MohanSharma8ਇਸ ਮਹਾਂਮਾਰੀ ਤੋਂ ਬਚਣ ਲਈ ਦ੍ਰਿੜ੍ਹ ਇੱਛਾ ਸ਼ਕਤੀ, ਉਸਾਰੂ ਪ੍ਰਸ਼ਾਸਨਿਕ ਸਰਗਰਮੀ, ਸਮਾਜਿਕ ...
(14 ਦਸੰਬਰ 2025)


ਨਸ਼ਿਆਂ ਨੇ ਪੰਜਾਬ ਦੇ ਪਿੰਡੇ ’ਤੇ ਡੂੰਘੇ ਜ਼ਖਮ ਕੀਤੇ ਹਨ। ਮਾਪਿਆਂ ਦੇ ਚਿਹਰਿਆਂ ’ਤੇ ਉਦਾਸੀ ਦੀ ਪਰਤ ਜੰਮੀ ਹੋਈ ਹੈ। ਇਕਲੌਤੇ ਪੁੱਤਾਂ ਦੀਆਂ ਲਾਸ਼ਾਂ ’ਤੇ ਮਾਵਾਂ ਦੇ ਵੈਣ ਮਨ ਨੂੰ ਵਲੂੰਧਰਦੇ ਹਨ। ਇੱਕ ਸਰਵੇਖਣ ਅਨੁਸਾਰ ਸਰਕਾਰੀ ਸਕੂਲਾਂ ਦੇ
11.9% ਵਿਦਿਆਰਥੀ ਅਤੇ ਪ੍ਰਾਈਵੇਟ ਸਕੂਲਾਂ ਦੇ 5.9% ਵਿਦਿਆਰਥੀ ਵੀ ਨਸ਼ੇ ਦੀ ਲਪੇਟ ਵਿੱਚ ਆ ਚੁੱਕੇ ਹਨ। 60% ਲੜਕੇ ਅਤੇ 17% ਕੁੜੀਆਂ ਦੇ ਪੈਰ ਵੀ ਨਸ਼ੇ ਨਾਲ ਡਗ-ਮਗਾ ਰਹੇ ਹਨ। ਅੰਦਾਜ਼ਨ ਹਰ ਛੇ ਘੰਟੇ ਬਾਅਦ ਪੰਜਾਬ ਵਿੱਚ ਇੱਕ ਨਸ਼ਈ ਦਾ ਸਿਵਾ ਬਲ ਰਿਹਾ ਹੈ। ਇੱਕ ਪਾਸੇ ਨਸ਼ਾ ਕਰਨ ਵਾਲਿਆਂ ਦੀ ਵੱਡੀ ਭੀੜ ਹੈ, ਦੂਜੇ ਪਾਸੇ ਨਸ਼ਾ ਤਸਕਰਾਂ ਦਾ ਜਾਲ। ਅਨੇਕਾਂ ਦਾਅਵਿਆਂ ਦੇ ਬਾਵਜੂਦ ਦੋਨਾਂ ਦੀ ਕੜੀ ਟੁੱਟੀ ਨਹੀਂ। 10 ਹਜ਼ਾਰ ਤੋਂ ਜ਼ਿਆਦਾ ਮੁੰਡੇ ਅਤੇ ਕੁੜੀਆਂ ਏਡਜ਼ ਤੋਂ ਪੀੜਿਤ ਹਨ। ਇਨ੍ਹਾਂ ਵਿੱਚ ਅੰਦਾਜ਼ਨ 88 ਨਾਬਾਲਗ ਮੁੰਡੇ ਅਤੇ ਕੁਝ ਕੁੜੀਆਂ ਵੀ ਸ਼ਾਮਲ ਹਨ। ਇੰਜ ਲਗਦਾ ਹੈ ਜਿਵੇਂ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਵੈਂਟੀਲੇਟਰ ’ਤੇ ਹੋਵੇ। ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਦੇ ਅੱਕੇ ਹੋਏ ਲੋਕਾਂ ਨੇ ਸ਼ਰੇਆਮ ਕੰਧਾਂ ’ਤੇ ਇਹ ਲਿਖਕੇ “ਇੱਥੇ ਨਸ਼ਾ ਆਮ ਵਿਕਦਾ ਹੈ?” ਆਪਣਾ ਗੁਬ-ਗੁਬਾਰ ਵੀ ਕੱਢਿਆ ਹੈ। ਸੱਚਮੁੱਚ ਨਸ਼ਾ, ਕਰਜ਼ਾ ਅਤੇ ਭ੍ਰਿਸ਼ਟਾਚਾਰ ਨੇ ਦੁਨੀਆਂ ਵਿੱਚ ਪੰਜਾਬ ਦੀ ਪਛਾਣ ਮੱਧਮ ਕੀਤੀ ਹੈ।

ਪੰਜਾਬ ਦੀ 68.84% ਅਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਅਤੇ 31.16% ਸ਼ਹਿਰਾਂ ਦੀ ਵਸਨੀਕ ਹੈ। ਹੋਰ ਸਹੂਲਤਾਂ ਤੋਂ ਭਾਵੇਂ ਪੰਜਾਬੀ ਵਾਂਝੇ ਰਹਿ ਜਾਣ, ਪਰ ਸ਼ਰਾਬ ਦੇ ਠੇਕੇ ਥਾਂ ਥਾਂ ਖੋਲ੍ਹ ਕੇ ਉਹਨਾਂ ਨੂੰ ਸ਼ਰਾਬ ਪੀਣ ਦੀ “ਸਹੂਲਤਦਿੱਤੀ ਗਈ ਹੈ। ਸ਼ਰਾਬ ਦੇ ਠੇਕਿਆਂ ਦੇ ਨਾਲ ਸਰਕਾਰੀ ਮਾਨਤਾ ਪ੍ਰਾਪਤ ਅਹਾਤੇ ਵੀ ਖੁੱਲ੍ਹੇ ਹੋਏ ਹਨ, ਜਿੱਥੇ ਮੇਜ਼, ਕੁਰਸੀ, ਮੰਜਾ, ਪਾਣੀ ਦੇਣ ਦੇ ਨਾਲ ਨਾਲ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਅਹਾਤੇ ਦੇ ਮਾਲਕਾਂ ਵੱਲੋਂ ਕੀਤਾ ਜਾਂਦਾ ਹੈ। ਅੰਦਾਜ਼ਨ 13 ਕਰੋੜ ਦੀ ਸ਼ਰਾਬ ਪੀਕੇ ਪੰਜਾਬੀ ਜਿੱਥੇ ਖੁੰਘ ਹੋ ਰਹੇ ਹਨ, ਉੱਥੇ ਹੀ ਸ਼ਰਾਬ ਦੀ ਕਰੋਪੀ ਕਾਰਨ ਅੰਦਾਜ਼ਨ ਹਰ ਪਿੰਡ ਵਿੱਚ 16 ਵਿਧਵਾਵਾਂ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ।

13.70 ਕਰੋੜ ਦਾ ਚਿੱਟਾ ਪੰਜਾਬ ਦੇ ਨੌਜਵਾਨ ਮੁੰਡੇ, ਕੁੜੀਆਂ ਅਤੇ ਕੁਝ ਨਾਬਾਲਗ ਮੁੰਡੇ ਵਰਤੋਂ ਕਰਕੇ ਆਪਣੀ ਜਵਾਨੀ ਦਾ ਘਾਣ ਹੀ ਨਹੀਂ ਕਰ ਰਹੇ, ਸਗੋਂ ਮਾਪਿਆਂ ਦੀ ਮੰਦਹਾਲੀ, ਠੰਢੇ ਚੁੱਲ੍ਹੇ ਅਤੇ ਘਰਾਂ ਵਿੱਚ ਮਾਤਮ ਦੀ ਚਾਦਰ ਵਿਛਾਉਣ ਦਾ ਕਾਰਨ ਵੀ ਬਣਦੇ ਹਨ। ਇਨ੍ਹਾਂ ਨਸ਼ਈਆਂ ਕਾਰਨ ਸਮਾਜ ਬਿਮਾਰ ਹੈ ਅਤੇ ਬਿਮਾਰ ਸਮਾਜ ਦੀ ਹੋਂਦ ’ਤੇ ਹਮੇਸ਼ਾ ਹੀ ਖਤਰੇ ਦੇ ਬੱਦਲ ਮੰਡਲਾਉਂਦੇ ਹਨ।

ਸ਼ਰਾਬੀਆਂ ਲਈ ਤਾਂ ਸਰਕਾਰ ਵੱਲੋਂ ਆਰਾਮ ਨਾਲ ਬੈਠ ਕੇ ਸ਼ਰਾਬ ਪੀਣ ਲਈ ਅਹਾਤੇ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਚਿੱਟੇ ਦੀ ਵਰਤੋਂ ਕਰਨ ਵਾਲੇ ਆਪਣਾ ਝੱਸ ਪੂਰਾ ਕਰਨ ਲਈ ਉਜਾੜ ਥਾਂਵਾਂ ’ਤੇ ਆਪਣਾ ਅਹਾਤਾ ਆਪ ਬਣਾ ਲੈਂਦੇ ਹਨ। ਕੁਝ ਸਮਾਂ ਪਹਿਲਾਂ ਚਿੱਟਾ ਵੇਚਣ ਵਾਲੇ ਤਸਕਰ ਨਸ਼ਈਆਂ ਨੂੰ ਚਿੱਟਾ ਦੇ ਕੇ ਉਨ੍ਹਾਂ ਨੂੰ ਕਮਰੇ ਅੰਦਰ ਹੀ ਬੁਲਾ ਲੈਂਦੇ ਸਨ, ਚਿੱਟੇ ਦੀ ਵਰਤੋਂ ਕਰਨ ਲਈ ਪੰਨੀ (ਫਿਊਲ ਪੇਪਰ) ਜਾਂ ਸਰਿੰਜ ਵੀ ਨਾਲ ਹੀ ਦੇ ਦਿੰਦੇ ਸਨ। ਨਸ਼ਾ ਵੇਚਣ ਵਾਲੇ ਤਸਕਰਾਂ ਕੋਲ ਕਈ ਨਸ਼ਈ ਅੰਦਰ ਬੈਠੇ ਚਿੱਟੇ ਦੇ ਸੂਟੇ ਲਾਉਂਦੇ ਸਨ ਜਾਂ ਫਿਰ ਚਿੱਟੇ ਦੇ ਟੀਕੇ ਲਾ ਕੇ ਝੂਮਦੇ ਹੋਏ ਬਾਹਰ ਨਿਕਲਦੇ ਸਨ। ਉਹਨਾਂ ਦੀਆਂ ਅੱਖਾਂ ਗਹਿਰੀਆਂ, ਡਿਗੂੰ ਡਿਗੂੰ ਕਰਦਾ ਸਰੀਰ ਅਤੇ ਜੇਬਾਂ ਖਾਲੀ ਕਰਕੇ ਉੱਥੋਂ ਟਿਭ ਜਾਂਦੇ ਸਨ ਅਤੇ ਬਾਹਰ ਖੜ੍ਹੇ ਹੋਰ ਨਸ਼ਈ ਬੇਸਬਰੀ ਨਾਲ ਆਪਣੀ ਉਡੀਕ ਕਰਦਿਆਂ ਕਮਰੇ ਵਿੱਚ ਚਲੇ ਜਾਂਦੇ ਸਨ। ਪਰ 1 ਮਾਰਚ, 2025 ਤੋਂ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਹੋਣ ਕਾਰਨ ਨਸ਼ਈਆਂ ਦੇ ਇਹ ਅਹਾਤੇ ਬੰਦ ਹੋ ਗਏ ਹਨ। ਤਸਕਰਾਂ ਨੇ ਵੀ ਜਿੱਥੇ ਆਪਣੇ ਅੱਡੇ ਬਦਲ ਲਏ ਹਨ, ਉੱਥੇ ਹੀ ਚਿੱਟੇ ਦੇ ਰੇਟਾਂ ਵਿੱਚ ਵੀ ਵਾਧਾ ਕਰ ਦਿੱਤਾ ਹੈ। ਨਸ਼ਈਆਂ ਨੂੰ ਤਸਕਰਾਂ ਦੇ ਬਦਲੇ ਹੋਏ ਟਿਕਾਣਿਆਂ ਦੀ ਮੋਬਾਇਲ ਰਾਹੀਂ ਸੂਹ ਮਿਲ ਜਾਂਦੀ ਹੈ।

ਲੋਕਾਂ ਦੀ ਫਿੱਟ ਲਾਹਨਤ ਅਤੇ ਪੁਲਿਸ ਦੇ ਡਰੋਂ ਹੁਣ ਨਸ਼ਈਆਂ ਨੇ ਆਪਣੇ ਅਹਾਤੇ ਸੁੰਨਸਾਨ ਅਤੇ ਉਜਾੜ ਥਾਂਵਾਂ ’ਤੇ ਬਣਾ ਲਏ ਹਨ। ਪਿਛਲੇ ਦਿਨੀਂ ਪੁਲਿਸ ਨੇ ਕੁਝ ਨਸ਼ਈਆਂ ਨੂੰ ਕਾਬੂ ਕੀਤਾ ਸੀ ਜਿਹੜੇ ਨਹਿਰ ਦੇ ਕਿਨਾਰੇ ਝਾੜੀਆਂ ਵਿੱਚ ਗੁਫ਼ਾ ਬਣਾ ਕੇ ਚਿੱਟੇ ਦਾ ਟੀਕਾ ਲਾ ਰਹੇ ਸਨ। ਪੁਲਿਸ ਹੁਣ ਇਨ੍ਹਾਂ ਦੇ ਨਹਿਰਾਂ ਦੇ ਲਾਗੇ ਬਣਾਏ ਅਜਿਹੇ ਅਹਾਤਿਆਂ ਦੀ ਤਲਾਸ਼ ਵਿੱਚ ਹੈ।

ਪਿੰਡਾਂ ਅਤੇ ਸ਼ਹਿਰਾਂ ਦੀਆਂ ਸ਼ਮਸ਼ਾਨ ਭੂਮੀਆਂ ਨੂੰ ਵੀ ਨਸ਼ਈ ਆਪਣੇ ਅਹਾਤੇ ਵਜੋਂ ਵਰਤ ਰਹੇ ਹਨ। ਅਜਿਹੇ ਅਸਥਾਨ ’ਤੇ ਲੋਕ ਸੰਸਕਾਰ ਸਮੇਂ ਆਉਂਦੇ ਹਨ। ਅਜਿਹੇ ਸਮੇਂ ਨਸ਼ਈ ਇੱਧਰ ਉੱਧਰ ਹੋ ਜਾਂਦੇ ਹਨ। ਅਕਸਰ ਲੋਕ ਮ੍ਰਿਤਕ ਸਰੀਰ ਦੇ ਫੁੱਲ ਚੁਗਣ ਉਪਰੰਤ ਨਾਲ ਆਏ ਸਕੇ-ਸਬੰਧੀ ਸ਼ਰਧਾ ਵਜੋਂ ਚੁਗੇ ਹੋਏ ਫੁੱਲਾਂ ਵਾਲੀ ਥੈਲੀ ਵਿੱਚ ਕੁਝ ਪੈਸੇ ਵੀ ਪਾ ਦਿੰਦੇ ਹਨ। ਕਿਸੇ ਧਾਰਮਿਕ ਅਸਥਾਨ ’ਤੇ ਫੁੱਲ ਪਾਉਣ ਲਈ ਉਹ ਸਮਾਂ ਨਿਸ਼ਚਿਤ ਕਰਕੇ ਫੁੱਲ ਸ਼ਮਸ਼ਾਨ ਭੂਮੀ ਵਿੱਚ ਹੀ ਸੰਭਾਲ ਜਾਂਦੇ ਹਨ। ਨਸ਼ਈਆਂ ਨੂੰ ਇਹ ਪਤਾ ਲੱਗਣ ’ਤੇ ਕਿ ਮ੍ਰਿਤਕ ਵਿਅਕਤੀ ਦੇ ਫੁੱਲਾਂ ਵਿੱਚ ਪੈਸੇ ਪਾਏ ਹੋਏ ਹਨ, ਉਹਨਾਂ ਨੇ ਸ਼ਮਸ਼ਾਨ ਭੂਮੀ ਵਿੱਚੋਂ ਫੁੱਲ ਵੀ ਚੋਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਫੁੱਲਾਂ ਵਿੱਚੋਂ ਪੈਸੇ ਕੱਢਣ ਉਪਰੰਤ ਉਹ ਫੁੱਲ ਇੱਧਰ ਉੱਧਰ ਸੁੱਟ ਦਿੰਦੇ ਹਨ। ਨਿਸ਼ਚਿਤ ਸਮੇਂ ’ਤੇ ਜਦੋਂ ਮ੍ਰਿਤਕ ਦਾ ਪਰਿਵਾਰ ਫੁੱਲ ਲੈ ਕੇ ਜਾਣ ਲਈ ਸ਼ਮਸ਼ਾਨ ਭੂਮੀ ਪਹੁੰਚਦਾ ਹੈ ਤਾਂ ਫੁੱਲਾਂ ਦੇ ਗੁੰਮ ਕੀਤੇ ਜਾਣ ’ਤੇ ਉਹ ਬਹੁਤ ਹੀ ਪ੍ਰੇਸ਼ਾਨ ਹੁੰਦੇ ਹਨ। ਇਨ੍ਹਾਂ ਨਸ਼ਈਆਂ ਤੋਂ ਅੱਕ ਕੇ ਲੋਕਾਂ ਨੇ ਮ੍ਰਿਤਕ ਵਿਅਕਤੀ ਦੇ ਫੁੱਲ ਧਾਰਮਿਕ ਅਸਥਾਨਾਂ ’ਤੇ ਸੰਭਾਲ ਕੇ ਰੱਖਣੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਸ਼ਮਸ਼ਾਨ ਭੂਮੀਆਂ ਵਿੱਚ ਨਸ਼ਈਆਂ ਦੇ ਅਹਾਤਿਆਂ ਕਾਰਨ ਮ੍ਰਿਤਕ ਵਿਅਕਤੀਆਂ ਦੇ ਫੁੱਲ ਵੀ ਸੁਰੱਖਿਅਤ ਨਹੀਂ ਹਨ। ਕਈ ਨਸ਼ਈ ਮਰੀਜ਼ ਓਵਰਡੋਜ਼ ਦੇ ਕਾਰਨ ਉੱਥੇ ਹੀ ਲੁੜ੍ਹਕ ਜਾਂਦੇ ਹਨ। ਕਈ ਵਾਰੀ ਬੇਹੋਸ਼ੀ ਦੀ ਹਾਲਤ ਵਿੱਚ ਅਤੇ ਕਈ ਵਾਰ ਮ੍ਰਿਤਕ ਸਥਿਤੀ ਵਿੱਚ ਨਸ਼ਈ ਸ਼ਮਸ਼ਾਨ ਭੂਮੀਆਂ ਵਿੱਚੋਂ ਲੱਭਦੇ ਹਨ। ਚਾਰ ਪੰਜ ਨਸ਼ਈ ਜਦੋਂ ਸ਼ਮਸ਼ਾਨ ਭੂਮੀ ਵਿੱਚ ਚਿੱਟੇ ਦਾ ਟੀਕਾ ਲਾਉਂਦੇ ਹਨ ਤਾਂ ਕਈ ਵਾਰ ਉਹਨਾਂ ਵਿੱਚੋਂ ਹੀ ਇੱਕ ਓਵਰਡੋਜ਼ ਕਾਰਨ ਬੇਹੋਸ਼ ਹੋ ਜਾਂਦਾ ਹੈ। ਦੂਜੇ ਨਸ਼ਈ ਉਸ ਨੂੰ ਅਜਿਹੀ ਸਥਿਤੀ ਵਿੱਚ ਛੱਡ ਕੇ ਪੱਤਰਾ ਵਾਚ ਜਾਂਦੇ ਹਨ। ਨਸ਼ਈਆਂ ਲਈ ਦੋਸਤੀ ਜਾਂ ਰਿਸ਼ਤੇ ਦੀ ਮਹੱਤਤਾ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਨਸ਼ਿਆਂ ਕਾਰਨ ਪਈਆਂ ਯਾਰੀਆਂ ਨਸ਼ੇ ਦੀ ਵੰਡ ਵੰਡਾਈ ਵੇਲੇ ਦੁਸ਼ਮਣੀ ਵਿੱਚ ਬਦਲ ਜਾਂਦੀਆਂ ਹਨ ਅਤੇ ਕਈ ਵਾਰ ਨਸ਼ਈ ਹੀ ਆਪਣੇ ਸਾਥੀ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਕਈ ਅਜਿਹੇ ਕੇਸ ਵੀ ਸਾਹਮਣੇ ਆਏ ਹਨ ਜਿੱਥੇ ਨਸ਼ਈ ਓਵਰਡੋਜ਼ ਨਾਲ ਮਰੇ ਆਪਣੇ ਸਾਥੀ ਨੂੰ ਉਸਦੇ ਘਰ ਮੋਹਰੇ ਸੁੱਟ ਕੇ ਭੱਜ ਗਏ।

ਸ਼ਾਮ ਵੇਲੇ ਕਿਸਾਨਾਂ ਦੇ ਖੇਤ ਵਾਲੀ ਮੋਟਰ ਵੀ ਇਨ੍ਹਾਂ ਦੇ ਅਹਾਤੇ ਬਣਦੇ ਹਨ। ਅਜਿਹੀਆਂ ਥਾਂਵਾਂ ’ਤੇ ਇਹ ਦੁਹਰਾ ਲਾਹਾ ਲੈਂਦੇ ਹਨ। ਚਿੱਟੇ ਦੇ ਸੂਟੇ ਲਾਉਣ ਜਾਂ ਟੀਕੇ ਲਾਉਣ ਦੇ ਨਾਲ ਨਾਲ ਉਹ ਮੋਟਰਾਂ ਦੀ ਕੇਬਲ ਚੋਰੀ ਕਰਨ, ਟਰਾਂਸਫਾਰਮਾਂ ਦਾ ਤੇਲ ਕੱਢਣ, ਮੋਟਰਾਂ ਦੇ ਜੰਦਰੇ ਤੋੜ ਕੇ ਅੰਦਰ ਪਿਆ ਸਮਾਨ ਚੋਰੀ ਕਰਨ ਉਪਰੰਤ ਅਗਾਂਹ ਵੇਚ ਕੇ ਆਪਣਾ ਝੱਸ ਪੂਰਾ ਕਰਦੇ ਹਨ। ਜੇਕਰ ਖੇਤ ਦਾ ਮਾਲਕ ਮੌਕੇ ’ਤੇ ਪਹੁੰਚ ਜਾਂਦਾ ਹੈ ਤਾਂ ਉਸ ’ਤੇ ਜਾਨ ਲੇਵਾ ਹਮਲਾ ਵੀ ਕਰ ਦਿੰਦੇ ਹਨ। ਇਸ ਕਰਕੇ ਹੀ ਜ਼ਿਮੀਂਦਾਰ ਦੁਹਾਈਆਂ ਪਾ ਰਹੇ ਹਨ ਕਿ ਨਸ਼ਈਆਂ ਕਾਰਨ ਸਾਡੇ ਖੇਤ ਵੀ ਸੁਰੱਖਿਅਤ ਨਹੀਂ। ਮੋਟਰਾਂ ਦਾ ਸਮਾਨ ਚੋਰੀ ਕਰਨ ਨਾਲ ਜਿਮੀਂਦਾਰ ਖੇਤਾਂ ਦੀ ਸਿੰਜਾਈ ਕਰਨ ਤੋਂ ਪਛੜ ਜਾਂਦਾ ਹੈ।

ਇਸ ਤੋਂ ਬਿਨਾਂ ਪਰਵਾਸ ਕਾਰਨ ਸੁੰਨੀਆ ਪਈਆਂ ਹਵੇਲੀਆਂ ਨੂੰ ਵੀ ਨਸ਼ਈਆਂ ਨੇ ਆਪਣਾ ਅਹਾਤਾ ਬਣਾ ਲਿਆ ਹੈ। ਨਸ਼ਾ ਕਰਨ ਤੋਂ ਬਾਅਦ ਹਵੇਲੀ ਵਿੱਚੋਂ ਜੋ ਕੁਝ ਹੱਥ ਲਗਦਾ ਹੈ, ਉਹ ਵੀ ਚੋਰੀ ਕਰਕੇ ਲੈ ਜਾਂਦੇ ਹਨ। ਕਈ ਥਾਂਵਾਂ ’ਤੇ ਤਾਂ ਨਸ਼ਈਆਂ ਨੇ ਹਵੇਲੀ ਦੇ ਦਰਵਾਜ਼ੇ ਤਕ ਨਹੀਂ ਛੱਡੇ।

ਕਈ ਸੁੰਨੇ ਕੁਆਟਰਾਂ ਵਿੱਚੋਂ ਨਸ਼ਈਆਂ ਦੀਆਂ ਬਦਬੂ ਮਾਰਦੀਆਂ ਲਾਸ਼ਾਂ ਮਿਲੀਆਂ ਹਨ। ਕੋਲ ਪਈਆਂ ਸਰਿੰਜਾਂ ਜਾਂ ਬਾਂਹ ਵਿੱਚ ਹੀ ਲੱਗੀ ਰਹਿ ਗਈ ਸਰਿੰਜ ਤੋਂ ਪਤਾ ਲਗਦਾ ਹੈ ਕਿ ਚਿੱਟੇ ਨੇ ਨਸ਼ਈ ਦੀ ਜਾਨ ਲੈ ਲਈ ਹੈ। ਕਈ ਧਾਰਮਿਕ ਅਸਥਾਨਾਂ ’ਤੇ ਬਣੇ ਬਾਥਰੂਮਾਂ ਵਿੱਚੋਂ ਵੀ ਨਸ਼ਈਆਂ ਨੂੰ ਟੀਕੇ ਲਾਉਂਦੇ ਫੜਿਆ ਗਿਆ ਹੈ। ਪਬਲਿਕ ਥਾਂਵਾਂ ’ਤੇ ਬਣੇ ਬਾਥਰੂਮਾਂ ਨੂੰ ਵੀ ਨਸ਼ਈ ਅਹਾਤੇ ਵਜੋਂ ਵਰਤ ਲੈਂਦੇ ਨੇ। ਕਾਲਜਾਂ ਦੀਆਂ ਕੰਟੀਨਾਂ ਵਿੱਚ ਕਾਲਜੀਏਟ ਮੁੰਡੇ ਆਮ ਨਸ਼ੇ ਦੇ ਟੀਕੇ ਲਾਉਂਦੇ ਵੇਖੇ ਗਏ ਹਨ। ਕਈ ਥਾਂਵਾਂ ’ਤੇ ਮੰਡੀਕਰਨ ਬੋਰਡ ਦੀਆਂ ਖਾਲੀ ਪਈਆਂ ਬਿਲਡਿੰਗਾਂ ਵਿੱਚ ਵੀ ਨਸ਼ਈਆਂ ਦਾ ਅੱਡਾ ਬਣ ਚੁੱਕਿਆ ਹੈ। ਸੁੰਨਸਾਨ ਪਏ ਭੱਠੇ, ਖਾਲੀ ਖੜ੍ਹੇ ਟਰੱਕ, ਖਾਲੀ ਪਏ ਖੇਡ ਸਟੇਡੀਅਮ, ਛੁੱਟੀ ਤੋਂ ਬਾਅਦ ਸਕੂਲਾਂ ਦੇ ਵਰਾਂਡੇ, ਪਾਰਕ, ਖਾਲੀ ਖੜ੍ਹੀਆਂ ਬੱਸਾਂ ਵਿੱਚ ਵੀ ਨਸ਼ਈ ਆਪਣਾ ਝੱਸ ਪੂਰਾ ਕਰ ਲੈਂਦੇ ਨੇ।

ਚਿੱਟਾ ਪੀਣ ਵਾਲਿਆਂ ਦੇ ਅਜਿਹੇ ਅਹਾਤੇ ਸਮਾਜ ’ਤੇ ਇੱਕ ਧੱਬਾ ਹਨ। ਇਸ ਮਹਾਂਮਾਰੀ ਤੋਂ ਬਚਣ ਲਈ ਦ੍ਰਿੜ੍ਹ ਇੱਛਾ ਸ਼ਕਤੀ, ਉਸਾਰੂ ਪ੍ਰਸ਼ਾਸਨਿਕ ਸਰਗਰਮੀ, ਸਮਾਜਿਕ ਮਾਹੌਲ ਅਤੇ ਲੋਕਾਂ ਦੀ ਸਰਗਰਮ ਭੂਮਿਕਾ ਹੋਣੀ ਅਤਿਅੰਤ ਜ਼ਰੂਰੀ ਹੈ। ਜੇਕਰ ਇੱਕ ਸੂਝਵਾਨ ਵਿਅਕਤੀ ਇੱਕ ਨਸ਼ਈ ਨੂੰ ਸਾਂਭ ਲਵੇ ਤਾਂ ਨਸ਼ਿਆਂ ਦੇ ਮਾਰੂ ਹਨੇਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author