“ਕੁੱਲੀ ਵਿੱਚ ਲਿਆ ਕਿ ਜਦੋਂ ਮਾਈ ਦੀ ਪੱਥਰਾਂ ਨੂੰ ਰਵਾਉਣ ਵਾਲੀ ਕਹਾਣੀ ਸੁਣੀ ਤਾਂ ...”
(24 ਅਗਸਤ 2020)
ਸੋਸ਼ਲ ਅਤੇ ਪ੍ਰਿੰਟ ਮੀਡੀਆ ਨੇ ਸ਼੍ਰੀ ਮੁਕਤਸਰ ਸਾਹਿਬ ਦੀ ਇੱਕ ਹਿਰਦੇਵੇਧਿਕ, ਮਨ ਨੂੰ ਝੰਜੋੜਨ ਵਾਲੀ ਅਤੇ ਰਿਸ਼ਤਿਆਂ ਦੀਆਂ ਤੰਦਾ ਨੂੰ ਤਾਰ ਤਾਰ ਕਰਦੀ ਸ਼ਰਮਨਾਕ ਕਹਾਣੀ ਲੋਕਾਂ ਦੇ ਸਾਹਮਣੇ ਲਿਆਂਦੀ ਹੈ, ਜਿਸ ਵਿੱਚ ਦੋ ਪੁੱਤਾਂ ਦੀ ਮਾਂ ਨੂੰ ਆਪਣੇ ਹੀ ਘਰ ਦੀ ਛੱਤ ਨਸੀਬ ਨਹੀਂ ਹੋਈ ਅਤੇ ਉਹ ਖਾਲੀ ਪਲਾਟ ਵਿੱਚ ਦੋ ਫੁੱਟ ਉੱਚੇ ਇੱਟਾਂ ਵੱਟਿਆਂ ਨਾਲ ਪਾਏ ਘੁਰਨੇ ਵਿੱਚ ਬੇਵੱਸ, ਲਾਚਾਰ ਅਤੇ ਖੂਨ ਦੇ ਅੱਥਰੂ ਘੇਰਦਿਆਂ ਦਮ ਤੋੜ ਗਈ। ਉਹਦੇ ਸਿਰ ਵਿੱਚ ਹੋਏ ਜ਼ਖਮ ਕਾਰਨ ਕੀੜੇ ਪੈ ਗਏ ਸਨ। ਆਖ਼ਰੀ ਪਲਾਂ ਵਿੱਚ ਵੀ ਸਿਰਫ ਤੇ ਸਿਰਫ ਅੱਥਰੂਆਂ ਨੇ ਹੀ ਉਸ ਦਾ ਸਾਥ ਦਿੱਤਾ। ਇਹ ਕਲਪਨਾ ਕਰਕੇ ਹੀ ਰੂਹ ਕੰਬ ਉੱਠਦੀ ਹੈ ਕਿ ਪੁੱਤਾਂ ਪੋਤਿਆਂ ਨਾਲ ਭਰੇ ਘਰ ਵਿੱਚ ਉਸਨੇ ਸਿਰਫ ਇਕਲਾਪੇ ਦਾ ਸਫ਼ਰ ਹੀ ਨਹੀਂ ਹੰਢਾਇਆ, ਸਗੋਂ ਉਨ੍ਹਾਂ ਦੀ ਬੇਰੁਖੀ, ਕਰੂਰਤਾ, ਵਹਿਸ਼ੀਪਣ ਅਤੇ ਦਰਿੰਦਗੀ ਨੂੰ ਵੀ ਆਪਣੇ ਮਨ ਅਤੇ ਸਰੀਰ ’ਤੇ ਹੰਢਾਉਂਦਿਆਂ ਪਸ਼ੂਆਂ ਨਾਲੋਂ ਵੀ ਬਦਤਰ ਜ਼ਿੰਦਗੀ ਬਤੀਤ ਕਰਦੇ ਹੋਏ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। ਪ੍ਰੋ. ਮੋਹਨ ਸਿੰਘ ਦੇ ਮਾਂ ਪ੍ਰਤੀ ਇਨ੍ਹਾਂ ਸ਼ਬਦਾਂ ਵਿੱਚ ਕੀਤੇ ਸਿਜਦੇ ਨੂੰ ਪੁੱਤਾਂ ਨੇ ਕਲਕੰਤ ਕੀਤਾ ਹੈ:
ਮਾਂ ਵਰਗਾ ਘਣ ਛਾਵਾਂ ਬੂਟਾ,
ਮੈਂਨੂੰ ਨਜ਼ਰ ਨਾ ਆਏ,
ਲੈ ਕੇ ਜਿਸ ਤੋਂ ਛਾਂ ਉਧਾਰੀ,
ਰੱਬ ਨੇ ਸਵਰਗ ਬਣਾਏ।
ਬਾਕੀ ਕੁਲ ਦੁਨੀਆਂ ਦੇ ਬੂਟੇ,
ਜੜ੍ਹ ਸੁੱਕਿਆਂ ਮੁਰਝਾਂਦੇ।
ਐਪਰ ਫੁੱਲਾਂ ਦੇ ਮੁਰਝਾਇਆਂ,
ਇਹ ਬੂਟਾ ਸੁੱਕ ਜਾਏ।
ਪਰ ਇੱਥੇ ਤਾਂ ਅਣਹੋਣੀ ਹੋਈ ਹੈ। ਜੜ੍ਹਾਂ ਮੁਰਝਾ ਗਈਆਂ ਅਤੇ ਫੁੱਲ ਖਿੜਨ ਦਾ ਦਾਅਵਾ ਕਰਦੇ ਹੋਏ ਜੜ੍ਹਾਂ ਨੂੰ ਅੰਗੂਠਾ ਵਿਖਾਉਂਦੇ ਰਹੇ। ਦੋਨੋਂ ਪੁੱਤ ਆਪਣੇ ਆਪ ਨੂੰ “ਖੱਬੀ ਖਾਨ” ਸਮਝਦੇ ਹੋਏ ਸਮਾਜ ਵਿੱਚ ਹੁੱਬ ਕੇ ਵਿਚਰਦੇ ਰਹੇ। ਪੋਤਾ ਪੋਤੀ ਵੀ ਅਫਸਰ ਦੀ ਪਦਵੀ ਦਾ ਆਨੰਦ ਮਾਣਦੇ ਹੋਏ ‘ਜ਼ਿਹਨ’ ਵਿੱਚੋਂ ਦਾਦੀ ਨੂੰ ਮਨਫ਼ੀ ਕਰਦੇ ਰਹੇ। ਉਹ ਇਹ ਵੀ ਭੁੱਲ ਗਏ ਕਿ ‘ਮੂਲ ਨਾਲੋਂ ਬਿਆਜ ਪਿਆਰਾ’ ਦੀ ਕਹਾਵਤ ਅਨੁਸਾਰ ਦਾਦੀ ਨੇ ਘੁਰਨੇ ਵਿੱਚ ਦਿਨ ਕਟੀ ਕਰਦਿਆਂ ਵੀ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੋਵੇਗੀ। ਹਾਂ, ਇਸ ਵੇਲੇ ਲੋਕਾਂ ਦੀ ਕੀਤੀ ਥੂਹ-ਥੂਹ ਨੇ ਸਮੁੱਚੇ ਪਰਿਵਾਰ ਨੂੰ ਸਿਰਫ ਢਹਿੰਦੀ ਕਲਾ ਵਿੱਚ ਹੀ ਨਹੀਂ ਕੀਤਾ, ਸਗੋਂ ਸ਼ਿੱਦਤ ਨਾਲ ਇਹ ਅਹਿਸਾਸ ਕਰਵਾਇਆ ਹੈ ਕਿ ਜੜ੍ਹਾਂ ਦੀ ਹੋਂਦ ਬਿਨਾਂ ਅਤੇ ਉਸ ਦੀ ਸਾਂਭ ਸੰਭਾਲ ਬਿਨਾਂ ਫੁੱਲਾਂ ਅਤੇ ਪੱਤਿਆਂ ਦੀ ਹੋਂਦ ਨੂੰ ਗੰਭੀਰ ਖਤਰਾ ਹੁੰਦਾ ਹੈ।
ਇਹ ਮਾਂ ਤਾਂ ਤਿਲ-ਤਿਲ ਕਰਕੇ ਮਰੀ ਹੈ ਪਰ ਇਸੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅੰਦਾਜ਼ਨ ਦੋ ਦਹਾਕੇ ਪਹਿਲਾਂ ਜ਼ਮੀਨ ਹਥਿਆਉਣ ਦੇ ਲਾਲਚ ਵਿੱਚ ਪੁੱਤਾਂ ਨੇ ਹਨੇਰੀ ਰਾਤ ਵਿੱਚ ਆਪਣੀ ਮਾਂ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਨਹਿਰ ਵਿੱਚ ਥੱਕਾ ਦੇ ਦਿੱਤਾ ਸੀ। ਮਾਂ ਨੂੰ ਡੂੰਘੇ ਪਾਣੀ ਦੀਆਂ ਛੱਲਾਂ ਦੇ ਹਵਾਲੇ ਕਰਕੇ ਉਹ ਤਾਂ ਖਿੱਸਕ ਗਏ। ਬਜ਼ੁਰਗ ਔਰਤ ਨੇ ਡੁੱਬਣ ਤੋਂ ਪਹਿਲਾਂ ਆਖਰੀ ਕੋਸ਼ਿਸ਼ ਵਜੋਂ ਜਦ ਹੱਥ ਪੈਰ ਮਾਰਨ ਦੇ ਨਾਲ ਨਾਲ ਉੱਚੀ ਉੱਚੀ ‘ਬਚਾਓ - ਬਚਾਓ’ ਦੀਆਂ ਚੀਕਾਂ ਮਾਰੀਆਂ ਤਾਂ ਪ੍ਰਮਾਤਮਾ ਉਸ ਦੀ ਮਦਦ ਲਈ ਬਹੁੜਿਆ। ਇੱਕ ਪਾਸੇ ਆਖ਼ਰੀ ਜੱਦੋਜਹਿਦ ਨਾਲ ਉਹਦੇ ਹੱਥਾਂ ਦੀ ਗੰਢ ਖੁੱਲ੍ਹ ਗਈ ਅਤੇ ਦੂਜੇ ਪਾਸੇ ਉਹਦੀਆਂ ਚੀਕਾਂ ਨਹਿਰ ਦੇ ਕਿਨਾਰੇ ਤੇ ਕੁੱਲੀ ਵਿੱਚ ਰਹਿੰਦੇ ਇੱਕ ਦਰਵੇਸ਼ ਦੇ ਕੰਨੀਂ ਪਈਆਂ। ਆਪਣੇ ਚੇਲਿਆਂ ਨੂੰ ਨਾਲ ਲੈ ਕੇ ਉਹ ਨਹਿਰ ਵਿੱਚੋਂ ਆ ਰਹੀ ‘ਬਚਾਓ -ਬਚਾਓ’ ਦੀ ਆਵਾਜ਼ ਵੱਲ ਦੌੜ ਪਏ। ਬੈਟਰੀ ਦੇ ਚਾਨਣ ਵਿੱਚ ਉਨ੍ਹਾਂ ਦੀ ਨਜ਼ਰ ਮਾਈ ’ਤੇ ਪੈ ਗਈ। ਦੋ ਚੇਲਿਆਂ ਨੇ ਨਹਿਰ ਵਿੱਚ ਕੁੱਦ ਕੇ ਮਾਈ ਨੂੰ ਬਾਹਰ ਕੱਢ ਲਿਆਂਦਾ। ਕੁੱਲੀ ਵਿੱਚ ਲਿਆ ਕਿ ਜਦੋਂ ਮਾਈ ਦੀ ਪੱਥਰਾਂ ਨੂੰ ਰਵਾਉਣ ਵਾਲੀ ਕਹਾਣੀ ਸੁਣੀ ਤਾਂ ਦਰਵੇਸ਼ ਅਤੇ ਉਸ ਦੇ ਚੇਲਿਆਂ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਹਿ ਰਹੇ ਸਨ। ਥਾਣੇ ਇਤਲਾਹ ਦੇਣ ’ਤੇ ਪੁਲਿਸ ਵੀ ਆ ਗਈ। ਥਾਣੇਦਾਰ ਨੇ ਜਦੋਂ ਉਸ ਬਜ਼ੁਰਗ ਔਰਤ ਨੂੰ ਬਿਆਨ ਦੇਣ ਲਈ ਕਿਹਾ ਤਾਂ ਉਸ ਨੇ ਖੂਨ ਦੇ ਅੱਥਰੂ ਕੇਰਦਿਆਂ ਜਵਾਬ ਦਿੱਤਾ, “ਮੇਰੀ ਮਾੜੀ ਕਿਸਮਤ ਨੂੰ ਪੁੱਤ, ਕਪੁੱਤ ਹੋ ਗਏ ਨੇ ਪਰ ਮਾਂ ਕੁਮਾਂ ਨਹੀਂ ਹੋ ਸਕਦੀ। ਮੈਂ ਉਨ੍ਹਾਂ ਦੇ ਹੱਥਕੜੀਆਂ ਨਹੀਂ ਲਵਾਉਣੀਆਂ।”
ਉਫ! ਮੌਤ ਦੇ ਪੰਜੇ ਵਿੱਚੋਂ ਬਚ ਕੇ ਮਾਂ ਆਪਣੇ ਕਾਤਲ ਪੁੱਤਾਂ ਨੂੰ ਸਜ਼ਾ ਨਹੀਂ ਦਿਵਾਉਣਾ ਚਾਹੁੰਦੀ। ਉਹ ਆਪਣੇ ਪੇਟੋਂ ਜਾਏ ਪੁੱਤਾਂ ਅਤੇ ਪਰਿਵਾਰ ਦਾ ਫਿਰ ਵੀ ਭਲਾ ਚਾਹੁੰਦੀ ਹੈ। ਭਲਾ ਅਜਿਹੀ ਦੇਵੀ ਮਾਂ ਦੀ ਕੌਣ ਰੀਸ ਕਰੇਗਾ? ਆਖਰ ਥਾਣੇਦਾਰ ਨੇ ਮੁੰਡਿਆਂ ਦੀ ਛਿਤਰੌਲ ਕਰਨ ਉਪਰੰਤ ਮਾਂ ਦੀ ਸੰਭਾਲ ਲਈ ਲਿਖਤੀ ਮਾਫ਼ੀਨਾਮਾ ਲੈ ਕੇ ਬਜ਼ੁਰਗ ਔਰਤ ਨੂੰ ਪੁੱਤਾਂ ਨਾਲ ਤੋਰ ਦਿੱਤਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਬਦਨਸੀਬ ਔਰਤ ਦਾ ਪਤੀ ਦੋ ਸਾਲ ਪਹਿਲਾਂ ਗੁਜ਼ਰ ਚੁੱਕਿਆ ਸੀ ਅਤੇ ਕਾਗ਼ਜਾਂ ਵਿੱਚ ਜ਼ਮੀਨ ਜਾਇਦਾਦ ਦੀ ਇਹ ਮਾਲਕਣ ਸੀ।
ਇਸ ਲਈ ਕਿਹਾ ਜਾਂਦਾ ਹੈ ਕਿ ਜਵਾਨੀ ਨਾਲੋਂ ਵੀ ਬੁਢਾਪੇ ਵਿੱਚ ਜੀਵਨ ਸਾਥੀ ਦੀ ਜ਼ਿਆਦਾ ਲੋੜ ਹੈ। ਘੱਟ ਤੋਂ ਘੱਟ ਉਹ ਆਪਣਾ ਦੁੱਖ-ਸੁਖ ਇੱਕ ਦੂਜੇ ਨਾਲ ਸਾਂਝਾ ਕਰਕੇ ਆਪਣਾ ਮਨ ਹਲਕਾ ਕਰ ਲੈਂਦੇ ਹਨ। ਪਰ ਅਜੋਕੇ ਸਮੇਂ ਵਿੱਚ ਬੁਢਾਪਾ ਹੰਢਾਉਂਦਿਆਂ ਪੁੱਤਾਂ ਪੋਤਿਆਂ ਦੇ ਰਹਿਮ-ਕਰਮ ’ਤੇ ਰਹਿ ਕੇ ਜ਼ਿੰਦਗੀ ਬਤੀਤ ਕਰਨੀ ਬਹੁਤ ਮੁਸ਼ਕਲ ਹੀ ਨਹੀਂ, ਕੰਡਿਆਂ ਭਰੀ ਹੈ। ਇੱਕ ਗੱਲ ਸਾਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਮਹਿਲਨੁਮਾ ਕੋਠੀਆਂ, ਜਿਸ ਵਿੱਚ ਪਰਿਵਾਰਕ ਮੈਂਬਰਾਂ ਲਈ ਅਲੱਗ-ਅਲੱਗ ਸਹੂਲਤਾਂ ਵਾਲੇ ਬਣੇ ਕਮਰਿਆਂ ਦੇ ਨਾਲ ਨਾਲ ਪਾਲਤੂ ਕੁੱਤੇ ਲਈ ਵੀ ਬਣੇ ਕਮਰੇ ਵਿੱਚ ਜੇਕਰ ਬਜ਼ੁਰਗਾਂ ਲਈ ਸੁਰੱਖਿਅਤ ਕਮਰਾ ਨਹੀਂ ਹੈ ਤਾਂ ਉਸ ਮਹਿਲਨੁਮਾ ਕੋਠੀ ਵਿੱਚ ਕਹਿਕਹੇ, ਹਾਸੇ, ਤਿਹੁ, ਪਿਆਰ ਭਿੱਜੇ ਬੋਲ, ਸਭ ਕੁਝ ਹੀ ਸਰਾਪਿਆ ਹੋਇਆ ਹੈ ਅਤੇ ਉਸ ਆਲੀਸ਼ਾਨ ਕੋਠੀ ਨੂੰ ਅਸੀਂ ਘਰ ਨਹੀਂ, ਖੰਡਰਨੁਮਾ ਮਕਾਨ ਕਹਾਂਗੇ। ਪਰ ਦੂਜੇ ਪਾਸੇ ਛਤੀਰ ਬਾਲਿਆਂ ਦੀ ਛੱਤ ਹੇਠ ਰਹਿ ਰਹੇ ਪਰਿਵਾਰ ਵਿੱਚ ਜੇਕਰ ਬਜ਼ੁਰਗਾਂ ਦਾ ਸਤਿਕਾਰ ਹੈ, ਉਨ੍ਹਾਂ ਦੀਆਂ ਜੀਵਨ ਲੋੜਾਂ ਵੱਲ ਧਿਆਨ ਦਿੱਤਾ ਜਾਂਦਾ ਹੈ, ਉਨ੍ਹਾਂ ਨਾਲ ਬਹਿ ਕੇ ਰਾਇ-ਮਸ਼ਵਰਾ ਕੀਤਾ ਜਾਂਦਾ ਹੈ ਤਾਂ ਉਹ ਅਸਲੀ ਸ਼ਬਦਾਂ ਵਿੱਚ ਘਰ ਹੁੰਦਾ ਹੈ ਅਤੇ ਅਜਿਹੇ ਘਰਾਂ ਤੋਂ ਬਜ਼ੁਰਗਾਂ ਦੀ ਆ ਰਹੀ ਆਵਾਜ਼ ਅਤੇ ਮੁਸਕਰਾਹਟ ਤੋਂ ਇੰਜ ਲੱਗਦਾ ਹੈ ਜਿਵੇਂ ਧਾਰਮਿਕ ਸਥਾਨ ’ਤੇ ਜੋਤਾਂ ਜਗਦੀਆਂ ਹੋਣ। ਬਜ਼ੁਰਗਾਂ ਦਾ ਜੀਵਨ ਅਨੁਭਵ, ਉਨ੍ਹਾਂ ਦੀ ਜ਼ਿੰਦਗੀ ਦੇ ਕੌੜੇ ਤਜਰਬੇ, ਜ਼ਿੰਦਗੀ ਪ੍ਰਤੀ ਘਾਲਣਾ, ਰਿਸ਼ਤਿਆਂ ਦੀ ਲਾਜ ਰੱਖਣ ਦੀ ਜਾਂਚ, ਨੈਤਿਕ ਕਦਰਾਂ ਕੀਮਤਾਂ ਦਾ ਪਾਠ, ਬਜ਼ੁਰਗਾਂ ਦੀ ਸੰਗਤ ਵਿੱਚ ਰਹਿੰਦਿਆਂ ਸਹਿਜੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਨਵੀਂ ਪੀੜ੍ਹੀ ਇਹ ਸਭ ਕੁਝ ਤੋਂ ਵਾਂਝੀ ਹੈ ਅਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਵੱਲ ਕੋਈ ਰੁਚੀ ਨਹੀਂ ਰੱਖਦੀ। ਨੈਤਿਕ ਕਦਰਾਂ-ਕੀਮਤਾਂ ਤੋਂ ਸੱਖਣੇ ਉਹ ਆਪਣੇ ਆਪ ਨੂੰ ਖੱਬੀ ਖਾਨ ਸਮਝਦੇ ਹੋਏ ਹਵਾ ਵਿੱਚ ਡਾਂਗਾਂ ਮਾਰ ਰਹੇ ਹਨ। ਜਵਾਨੀ ਦੇ ਥਿੜਕਣ ਦੇ ਵੱਡੇ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਵੀ ਹੈ ਕਿ ਉਹ ਬਜ਼ੁਰਗਾਂ ਦੀਆਂ ਅਸੀਸਾ ਦੀ ਸੰਘਣੀ ਛਾਂ ਹੇਠ ਬੈਠਣ ਦੀ ਥਾਂ ਆਪਹੁਦਰੇਪਣ ਦਾ ਸਫ਼ਰ ਹੰਢਾ ਰਹੇ ਹਨ। ਇਸ ਕਾਰਨ ਹੀ ਰਿਸ਼ਤਿਆਂ ਦਾ ਰੰਗ ਫਿੱਕਾ ਪੈ ਰਿਹਾ ਹੈ। ਦਰਅਸਲ ਹੁਣ ਤਾਂ ਜਿਸ ਪੁਲ ਉੱਪਰ ਦੀ ਅਸੀਂ ਲੰਘ ਕੇ ਆਉਂਦੇ ਹਾਂ, ਉਸ ਪੁਲ ਦੀ ਹੋਂਦ ਤੋਂ ਹੀ ਮੁਨਕਰ ਹੋ ਗਏ ਹਾਂ। ‘ਏਜ ਵੈਲ ਸੰਗਠਨ’ ਵੱਲੋਂ ਕਰਵਾਏ ਸਰਵੇਖਣ ਅਨੁਸਾਰ 16.2 ਫੀਸਦੀ ਬਜ਼ੁਰਗ ਆਪਣੇ ਪੁੱਤਾਂ, ਰਿਸ਼ਤੇਦਾਰਾਂ ਅਤੇ ਲੈਂਡ ਮਾਫੀਏ ਤੋਂ ਆਪਣੀ ਜ਼ਿੰਦਗੀ ਨੂੰ ਖਤਰਾ ਮਹਿਸੂਸ ਕਰ ਰਹੇ ਹਨ। 19 ਫੀਸਦੀ ਭਾਵਨਾਤਮਕ ਤੌਰ ’ਤੇ ਬੇਸਹਾਰਾ ਅਤੇ ਆਪਣੇ ਹੀ ਪਰਿਵਾਰ ਤੋਂ ਅਲੱਗ ਹੋ ਕੇ ਦਿਨ ਕਟੀ ਕਰ ਰਹੇ ਹਨ ਅਤੇ 78 ਫੀਸਦੀ ਇਕੱਲਤਾ ਦਾ ਸ਼ਿਕਾਰ ਹੋ ਕੇ ਸਮਾਜਿਕ ਵਖਰੇਵੇਂ ਦੇ ਨਾਲ ਨਾਲ ਅਣਮਨੁੱਖੀ ਵਰਤਾਓ ਤੋਂ ਪੀੜਤ ਹਨ। ਆਪਣੀ ਹੀ ਔਲਾਦ ਦੇ ਅਣਮਨੁੱਖੀ ਅਤੇ ਅਸਹਿ ਮਾਨਸਿਕ ਅਤੇ ਸਰੀਰਕ ਤਸ਼ੱਦਦ ਦੇ ਕਾਰਨ ਪੰਜਾਬ ਵਿੱਚ ਵੱਖ ਵੱਖ ਥਾਂਵਾਂ ਤੇ ਖੁੱਲ੍ਹੇ 97 ਬਿਰਧ ਆਸ਼ਰਮ ਇਨ੍ਹਾਂ ਦੀ ਬਾਂਹ ਫੜਨ ਲਈ ਅੱਗੇ ਆਏ ਹਨ। ਭਾਵੇਂ ਬਿਰਧ ਆਸ਼ਰਮ ਸਾਡੇ ਸਮਾਜ ’ਤੇ ਇੱਕ ਧੱਬਾ ਹੀ ਹਨ ਪਰ ਜੇਕਰ ਬਿਰਧ ਆਸ਼ਰਮ ਵੀ ਉਨ੍ਹਾਂ ਦਾ ਸਹਾਰਾ ਨਾ ਬਣਨ, ਫਿਰ ਉਹ ਜਾਣ ਕਿੱਥੇ? ਕਈ ਵਾਰ ਬਿਰਧ ਆਸ਼ਰਮ ਸਮਾਜਿਕ ਦਬਾਅ ਪਾ ਕੇ ਬਜ਼ੁਰਗਾਂ ਦੀ ਘਰ ਵਾਪਸੀ ਦਾ ਯਤਨ ਵੀ ਕਰਦੇ ਹਨ। ਉਂਜ ਵੀ ਘੁਰਨਿਆਂ ਵਿੱਚ ਰਹਿ ਕੇ ਦਿਨ ਕਟੀ ਕਰਨ ਨਾਲੋਂ ਬਿਰਧ ਆਸ਼ਰਮਾਂ ਦਾ ਸਹਾਰਾ ਲੈਣਾ ਕਿਤੇ ਚੰਗਾ ਹੈ। ਉੱਥੇ ਪੀੜਤ ਬਜ਼ੁਰਗ ਆਪਸ ਵਿੱਚ ਦੁੱਖ ਸਾਂਝਾ ਕਰਕੇ ਮਨ ਹੌਲਾ ਕਰ ਲੈਂਦੇ ਹਨ।
ਦੁਖਾਂਤਕ ਪਹਿਲੂ ਇਹ ਹੈ ਕਿ ਬੇਵਸੀ, ਮਾਯੂਸੀ, ਖਾਮੋਸ਼ ਉਦਾਸੀ ਅਤੇ ਜਜ਼ਬਾਤਾਂ ਨੂੰ ਛਿਕਲੀ ਪਾ ਕੇ ਵਕਤ ਨੂੰ ਧੱਕਾ ਦੇ ਕੇ ਜੀਵਨ ਬਤੀਤ ਕਰਨ ਵਾਲੇ ਬਜ਼ੁਰਗਾਂ ਦੀ ਮੌਤ ਤੇ ਭੋਗ ਸਮੇਂ ਉਸ ਨੂੰ ‘ਵੱਡਾ’ ਕਰਨ ਦੀ ਰਸਮ ਨਾਲ ਔਲਾਦ ਆਪਣੀ ਹਉਮੈ ਨੂੰ ਪੱਠੇ ਪਾਉਂਦੀ ਹੈ। ਸ਼ਰਧਾਂਜਲੀ ਸਮਾਰੋਹ ਆਯੋਜਿਤ ਕਰਕੇ ਔਲਾਦ ਬੁਲਾਰਿਆਂ ਤੋਂ ਆਪਣੇ ਮਾਂ-ਬਾਪ ਦੀ ਕੀਤੀ ‘ਵਡਮੁੱਲੀ ਸੇਵਾ’ ਦਾ ਗੁਣਗਾਣ ਕਰਵਾਉਂਦੇ ਹਨ। ਪਰ ਪੰਡਾਲ ਵਿੱਚ ਮ੍ਰਿਤਕ ਬਜ਼ੁਰਗ ਦੀ ਜਾਣ ਪਹਿਚਾਣ ਵਾਲੇ ਬੁੜਬੁੜ ਕਰਦਿਆਂ ਆਪਣੇ ਆਪ ਨੂੰ ਹੀ ਇੰਜ ਮੁਖ਼ਾਤਿਬ ਹੁੰਦੇ ਹਨ, “ਜਿਉਂਦੇ ਜੀਅ ਉਹਨੂੰ ਡੇਲਿਆਂ ਵੱਟੇ ਨਹੀਂ ਸਿਆਣਿਆ, ਹੁਣ ਇਹ ਅਡੰਬਰ ਕਰਦਿਆਂ ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ?”
ਮਰਹੂਮ ਸ਼ਾਇਰ ਇੰਦਰਜੀਤ ਹਸਨਪੁਰੀ ਦੇ ਇਹ ਕਾਵਿਕ ਬੋਲ ਕਿਸੇ ਅਜਿਹੇ ਮਾਂ ਬਾਪ ਦੀ ਤੜਪ-ਤੜਪ ਕੇ ਹੋਈ ਮੌਤ ਦੀ ਸਹੀ ਤਰਜ਼ਮਾਨੀ ਕਰਦੇ ਹਨ:
“ਮਰਨ ਤੋਂ ਪਿੱਛੋਂ ਯਾਦ ਕਰੋਂਗੇ, ਮੈਂਨੂੰ ਕੀ?
ਮੂਰਤ ਅੱਗੇ ਫੁੱਲ ਧਰੋਂਗੇ, ਮੈਂਨੂੰ ਕੀ?
ਸਾਰੀ ਉਮਰੇ ਸੁੱਕੇ ਟੁੱਕਰ ਖਾਧੇ ਮੈਂ,
ਲਾਸ਼ ਦੇ ਮੂੰਹ ਵਿੱਚ ਘਿਉਂ ਧਰੋਂਗੇ, ਮੈਂਨੂੰ ਕੀ?
ਤੁਸੀਂ ਬਜ਼ੁਰਗਾਂ ਨੂੰ ਜਿਸ ਮੌਤੇ ਮਾਰੋਂਗੇ,
ਉਸੇ ਮੌਤੇ ਆਪ ਮਰੋਂਗੇ, ਮੈਂਨੂੰ ਕੀ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2308)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)