“ਅਜੇ ਅਸੀਂ ਉਨ੍ਹਾਂ ਨਾਲ ਗੱਲਬਾਤ ਕਰ ਹੀ ਰਹੇ ਸੀ ਕਿ ਪਿੰਡ ਦੇ ਗੁਰਦਵਾਰੇ ਦਾ ਸਪੀਕਰ ਗੂੰਜ ਉੱਠਿਆ ...”
(1 ਫਰਵਰੀ 2022)
ਪੰਜਾਬ ਵਿੱਚ ਹੁਣ ਤਕ ਦੀ ਸਭ ਤੋਂ ਵੱਧ ਖੂਨ ਖਰਾਬੇ ਵਾਲੀਆਂ ਵਿਧਾਨ ਸਭਾ ਚੋਣ ‘ਚੋਣ ਕਮਿਸ਼ਨ’ ਵੱਲੋਂ 22 ਜੂਨ 1991 ਦੀ ਮਿਥੀ ਗਈ ਹੈ। ਪੰਜਾਬ ਵਿੱਚ 1985 ਵਿੱਚ ਗਵਰਨਰ ਰਾਜ ਲਾਗੂ ਹੋਇਆ ਸੀ ਤੇ ਉਸ ਤੋਂ ਬਾਅਦ ਹੋਣ ਵਾਲੀ ਇਹ ਪਹਿਲੀ ਵਿਧਾਨ ਸਭਾ ਚੋਣ ਸੀ। ਉਸ ਵੇਲੇ ਪੰਜਾਬ ਵਿੱਚ ਅੱਤਵਾਦ ਦਾ ਸਿਖਰ ਸੀ। ਇਨ੍ਹਾਂ ਚੋਣਾਂ ਵਿੱਚ ਅੱਤਵਾਦੀਆਂ ਵੱਲੋਂ ਐਨਾ ਖੂਨ ਖਰਾਬਾ ਕੀਤਾ ਗਿਆ ਕਿ ਮਜਬੂਰ ਹੋ ਕੇ ਚੋਣ ਕਮਿਸ਼ਨ ਨੂੰ ਇੱਕ ਦਿਨ ਪਹਿਲਾਂ (21 ਜੂਨ ਦੀ ਰਾਤ) ਨੂੰ ਚੋਣਾਂ ਰੱਦ ਕਰਨੀਆਂ ਪਈਆਂ ਸਨ।
ਮੈਂ 1990 ਵਿੱਚ ਬਤੌਰ ਏ.ਐੱਸ.ਆਈ. ਭਰਤੀ ਹੋਇਆ ਤੇ ਟਰੇਨਿੰਗ ਦੇ ਦੌਰਾਨ ਹੀ ਇੰਸਪੈਕਟਰ ਦੀਆਂ ਅਸਾਮੀਆਂ ਆ ਗਈਆਂ। ਮੈਂ ਇੰਸਪੈਕਟਰ ਚੁਣ ਲਿਆ ਗਿਆ। ਪਰ ਮਾੜੀ ਕਿਸਮਤ ਨੂੰ ਮਈ ਦੇ ਅੱਧ ਵਿੱਚ ਸਾਡੀ ਲਿਸਟ ਆਊਟ ਹੋਈ ਤੇ ਤਿੰਨ ਦਿਨ ਬਾਅਦ ਹੀ ਚੋਣ ਜ਼ਾਬਤਾ ਲੱਗ ਗਿਆ, ਜਿਸ ਕਾਰਨ ਸਾਡਾ ਸਾਰਾ ਬੈਚ ਡਿਊਟੀ ਜੌਇਨ ਕਰਨ ਤੋਂ ਰਹਿ ਗਿਆ। ਇਨ੍ਹਾਂ ਚੋਣਾਂ ਦਾ ਕਾਂਗਰਸ ਨੇ ਬਾਈਕਾਟ ਕੀਤਾ ਸੀ ਪਰ ਬਾਕੀ ਸਾਰੀਆਂ ਪਾਰਟੀਆਂ ਚੋਣਾਂ ਲੜ ਰਹੀਆਂ ਸਨ। ਸਭ ਤੋਂ ਅਜੀਬ ਗੱਲ ਇਹ ਹੋਈ ਕਿ 80 ਤੋਂ ਵੱਧ ਸੀਟਾਂ ’ਤੇ ਪੰਜਾਬ ਦੇ ਚੋਟੀ ਦੇ ਅੱਤਵਾਦੀਆਂ ਦੇ ਰਿਸ਼ਤੇਦਾਰ ਅਤੇ ਹਿਮਾਇਤੀ ਬਤੌਰ ਅਜ਼ਾਦ ਉਮੀਦਵਾਰ ਚੋਣ ਲੜ ਰਹੇ ਸਨ। ਉਨ੍ਹਾਂ ਨੇ ਐਲਾਨ ਕਰ ਦਿੱਤਾ ਸੀ ਕਿ ਸਾਡੀ ਸਰਕਾਰ ਬਣਦੇ ਸਾਰ ਪਿਛਲੀਆਂ ਸਾਰੀਆਂ ਭਰਤੀਆਂ ਰੱਦ ਕਰ ਦਿੱਤੀਆਂ ਜਾਣਗੀਆਂ ਤੇ ਦੁਬਾਰਾ ਆਪਣੇ ਬੰਦੇ ਭਰਤੀ ਕੀਤੇ ਜਾਣਗੇ। ਇਹ ਐਲਾਨ ਸੁਣ ਕੇ ਸਾਡੇ ਬੈਚ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ ਕਿ ਸਾਡੀ ਇੰਸਪੈਕਟਰੀ ਤਾਂ ਹੁਣ ਗਈ।
ਉਸ ਵੇਲੇ ਚੋਣ ਕਮਿਸ਼ਨ ਦਾ ਨਿਯਮ ਹੁੰਦਾ ਸੀ ਕਿ ਕਿਸੇ ਵੀ ਉਮੀਦਵਾਰ ਦੇ ਮਰਨ ’ਤੇ ਉਸ ਹਲਕੇ ਦੀ ਚੋਣ ਮੁਅੱਤਲ ਕਰ ਦਿੱਤੀ ਜਾਂਦੀ ਸੀ। ਅੱਤਵਾਦੀ ਇਨ੍ਹਾਂ ਚੋਣਾਂ ਵਿੱਚ ਡਬਲ ਗੇਮ ਖੇਡ ਰਹੇ ਸਨ। ਇੱਕ ਪਾਸੇ ਤਾਂ ਉਹ ਆਪਣੀ ਵਿਚਾਰਧਾਰਾ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਲਈ ਵੋਟਰਾਂ ਨੂੰ ਧਮਕਾ ਰਹੇ ਸਨ ਪਰ ਦੂਸਰੇ ਪਾਸੇ ਮੁੱਖ ਧਾਰਾ ਵਾਲੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਤਲ ਕਰ ਰਹੇ ਸਨ। ਇਨ੍ਹਾਂ ਚੋਣਾਂ ਵਿੱਚ ਰਿਕਾਰਡ 24 ਉਮੀਦਵਾਰਾਂ ਸਮੇਤ 87 ਪ੍ਰਮੁੱਖ ਸਿਆਸੀ ਵਿਅਕਤੀਆਂ ਦਾ ਕਤਲ ਅੱਤਵਾਦੀਆਂ ਵੱਲੋਂ ਕੀਤਾ ਗਿਆ। ਪਿੰਡਾਂ ਵਿੱਚ ਸ਼ਰੇਆਮ ਸਪੀਕਰਾਂ ’ਤੇ ਐਲਾਨ ਕੀਤੇ ਜਾਂਦੇ ਸਨ ਕਿ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਵਾਲਿਆਂ ਨੂੰ ਸਣੇ ਪਰਿਵਾਰ ਸੋਧ ਦਿੱਤਾ ਜਾਵੇਗਾ। ਕਰੂਰਤਾ ਦੀ ਹੱਦ ਉਦੋਂ ਹੋ ਗਈ ਜਦੋਂ ਅੱਤਵਾਦੀਆਂ ਨੇ ਲੁਧਿਆਣਾ ਨੇੜੇ ਪੰਜਾਬ ਦੇ ਅੱਤਵਾਦ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਤਲੇਆਮ ਕਰ ਦਿੱਤਾ। 15 ਜੂਨ 1991 ਵਾਲੇ ਦਿਨ ਬੱਦੋਵਾਲ ਸਟੇਸ਼ਨ (ਲਧਿਆਣਾ) ਦੇ ਨਜ਼ਦੀਕ ਦੋ ਮੁਸਾਫਰ ਟਰੇਨਾਂ ਰੋਕ ਕੇ ਇੱਕ ਫਿਰਕੇ ਨਾਲ ਸਬੰਧਿਤ 80 ਬੇਗੁਨਾਹਾਂ ਨੂੰ ਕਤਲ ਤੇ 50 ਦੇ ਕਰੀਬ ਨੂੰ ਜ਼ਖਮੀ ਕਰ ਦਿੱਤਾ ਗਿਆ।
ਉਸ ਸਮੇਂ ਮੈਂ ਫਰੀਦਕੋਟ ਜ਼ਿਲ੍ਹੇ ਵਿੱਚ ਤਾਇਨਾਤ ਸੀ ਤੇ ਫਿਲੌਰ ਤੋਂ ਬੇਸਿਕ ਟਰੇਨਿੰਗ ਕਰ ਕੇ ਨਵਾਂ ਨਵਾਂ ਹੀ ਆਇਆ ਸੀ। ਚੋਣਾਂ ਵਿੱਚ ਮੇਰੀ ਵੀ ਡਿਊਟੀ ਲੱਗ ਗਈ ਤੇ ਮੈਂਨੂੰ ਇੱਕ ਪਾਰਟੀ ਦਾ ਇੰਚਾਰਜ ਬਣਾ ਕੇ 10 ਪੁਲਿਸ ਅਤੇ ਹੋਮਗਾਰਡ ਦੇ ਜਵਾਨਾਂ ਅਤੇ ਕੁਝ ਮਾਸਟਰਾਂ ਸਮੇਤ ਸਾਦਿਕ ਥਾਣੇ ਦੇ ਇੱਕ ਪਿੰਡ ਵਿੱਚ ਵੋਟਾਂ ਪਵਾਉਣ ਲਈ ਭੇਜ ਦਿੱਤਾ ਗਿਆ। ਅੱਜ ਕੱਲ੍ਹ ਤਾਂ ਚੋਣ ਅਮਲਾ ਬੱਸਾਂ ਵਿੱਚ ਜਾਂਦਾ ਹੈ, ਪਰ ਉਨ੍ਹਾਂ ਦਿਨਾਂ ਵਿੱਚ ਟਰੱਕ ਯੂਨੀਅਨ ਤੋਂ ਵਗਾਰ ਵਿੱਚ ਲਿਆਂਦੇ ਟੁੱਟੇ ਭੱਜੇ ਟਰੱਕਾਂ ਵਿੱਚ ਜਾਇਆ ਕਰਦੇ ਸਨ। ਰੱਬ ਰੱਬ ਕਰਦੇ ਕਿ ਰਾਹ ਵਿੱਚ ਕਿਤੇ ਅੱਤਵਾਦੀਆਂ ਨੇ ਬਾਰੂਦੀ ਸੁਰੰਗ ਨਾ ਲਗਾਈ ਹੋਵੇ, ਅਸੀਂ ਸੁੱਖੀ ਸਾਂਦੀ ਸ਼ਾਮ 6 ਕੁ ਵਜੇ ਸਕੂਲ ਵਿੱਚ ਪਹੁੰਚ ਗਏ। ਅੱਗੇ ਪਿੰਡ ਦੇ ਸਰਕਾਰੀ ਹਾਈ ਸਕੂਲ ਦੀ ਹਾਲਤ ਸਾਡੇ ਟਰੱਕ ਨਾਲੋਂ ਵੀ ਖਸਤਾ ਸੀ। ਸਕੂਲ ਵਿੱਚ ਬਿਜਲੀ ਦਾ ਪ੍ਰਬੰਧ ਵੀ ਨਹੀਂ ਸੀ। ਬਿਜਲੀ ਤਾਂ ਉਦੋਂ ਪਿੰਡਾਂ ਵਿੱਚ ਵੈਸੇ ਵੀ ਘੱਟ ਹੀ ਆਉਂਦੀ ਹੁੰਦੀ ਸੀ। ਖੈਰ ਮਾਸਟਰਾਂ ਨੇ ਟਰੱਕ ਵਿੱਚੋਂ ਸਾਰਾ ਸਮਾਨ ਉਤਾਰ ਕੇ ਇੱਕ ਕਮਰੇ ਵਿੱਚ ਟਿਕਾ ਲਿਆ ਤੇ ਕਾਗਜ਼ ਪੱਤਰ ਆਦਿ ਪੂਰੇ ਕਰਨ ਲੱਗ ਪਏ।
ਸਾਨੂੰ ਆਇਆਂ ਵੇਖ ਕੇ ਪਿੰਡ ਦਾ ਚੌਕੀਦਾਰ ਤੇ ਦੋ ਤਿੰਨ ਮੋਹਤਬਰ ਵਿਅਕਤੀ ਰੋਟੀ ਪਾਣੀ ਅਤੇ ਮੰਜੇ ਬਿਸਤਰਿਆਂ ਆਦਿ ਬਾਰੇ ਪੁੱਛਣ ਲਈ ਸਕੂਲ ਪਹੁੰਚ ਗਏ। ਅਜੇ ਅਸੀਂ ਉਨ੍ਹਾਂ ਨਾਲ ਗੱਲਬਾਤ ਕਰ ਹੀ ਰਹੇ ਸੀ ਕਿ ਪਿੰਡ ਦੇ ਗੁਰਦਵਾਰੇ ਦਾ ਸਪੀਕਰ ਗੂੰਜ ਉੱਠਿਆ, “ਸਾਰੇ ਮਾਈ ਭਾਈ ਧਿਆਨ ਨਾਲ ਸੁਣ ਲੈਣ, ਸਿੰਘਾਂ (ਅੱਤਵਾਦੀਆਂ) ਨੇ ਹੁਕਮ ਕੀਤਾ ਹੈ ਕਿ ਜਿਸ ਵੀ ਵਿਅਕਤੀ ਨੇ ਪੋਲਿੰਗ ਪਾਰਟੀ ਨੂੰ ਚਾਹ ਪਾਣੀ ਪਿਆਉਣ ਦੀ ਕੋਸ਼ਿਸ਼ ਕੀਤੀ, ਉਹ ਆਪਣੇ ਨਫੇ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਵੇਗਾ।”
ਅਜੇ ਅਸੀਂ ਆਪਸ ਵਿੱਚ ਮੰਜਿਆਂ ਦੀ ਗਿਣਤੀ ਤੇ ਰੋਟੀ ਸਬਜ਼ੀ ਜਾਂ ਮੁਰਗੇ ਨਾਲ ਖਾਣ ਬਾਰੇ ਸਲਾਹਾਂ ਕਰ ਹੀ ਰਹੇ ਸੀ ਕਿ ਅਨਾਊਂਸਮੈਂਟ ਸੁਣ ਕੇ ਸਾਰੇ ਮੋਹਤਬਰ ਗਧੇ ਦੇ ਸਿਰ ਤੋਂ ਸਿੰਗਾਂ ਵਾਂਗ ਗਾਇਬ ਹੋ ਗਏ। ਸਾਰਾ ਅਮਲਾ ਸਵੇਰ ਦਾ ਭੁੱਖਾ ਸੀ ਤੇ ਉੱਤੋਂ ਇਹ ਨਵੀਂ ਮੁਸੀਬਤ ਗੱਲ ਪੈ ਗਈ।
ਸਾਡੇ ਨਾਲ ਜੱਗਾ ਜੁਗਾੜੀ ਨਾਮਕ ਇੱਕ ਹਵਾਲਦਾਰ ਸੀ ਜੋ ਕਾਫੀ ਦੇਰ ਤਕ ਥਾਣਾ ਸਾਦਿਕ ਵਿੱਚ ਤਾਇਨਾਤ ਰਿਹਾ ਸੀ ਤੇ ਉਸ ਪਿੰਡ ਵਿੱਚ ਉਸ ਦੀ ਪਤਨੀ ਦੇ ਨਾਨਕੇ ਸਨ। ਸਾਰਿਆਂ ਨੇ ਉਸ ਨੂੰ ਤਰਲੇ ਪਾਏ ਕਿ ਹੁਣ ਉਹ ਹੀ ਕੁਝ ਜੁਗਾੜ ਕਰੇ। ਉਸ ਨੇ ਕਿਹਾ ਕਿ ਮੰਜੇ ਬਿਸਤਰੇ ਲਿਆ ਕੇ ਤਾਂ ਮੈਂ ਰਿਸ਼ਤੇਦਾਰ ਖਤਰੇ ਵਿੱਚ ਨਹੀਂ ਪਾਉਣੇ ਕਿਉਂਕਿ ਸਾਰਿਆਂ ਨੇ ਵੇਖ ਲੈਣਾ ਹੈ, ਪਰ ਥੋੜ੍ਹਾ ਹਨੇਰਾ ਹੋਣ ’ਤੇ ਲੁਕ ਛਿਪ ਕੇ ਰੋਟੀਆਂ ਜ਼ਰੂਰ ਲੈ ਆਵਾਂਗਾ। ਉਹ ਨੌਂ ਕੁ ਵਜੇ ਗਿਆ ਤੇ ਦੋ ਕੁ ਘੰਟਿਆਂ ਬਾਅਦ 35, 40 ਰੋਟੀਆਂ ਅਚਾਰ ਨਾਲ ਅਖਬਾਰ ਵਿੱਚ ਵਲੇਟ ਕੇ ਲੈ ਆਇਆ। ਐਨੀ ਦੇਰ ਲਾਉਣ ਦਾ ਕਾਰਨ ਪੁੱਛਣ ’ਤੇ ਉਸ ਨੇ ਦੱਸਿਆ ਕਿ ਅੱਤਵਾਦੀਆਂ ਤੋਂ ਡਰਦਿਆਂ ਪਹਿਲਾਂ ਤਾਂ ਰਿਸ਼ਤੇਦਾਰਾਂ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ, ਜਦੋਂ ਉਹ ਕੰਧ ਟੱਪ ਕੇ ਅੰਦਰ ਪਹੁੰਚਿਆ ਤਾਂ ਉਨ੍ਹਾਂ ਦੇ ਲੰਡਰ ਕੁੱਤੇ ਨੇ ਉਸ ਦੀ ਲੱਤ ਪਕੜ ਲਈ ਤੇ ਵਿਚਾਰੇ ਦਾ ਪਜਾਮਾ ਵੀ ਪਾੜ ਦਿੱਤਾ। ਉੱਪਰੋਂ ਮਾਮੇ ਸਹੁਰੇ ਨੇ 50 ਗਾਲ੍ਹਾਂ ਕੱਢੀਆਂ, “ਤੂੰ ਸਾਲਿਆ ਸਾਡੇ ਘਰ ਕਿਉਂ ਆਣ ਮਰਿਆਂ ਐਸ ਵੇਲੇ, ਸਾਡੇ ਬੱਚੇ ਮਰਵਾਉਣੇ ਈਂ ਅੱਤਵਾਦੀਆਂ ਤੋਂ?” ਪਰ ਵਿਚਾਰੇ ਜੁਗਾੜੀ ਨੇ ਐਨੀ ਬੇਇੱਜ਼ਤੀ ਕਰਵਾ ਕੇ ਵੀ ਰੋਟੀਆਂ ਲਿਆਉਣ ਦਾ ਜੁਗਾੜ ਕਰ ਹੀ ਲਿਆ। ਅਸੀਂ ਸਾਰਿਆਂ ਨੇ ਉਸ ਦਾ ਧੰਨਵਾਦ ਕੀਤਾ ਤੇ ਪਾਣੀ ਨਾਲ ਰੋਟੀਆਂ ਅੰਦਰ ਲੰਘਾ ਲਈਆਂ। ਐਨੀ ਭੁੱਖ ਲੱਗੀ ਸੀ ਕਿ ਅੱਜ ਤਕ ਜ਼ਿੰਦਗੀ ਵਿੱਚ ਮੈਂਨੂੰ ਕਦੇ ਰੋਟੀ ਦਾ ਐਨਾ ਆਨੰਦ ਨਹੀਂ ਆਇਆ।
ਜੁਗਾੜੀ ਰੋਟੀ ਦੇ ਨਾਲ ਨਾਲ ਸਹੁਰਿਆਂ ਦੇ ਘਰੋਂ ਦੇਸੀ ਸ਼ਰਾਬ ਦੀਆਂ ਦੋ ਬੋਤਲਾਂ ਵੀ ਚੁੱਕ ਲਿਆਇਆ ਸੀ। ਦੋ ਤਿੰਨ ਪੁਲਿਸ ਮੁਲਾਜ਼ਮਾਂ ਅਤੇ ਚਾਰ ਕੁ ਮਾਸਟਰਾਂ ਨੂੰ ਛੱਡ ਕੇ ਬਾਕੀ ਸਾਰੇ ਟੱਲੀ ਹੋ ਗਏ। ਜੱਗੇ ਨੇ ਹੱਸਦੇ ਹੋਏ ਮੈਂਨੂੰ ਮਜ਼ਾਕ ਕੀਤਾ, “ਜਨਾਬ ਤੁਸੀਂ ਵੀ ਪੀ ਲਉ, ਨਸ਼ੇ ਕਾਰਨ ਗੋਲੀ ਵੱਜਣ ਨਾਲ ਪੀੜ ਨਹੀਂ ਹੋਵੇਗੀ।”
ਫਿਰ ਸੌਣ ਦਾ ਪੰਗਾ ਪੈ ਗਿਆ। ਮੇਰੇ ਸਮੇਤ ਜਿਹੜੇ ਮੁਲਾਜ਼ਮ ਤੇ ਮਾਸਟਰ ਸੋਫੀ ਸਨ, ਉਹ ਕੰਧਾਂ ਕੌਲਿਆਂ ਨੂੰ ਹੱਥ ਪਾ ਕੇ ਸਕੂਲ ਦੀ ਛੱਤ ’ਤੇ ਚੜ੍ਹ ਗਏ ਤੇ ਸ਼ਰਾਬੀਆਂ ਨੇ ਐਨੀ ਗਰਮੀ ਵਿੱਚ ਵੀ ਅੱਤਵਾਦੀਆਂ ਤੋਂ ਡਰਦਿਆਂ ਕਮਰੇ ਵਿੱਚ ਵੜ ਕੇ ਕੁੰਡਾ ਮਾਰ ਲਿਆ। ਅਸੀਂ ਸਕੂਲ ਦੇ ਪੰਜ ਛੇ ਬੈਂਚ ਵੀ ਉੱਪਰ ਲੈ ਗਏ ਕਿ ਇਨ੍ਹਾਂ ’ਤੇ ਪੈ ਕੇ ਔਖੇ ਸੌਖੇ ਰਾਤ ਕੱਟ ਲਵਾਂਗੇ। ਪਰ ਥੱਲੇ ਪਏ ਸ਼ਰਾਬੀ ਮੁਲਾਜ਼ਮਾਂ ਦੇ ਖਰਾਸ ਵਾਂਗ ਚੱਲਦੇ ਘੁਰਾੜਿਆਂ, ਮੱਖੀਆਂ ਜਿੱਡੇ ਮੋਟੇ ਮੱਛਰਾਂ ਅਤੇ ਅੱਤਵਾਦੀਆਂ ਦੇ ਡਰ ਤੋਂ ਨੀਂਦ ਕਿਸ ਨੂੰ ਆਉਣੀ ਸੀ? ਸਵੇਰੇ ਪੰਜ ਕੁ ਵਜੇ ਅਜੇ ਅਸੀਂ ਵਾਰੀ ਵਾਰੀ ਸਕੂਲ ਦੇ ਨਲਕੇ ਤੋਂ ਨਹਾ ਹੀ ਰਹੇ ਸੀ ਕਿ ਕੱਲ੍ਹ ਵਾਲਾ ਟਰੱਕ ਛੇ ਸੱਤ ਮੁਲਾਜ਼ਮਾਂ ਦੀ ਰਾਖੀ ਹੇਠ ਦੁਬਾਰਾ ਸਕੂਲ ਵਿੱਚ ਆਣ ਵੜਿਆ। ਇੱਕ ਸਿਪਾਹੀ ਟਰੱਕ ਵੱਲ ਗਿਆ ਤੇ ਕੁਝ ਗੱਲਬਾਤ ਕਰਨ ਤੋਂ ਬਾਅਦ ਮੇਰੇ ਵੱਲ ਨੂੰ ਭੱਜ ਪਿਆ, “ਵਧਾਈ ਹੋਵੇ ਜਨਾਬ, ਵਧਾਈ ਹੋਵੇ। ਬਚ ਗਈ ਤੁਹਾਡੀ ਇੰਸਪੈਕਟਰੀ। ਰਾਤੀਂ ਚੋਣਾਂ ਕੈਂਸਲ ਹੋ ਗਈਆਂ ਨੇ, ਚੁੱਕੋ ਸਾਰਾ ਸਮਾਨ, ਵਾਪਸ ਚੱਲੀਏ।”
ਖੁਸ਼ੀ ਨਾਲ ਮੇਰੇ ਅੱਥਰੂ ਨਿਕਲਣ ਵਾਲੇ ਹੋ ਗਏ। ਦੋ ਦਿਨਾਂ ਬਾਅਦ ਹੀ ਮੈਂ ਸੰਗਰੂਰ ਜਾ ਕੇ ਬਤੌਰ ਇੰਸਪੈਕਟਰ ਡਿਊਟੀ ਜੌਇਨ ਕਰ ਲਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3323)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)