“ਨਸ਼ੱਈਆਂ ਨੇ ਇਕੱਠੇ ਹੋ ਕੇ ਇਸ ‘ਹੋਮ ਡਲਿਵਰੀ’ ਅਤੇ ‘ਫਰੀ ਗਿਫ਼ਟ’ ਦਾ ਜਾਇਜ਼ ਨਜਾਇਜ਼ ਢੰਗ ਨਾਲ ...”
(18 ਜਨਵਰੀ 2023)
ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੇ ਜਿੱਥੇ ਸੱਥਾਂ ਅਤੇ ਗਲੀਆਂ ਨੂੰ ਸੁੰਨਾ ਕਰ ਦਿੱਤਾ ਹੈ, ਉੱਥੇ ਹੀ ਘਰਾਂ ਵਿੱਚ ਪਸਰੀ ਸੋਗੀ ਹਵਾ ਨੇ ਮਾਪਿਆਂ ਦੀਆਂ ਝੁਰੜੀਆਂ ਵਿੱਚ ਵੀ ਢੇਰ ਵਾਧਾ ਕੀਤਾ ਹੈ। ਸਿਵਿਆਂ ਦੀ ਪ੍ਰਚੰਡ ਹੋਈ ਹਵਾ ਨੇ ਲੋਕਾਂ ਦੇ ਮਨਾਂ ਅੰਦਰ ਖੌਫ਼ ਦੀਆਂ ਦਿਵਾਰਾਂ ਖੜ੍ਹੀਆਂ ਕਰ ਦਿੱਤੀਆਂ ਹਨ। ‘ਲੀਡਰਾਂ ਦੇ ਵਿਕਾਸ ਦੀ ਹਨੇਰੀ’ ਹੁਣ ਇੱਕ ਤਰਫਾ ਜਾਲ਼ ਜਿਹਾ ਲੱਗ ਰਹੀ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਜਿੱਥੇ ਹਰ ਰੋਜ਼ ਤਸਕਰਾਂ ਕੋਲੋਂ ਪੁਲਿਸ ਰਾਹੀਂ ਮਣਾਂ ਮੂੰਹੀਂ ਨਸ਼ਾ ਫੜਨ ਦੀਆਂ ਖ਼ਬਰਾਂ ਛਪ ਰਹੀਆਂ ਨੇ, ਉੱਥੇ ਹੀ ਹਰ ਰੋਜ਼ ਓਵਰਡੋਜ਼ ਨਾਲ ਮਰਨ ਵਾਲਿਆਂ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਸੋਸ਼ਲ ਮੀਡੀਏ ਰਾਹੀਂ ਮਾਵਾਂ, ਭੈਣਾਂ ਅਤੇ ਪਤਨੀਆਂ ਦੇ ਵੈਣ ਸਾਹਮਣੇ ਆਉਣ ’ਤੇ ਲਗਦਾ ਹੈ ਜਿਵੇਂ ‘ਉੜਤਾ ਪੰਜਾਬ’ ਤੋਂ ਬਾਅਦ ਹੁਣ ‘ਮਰਦਾ ਪੰਜਾਬ’ ਫਿਲਮ ਵੀ ਕੋਈ ਫਿਲਮ ਨਿਰਦੇਸ਼ਕ ਬਣਾ ਸਕਦਾ ਹੈ। ਭਲਾ ਜਦੋਂ ਨਸ਼ਾ ਫੜਕੇ ਸਪਲਾਈ ਲਾਈਨ ’ਤੇ ਸੱਟ ਮਾਰੀ ਜਾ ਰਹੀ ਹੈ, ਫਿਰ ਧੜੱਲੇ ਨਾਲ ਹਾਲਾਂ ਵੀ ਤਸਕਰ ਨਸ਼ਾ ਰਿਉੜੀਆਂ ਦੀ ਤਰ੍ਹਾਂ ਵੰਡ ਕੇ ‘ਮੌਤ ਦਾ ਫਰਮਾਨ’ ਕਿੰਜ ਜਾਰੀ ਕਰ ਰਹੇ ਨੇ? ਇਹ ਪ੍ਰਸ਼ਨ ਹਵਾ ਵਿੱਚ ਲਟਕ ਰਿਹਾ ਹੈ। ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਦੋਂ ਕਿਸੇ ਨਸ਼ਾ ਤਸਕਰ ਨੂੰ ਜੇਲ੍ਹ ਦੀ ਯਾਤਰਾ ਕਰਨੀ ਪੈਂਦੀ ਹੈ ਤਾਂ ਉਸਦੇ ਵਾਰਸ ਪੁੱਤਰ, ਧੀਆਂ ਅਤੇ ਪਤਨੀ ਨਸ਼ਾ ਵੇਚਣ ਦੇ ਧੰਦੇ ਨੂੰ ਅਗਾਂਹ ਤੋਰਦੇ ਹਨ। ਜੇਲ੍ਹ ਵਿੱਚ ਗਿਆ ਤਸਕਰ ਜਿੱਥੇ ਕਿਵੇਂ ਨਾ ਕਿਵੇਂ ‘ਬਾਹਰਲੀ ਦੁਨੀਆਂ’ ਨਾਲ ਸੰਪਰਕ ਕਾਇਮ ਰੱਖਣ ਵਿੱਚ ਕਾਮਯਾਬ ਹੋ ਜਾਂਦਾ ਹੈ, ਉੱਥੇ ਹੀ ਉਹ ਜੇਲ੍ਹ ਵਿੱਚ ਹੋਰ ਕੈਦੀਆਂ ਨੂੰ ਵੀ ਨਸ਼ਾ ਤਸਕਰੀ ਦੇ ‘ਗੁਰ’ ਦੱਸਕੇ ਇਸ ਧੰਦੇ ਨਾਲ ਜੋੜ ਲੈਂਦਾ ਹੈ ਅਤੇ ਫਿਰ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਆਪਣੇ ਨਾਲ ਇੱਕ ਹੋਰ ਕਾਫ਼ਲਾ ਲੈ ਕੇ ਉਹ ਆਪਣੇ ਧੰਦੇ ਵਿੱਚ ਹੋਰ ਵਾਧਾ ਕਰਨ ਲਈ ਹਰ ਸੰਭਵ ਯਤਨ ਕਰਦਾ ਹੈ।
ਨਸ਼ਾ ਛੁਡਾਊ ਕੇਂਦਰ ਦੇ ਨਿਰਦੇਸ਼ਕ ਵਜੋਂ ਕੰਮ ਕਰਦਿਆਂ ਦਾਖਲ ਨਸ਼ਈ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਮੇਰੇ ਸਾਹਮਣੇ ਆਇਆ ਕਿ ਨਸ਼ਾ ਸਪਲਾਈ ਕਰਨ ਲਈ ਦਿੱਲੀ ਦੇ ਉੱਤਮ ਨਗਰ, ਦੁਆਰਕਾ ਰੋਡ, ਵਿਕਾਸਪੁਰੀ ਅਤੇ ਨਵਾਦਾ ਇਲਾਕੇ ਵਿੱਚ ਬੈਠੇ ਨਾਇਜੇਰੀਅਨਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਦੇ ਇਸ ਧੰਦੇ ਨਾਲ ਜੁੜੇ ਤਸਕਰਾਂ ਵਿੱਚੋਂ ਜਿਨ੍ਹਾਂ ਨਾਲ ਉਨ੍ਹਾਂ ਦੀ ਗੂੜ੍ਹੀ ਜਾਣ-ਪਹਿਚਾਣ ਹੁੰਦੀ ਹੈ ਜਾਂ ਜਿਨ੍ਹਾਂ ’ਤੇ ਉਨ੍ਹਾਂ ਨੂੰ ਵਿਸ਼ਵਾਸ ਹੈ, ਉਨ੍ਹਾਂ ਨੂੰ ਤਾਂ ਉਹ ਆਪਣਾ ਥਹੁ ਟਿਕਾਣਾ ਦੱਸ ਦਿੰਦੇ ਹਨ ਅਤੇ ਆਪਣੇ ਅੱਡੇ ’ਤੇ ਬੁਲਾ ਕੇ ਉਨ੍ਹਾਂ ਨੂੰ ਚਿੱਟੇ ਦਾ ਸੇਵਨ ਕਰਵਾਉਣ ਉਪਰੰਤ ਵੇਚਣ ਵਾਲੇ ‘ਅਸਲੀ ਮਾਲ’ ਦੀ ਤਸੱਲੀ ਕਰਵਾ ਦਿੰਦੇ ਹਨ, ਪਰ ਫਸਲੀ ਬਟੇਰਿਆਂ ਨੂੰ ਉਹ ਆਪਣਾ ਥਹੁ-ਟਿਕਾਣਾ ਨਹੀਂ ਦੱਸਦੇ। ਉਨ੍ਹਾਂ ਨੂੰ ਦਿੱਲੀ ਮੈਟਰੋ ਦੇ ਖੰਭਾ ਨੰਬਰ ਦੱਸਕੇ ਉੱਥੇ ਉਡੀਕ ਕਰਨ ਲਈ ਕਹਿ ਦਿੰਦੇ ਹਨ। ਬੱਸ, ਹੱਥੋ ਹੱਥ ਪੈਸਾ ਅਤੇ ਮਾਲ ਦਾ ਵਟਾਂਦਰਾ ਹੋ ਜਾਂਦਾ ਹੈ। ਇੱਧਰਲੇ ਤਸਕਰਾਂ ਵੱਲੋਂ ਨਕਲੀ ਨੋਟ ਅਤੇ ਉੱਧਰੋਂ ਨਕਲੀ ਚਿੱਟੇ ਦਾ ਵਟਾਂਦਰਾ ਹੋਣਾ ਵੀ ਆਮ ਜਿਹੀ ਗੱਲ ਹੈ। ਦੋਨਾਂ ਧਿਰਾਂ ਨੂੰ ਹੀ ਉੱਥੋਂ ਛੇਤੀ ਖਿਸਕਣ ਦਾ ਫਿਕਰ ਹੋਣ ਕਾਰਨ ਨਾ ਹੀ ਨੋਟਾਂ ਦੀ ਸਹੀ ਤਸੱਲੀ ਕੀਤੀ ਜਾਂਦੀ ਹੈ ਅਤੇ ਨਾ ਹੀ ਸਹੀ ‘ਮਾਲ’ ਹੋਣ ਦੀ ਪਰਖ ਕੀਤੀ ਜਾਂਦੀ ਹੈ। ਤਸਕਰਾਂ ਕੋਲੋਂ ਜਦੋਂ ਨਸ਼ਈ ਚਿੱਟਾ ਲੈਣ ਦੀ ਮੰਗ ਕਰਦੇ ਹਨ ਤਾਂ ਉਹ ਚਿੱਟਾ ਲੈਣ ਦੀ ਗੱਲ ਨਹੀਂ ਕਰਦੇ, ਸਗੋਂ ‘ਮਾਲ’ ਲੈਣ ਦੀ ਗੱਲ ਕਰਦੇ ਹਨ। ਅੱਗਿਉਂ ਵੇਚਣ ਵਾਲਾ ਤਸਕਰ ਮੰਗਣ ਵਾਲੇ ਤੋਂ ਪੁੱਛਦਾ ਹੈ, ਕਿਹੜਾ ਲੈਣਾ ਹੈ, ਆਰ ਦਾ ਜਾਂ ਪਾਰ ਦਾ? ‘ਆਰ ਦਾ ਤੋਂ ਮਤਲਬ ਇੱਧਰ ਹੀ ਕੈਮੀਕਲ ਤੋਂ ਤਿਆਰ ਕੀਤੇ ‘ਚਿੱਟੇ’ ਤੋਂ ਹੁੰਦਾ ਹੈ ਅਤੇ ‘ਪਾਰ ਦਾ’ ਤੋਂ ਮਤਲਬ ਪਾਕਿਸਤਾਨ ਰਾਹੀਂ ਆਈ ਹੈਰੋਇਨ ਤੋਂ ਹੁੰਦਾ ਹੈ। ਫਿਰ ਲੈਣ ਵਾਲਾ ਰੇਟ ਪੁੱਛਣ ਉਪਰੰਤ ਆਪਣੀ ਵਿੱਤੀ ਹਾਲਤ ਅਨੁਸਾਰ ‘ਆਰ ਦਾ’ ਜਾਂ ‘ਪਾਰ ਦਾ’ ਚਿੱਟਾ ਲੈ ਲੈਂਦਾ ਹੈ।
ਜਦੋਂ ਕੋਈ ਭੁੱਕੀ ਵੇਚਣ ਵਾਲਾ ਪਿੰਡ ਵਿੱਚ ਆਉਂਦਾ ਹੈ ਤਾਂ ਨਸ਼ਈ ਬੜੇ ਚਾਅ ਨਾਲ ਇੱਕ ਦੂਜੇ ਨੂੰ ਸੁਨੇਹਾ ਦਿੰਦੇ ਹਨ, “ਅੱਜ ਆਪਣੀ ਫਿਰਨੀ ਵਾਲੇ ਮੋੜ ’ਤੇ ਜਹਾਜ਼ ਉਤਰਿਐ। ਲੈ ਲਓ ਨਜ਼ਾਰਾ” ਅਤੇ ਅਮਲੀ ਰੋਟੀ ਅੱਧ ਵਿਚਾਲੇ ਛੱਡ ਕੇ ਆਪਣੀ ਵਿਲਕ ਰਹੀ ਪਤਨੀ ਦੇ ਵਿਰਲਾਪ ਤੋਂ ਬੇਪ੍ਰਵਾਹ ਇੰਜ ਫਿਰਨੀ ਵਾਲੇ ਮੋੜ ਵੱਲ ਦੌੜਦਾ ਹੈ ਜਿਵੇਂ ਕਾਰੂੰ ਦਾ ਖਜ਼ਾਨਾ ਲੱਭ ਗਿਆ ਹੋਵੇ। ਪਤਨੀ ਦੇ ਘਰ ਦੀਆਂ ਲੋੜਾਂ ਲਈ ਜੋੜੇ ਪੈਸੇ ਉਹ ਧੰਦਾ ਕਰਨ ਵਾਲੇ ਨੂੰ ਸੌਂਪ ਕੇ ਪ੍ਰਾਪਤ ਕੀਤੇ ਗੰਦ-ਮੰਦ ਨੂੰ ਵਡਮੁੱਲੀ ਸੁਗਾਤ ਸਮਝਕੇ ਚੱਕਵੇਂ ਪੈਰੀਂ ਘਰ ਵੱਲ ਦੌੜਦਾ ਹੈ ਅਤੇ ਫਿਰ ਭੁੱਕੀ ਛੱਡਣ ਉਪਰੰਤ ਦੂਜੇ ਅਮਲੀ ਨੂੰ ਲੋਰ ਵਿੱਚ ਆ ਕੇ ਦੱਸਦੈ, “ਜਹਾਜ਼ ਦਾ ਝੂਟਾ ਲੈ ਕੇ ਹਟਿਆਂ।” ਜਦੋਂ ਅਮਲੀ ਨੇ ਅਫੀਮ ਖਾਧੀ ਹੁੰਦੀ ਹੈ ਤਾਂ ਉਹ ਆਪਣੀ ਜੁੰਡਲੀ ਵਿੱਚ ਇੰਜ ਦੱਸਦੈ, “ਅੱਜ ਤਾਂ ਕਾਲੀ ਨਾਗਣੀ ਮੇਲ੍ਹਦੀ ਐ।” ਹੋਰ ਤਾਂ ਹੋਰ, ਅਮਲੀਆਂ ਨੇ ਨਸ਼ਿਆਂ ਦੇ ਨਾਂ ਵੀ ਆਧੁਨਿਕ ਸੰਚਾਰ ਸਾਧਨਾਂ ਦੇ ਨਾਂਵਾਂ ਨਾਲ ਜੋੜ ਲਏ ਨੇ। ਅਮਲੀ ਭੁੱਕੀ ਦਾ ਅੱਡਾ ਦੂਜੇ ਅਮਲੀ ਤੋਂ ਇੰਜ ਪੁੱਛਦਾ ਹੈ, “ਮੋਬਾਇਲ ਚਾਰਜ ਕਰਵਾਉਣਾ ਸੀ, ਭਲਾ ਕਿੱਥੋਂ ਹੋਊ?” ਦੂਜਾ ਅਮਲੀ ਨਸ਼ੇ ਦੇ ਲੋਰ ਵਿੱਚ ਜਵਾਬ ਦਿੰਦਾ ਹੈ, “ਅੱਜ ਆਥਣੇ ਭੀੜੀ ਗਲੀ ਦੇ ਮੋੜ ਤੇ ਮੋਬਾਇਲ ਚਾਰਜ ਕਰਨ ਵਾਲਾ ਆਊਗਾ, ਕਰਵਾ ਲਈਂ ਚਾਰਜ।”
ਕਿਸੇ ਅਮਲੀ ਨੂੰ ਜਦੋਂ ਇਹ ਲਗਦਾ ਹੈ ਕਿ ਨਾਲ ਵਾਲੇ ਸਾਥੀ ਨੂੰ ਤੋੜ ਲੱਗੀ ਹੋਈ ਹੈ ਤਾਂ ਉਹ ਇਉਂ ਪੁੱਛਦਾ ਹੈ, “ਕਿਵੇਂ, ਤੇਰੇ ਵਾਲਾ ਮੋਬਾਇਲ ਭੋਰਾ ਵੀ ਰੇਂਜ ਨਹੀਂ ਫੜਦਾ?” ਅੱਗਿਉਂ ਜੇਕਰ ਅਮਲੀ ਨੇ ਥੋੜ੍ਹੀ ਮੋਟੀ ਭੁੱਕੀ ਖਾਧੀ ਹੋਵੇ ਤਾਂ ਉਹ ਨਿਰਾਸ਼ ਜਿਹਾ ਹੋ ਕੇ ਕਹਿੰਦੈ, “ਅੱਜ ਤਾਂ ਬੱਸ ਮਿੱਸ ਕਾਲ ਹੀ ਮਾਰੀ ਜਾ ਸਕਦੀ ਐ।” ਪਰ ਜੇਕਰ ਭੁੱਕੀ ਬਿਲਕੁਲ ਹੀ ਖਤਮ ਹੋ ਗਈ ਹੋਵੇ ਤਾਂ ਅਮਲੀ ਦੁਖੀ ਭਰੇ ਲਹਿਜ਼ੇ ਵਿੱਚ ਦੱਸਦਾ ਹੈ, “ਕੁਛ ਨਹੀਂ ਯਾਰ, ਮੋਬਾਇਲ ਈ ਡੈਡ ਹੋ ਗਿਆ।”
ਜੇਕਰ ਨਸ਼ਾ ਵੇਚਣ ਵਾਲੇ ਨੇ ਪੁਲਿਸ ਦੇ ਡਰ ਤੋਂ ਅੱਡਾ ਬਦਲ ਲਿਆ ਹੋਵੇ ਤਾਂ ਅਮਲੀ ਆਪਣੇ ਦੂਜੇ ਅਮਲੀ ਸਾਥੀਆਂ ਨੂੰ ਸੂਚਨਾ ਵਜੋਂ ਦੱਸਦਾ ਹੈ, “ਹੁਣ ਬਈ ਭੱਠੇ ਕੋਲ ਟਾਵਰ ਲੱਗ ਰਿਹਾ ਹੈ। ਕੱਲ੍ਹ ਤੋਂ ਕੰਮ ਸ਼ੁਰੂ ਹੋਜੂਗਾ।” ਜਦੋਂ ਅਮਲੀ ਭੁੱਕੀ ਜਾਂ ਸ਼ਰਾਬ ਦਾ ਨਸ਼ਾ ਛੱਡਕੇ ਮੈਡੀਕਲ ਨਸ਼ੇ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ ਤਾਂ ਫਿਰ ਆਪਣੇ ਦੂਜੇ ਸਾਥੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਹਿੰਦਾ ਹੈ, “ਮੋਬਾਇਲ ਦਾ ਪਹਿਲਾ ਕੁਨੈਕਸ਼ਨ ਕਟਵਾ ਦਿਤੈ। ਹੁਣ ਤਾਂ ਦੋ ਨੰਬਰ ’ਤੇ ਘੰਟੀ ਮਾਰਨ ਵਾਲਾ ਕੁਨੈਕਸ਼ਨ ਲੈ ਲਿਐ।” ਇਸ ਤਰ੍ਹਾਂ ਹੀ ਬੀੜੀ ਪੀਣ ਸਮੇਂ ਨਸ਼ਈ ਦੂਜੇ ਨਸ਼ਈ ਨੂੰ ਕਹਿੰਦਾ ਹੈ, “ਆਜਾ ਫਾਇਰ ਕਰੀਏ।”
ਸਮੈਕ ਇੱਕ ਮਹਿੰਗਾ ਅਤੇ ਜਾਨ ਲੇਵਾ ਨਸ਼ਾ ਹੈ। ਇਸ ਨਸ਼ੇ ਦਾ ਆਦੀ ਤਕਰੀਬਨ ਅੱਧਾ ਗ੍ਰਾਮ ਰੋਜ਼ਾਨਾ ਪੀ ਜਾਂਦਾ ਹੈ। ਇਸ ਸਬੰਧੀ ਇੱਕ ਨਸ਼ਈ ਦੂਜੇ ਨੂੰ ਝੁਰਦਾ ਹੋਇਆ ਆਪਣੀ ਵਿਥਿਆ ਦੱਸਦਾ ਹੈ, “ਬੜਾ ਮਹਿੰਗਾ ਕਾਰਡ ਐ। ’ਕੱਠਾ ਈ ਤਿੰਨ ਹਜ਼ਾਰ ਦਾ ਪੁਆਉਣਾ ਪੈਂਦਾ ਹੈ।” ਕਈ ਵਾਰ ਇਹ ਕੀਮਤੀ ਨਸ਼ਾ ਨਸ਼ਈ ਦੀ ਸਮਰੱਥਾ ਤੋਂ ਬਾਹਰ ਹੋਣ ਕਾਰਨ ਉਹ ਆਪਣੀ ਅਸਮਰੱਥਤਾ ਦਾ ਪ੍ਰਗਟਾਵਾ ਇਸ ਤਰ੍ਹਾਂ ਕਰਦਾ ਹੈ, “ਟਾਵਰ ਤਾਂ ਕੰਪਨੀ ਨੇ ਬਥੇਰੇ ਲਾ’ਤੇ ਪਰ ਐਨਾ ਮਹਿੰਗਾ ਕੁਨੈਕਸ਼ਨ ਲੈਣਾ ਆਪਣੇ ਤਾਂ ਵੱਸ ਦਾ ਰੋਗ ਨਹੀਂ।”
ਹੋਰ ਤਾਂ ਹੋਰ, ਨਸ਼ੀਲੀਆਂ ਦਵਾਈਆਂ ਦਾ ਧੰਦਾ ਕਰਨ ਵਾਲਿਆਂ ਨੇ ਵੀ ਕੋਡ ਵਰਡ ਰੱਖੇ ਹੋਏ ਨੇ। ਕੈਮਿਸਟ, ਡਰੱਗ ਇੰਸਪੈਕਟਰ ਜਾਂ ਪੁਲਿਸ ਦੇ ਡਰੋਂ ਦੁਕਾਨ ਬੰਦ ਕਰਕੇ ਘਰੋਂ ਹੀ ਹੋਮ ਡਲਿਵਰੀ ਕਰ ਦਿੰਦਾ ਹੈ। ਨਸ਼ੱਈਆਂ ਵੱਲੋਂ ਆਰਡਰ ਮੋਬਾਇਲ ਰਾਹੀਂ ਦੇ ਦਿੱਤਾ ਜਾਂਦਾ ਹੈ। ਕੋਰੈਕਸ ਨੂੰ ਕੋਕ, ਕੈਪਸੂਲ ਨੂੰ ਕਾਜੂ, ਨਸ਼ੀਲੀਆਂ ਦਵਾਈਆਂ ਨੂੰ ਲਾਲ ਘੋੜਾ, ਨੀਲਾ ਘੋੜਾ ਆਦਿ ਕੋਡ ਵਰਡ ਵਰਤ ਕੇ ਇੱਕ ਦੂਜੇ ਨੂੰ ਸਮਝਾਇਆ ਜਾਂਦਾ ਹੈ। ਲੋੜ ਅਨੁਸਾਰ ਨਸ਼ੀਲੀਆਂ ਦਵਾਈਆਂ ਪੈਂਟ ਦੀਆਂ ਲੰਬੀਆਂ ਜੇਬਾਂ, ਬੂਟਾਂ, ਜੁਰਾਬਾਂ, ਸਕੂਟਰ ਦੀਆਂ ਡਿੱਗੀਆਂ ਆਦਿ ਵਿੱਚ ਰੱਖ ਕੇ ਨਸ਼ੱਈਆਂ ਨੂੰ ਘਰ ਬੈਠਿਆਂ ਹੀ ਉਨ੍ਹਾਂ ਦੀ ਮੰਗ ਅਨੁਸਾਰ ‘ਮਾਲ’ ਸਪਲਾਈ ਕਰ ਦਿੱਤਾ ਜਾਂਦਾ ਹੈ। ਐਲਪਰੈਕਸ ਲਈ ਐੱਲ, ਟਰਾਮਾਡੋਲ ਨੂੰ ਟੀ.ਐੱਮ.ਡੀ, ਸਿਗਨੇਚਰ ਨੂੰ ਘੋੜਾ, ਸਰਿੰਜ ਨੂੰ ਭੜਾਕਾ, ਬੁਪਰੀਨਾਰਫੀਨ ਨੂੰ ਗਲੋਚਰ ਵੀ ਨਸ਼ੱਈਆਂ ਦੀ ਗੁਪਤ ਭਾਸ਼ਾ ਦਾ ਹਿੱਸਾ ਹਨ। ਬਹੁ-ਕੌਮੀ ਕੰਪਨੀਆਂ ਵਾਂਗ ਹੁਣ ਇਹ ਧੰਦਾ ਕਰਨ ਵਾਲਿਆਂ ਨੇ ਨਸ਼ੱਈਆਂ ਨੂੰ ਆਪਣੇ ਵੱਲ ਖਿੱਚਣ ਲਈ ਦਿਲਕਸ਼ ਸਕੀਮਾਂ ਵੀ ਚਾਲੂ ਕੀਤੀਆਂ ਹੋਈਆਂ ਨੇ। ਜਿਵੇਂ ਦਸ ਫੈਂਸੀ-ਡਰਿੱਲ ਦੀਆਂ ਸ਼ੀਸ਼ੀਆਂ ਪਿੱਛੇ ਇੱਕ ਸ਼ੀਸ਼ੀ ਮੁਫ਼ਤ। ਲੋਮੋਟਿਲ ਦੇ ਵੀਹ ਪੱਤਿਆਂ ਪਿੱਛੇ ਇੱਕ ਪੱਤਾ ਮੁਫ਼ਤ ਆਦਿ। ਨਸ਼ੱਈਆਂ ਨੇ ਇਕੱਠੇ ਹੋ ਕੇ ਇਸ ‘ਹੋਮ ਡਲਿਵਰੀ’ ਅਤੇ ‘ਫਰੀ ਗਿਫ਼ਟ’ ਦਾ ਜਾਇਜ਼ ਨਜਾਇਜ਼ ਢੰਗ ਨਾਲ ਪੈਸੇ ਇਕੱਠੇ ਕਰਕੇ ਇੱਕ ਸਾਂਝੀ ਥਾਂ ’ਤੇ ਇਕੱਠਾ ਨਸ਼ਾ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ।
ਇੰਜ ਗੁਪਤ ਭਾਸ਼ਾ ਨਾਲ ਅਮਰ ਵੇਲ ਦੀ ਤਰ੍ਹਾਂ ਨਸ਼ਾ ਵਧ ਫੱਲ਼ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3746)
(ਸਰੋਕਾਰ ਨਾਲ ਸੰਪਰਕ ਲਈ: