“ਕਾਰ ਸੇਵਾ ਇੱਕ ਬਹੁਤ ਹੀ ਲਾਹੇਵੰਦਾ ਧੰਦਾ ਹੈ। ਇਮਾਰਤ ਬਣਾਉਣ ਲਈ ਸਾਰਾ ਸਮਾਨ ...”
(7 ਅਪਰੈਲ 2019)
ਆਖਰ ਅਸ਼ਵਮੇਧ ਯੱਗ ਦੇ ਘੋੜੇ ਵਾਂਗ ਬੇਲਗਾਮ ਦੌੜਦਾ ਕਾਰ ਸੇਵਾ ਵਾਲੇ ਬਾਬਿਆਂ ਦਾ ਹਥੌੜਾ ਦਰਬਾਰ ਸਾਹਿਬ (ਤਰਨ ਤਾਰਨ) ਦੀ ਇਤਿਹਾਸਿਕ ਦਰਸ਼ਨੀ ਡਿਉੜੀ ਨੂੰ ਨਸ਼ਟ ਕਰਦੇ ਕਰਦੇ ਰੋਕ ਹੀ ਦਿੱਤਾ ਗਿਆ। ਹੁਣ ਤੱਕ ਕਥਿੱਤ ਧਾਰਮਿਕ ਲੋਕਾਂ ਦੀ ਹਰ ਕਰਤੂਤ ਨੂੰ ਇਲਾਹੀ ਹੁਕਮ ਸਮਝ ਕੇ ਫੁੱਲ ਚੜ੍ਹਾਉਣ ਵਾਲੇ ਲੋਕਾਂ ਨੂੰ ਵੀ ਸੋਝੀ ਆਉਣੀ ਸ਼ੁਰੂ ਹੋ ਗਈ ਹੈ। ਲੱਗਦਾ ਹੈ ਕਾਰ ਸੇਵਾ ਵਾਲਾ ਇਹ ਬਾਬਾ ਵਿਹਲਾ ਬੈਠਾ ਸੀ, ਕਿਸੇ ਪਾਸੇ ਤੋਂ ਮਾਇਆ ਮੋਹਣੀ ਨਹੀਂ ਆ ਰਹੀ ਹੋਣੀ, ਇਸੇ ਲਈ ਉਸ ਨੇ ਰਾਤ ਨੂੰ ਚੋਰਾਂ ਵਾਂਗ ਵਿਹਲੜਾਂ ਦੀ ਫੌਜ ਲਗਾ ਕੇ ਸਿੱਖ ਰਾਜ ਦੀ ਇਹ ਅਣਮੋਲ ਨਿਸ਼ਾਨੀ ਢਾਹੁਣ ਦੀ ਕੋਸ਼ਿਸ਼ ਕੀਤੀ। ਜੇ ਕਿਤੇ ਅਜਿਹੀ ਹਰਕਤ ਪਾਕਿਸਤਾਨ ਵਿੱਚ ਸਥਿੱਤ ਕਿਸੇ ਸਿੱਖ ਸਮਾਰਕ ਨਾਲ ਕੀਤੀ ਗਈ ਹੁੰਦੀ ਤਾਂ ਸਭ ਤੋਂ ਵੱਧ ਸੰਘ ਇਸੇ ਸਾਧ ਨੇ ਪਾੜਨਾ ਸੀ। ਅੱਜ ਵੀ ਇਸ ਬਾਬੇ ਨੂੰ ਜੇ ਇਸ ਦਰਸ਼ਨੀ ਡਿਉੜੀ ਦੇ ਇਤਿਹਾਸ ਬਾਰੇ ਪੁੱਛਿਆ ਜਾਵੇ ਤਾਂ ਇਹ ਆਸੇ ਪਾਸੇ ਝਾਕਣ ਲੱਗ ਪਏਗਾ। ਇਹਨਾਂ ਲੋਕਾਂ ਨੂੰ ਇੱਕ ਹੀ ਕੰਮ ਆਉਂਦਾ ਹੈ, ਇਤਿਹਾਸਿਕ ਨਿਸ਼ਾਨੀਆਂ ਦਾ ਸੋਨਾ ਅਤੇ ਮਾਰਬਲ ਚੇਪ ਕੇ ਗਲ ਘੁੱਟਣਾ। ਇਸ ਬਾਬੇ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਸਥਿੱਤ ਬੇਬੇ ਨਾਨਕੀ ਦੇ ਪਵਿੱਤਰ ਘਰ ਨੂੰ ਢਾਹੁਣ ਦੀ ਸੇਵਾ ਵੀ ਨਿਭਾਈ ਜਾ ਚੁੱਕੀ ਹੈ।
ਕਾਰ ਸੇਵਾ ਇੱਕ ਬਹੁਤ ਹੀ ਲਾਹੇਵੰਦਾ ਧੰਦਾ ਹੈ। ਇਮਾਰਤ ਬਣਾਉਣ ਲਈ ਸਾਰਾ ਸਮਾਨ (ਇੱਟਾਂ-ਸੀਮਿੰਟ ਆਦਿ) ਸ਼੍ਰੋਮਣੀ ਕਮੇਟੀ ਵੱਲੋਂ ਮੁਹੱਈਆ ਕੀਤਾ ਜਾਂਦਾ ਹੈ, ਬਾਬੇ ਦੀ ਸਿਰਫ ਲੇਬਰ ਹੁੰਦੀ ਹੈ। ਇਮਾਰਤ ਉਸਾਰਨ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਜਾਂਦੀ। ਸੇਵਾ ਪ੍ਰਾਪਤ ਹੁੰਦੇ ਸਾਰ ਬਾਬੇ ਪਿੰਡਾਂ ਵਿੱਚ ਹੋਕਾ ਫੇਰ ਦਿੰਦੇ ਹਨ ਕਿ ਫਲਾਣੇ ਗੁਰਦਵਾਰੇ ਦੀ ਕਾਰ ਸੇਵਾ ਚੱਲ ਰਹੀ ਹੈ। ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਸਾਰੇ ਕੰਮ ਛੱਡ ਕੇ ਹੁੰਮ ਹੁੰਮਾ ਕੇ ਪਹੁੰਚ ਜਾਂਦੀਆਂ ਹਨ। ਨਾਲੇ ਲੋਕ ਮੁਫਤ ਦੀ ਮਜ਼ਦੂਰੀ ਕਰਦੇ ਹਨ, ਨਾਲੇ ਬਾਬਿਆਂ ਦੇ ਟੋਕਰੇ ਮਾਇਆ ਨਾਲ ਭਰ ਦਿੰਦੇ ਹਨ। ਝਬਾਲ ਦੇ ਇੱਕ ਇਤਿਹਾਸਿਕ ਗੁਰਦੁਵਾਰੇ ਦੇ ਪ੍ਰਬੰਧਕ ਨੇ ਇਲਾਕੇ ਦੇ ਪ੍ਰਸਿੱਧ ਕਾਰ ਸੇਵਕ ਬਾਬੇ ਨੂੰ ਪੁੱਛਿਆ ਕਿ ਅਸੀਂ ਗੁਰਦਵਾਰੇ ਦੀ ਛੱਤ ਬਦਲਣੀ ਹੈ, ਕਿੰਨਾ ਕੁ ਖਰਚਾ ਆਵੇਗਾ? ਪਹਿਲਾਂ ਤਾਂ ਬਾਬੇ ਨੇ ਜੋਰ ਲਗਾਇਆ ਕਿ ਕਾਰ ਸੇਵਾ ਮੈਨੂੰ ਦੇ ਦੇ, ਤੂੰ ਐਵੇਂ ਕਿੱਥੇ ਖਪਦਾ ਫਿਰੇਂਗਾ? ਪ੍ਰਬੰਧਕ ਨੂੰ ਪਤਾ ਸੀ ਕਿ ਇਸ ਨੇ ਤਾਂ ਪੱਕਾ ਕਬਜ਼ਾ ਕਰ ਕੇ ਬੈਠ ਜਾਣਾ ਹੈ। ਉਹ ਨਾ ਮੰਨਿਆ ਤਾਂ ਬਾਬੇ ਨੇ ਸਮਝਾਇਆ ਕਿ ਖਰਚਾ ਕਾਹਦਾ, ਸਗੋਂ ਪੈਸੇ ਬਚਣਗੇ। ਤੂੰ ਦੋ ਕੁ ਮਜ਼ਦੂਰ ਤੇ ਇੱਕ ਮਿਸਤਰੀ ਲਗਾ ਤੇ ਸਾਰੇ ਇਲਾਕੇ ਵਿੱਚ ਰੌਲਾ ਪਾ ਦੇ ਕਿ ਕਾਰ ਸੇਵਾ ਚੱਲ ਰਹੀ ਹੈ, ਵੇਖ ਲੋਕ ਕਿਵੇਂ ਨੋਟ ਢੇਰੀ ਕਰਦੇ ਹਨ।
ਪੱਛਮੀ ਦੇਸ਼ਾਂ ਵਿੱਚ ਰਾਜ ਮਿਸਤਰੀ ਵੀ ਬਣਨਾ ਹੋਵੇ ਤਾਂ ਡਿਪਲੋਮਾ ਹਾਸਲ ਕਰਨਾ ਪੈਂਦਾ ਹੈ। ਪਰ ਸਾਡੇ ਇੱਥੇ ਇੰਜੀਨੀਅਰ ਤੋਂ ਲੈ ਕੇ ਡਾਕਟਰ ਤੱਕ ਬਿਨਾਂ ਕੋਈ ਕੋਰਸ ਕੀਤੇ ਬਣਿਆ ਜਾ ਸਕਦਾ ਹੈ। ਕਾਰ ਸੇਵਾ ਵਾਲੇ ਬਾਬੇ ਵੀ ਜਿਆਦਾਤਰ ਅਨਪੜ੍ਹ ਹੀ ਹੁੰਦੇ ਹਨ। ਉਹਨਾਂ ਨੂੰ ਸਿੱਖਾਂ ਦੇ ਗੌਰਵਸ਼ਾਲੀ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਤਿਹਾਸਿਕ ਮਹੱਤਵ ਦੀ ਕੋਈ ਇਮਾਰਤ ਢਾਹੁਣ ਲੱਗਿਆਂ ਇਹਨਾਂ ਨੂੰ ਭੋਰਾ ਦਰਦ ਨਹੀਂ ਆਉਂਦਾ। ਸਿੱਖ ਧਰਮ ਦੁਨੀਆਂ ਦਾ ਸਭ ਤੋਂ ਨਵੀਨ ਧਰਮ ਹੈ, ਪਰ ਅੱਜ ਦੀਵਾ ਲੈ ਕੇ ਵੀ ਕਿਸੇ ਗੁਰੂ ਸਾਹਿਬ ਦਾ ਘਰ ਜਾਂ ਹੋਰ ਨਿਸ਼ਾਨੀ ਨਹੀਂ ਲੱਭਦੀ। ਸਭ ਕੁਝ ਬਾਬਿਆਂ ਦੇ ਹਥੌੜੇ ਦੀ ਮਾਰ ਹੇਠ ਆ ਕੇ ਨਸ਼ਟ ਹੋ ਚੁੱਕਾ ਹੈ। ਸਰਹਿੰਦ ਦਾ ਠੰਢਾ ਬੁਰਜ, ਮੋਰਿੰਡੇ ਦੀ ਕੋਤਵਾਲੀ, ਚਮਕੌਰ ਸਾਹਿਬ ਦੀ ਗੜ੍ਹੀ, ਬਾਬਾ ਬੋਤਾ ਸਿੰਘ - ਬਾਬਾ ਗਰਜਾ ਸਿੰਘ ਦਾ ਅਸਥਾਨ ਅਤੇ ਛੋਟੇ ਤੇ ਵੱਡੇ ਘੱਲੂਘਾਰੇ ਆਦਿ ਨਾਲ ਸੰਬੰਧਿਤ ਸਾਰੀਆਂ ਨਿਸ਼ਾਨੀਆਂ ਮਾਰਬਲ ਥੱਲੇ ਦਫਨ ਕਰ ਦਿੱਤੀਆਂ ਗਈਆਂ ਹਨ। ਗੁਰਦਵਾਰਾ ਬਾਬਾ ਅਟੱਲ ਸਾਹਿਬ ਵਰਗੀ ਜਿਹੜੀ ਇਮਾਰਤ ਇਹ ਨਹੀਂ ਢਾਹ ਸਕਦੇ, ਉਸ ਵਿਚਲੀ ਪੁਰਾਤਨ ਚਿੱਤਰਕਾਰੀ ਕੂਚੀ ਫੇਰ ਕੇ ਨਸ਼ਟ ਕਰ ਦਿੰਦੇ ਹਨ।
ਇਹਨਾਂ ਸੂਰਮਿਆਂ ਨੇ ਤਾਂ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚਲੀਆਂ ਪੁਰਾਤਨ ਬੇਰੀਆਂ ਨੂੰ ਵੀ ਖਤਮ ਕਰਨ ਦੀ ਕਸਰ ਨਹੀਂ ਸੀ ਛੱਡੀ। ਬੇਵਕੂਫ ਤੋਂ ਬੇਵਕੂਫ ਇਨਸਾਨ ਨੂੰ ਵੀ ਪਤਾ ਹੈ ਕਿ ਦਰਖਤ ਨੂੰ ਵਧਣ ਫੁੱਲਣ ਲਈ ਹਵਾ, ਪਾਣੀ ਅਤੇ ਮਿੱਟੀ ਦੀ ਜਰੂਰਤ ਹੁੰਦੀ ਹੈ। ਇਹਨਾਂ ਨੇ ਬੇਰੀਆਂ ਦੀਆਂ ਜੜ੍ਹਾਂ ਨੂੰ ਇਸ ਤਰ੍ਹਾਂ ਮਾਰਬਲ ਨਾਲ ਢੱਕਿਆ ਕਿ ਵਿਚਾਰੀਆਂ ਮਰਨ ਕਿਨਾਰੇ ਪਹੁੰਚ ਗਈਆਂ। ਭਲਾ ਹੋਵੇ ਸ਼੍ਰੋਮਣੀ ਕਮੇਟੀ ਦੇ ਕਿਸੇ ਸਿਆਣੇ ਅਹੁਦੇਦਾਰ ਦਾ, ਜਿਸ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਇਮਦਾਦ ਨਾਲ ਉਹਨਾਂ ਨੂੰ ਮਰਨੋਂ ਬਚਾਇਆ। ਜਦੋਂ ਜੜ੍ਹਾਂ ਨਾਲੋਂ ਮਾਰਬਲ ਹਟਾ ਕੇ ਖਾਦ ਪਾਣੀ ਦਿੱਤਾ ਗਿਆ ਤਾਂ ਉਹ ਦੁਬਾਰਾ ਫਲ ਦੇਣ ਲੱਗ ਪਈਆਂ। ਇਕੱਲੀਆਂ ਇਹ ਬੇਰੀਆਂ ਹੀ ਨਹੀਂ, ਸਗੋਂ ਹਰੇਕ ਗੁਰਦਵਾਰੇ ਦੀ ਪਰਕਰਮਾ ਵਿੱਚ ਲੱਗੇ ਦਰਖਤਾਂ ਦੀਆਂ ਜੜ੍ਹਾਂ ਇਸੇ ਤਰ੍ਹਾਂ ਮਾਰਬਲ ਨਾਲ ਢਕ ਦਿੱਤੀਆਂ ਗਈਆਂ ਹਨ।
1965-66 ਲਾਗੇ ਦਰਬਾਰ ਸਾਹਿਬ ਤਰਨ ਤਾਰਨ ਦੀ ਪਰਕਰਮਾ ਵਿੱਚ ਅੰਬਾਂ ਦੇ ਅਨੇਕਾਂ ਹਰੇ ਭਰੇ ਦਰਖਤ ਹੁੰਦੇ ਸਨ ਜਿਹਨਾਂ ਦੀ ਠੰਢੀ ਛਾਂ ਹੇਠ ਲੋਕ ਦੁਪਹਿਰ ਕੱਟਿਆ ਕਰਦੇ ਸਨ। ਉਹ ਵੀ ਸਾਰੇ ਸਾਫ ਕਰ ਕੇ ਮਾਰਬਲ ਚੇਪ ਦਿੱਤਾ ਗਿਆ ਹੈ।
ਕਾਰ ਸੇਵਾ ਵਾਲੇ ਬਾਬਿਆਂ ਦਾ ਇੱਕ ਵਰਤਾਰਾ ਸਭ ਨੇ ਵੇਖਿਆ ਹੋਵੇਗਾ ਕਿ ਇਹ ਕਾਰ ਸੇਵਾ ਨੂੰ ਮੁਕੰਮਲ ਕਰਨ ਵਿੱਚ ਬਿਲਕੁਲ ਰੁਚੀ ਨਹੀਂ ਰੱਖਦੇ। ਕਾਰਨ, ਕੰਮ ਪੂਰਾ ਹੁੰਦੇ ਸਾਰ ਚੜ੍ਹਾਵਾ ਆਉਣਾ ਬੰਦ ਹੋ ਜਾਂਦਾ ਹੈ। ਇੱਕ ਦੋ ਮਿਸਤਰੀ ਲਗਾ ਕੇ ਸਾਲਾਂ ਬੱਧੀ ਟੁੱਕ ਟੁੱਕ ਕਰਦੇ ਰਹਿੰਦੇ ਹਨ। ਇੱਕ ਬਾਬੇ ਨੂੰ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਲੱਕੜ ਦੇ ਨਵੇਂ ਦਰਵਾਜ਼ੇ ਬਣਾਉਣ ਦੀ ਸੇਵਾ ਮਿਲੀ ਸੀ। ਕਈ ਸਾਲ ਜੂੰ ਚਾਲੇ ਕੰਮ ਚੱਲਦਾ ਰਿਹਾ। ਇਸ ਸੰਬੰਧੀ ਅਖਬਾਰਾਂ ਵਿੱਚ ਵੀ ਰੌਲਾ ਪਿਆ ਸੀ। ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਕਿਤੇ ਜਾ ਕੇ ਉਸ ਨੂੰ ਰਹਿਮ ਆਇਆ ਤੇ ਦਰਵਾਜ਼ੇ ਮੁਕੰਮਲ ਹੋਏ। ਹਰਿਮੰਦਰ ਸਾਹਿਬ ਦੇ ਸਰੋਵਰ ਦੀ ਅਖੀਰਲੀ ਸਫਾਈ ਸੰਨ 2004 ਵਿੱਚ ਹੋਈ ਸੀ। ਕਿਉਂਕਿ ਹੁਣ ਸਰੋਵਰ ਵਿੱਚ ਫਿਲਟਰ ਲੱਗ ਚੁੱਕੇ ਹਨ, ਇਸ ਲਈ ਸ਼ਾਇਦ ਦੁਬਾਰਾ ਸਫਾਈ ਦੀ ਜਰੂਰਤ ਨਾ ਪਵੇ। ਜਦੋਂ ਕਾਰ ਸੇਵਾ ਸ਼ੁਰੂ ਹੋਈ ਤਾਂ ਸੰਗਤਾਂ ਦੇ ਅਥਾਹ ਜੋਸ਼ ਅੱਗੇ ਸਰੋਵਰ ਵੀ ਛੋਟਾ ਪੈ ਗਿਆ। ਸੰਗਤਾਂ ਨੇ ਇੱਕ ਦਿਨ ਵਿੱਚ ਹੀ ਅੱਧਾ ਸਰੋਵਰ ਸਾਫ ਕਰ ਦਿੱਤਾ। ਕਾਰ ਸੇਵਾ ਵਾਲੇ ਬਾਬੇ ਨੂੰ ਫਿਕਰ ਪੈ ਗਿਆ ਕਿ ਜੇ ਇਹ ਸਫਾਈ ਦੋ-ਤਿੰਨ ਦਿਨ ਵਿੱਚ ਮੁਕੰਮਲ ਹੋ ਗਈ ਤਾਂ ਮਾਇਆ ਦੇ ਗੱਫੇ ਕਿੱਥੋਂ ਆਉਣਗੇ? ਉਸ ਨੇ ਕੋਈ ਬਹਾਨਾ ਬਣਾ ਕੇ ਕਈ ਦਿਨ ਸੇਵਾ ਬੰਦ ਰੱਖੀ। ਜਦੋਂ ਗੋਲਕਾਂ ਨੱਕੋ ਨੱਕ ਭਰ ਗਈਆਂ ਤਾਂ ਕਿਤੇ ਜਾ ਕੇ ਦੁਬਾਰਾ ਸੇਵਾ ਸ਼ੁਰੂ ਕਰਵਾਈ ਗਈ।
ਬਾਬਿਆਂ ਮੁਤਾਬਕ ਕਾਰ ਸੇਵਾ ਦਾ ਮਤਲਬ ਹੈ ਸਿਰਫ ਗੁਰਦਵਾਰਿਆਂ ਦੀ ਤੋੜ ਭੰਨ ਅਤੇ ਨਵ ਉਸਾਰੀ। ਜਦ ਕਿ ਕਾਰ ਸੇਵਾ ਦਾ ਅਸਲੀ ਮਤਲਬ ਹੈ ਇਨਸਾਨੀਅਤ ਦੀ ਸੇਵਾ, ਨਰ ਸੇਵਾ - ਨਰਾਇਣ ਸੇਵਾ। ਕਦੇ ਕਿਸੇ ਕਾਰ ਸੇਵਾ ਵਾਲੇ ਬਾਬੇ ਨੇ ਕੋਈ ਜਰਜਰ ਹਾਲਤ ਸਰਕਾਰੀ ਸਕੂਲ, ਕਾਲਜ, ਹਸਪਤਾਲ, ਬਿਰਧਘਰ ਜਾਂ ਯਤੀਮਖਾਨਾ ਤੋੜ ਕੇ ਨਵਾਂ ਉਸਾਰਿਆ ਹੈ? ਅਜਿਹਾ ਲੋਕ ਭਲਾਈ ਦਾ ਕੰਮ ਕਰਨ ਦਾ ਕੋਈ ਫਾਇਦਾ ਨਹੀਂ, ਪੱਲਿਉਂ ਪੈਸੇ ਖਰਚਣੇ ਪੈਣੇ ਹਨ। ਇਹ ਵੀ ਸੱਚਾਈ ਹੈ ਕਿ ਸਾਡੀ ਕੌਮ ਅਜਿਹੇ ਕਿਸੇ ਚੰਗੇ ਕੰਮ ਲਈ ਦਾਨ ਦੱਖਣਾ ਨਹੀਂ ਦਿੰਦੀ। ਵੇਖਣ ਵਿੱਚ ਆਇਆ ਹੈ ਕਿ ਗੁਰਦਵਾਰਿਆਂ ਦੀ ਕਾਰ ਸੇਵਾ ਸਮੇਂ ਸ਼ਰਧਾਲੂ ਨਵੇਂ ਟਰੱਕ, ਸਣੇ ਸਰੀਆ-ਸੀਮੈਂਟ ਦੇ ਬਾਬਿਆਂ ਨੂੰ ਦਾਨ ਕਰ ਜਾਂਦੇ ਹਨ। ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸਮੇਂ ਬਾਬੇ ਨੂੰ ਬੰਬਈ ਦੇ ਇੱਕ ਹੀ ਸ਼ਰਧਾਵਾਨ ਨੇ 5-6 ਨਵੀਆਂ ਬਲੈਰੋ ਗੱਡੀਆਂ ਦਾਨ ਦਿੱਤੀਆਂ ਸਨ, ਹੋਰ ਪਤਾ ਨਹੀਂ ਕੀ ਕੁਝ ਆਇਆ ਹੋਵੇਗਾ।
ਕਾਰ ਸੇਵਾ ਕਿੰਨਾ ਮੁਨਾਫਾ ਬਖਸ਼ ਕੰਮ ਹੈ, ਇਹ ਇਹਨਾਂ ਬਾਬਿਆਂ ਦੇ ਆਲੀਸ਼ਾਨ ਡੇਰਿਆਂ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਹੈ। ਇਹ ਵੀ ਸੱਚ ਨਹੀਂ ਕਿ ਕਾਰ ਸੇਵਾ ਵਾਲੇ ਸਾਰੇ ਬਾਬੇ ਅਜਿਹੇ ਹਨ। ਬਾਬਾ ਜੀਵਨ ਸਿੰਘ, ਬਾਬਾ ਝੰਡਾ ਸਿੰਘ ਤੇ ਬਾਬਾ ਖੜਕ ਸਿੰਘ ਆਦਿ ਵਰਗੇ ਕਈ ਮਹਾਂਪੁਰਸ਼ ਹੋਏ ਹਨ, ਜਿਹਨਾਂ ਸਾਰੀ ਉਮਰ ਮੋਟਾ ਖੱਦਰ ਪਹਿਨਿਆਂ, ਸਿਰ ’ਤੇ ਟੋਕਰੇ ਢੋਏ ਤੇ ਪੰਥ ਦੀ ਚੜ੍ਹਦੀ ਕਲਾ ਲਈ ਗੁਰੂਘਰਾਂ ਤੋਂ ਇਲਾਵਾ ਅਨੇਕਾਂ ਸਕੂਲਾਂ, ਕਾਲਜਾਂ ਅਤੇ ਪੁਲਾਂ ਦੀ ਉਸਾਰੀ ਕਰਵਾਈ।
ਸਿੱਖ ਇਤਿਹਾਸ ਨਾਲ ਸੰਬੰਧਿਤ ਇਮਾਰਤਾਂ ਨੂੰ ਨਵਿਆਉਣ ਜਾਂ ਮਜ਼ਬੂਤੀ ਦੇਣ ਖਾਤਰ ਭੰਨ ਤੋੜ ਦੇਣਾ ਹੀ ਇੱਕੋ ਇੱਕ ਹੱਲ ਨਹੀਂ ਹੈ। ਅੱਜ ਵਿਗਿਆਨ ਦਾ ਯੁੱਗ ਹੈ, ਇਮਾਰਤ ਨੂੰ ਬਚਾਉਣ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਹਨ। ਹੁਣ ਤਾਂ ਪੂਰੀ ਦੀ ਪੂਰੀ ਇਮਾਰਤ ਨੂੰ ਖੱਗ ਕੇ ਨਵੀਂ ਥਾਂ ਸਥਾਪਿਤ ਕੀਤਾ ਜਾ ਸਕਦਾ ਹੈ। ਯਹੂਦੀਆਂ ਨੇ ਆਪਣੀ ਹਜ਼ਾਰਾਂ ਸਾਲ ਪੁਰਾਣੀ ਦੁੱਖ ਦੀ ਕੰਧ (ਯੋਰੂਸ਼ਲਮ) ਨੂੰ ਉਸੇ ਰੂਪ ਵਿੱਚ ਸੰਭਾਲਿਆ ਹੋਇਆ ਹੈ, ਮਹਾਤਮਾ ਬੁੱਧ ਨਾਲ ਸੰਬੰਧਿਤ ਬੋਧੀ ਬ੍ਰਿਖ (ਬੁੱਧਗਯਾ) ਅੱਜ ਵੀ ਹਰਿਆ ਭਰਿਆ ਖੜ੍ਹਾ ਹੈ, ਮੱਕੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਨਾਲ ਸੰਬੰਧਿਤ ਅਨੇਕਾਂ ਇਮਾਰਤਾਂ ਹੁਣ ਵੀ ਕਾਇਮ ਦਾਇਮ ਹਨ। ਸਿੱਖ ਧਰਮ ਤੋਂ ਇਲਾਵਾ ਹੋਰ ਕਿਸੇ ਵੀ ਧਰਮ ਨੇ ਆਪਣੇ ਹੱਥੀਂ ਇਸ ਤਰ੍ਹਾਂ ਆਪਣੀ ਵਿਰਾਸਤ ਤਬਾਹ ਨਹੀਂ ਕੀਤੀ। ਅਬਦਾਲੀ ਨੇ ਵੀ ਸ਼ਾਇਦ ਹਰਿਮੰਦਰ ਸਾਹਿਬ ਤੋਂ ਇਲਾਵਾ ਕਿਸੇ ਹੋਰ ਸਿੱਖ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਸੀ ਪਹੁੰਚਾਇਆ। ਪਰ ਸਾਡੀ ਸ਼ਾਇਦ ਹੀ ਕੋਈ ਧਾਰਮਿਕ ਵਿਰਾਸਤੀ ਇਮਾਰਤ ਇਹਨਾਂ ਅਨਪੜ੍ਹ ਬਾਬਿਆਂ ਦੇ ਹਥੌੜੇ ਤੋਂ ਬਚੀ ਹੋਵੇ। ਇਸ ਲਈ ਕਾਰ ਸੇਵਾ ਵਾਲੇ ਬਾਬਿਆਂ ਅੱਗੇ ਬੇਨਤੀ ਹੈ ਕਿ ਜੇ ਖੁਦ ਨੂੰ ਇਤਿਹਾਸ ਦਾ ਗਿਆਨ ਨਹੀਂ ਤਾਂ ਹਥੌੜਾ ਚਲਾਉਣ ਤੋਂ ਪਹਿਲਾਂ ਕਿਸੇ ਸਿੱਖ ਸਕਾਲਰ ਦੀਆਂ ਸੇਵਾਵਾਂ ਜਰੂਰ ਲੈ ਲਈਆਂ ਜਾਣ।
******
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1543)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)