੋਂ ਸਭ ਤੋਂ ਸੌਖਾ ਤਰੀਕਾ ਸ਼ਿਕਾਰ ਨੂੰ ਜ਼ਹਿਰ ਦੇ ਕੇ ਲੁੱਟਣ ਦਾ ਹੈ। ਧਾਰਮਿਕ ਸਥਾਨਾਂ ਦੇ ਨਜ਼ਦੀਕ ਅਤੇ ਰੇਲਵੇ ਸਫਰ ਦੌਰਾਨ ਅਣਭੋਲ ਸ਼ਰਧਾਲੂਆਂ ਅਤੇ ਮੁਸਾਫਰਾਂ ਨੂੰ ਨਸ਼ੀਲੇ ਪਦਾਰਥ ਮਿਲੇ ਪ੍ਰਸ਼ਾਦ ਜਾਂ ਬਿਸਕੁਟ ਖਵਾ ਕੇ ਬੇਹੋਸ਼ ਕਰ ਕੇ ਸਮਾਨ ਗਾਇਬ ਕਰ ਦਿੱਤਾ ਜਾਂਦਾ ਹੈ। ਇਹ ਜ਼ਹਿਰ ਐਨਾ ਤੇਜ਼ ਹੁੰਦਾ ਹੈ ਕਿ ਕਈ ਵਾਰ ਸ਼ਿਕਾਰ ਕਈ ਕਈ ਦਿਨ ਸੁੱਤਾ ਰਹਿੰਦਾ ਹੈ ਤੇ ਭੁੱਖ ਪਿਆਸ ਨਾਲ ਉਸ ਦੀ ਮੌਤ ਹੋ ਜਾਂਦੀ ਹੈ। ਜਦੋਂ ਮੈਂ ਮਜੀਠਾ ਸਬ ਡਵੀਜ਼ਨ ਦਾ ਡੀ.ਐੱਸ.ਪੀ. ਸੀ ਤਾਂ ਮੇਰਾ ਅਜਿਹੇ ਕਈ ਕੇਸਾਂ ਨਾਲ ਵਾਹ ਪਿਆ ਸੀ। ਇੱਕ ਵਾਰ ਸੜਕ ਕਿਨਾਰੇ ਝਾੜੀਆਂ ਵਿੱਚੋਂ ਇੱਕ ਟਰੱਕ ਡਰਾਈਵਰ ਦੀ ਲਾਸ਼ ਮਿਲੀ। ਜਦੋਂ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਇਹ ਭੁੱਖ ਪਿਆਸ ਕਾਰਨ ਮਰਿਆ ਹੈ। ਕਿਸੇ ਦੇ ਗਲੋਂ ਇਹ ਗੱਲ ਨਾ ਉੱਤਰੇ ਕਿ ਪੰਜਾਬ ਵਿੱਚ ਕੋਈ ਵਿਅਕਤੀ ਭੁੱਖ ਪਿਆਸ ਕਾਰਨ ਮਰ ਸਕਦਾ ਹੈ। ਤਫਤੀਸ਼ ਕਰਨ ’ਤੇ ਸਾਰੀ ਗੱਲ ਸਾਫ ਹੋ ਗਈ ਤੇ ਜ਼ਹਿਰ ਦੇ ਕੇ ਮਾਰਨ ਵਾਲਾ ਗਿਰੋਹ ਪਕੜਿਆ ਗਿਆ। ਉਹ ਗਿਰੋਹ ਉਦੋਂ ਤਕ ਦਰਜ਼ਨ ਤੋਂ ਵੱਧ ਟਰੱਕ ਲੁੱਟ ਚੁੱਕਾ ਸੀ ਤੇ ਛੇ ਸੱਤ ਬੰਦੇ ਮਾਰ ਚੁੱਕਾ ਸੀ।
ਅੰਮ੍ਰਿਤਸਰ ਵਿੱਚ ਖੂਬਸੂਰਤ ਔਰਤਾਂ ਦਾ ਇੱਕ ਅਜਿਹਾ ਹੀ ਗਿਰੋਹ ਸਰਗਰਮ ਹੈ ਜੋ ਅਮੀਰ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਕਿਸੇ ਹੋਟਲ ਵਿੱਚ ਲੈ ਜਾਂਦੀਆਂ ਹਨ ਤੇ ਖਾਣੇ ਜਾਂ ਸ਼ਰਾਬ ਵਿੱਚ ਜ਼ਹਿਰ ਦੇ ਕੇ ਲੁੱਟ ਪੁੱਟ ਕੇ ਗਾਇਬ ਹੋ ਜਾਂਦੀਆਂ ਹਨ। ਅਗਲੇ ਦਿਨ ਆਸ਼ਿਕ ਸਾਹਿਬ ਬੇਹੋਸ਼ ਜਾਂ ਮਰੇ ਹੋਏ ਲੱਭਦੇ ਹਨ ਤੇ ਘਰ ਵਾਲੇ ਵੀ ਸ਼ਰਮ ਦੇ ਮਾਰੇ ਮਾਮਲੇ ਨੂੰ ਬਹੁਤੀ ਤੂਲ ਨਹੀਂ ਦਿੰਦੇ। ਅਜਿਹਾ ਹੀ ਇੱਕ ਮਾਮਲਾ ਮੇਰੇ ਗੰਨਮੈਨ ਟੋਨੀ (ਨਾਮ ਬਦਲਿਆ ਹੋਇਆ) ਨਾਲ ਵਾਪਰਿਆ ਸੀ। ਜੁਲਾਈ 2003 ਦਾ ਮਹੀਨਾ ਸੀ ਤੇ ਉਹ ਕੈਸ਼ੀਅਰ ਤੋਂ ਤਨਖਾਹ ਲੈ ਕੇ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਪੁਲਿਸ ਲਾਈਨ ਤੋਂ ਬਾਹਰ ਨਿਕਲਿਆ ਤਾਂ ਦੋ ਔਰਤਾਂ ਨੇ ਉਸ ਦੇ ਸਕੂਟਰ ਨੂੰ ਹੱਥ ਦੇ ਦਿੱਤਾ। ਉਨ੍ਹਾਂ ਵਿੱਚੋਂ ਇੱਕ ਸਿਆਣੀ ਉਮਰ ਦੀ ਤੇ ਦੂਸਰੀ ਬਹੁਤ ਹੀ ਖੂਬਸੂਰਤ ਤੇ ਜਵਾਨ ਸੀ। ਸੁੰਦਰ ਔਰਤ ਵੇਖ ਕੇ ਟੋਨੀ ਭਟਕ ਗਿਆ। ਉਸਦਾ ਸਕੂਟਰ ਥਾਏਂ ਗੱਡਿਆ ਗਿਆ। ਬਜ਼ੁਰਗ ਔਰਤ ਨੇ ਟੋਨੀ ਨੂੰ ਕਿਹਾ ਕਿ ਅਸੀਂ ਬੱਸ ਸਟੈਂਡ ਜਾਣਾ ਹੈ, ਜੇ ਤੁਸੀਂ ਉੱਧਰ ਚੱਲੇ ਹੋ ਤਾਂ ਸਾਨੂੰ ਵੀ ਨਾਲ ਲੈ ਜਾਉ। ਟੋਨੀ ਨੇ ਜਾਣਾ ਤਾਂ ਵੇਰਕੇ ਵੱਲ ਸੀ, ਪਰ ਉਸ ਨੇ ਫਟਾਫਟ ਬੱਸ ਸਟੈਂਡ ਜਾਣ ਦੀ ਹਾਮੀ ਭਰ ਦਿੱਤੀ।
ਬੱਸ ਸਟੈਂਡ ਪਹੁੰਚਣ ਤੋਂ ਪਹਿਲਾਂ ਹੀ ਟੋਨੀ ਉਨ੍ਹਾਂ ਔਰਤਾਂ ਨਾਂਲ ਸੱਟੀ ਲਾ ਕੇ ਬੱਸ ਸਟੈਂਡ ਦੇ ਸਾਹਮਣੇ ਇੱਕ ਘਟੀਆ ਜਿਹੇ ਹੋਟਲ ਵਿੱਚ ਕਮਰਾ ਲੈ ਕੇ ਜਾ ਵੜਿਆ। ਕਮਰੇ ਵਿੱਚ ਪਹੁੰਚਦੇ ਹੀ ਔਰਤਾਂ ਨੇ ਆਪਣੀ ਗੇਮ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਟੋਨੀ ਨੂੰ ਕਿਹਾ ਕਿ ਅੱਜ ਗਰਮੀ ਬਹੁਤ ਹੈ, ਇਸ ਲਈ ਪਹਿਲਾਂ ਕੋਲਡ ਡਰਿੰਕ ਪੀਤਾ ਜਾਵੇ। ਟੋਨੀ ਨੇ ਫਟਾਫਟ ਤਿੰਨ ਬੋਤਲਾਂ ਕੋਲਡ ਡਰਿੰਕ ਦੀਆਂ ਮੰਗਵਾ ਲਈਆਂ। ਜਦੋਂ ਕੋਲਡ ਡਰਿੰਕ ਆਇਆ ਤਾਂ ਟੋਨੀ ਕਮੀਜ਼ ਬਾਹਰ ਟੰਗ ਕੇ ਫਰੈੱਸ਼ ਹੋਣ ਲਈ ਬਾਥਰੂਮ ਵਿੱਚ ਜਾ ਵੜਿਆ ਕਿ ਮੂੰਹ ਹੱਥ ਧੋ ਕੇ ਅਰਾਮ ਨਾਲ ਪੀਂਦੇ ਹਾਂ। ਅਚਾਨਕ ਉਸ ਨੂੰ ਖਿਆਲ ਆਇਆ ਕਿ ਮੇਰੀ ਤਨਖਾਹ ਤਾਂ ਕਮੀਜ਼ ਦੀ ਜੇਬ ਵਿੱਚ ਹੈ, ਇਹ ਔਰਤਾਂ ਕਿਤੇ ਪੈਸੇ ਹੀ ਨਾ ਕੱਢ ਲੈਣ? ਉਹ ਹੱਥ ਮੂੰਹ ਧੋਤੇ ਬਗੈਰ ਹੀ ਕਾਹਲੀ ਨਾਲ ਬਾਹਰ ਨਿਕਲ ਆਇਆ। ਉਸ ਨੇ ਵੇਖਿਆ ਕਿ ਬਜ਼ੁਰਗ ਔਰਤ ਉਸ ਦੇ ਕੋਲਡ ਡਰਿੰਕ ਦੀ ਬੋਤਲ ਵਿੱਚ ਚੂਰਨ ਵਰਗਾ ਕੋਈ ਪਾਊਡਰ, ਜੋ ਅਸਲ ਵਿੱਚ ਜ਼ਹਿਰ ਸੀ, ਮਿਲਾ ਰਹੀ ਸੀ। ਟੋਨੀ ਨੂੰ ਵੇਖ ਕੇ ਉਹ ਆਪਣੀਆਂ ਬੋਤਲਾਂ ਵਿੱਚ ਵੀ ਚੂਰਨ ਮਿਲਾਉਣ ਦਾ ਪਖੰਡ ਕਰਨ ਲੱਗ ਪਈ। ਟੋਨੀ ਦੇ ਪੁੱਛਣ ’ਤੇ ਉਸ ਔਰਤ ਨੇ ਦੱਸਿਆ ਕਿ ਇਹ ਕਾਲਾ ਲੂਣ ਹੈ, ਇਸ ਨਾਲ ਕੋਲਡ ਡਰਿੰਕ ਦਾ ਸਵਾਦ ਬਹੁਤ ਵਧ ਜਾਂਦਾ ਹੈ।
ਟੋਨੀ ਕਮੀਜ਼ ਚੁੱਕ ਕੇ ਫਿਰ ਬਾਥਰੂਮ ਵਿੱਚ ਜਾ ਵੜਿਆ। ਬਾਥਰੂਮ ਤੋਂ ਬਾਹਰ ਆ ਕੇ ਉਸ ਨੇ ਅਜੇ ਕੋਲਡ ਡਰਿੰਕ ਦਾ ਇੱਕ ਘੁੱਟ ਹੀ ਭਰਿਆ ਸੀ ਕਿ ਅਚਾਨਕ ਏਅਰ ਕੰਡੀਸ਼ਨਰ ਬੰਦ ਹੋ ਗਿਆ। ਟੋਨੀ ਉੱਠ ਕੇ ਏ.ਸੀ. ਬਾਰੇ ਕਹਿਣ ਲਈ ਰਿਸੈੱਪਸ਼ਨ ਵੱਲ ਜਾਣ ਲੱਗਾ ਤਾਂ ਔਰਤਾਂ ਉਸ ਨੂੰ ਰੋਕਣ ਲੱਗ ਪਈਆਂ ਕਿ ਕੋਲਡ ਡਰਿੰਕ ਪੀ ਕੇ ਚਲਾ ਜਾਈਂ, ਪਰ ਟੋਨੀ ਨਾ ਰੁਕਿਆ। ਜ਼ਹਿਰ ਐਨਾ ਤੇਜ਼ ਸੀ ਕਿ ਕੋਲਡ ਡਰਿੰਕ ਦਾ ਸਿਰਫ ਇੱਕ ਘੁੱਟ ਪੀਣ ਨਾਲ ਹੀ ਟੋਨੀ ਦਾ ਦਿਮਾਗ ਹਿੱਲ ਗਿਆ ਤੇ ਰਿਸੈੱਪਸ਼ਨ ’ਤੇ ਪਹੁੰਚਣ ਤਕ ਉਹ ਇਹ ਹੀ ਭੁੱਲ ਗਿਆ ਉਹ ਕੌਣ ਹੈ ਤੇ ਇੱਥੇ ਕੀ ਕਰਨ ਆਇਆ ਹੈ। ਉਹ ਡਿਗਦਾ ਢਹਿੰਦਾ ਜਾ ਕੇ ਸੰਗਮ ਸਿਨੇਮੇ ਦੇ ਸਾਹਮਣੇ ਚੌਂਕ ਵਿੱਚ ਲੰਮਾ ਪੈ ਗਿਆ ਤੇ ਪਾਗਲਾਂ ਵਾਲੀਆਂ ਹਰਕਤਾਂ ਕਰਨ ਲੱਗ ਪਿਆ। ਚੰਗੀ ਕਿਮਸਤ ਨੂੰ ਚੌਂਕ ਵਿੱਚ ਉਸ ਦੇ ਪਿੰਡ ਦਾ ਸਿਪਾਹੀ ਟਰੈਫਿਕ ਡਿਊਟੀ ਦੇ ਰਿਹਾ ਸੀ। ਕਿਉਂਕਿ ਟੋਨੀ ਨਸ਼ੇ ਪੱਤੇ ਕਰਨ ਦਾ ਆਦੀ ਸੀ, ਇਸ ਲਈ ਉਸ ਸਿਪਾਹੀ ਨੇ ਸੋਚਿਆ ਕਿ ਸ਼ਾਇਦ ਇਸ ਨੇ ਭੰਗ ਵਗੈਰਾ ਜ਼ਿਆਦਾ ਖਾ ਲਈ ਹੈ। ਉਹ ਉਸ ਨੂੰ ਚੁੱਕ ਕੇ ਉਸ ਦੇ ਘਰ ਛੱਡ ਆਇਆ।
ਜਦੋਂ ਟੋਨੀ ਦੋ ਤਿੰਨ ਦਿਨ ਡਿਊਟੀ ’ਤੇ ਨਾ ਆਇਆ ਤਾਂ ਮੈਂ ਬਾਕੀ ਗੰਨਮੈਨਾਂ ਤੋਂ ਉਸ ਬਾਰੇ ਪੁੱਛਿਆ। ਉਨ੍ਹਾਂ ਦੱਸਿਆ ਕਿ ਉਹ ਤਾਂ ਭੰਗ ਪੀ ਕੇ ਘਰ ਹੀ ਪਿਆ ਹੈ। ਜਦੋਂ ਉਹ ਹਫਤੇ ਕੁ ਬਾਅਦ ਹਾਜ਼ਰ ਹੋਇਆ ਤਾਂ ਅਸਲੀ ਗੱਲ ਦਾ ਪਤਾ ਲੱਗਾ। ਟੋਨੀ ਅੱਜ ਵੀ ਇਹ ਸੋਚ ਕੇ ਕੰਬ ਉੱਠਦਾ ਹੈ ਕਿ ਜੇ ਉਸ ਨੇ ਉਸ ਦਿਨ ਕੋਲਡ ਡਰਿੰਕ ਦੀ ਪੂਰੀ ਬੋਤਲ ਪੀ ਲਈ ਹੁੰਦੀ ਤਾਂ ਉਸ ਦਾ ਕੀ ਬਣਦਾ? ਲੋਕਾਂ ਨੇ ਤਾਂ ਭੋਗ ’ਤੇ ਵੀ ਗਾਲ੍ਹਾਂ ਕੱਢਣੀਆਂ ਸਨ ਕਿ ਕਿਹੋ ਜਿਹੀ ਭੈੜੀ ਮੌਤੇ ਮਰਿਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3134)
(ਸਰੋਕਾਰ ਨਾਲ ਸੰਪਰਕ ਲਈ: